-
ਹਰਿਆਣੇ ਦੀ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦੇ ਨਾਂਅ ਹੇਠ ਵਿਚਰਦੀ ਚੌਟਾਲਾ ਪਾਰਟੀ ਨੇ ਐਸ. ਵਾਈ. ਐਲ. ਨਹਿਰ ਨੂੰ ਆਪਦੇ ਬਲਬੂਤੇ ਤੇ ਖੁਦ ਪੱਟਣ ਦਾ ਐਲਾਨ ਕੀਤਾ ਹੈ ਤੇ ਇਹਦਾ ਨਾਮ ਜਲ-ਯੁੱਧ ਰੱਖਿਆ ਹੈ। ਹਰਿਆਣੇ ਵਿੱਚ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ) ਦੀ ਸਰਕਾਰ ਹੈ ਤੇ ਚੌਟਾਲਾ ਪਾਰਟੀ ਉਥੇ ਮੁੱਖ ਵਿਰੋਧੀ ਪਾਰਟੀ ਹੈ। ਚੌਟਾਲਾ ਪਾਰਟੀ ਤੇ ਚੌਧਰੀ ਓਮ ਪ੍ਰਕਾਸ਼ ਪਰਿਵਾਰ ਦਾ ਉਵੇਂ ਹੀ ਕਰਤਾ ਧਰਤਾ ਹੈ ਜਿਵੇਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਪਰਿਵਾਰ ਹੈ। ਚੌਧਰੀ ਓਮ ਪ੍ਰਕਾਸ਼ ਚੌਟਾਲਾ ਹਰਿਆਣੇ ਦੇ ਮਹਰੂਮ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦਾ ਬੇਟਾ ਹੈ। ਅਗਾਂਹ ਓਮ ਪ੍ਰਕਾਸ਼ ਦੇ ਬੇਟੇ ਅਜੇ ਚੌਟਾਲਾ, ਅਭੇ ਚੌਟਾਲਾ ਅਤੇ ਪੋਤੇ ਦੁਸ਼ਿਅੰਤ ਚੌਟਾਲਾ ਹੀ ਪਾਰਟੀ ਦੀ ਸਿਆਸੀ ਅਤੇ ਪਰਿਵਾਰ ਦੋਸਤੀ ਜੱਗ ਜਾਹਰ ਹੈ। ਦੋਵੇਂ ਸੂਬਾਈ ਚੋਣਾਂ ਵਿੱਚ ਇੱਕ ਦੂਜੇ ਦੀ ਮਦਦ ਆਪਦੀਆਂ ਪਾਰਟੀਆਂ ਦੇ ਝੰਡੇ ਹੇਠ ਕਰਦੇ ਨੇ। ਪਿਛਲੇ ਸਾਲ ਹੋਈਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਚੌਟਾਲਾ ਪਾਰਟੀ ਅਤੇ ਅਕਾਲੀ ਦਲ ਨੇ ਰਲ ਕੇ ਲੜੀਆਂ ਸਨ। ਬਹੁਤ ਸਾਰੇ ਪੰਜਾਬੀ ਇਸ ਗੱਲ ਤੋਂ ਹੈਰਾਨੀ ਜਾਹਰ ਕਰਦੇ ਨੇ ਜਦੋਂ ਬਾਦਲ ਸਾਹਿਬ ਨਹਿਰ ਭਰਨ ਦੀ ਗੱਲ ਕਰਕੇ ਪੰਜਾਬ ਵਿੱਚ ਸਿਆਸੀ ਲਾਹਾ ਲੈਂਦੇ ਨੇ ਤਾਂ ਉਨ੍ਹਾਂ ਦਾ ਦੋਸਤ ਚੌਧਰੀ ਚੌਟਾਲਾ ਨਹਿਰ ਪੱਟ ਕੇ ਬਾਦਲ ਸਾਹਿਬ ਤੋਂ ਉਲਟ ਗੱਲ ਕਿਉਂ ਕਰ ਰਿਹਾ ਹੈ। ਜੇ ਇਸ ਗੱਲ ਦੀ ਡੂੰਘਾਈ ਵਿੱਚ ਜਾਇਆ ਜਵੇ ਤਾਂ ਇਹਦੇ ਸਿਆਸੀ ਮਾਇਨੇ ਹੋਰ ਨਿਕਲਦੇ ਨੇ ਤੇ ਉਹ ਵੀ ਬਾਦਲ ਸਾਹਿਬ ਨੂੰ ਫਾਇਦਾ ਦੇਣ ਵਾਲੇ।
