ਇਲੈਕਸ਼ਨਾਂ ਵਿੱਚ ਕਈ ਵਾਰ ਅਜਿਹਾ ਵੀ ਵਾਪਰ ਜਾਂਦਾ ਹੈ ਕਿ ਜੀਹਦੀ ਆਮ ਤੌਰ ਤੇ ਤਵੱਕੋ ਨਹੀਂ ਕੀਤੀ ਜਾਂਦੀ। ਚੋਣਾਂ ਤੋਂ ਬਾਅਦ ਜੇਹੜੀ ਪਾਰਟੀ ਦੀ ਸਰਕਾਰ ਬਨਣ ਦੀ ਉਮੀਦ ਹੋਵੇ ਉਹਦੇ ਉਮੀਦਵਾਰਾਂ ਦੀ ਜਿੱਤ ਦੇ ਆਸਾਰ ਖੁਦ ਬ ਖੁਦ ਵੱਧ ਜਾਂਦੇ ਹਨ ਤੇ ਵਜ਼ੀਰ ਬਣ ਸਕਣ ਦੀ ਸੰਭਾਵਨਾ ਵਾਲੇ ਦਾ ਪਲੜਾ ਹੋਰ ਵੀ ਭਾਰਾ ਹੋ ਜਾਂਦਾ ਹੈ ਤੇ ਚੀਫ ਮਨਿਸਟਰ ਬਣ ਸਕਣ ਵਾਲੇ ਉਮੀਦਵਾਰ ਦੀ ਹਾਰ ਆਮ ਤੌਰ ਤੇ ਸੋਚੀ ਹੀ ਨਹੀਂ ਜਾਦੀ। ਪਰ ਪੰਜਾਬ ਵਿੱਚ ਅਜਿਹਾ ਹੋਇਆ ਹੈ। 1980 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਚੀਫ ਮਨਿਸ਼ਟਰ ਬਣ ਸਕਣ ਵਾਲੇ ਤਿੰਨ ਉਮੀਦਵਾਰਾਂ ਵਿਚੋਂ ਦੋ ਜਾਣੇ ਚੋਣ ਹਾਰ ਗਏ ਤੇ ਤੀਜਾ ਹਾਰਦਾ ਹਾਰਦਾ ਮਸਾਂ ਬਚਿਆ। ਪੰਜਾਬ ਦੇ ਇੱੱਕ ਧੜੱਲੇਦਾਰ ਅਤੇ ਤਾਕਤਵਰ ਮੁੱਖ ਮੰਤਰੀ ਪਰਤਾਪ ਸਿੰਘ ਕੈਰੋਂ ਨੂੰ ਵੀ ਅਜਿਹੀ ਸੂਰਤੇਹਾਲ ਦਾ ਸਾਹਮਣਾ ਕਰਨਾ ਪਿਆ ਸੀ।1962 ਦੀਆਂ ਚੋਣਾਂ ਮੌਕੇ ਕੈਰੋਂ ਸਾਹਿਬ ਨੂੰ ਜਥੇਦਾਰ ਮੋਹਣ ਸਿੰਘ ਤੁੜ ਦੇ ਮੁਕਾਬਲੇ ਵਿਧਾਨ ਸਭਾ ਦੀਆਂ ਚੋਣਾਂ ਸਿੱਧੇ ਤਰੀਕੇ ਨਾਲ ਜਿੱਤਣੀ ਔਖੀ ਹੋ ਗਈ ਸੀ ਤੇ ਧਾਂਦਲੀ ਕਰਕੇ ਸ. ਕੈਰੋਂ ਨੂੰ 34 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਕਰ ਦਿੱਤਾ ਗਿਆ ਸੀ। ਆਮ ਸੁਣਨ ਵਿੱਚ ਆਉਂਦਾ ਹੈ ਕਿ ਸ. ਪ੍ਰਤਾਪ ਸਿੰਘ ਕੈਰੋਂ ਦੀ ਧਰਮ ਪਤਨੀ ਬੀਬੀ ਰਾਮ ਕੌਰ ਨੇ ਵੀ ਕੈਰੋਂ ਨੂੰ ਵੋਟ ਪਾਉਂਣੋਂ ਨਾਂਹ ਕਰ ਦਿੱਤੀ ਸੀ। ਇਤਿਹਾਸ ਦੱਸਦਾ ਹੈ ਕਿ ਕੋਈ ਉਮੀਦਵਾਰ ਕਿੱਡਾ ਵੀ ਖੱਬੀ ਖਾਨ ਕਿਉਂ ਨਾ ਹੋਵੇ ਪਰ ਉਹਦੀ ਜਿੱਤ ਪੱਥਰ ਤੇ ਲਕੀਰ ਵਾਂਗ ਨਹੀਂ ਹੁੰਦੀ। ਸਾਰਾ ਕੁੱਝ ਸਮੇਂ ਦੀ ਚਾਲ ਨਾਲ ਹੀ ਤੁਰਦਾ ਹੈ।
ਮਈ 1980 ਚ ਹੋਈ ਪੰਜਾਬ ਵਿਧਾਨ ਸਭਾ ਦੀ ਚੋਣ ਵਿੱਚ ਕਾਂਗਰਸ ਸਰਕਾਰ ਬਣਨ ਦੇ ਆਸਾਰ ਸਾਫ ਦਿਸਦੇ ਸੀ ਕਿਉਂ ਕਿ ਦਸੰਬਰ 1979 ਦੀ ਲੋਕ ਸਭਾ ਚੋਣ ਵਿੱਚ ਅਕਾਲੀ ਦਲ ਨੂੰ ਮਸਾਂ ਇੱਕ ਤਰਨਤਾਰਨ ਵਾਲੀ ਸੀਟ ਤੇ ਜਿੱਤ ਹਾਸਲ ਹੋਈ ਸੀ 12 ਸੀਟਾਂ ਤੇ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਤੇ ਲੋਕ ਸਭਾ ਚ ਵੀ ਕਾਂਗਰਸ ਦੀ ਕੇਂਦਰ ਵਿੱਚ ਧੱੜਲੇਦਾਰ ਜਿੱਤ ਹੋਈ ਸੀ ਤੇ ਅਕਾਲੀ ਦਲ ਦੀ ਭਾਈਵਾਲ ਜਨਤਾ ਪਾਰਟੀ ਖਿੰਡ ਪੁੰਡ ਗਈ ਸੀ।
ਕਾਂਗਰਸ ਕੋਲ ਚੀਫ ਮਨਿਸਟਰੀ ਦੇ ਪਹਿਲੇ ਦਾਅਵੇਦਾਰ ਸ. ਗੁਰਦਿਆਲ ਸਿੰਘ ਢਿਲੋਂ ਸਨ। ਢਿੱਲੋਂ ਸਾਹਬ 1952 ਚ ਪਹਿਲੀ ਦਫਾ ਐਮ. ਐਲ. ਏ. ਬਣੇ। 1967 ਚ ਐਮ. ਪੀ. ਬਣੇ ਅਤੇ ਦੋ ਵਾਰ ਲੋਕ ਸਭਾ ਦੇ ਸਪੀਕਰ ਰਹਿ ਚੁੱਕੇ ਸਨ। ਤਰਨਤਾਰਨ ਤੋਂ ਲੋਕ ਸਭਾ ਚੋਣ ਦਸੰਬਰ 1979 ਚ ਹਾਰਨ ਤੋਂ ਬਾਅਦ ਉਹਨਾਂ ਨੂੰ ਵਿਧਾਨ ਸਭਾ ਚੋਣ ਲੜਾਈ ਗਈ ਸੀ। ਉਹ ਕਾਗਰਸ ਦੇ ਸਭ ਤੋਂ ਸੀਨੀਅਰ ਉਮੀਦਵਾਰ ਸਨ। ਜਾਹਰਾ ਤੌਰ ਤੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੀ ਪੂਰੀ ਸੰਭਾਵਨਾ ਸੀ। ਪਰ ਬਿਆਸ ਹਲਕੇ ਤੋਂ ਉਹ ਅਕਾਲੀ ਉਮੀਦਵਾਰ ਜੱਥੇਦਾਰ ਜੀਵਨ ਸਿੰਘ ਉਮਰਾ ਨੰਗਲ ਹੱਥੋਂ ਚੋਣ ਹਾਰ ਗਏ। ਦੂਜੇ ਨੰਬਰ ਦੀ ਸੀਨੀਅਰਟੀ ਰੱਖਦੇ ਕਾਂਗਰਸੀ ਉਮੀਦਵਾਰ ਸ. ਹਰਚਰਨ ਸਿੰਘ ਬਰਾੜ ਸਨ। ਵਿਧਾਨ ਸਭਾ ਹਲਕੇ ਮੁਕਤਸਰ ਤੋਂ ਕਾਂਗਰਸ ਟਿਕਟ ਤੇ ਚੋਣ ਲੜ ਰਹੇ ਸਨ। ਇਸ ਤੋਂ ਪਹਿਲਾਂ ਉਹ ਚਾਰ ਵਾਰ ਐਮ. ਐਲ. ਏ. ਬਣ ਚੁੱਕੇ ਸਨ। ਪਹਿਲੀ ਦਫਾ 1952 ਵਿੱਚ ਉਹ ਐਮ. ਐਲ. ਏ. ਬਣੇ ਸਨ। ਸ. ਪ੍ਰਤਾਪ ਸਿੰਘ ਕੈਰੋਂ ਦੀ ਭਤੀਜੀ ਬੀਬੀ ਗੁਰਬਿੰਦਰ ਕੌਰ ਉਹਨਾਂ ਨੂੰ ਵਿਆਹੀ ਹੋਈ ਸੀ। ਸ. ਬਰਾੜ ਉੜੀਸਾ ਅਤੇ ਹਰਿਆਣਾ ਦੇ ਗਵਰਨਰ ਵੀ ਰਹਿ ਚੁੱਕੇ ਸਨ। ਪੈਸੇ ਪੱਖੋਂ ਉਨ੍ਹਾਂ ਦਾ ਨਾਮ ਪੰਜਾਬ ਦੇ ਨਾਮਵਰ ਪਰਿਵਾਰਾਂ ਵਿੱਚ ਆਉਂਦਾ ਸੀ। ਉਨ੍ਹਾਂ ਦੀ ਵੀ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਸ. ਗੁਰਦਿਆਲ ਸਿੰਘ ਢਿਲੋਂ ਜਿੰਨੀ ਹੀ ਸੀ। ਪਰ ਉਹ ਵੀ ਅਕਾਲੀ ਦਲ ਹਰਚੰਦ ਸਿੰਘ ਫੱਤਣਵਾਲਾ ਤੋਂ ਚੋਣ ਹਾਰ ਗਏ। ਤੀਜੇ ਨੰਬਰ ਤੇ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਸ. ਦਰਬਾਰਾ ਸਿੰਘ ਦੀ ਸੀ। ਉਹ 2 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਅਤੇ ਮੌਕੇ ਪੰਜਾਬ ਕਾਂਗਰਸ ਦੇ ਸੂਬਾਈ ਪ੍ਰਧਾਨ ਸਨ। ਉਹ ਦੁਆਬੇ ਦੇ ਪੈਂਦੇ ਨਕੋਦਰ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਸ. ਕੁਲਦੀਪ ਸਿੰਘ ਵਡਾਲਾ ਦੇ ਮੁਕਾਬਲੇ ਚੋਣ ਲੜ ਰਹੇ ਸਨ। ਦੁਆਬੇ ਨੂੰ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਪਰ ਸ. ਦਰਬਾਰਾ ਸਿੰਘ ਮਸਾਂ ਸੱਤ ਸੌ ਵੋਟਾਂ ਨਾਲ ਚੋਣ ਜਿੱਤ ਸਕੇ ਉਨਾਂ ਤੋਂ ਸੀਨੀਅਰ ਦੋ ਉਮੀਦਵਾਰਾਂ ਦੇ ਚੋਣ ਹਾਰਨ ਕਰਕੇ ਹੀ ਦਰਬਾਰਾ ਸਿੰਘ ਨੂੰ ਚੀਫ ਮਨਿਸਟਰੀ ਨਸੀਬ ਹੋਈ। ਇਸ ਚੋਣ ਦੌਰਾਨ ਉਹਨਾਂ ਦੇ ਵਿਰੋਧੀ ਉਮੀਦਵਾਰ ਸ. ਕੁਲਦੀਪ ਸਿੰਘ ਵਡਾਲਾ ਦੇ ਪਰਿਵਾਰ ਵਿੱਚ ਇੱਕ ਨੌਜੁਵਾਨ ਦੀ ਮੌਤ ਹੋ ਗਈ ਉਹ ਨੌਜੁਵਾਨ ਸ਼ਾਇਦ ਵਡਾਲਾ ਸਾਹਿਬ ਦਾ ਭਤੀਜਾ ਲੱਗਦਾ ਸੀ। ਇਸ ਦੁਖਦਾਈ ਘਟਨਾ ਨੇ ਵੀ ਸ. ਵਡਾਲਾ ਦੀ ਚੋਣ ਮੁਹਿੰਮ ਨੂੰ ਕਾਫੀ ਹੱਦ ਤੱਕ ਪਿੱਛੇ ਸੁੱਟ ਦਿੱਤਾ। ਨਹੀਂ ਸ਼ਾਇਦ ਪੰਜਾਬ ਦੇ ਚੋਣ ਇਤਿਹਾਸ ਚ ਸਾਰੇ ਮੁੱਖ ਮੰਤਰੀ ਦੇ ਦਾਅਵੇਦਾਰ ਹਾਰਨ ਵਾਲਾ ਵਰਕਾ ਸ਼ਾਇਦ ਹੋਰ ਜੁੜ ਜਾਂਦਾ। ਇਹ ਮਿਸਾਲਾਂ ਇਹ ਸਾਬਤ ਕਰਨ ਲਈ ਕਾਫੀ ਹਨ ਉਮੀਦਵਾਰ ਭਾਵੇਂ ਕਿੰਨ੍ਹਾਂ ਵੀ ਤਕੜੇ ਤੋਂ ਤਕੜਾ ਕਿਓਂ ਨਾ ਹੋਵੇ ਉਹਦੀ ਜਿੱਤ ਹਾਰ ਵਿੱਚ ਲੋਕ ਜ਼ਜ਼ਬਾਤਾਂ ਦਾ ਵੱਡਾ ਹੱਥ ਹੁੰਦਾ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.