ਬਾਦਲ ਅਤੇ ਚੌਧਰੀ ਪਰਿਵਾਰ ਸਿਰਫ ਇਲੈਕਸ਼ਨਾਂ ਇੱਕਠੇ ਹੀ ਨਹੀਂ ਲੜਦੇ ਬਲਕਿ ਕਈ ਵਾਰ ਸਿਆਸੀ ਪੈਂਤਰੇ ਵੀ ਅਜਿਹੇ ਲੈਂਦੇ ਹਨ ਜੋ ਕਿ ਇੱਕ ਦੂਜੇ ਦੇ ਰਾਸ ਆ ਸਕਣ। ਇੱਕ ਮਿਸਾਲ ਕਪੂਰੀ ਮੋਰਚੇ ਦੀ ਹੈ। ਇੰਦਰਾ ਗਾਂਧੀ ਨੇ 31 ਦਸਬੰਰ 1981 ਨੂੰ ਪ੍ਰਧਾਨ ਮੰਤਰੀ ਪਾਣੀਆਂ ਦੀ ਵੰਡ ਕਰਕੇ ਐਸ. ਵਾਈ. ਐਲ. ਨਹਿਰ ਪੱਟਣ ਦਾ ਰਾਹ ਪੱਧਰਾ ਕਰਕੇ 8 ਅਪੈ੍ਰਲ 1982 ਨੂੰ ਪਟਿਆਲੇ ਜਿਲ੍ਹੇ ਦੇ ਕਪੂਰੀ 'ਚ ਪਹਿਲਾ ਟੱਕ ਲਾਉਣ ਦਾ ਐਲਾਨ ਕੀਤਾ। ਦੂਜੇ ਪਾਸੇ ਅਕਾਲੀ ਦਲ ਨੇ ਇੰਦਰਾ ਦੇ ਇਸ ਐਕਸ਼ਨ ਨੂੰ ਰੋਕਣ ਦਾ ਐਲਾਨ ਕਰਕੇ ਆਖਿਆ ਕਿ ਅਸੀਂ ਕਿਸੇ ਵੀ ਕੀਮਤ ਤੇ ਵੀ ਨਹਿਰ ਦੀ ਪੁਟਾਈ ਨਹੀਂ ਹੋਣ ਦਿਆਂਗੇ। 8 ਅਪੈ੍ਰਲ ਨੂੰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿੱਚ ਅਕਾਲੀਆਂ ਦਾ ਇੱਕ ਵੱਡਾ ਕੱਠ ਹੋਇਆ ਜਿਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ, ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਦੇ ਧੂੰਆਂ ਧਾਰ ਤਕਰੀਰਾਂ ਕਰਕੇ ਕਪੂਰੀ ਪਹੁੰਚਣ ਲਈ ਆਖਿਆ ਕਿ ਅਕਾਲੀ ਯੋਧੇ ਅੱਜ ਕਪੂਰੀ ਜਾ ਇੰਦਰਾ ਗਾਂਧੀ ਨੂੰ ਟੱਕ ਲਾਉਣੋਂ ਰੋਕਣਗੇ ਅਤੇ ਅਕਾਲੀਆਂ ਦਾ ਇਹ ਮੋਰਚਾ ਲਗਾਤਾਰ ਉਦੋਂ ਤੱਕ ਚੱਲੂਗਾ ਜਦੋਂ ਤੱਕ ਨਹਿਰ ਦੀ ਪੁਟਾਈ ਰੁਕ ਨਹੀਂ ਜਾਂਦੀ। ਇਹ ਵੀ ਆਖਿਆ ਕਿ ਹਰ ਰੋਜ਼ ਹਜ਼ਾਰਾਂ ਦੀ ਗਿਣਤੀ 'ਚ ਅਕਾਲੀ ਵਰਕਰ ਨਹਿਰ ਦੀ ਪੁਟਾਈ ਨੂੰ ਰੋਕਣਗੇ। ਪਰ ਅਗਲੇ ਹੀ ਦਿਨ ਅਕਾਲੀਆਂ ਨੇ ਮੋਰਚਾ ਠੰਡਾ ਕਰ ਦਿੱਤਾ। ਸਿਰਫ ਇਕਵੰਜਾ ਬੰਦਿਆਂ ਦਾ ਜੱਥਾ ਤੋਰਿਆ ਅਗਲੇ ਦਿਨ ਪੰਜਾਂ ਦਾ। ਇਹ ਸਭ ਕਿਵੇਂ ਹੋਇਆ ਇਹ ਮੈਂ ਸਭ ਕੁੱਝ ਖੁਦ ਦੇਖਿਆ।
ਗੁਰਦੁਆਰਾ ਦੁਖਨਿਵਾਰਨ ਵਾਲੇ ਇਕੱਠ ਤੋਂ ਪਹਿਲਾਂ ਲੋਗੋਵਾਲ, ਬਾਦਲ ਅਤੇ ਟੌਹੜਾ ਦੀ ਇੱਕ ਮੀਟਿੰਗ ਹੋਈ। ਪਟਿਆਲੇ ਦੇ ਰਜਬਾਜਾ ਰੋਡ ਤੇ ਪੈਂਦੀਆਂ ਕੋਠੀਆਂ ਵਿੱਚ ਇੱਕ ਕੋਠੀ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਇੱਕ ਮੈਂਬਰ ਸੁਰਿੰਦਰਪਾਲ ਸਿੰਘ ਮਾਨ ਦੀ ਰਿਹਾਇਸ਼ ਸੀ। ਮਾਨ ਸਾਹਿਬ ਨੂੰ ਬਾਦਲ ਸਾਹਿਬ ਨੇ ਆਪਦੀ ਸਰਕਾਰ ਦੌਰਾਨ ਮੈਂਬਰ ਬਣਾਇਆ ਸੀ। ਇਹ ਮੀਟਿੰਗ ਮਾਨ ਸਾਹਿਬ ਦੀ ਕੋਠੀ ਵਿੱਚ ਹੋਈ ਸੀ। ਮੈਂ ਵੀ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨਾਲ ਮਾਸਟਰ ਅਜੀਤ ਸਿੰਘ ਸੇਖੋਂ ਨਾਲ ਮਾਨ ਸਾਹਿਬ ਦੀ ਕੋਠੀ ਪਹੁੰਚ ਗਿਆ। ਉਥੇ ਸੁਰਿੰਦਰਪਾਲ ਸਿੰਘ ਮਾਨ ਨੇ ਦੱਿਸਆ ਕਿ ਚੌਧਰੀ ਦੇਵੀ ਲਾਲ ਦਾ ਸੁਨੇਹਾ ਆਇਆ ਹੈ ਕਿ ਤੁਸੀਂ ਮੋਰਚਾ ਬੰਦ ਕਰੋ ਕਿਉਂਕਿ ਹਰਿਆਣੇ ਵਿੱਚ ਇਸ ਗੱਲ ਦਾ ਮੈਨੂੰ ਨੁਕਸਾਨ ਹੋ ਹੁੰਦਾ ਹੈ। ਹਰਿਆਣੇ ਵਿੱਚ ਕਾਂਗਰਸ ਦੀ ਭਜਨ ਲਾਲ ਸਰਕਾਰ ਨੂੰ ਦੇਵੀ ਲਾਲ ਇਹ ਕਹਿ ਕੇ ਭੰਡ ਰਿਹਾ ਸੀ ਕਿ ਹਰਿਆਣੇ ਨੂੰ ਕਾਂਗਰਸ ਦੀ ਕੇਦਰੀ ਸਰਕਾਰ ਨੇ ਘੱਟ ਪਾਣੀ ਦੇ ਕੇ ਪੰਜਾਬ ਦਾ ਫਾਇਦਾ ਕੀਤਾ ਹੈ। ਦੇਵੀ ਲਾਲ ਨੇ ਸੁਨੇਹਾ ਵਿੱਚ ਆਖਿਆ ਸੀ ਕਿ ਜੇ ਪੰਜਾਬ ਇਸ ਗੱਲ ਦਾ ਰਉਲਾ ਪਾਉਂਦਾ ਹੈ ਕਿ ਇੰਦਰਾ ਨੇ ਹਰਿਆਣੇ ਨੂੰ ਵੱਧ ਪਾਣੀ ਦਿੱਤਾ ਹੈ। ਸਾਡੇ ਵੱਲੋਂ ਭਜਨ ਲਾਲ ਤੇ ਲਾਇਆ ਦੋਸ਼ ਝੂਠਾ ਪੈਂਦਾ ਹੈ। ਕੁੱਝ ਟਾਇਮ ਬਾਦਲ ਅਕਾਲੀ ਲੀਡਰ ਵੀ ਬਾਹਰ ਆ ਗਏ ਤਾਂ ਅਜੀਤ ਸਿੰਘ ਸੇਖੋਂ ਨੇ ਲੀਡਰਾਂ ਤੋਂ ਮਾਨ ਸਾਹਿਬ ਦੀ ਗੱਲ ਦੀ ਤਕਦੀਕ ਕਰਨੀ ਚਾਹੀ ਤਾਂ ਪਰ ਲੀਡਰਾਂ ਦਾ ਜਵਾਬ ਹੂ- ਬ- ਹੂ ਮੈਨੂੰ ਯਾਦ ਨਹੀਂ ਪਰ ਉਨ੍ਹਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਮਈ ਤੱਕ ਹਰਿਆਣੇ ਦੇ ਇਲੈਕਸ਼ਨ ਹੋ ਜਾਣ ਦੇਈਏ ਬਾਅਦ ਵਿੱਚ ਮੋਰਚਾ ਤੇਜ਼ ਕਰ ਦਿਆਂਗੇ।ਕੋਠੀ ਵਿੱਚ ਪੰਜਾਬੀ ਯੂਨੀਵਰਸਿਟੀ ਵਾਲੇ ਬਲਕਾਰ ਸਿੰਘ ਵੀ ਹਾਜ਼ਰ ਸਨ। ਦੇਵੀ ਲਾਲ ਨੇ ਇਲੈਕਸ਼ਨਾਂ ਵਿੱਚ ਹਰਿਆਣੇ ਨਾਲ ਧੱਕੇ ਦੀ ਗੱਲ ਨੂੰ ਖੂਬ ਪ੍ਰਚਾਰਿਆ ਤੇ ਇਲੈਕਸ਼ਨਾਂ ਜਿੱਤੀਆ ਵੀ ਭਾਵੇਂ ਬਹੁਮਤ ਹੁੰਦਿਆਂ ਸੁੰਦਿਆਂ ਵੀ ਇੰਦਰਾ ਨੇ ਓਹਦੀ ਸਰਕਾਰ ਨਹੀਂ ਬਣਨ ਦਿੱਤੀ। ਸੋ ਜੇ ਦੇਖਿਆ ਜਾਵੇ ਤਾਂ ਅੱਜ ਵੀ ਸੂਤਰੇਹਾਲ 1982 ਵਾਲੀ ਹੀ ਹੈ। ਚੋਟਾਲਾ ਪਾਰਟੀ ਨਹਿਰ ਖੁਦ ਪੁੱਟਣ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਾਦਲ ਸਾਹਿਬ ਦੇ ਜ਼ੋਰ ਮੂਹਰੇ ਹਰਿਆਣਾ ਅਤੇ ਕੇਂਦਰ ਸਰਕਾਰ ਬੇਬਸ ਹੋਈ ਪਈ ਹੈ ਤਾਂ ਕਰਕੇ ਹੀ ਉਹ ਨਹਿਰ ਖੁਦ ਪੱਟਣ ਆ ਰਹੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਜ਼ੋਰਾਵਰ ਸਾਬਤ ਕਰਕੇ ਉਨ੍ਹਾਂ ਨੂੰ ਪੰਜਾਬ ਦੀਆਂ ਚੋਣਾਂ ਵਿੱਚ ਫਾਇਦਾ ਹੋਣ ਦੀ ਚੌਟਾਲਾ ਸਾਹਿਬ ਨੂੰ ਸ਼ਾਇਦ ਝਾਕ ਹੋਵੇ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.