ਪੁਰਾਣੇ ਸਮਿਆਂ ਵਿੱਚ ਲੋਕ ਆਪਣੇ ਪੈਸੇ ਨੂੰ ਕਿਸੇ ਕੱਪੜੇ ਦੀ ਗੰਢ ਪਾ ਕੇ ਆਪਣੇ ਲੱਕ ਨਾਲ ਬੰਨ੍ਹ ਕੇ ਚੱਲਦੇ ਸੀ. ਫਿਰ ਹੌਲੀ ਹੌਲੀ ਜੇਬ ਵਿੱਚ ਬਟੂਏ ਰੱਖਣ ਦਾ ਰਿਵਾਜ਼ ਸ਼ੁਰੂ ਹੋਇਆ ਜੋ ਕਿ ਅਜੇ ਤੱਕ ਵੀ ਚੱਲਿਆ ਆ ਰਿਹਾ ਹੈ. ਪਰ ਹੁਣ ਪੈਸੇ ਨੂੰ ਆਮ ਬਟੂਏ ਵਿੱਚ ਨਹੀਂ ਬਲਕਿ ਮੋਬਾਈਲ ਬਟੂਏ ਵਿੱਚ ਰੱਖਣ ਦਾ ਰੁਝਾਨ ਵਧ ਰਿਹਾ ਹੈ. ਇਸ ਨਾਲ ਨਾ ਤਾਂ ਜੇਬ ਦੇ ਫੁੱਲ ਜਾਣ ਜਾਂ ਪਾਟ ਜਾਣ ਦਾ ਡਰ ਹੈ ਅਤੇ ਨਾ ਹੀ ਕਿਸੇ ਜੇਬਕਤਰੇ ਦਾ ਭੈਅ ਹੈ. ਤੁਸੀਂ ਚਾਹੋ ਤਾਂ ਲੱਖਾਂ ਦੀ ਰਕਮ ਆਪਣੇ ਮੋਬਾਈਲ ਵਿੱਚ ਸਾਂਭੀ ਫਿਰੋ. ਸਹੀ ਅਰਥਾਂ ਵਿੱਚ ਤਾਂ ਤੁਸੀਂ ਆਪਣੇ ਬੈਂਕ ਨੂੰ ਹੀ ਆਪਣੀ ਜੇਬ ਵਿੱਚ ਪਾ ਕੇ ਘੁੰਮ ਸਕਦੇ ਹੋ. ਇਸ ਤਰਾਂ ਜਦੋਂ ਵੀ ਅਤੇ ਜਿੱਥੇ ਵੀ ਚਾਹੋ, ਤੁਸੀਂ ਲੋਕਾਂ ਨਾਲ ਰਕਮ ਦਾ ਲੈਣ-ਦੇਣ ਕਰ ਸਕਦੇ ਹੋ ਪਰ ਤੁਹਾਨੂੰ ਜੇਬ ਵਿੱਚੋਂ ਪੈਸੇ ਕੱਢਣ ਦੀ ਵੀ ਲੋੜ ਨਹੀਂ ਹੁੰਦੀ. ਉਪਰੋਕਤ ਪ੍ਰਣਾਲੀ ਨੂੰ ਨਕਦ-ਰਹਿਤ ਪ੍ਰਣਾਲੀ ਜਾਂ ਕੈਸ਼ਲੈੱਸ ਸਿਸਟਮ ਕਿਹਾ ਜਾਂਦਾ ਹੈ.
ਅਸਲ ਵਿੱਚ ਇਸ ਤਰਾਂ ਕਰਕੇ ਤੁਸੀਂ ਇੰਟਰਨੈੱਟ ਉੱਤੇ ਆਪਣਾ ਇੱਕ ਇਲੈਕਟ੍ਰਾਨਿਕ ਖਾਤਾ ਬਣਾ ਕੇ ਵਿਚਰ ਰਹੇ ਹੁੰਦੇ ਹੋ. ਇਸ ਖਾਤੇ ਦਾ ਕੋਡ ਸਿਰਫ ਤੁਹਾਡੇ ਕੋਲ ਹੁੰਦਾ ਹੈ ਅਤੇ ਹੋਰ ਕੋਈ ਵੀ ਆਦਮੀ ਤੁਹਾਡੀ ਮਰਜ਼ੀ ਤੋਂ ਬਿਨਾ ਇਸ ਖਾਤੇ ਨੂੰ ਵੇਖ ਜਾਂ ਵਰਤ ਨਹੀਂ ਸਕਦਾ. ਜੇਕਰ ਤੁਸੀਂ ਕਿਸੇ ਨੂੰ ਕੋਈ ਰਕਮ ਦਿੰਦੇ ਹੋ ਤਾਂ ਉਹ ਤੁਹਾਡੇ ਇਲੈਕਟ੍ਰਾਨਿਕ ਖਾਤੇ ਵਿੱਚੋਂ ਘਟ ਜਾਏਗੀ ਅਤੇ ਜੇਕਰ ਕਿਸੇ ਤੋਂ ਕੋਈ ਰਕਮ ਪ੍ਰਾਪਤ ਕਰਦੇ ਹੋ ਤਾਂ ਉਹ ਤੁਹਾਡੇ ਉਸੇ ਇਲੈਕਟ੍ਰਾਨਿਕ ਖਾਤੇ ਵਿੱਚ ਜਮਾ ਹੋ ਜਾਏਗੀ. ਤੁਸੀਂ ਜਦੋਂ ਚਾਹੋ, ਉਸ ਇਲੈਕਟ੍ਰਾਨਿਕ ਰਕਮ ਨੂੰ ਆਪਣੇ ਬੈਂਕ ਖਾਤੇ ਵਿੱਚ ਭੇਜ ਸਕਦੇ ਹੋ ਅਤੇ ਲੋੜ ਵੇਲੇ ਆਪਣੀ ਅਸਲੀ ਰਕਮ ਆਪਣੇ ਬੈਂਕ ਵਾਲੇ ਖਾਤੇ ਤੋਂ ਪ੍ਰਾਪਤ ਵੀ ਕਰ ਸਕਦੇ ਹੋ. ਇਸ ਨਾਲ ਤੁਸੀਂ ਜੇਬ ਵਿੱਚ ਵਾਧੂ ਰਕਮ ਰੱਖਣ ਦੇ ਬੋਝ ਤੋਂ ਮੁਕਤ ਹੋ ਸਕਦੇ ਹੋ.
ਨਕਦ ਰਹਿਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਲਈ ਅੱਜਕੱਲ ਭਾਰਤ ਦੀ ਸਰਕਾਰ ਵੀ ਪੱਬਾਂ ਭਾਰ ਹੈ. ਇਸ ਲਈ ਹਰ ਰੋਜ਼ ਨਵੀਆਂ ਤੋਂ ਨਵੀਆਂ ਸਕੀਮਾਂ ਅਤੇ ਤਕਨੀਕਾਂ ਸੁਝਾਈਆਂ ਜਾ ਰਹੀਆਂ ਹਨ. ਜਿਹੜੀਆਂ ਤਕਨੀਕਾਂ ਪਹਿਲਾਂ ਤੋਂ ਚੱਲ ਰਹੀਆਂ ਸਨ ਉਹਨਾਂ ਨੂੰ ਵੀ ਨਵਿਆਇਆ ਜਾ ਰਿਹਾ ਹੈ. ਨਕਦ-ਰਹਿਤ ਲੈਣ-ਦੇਣ ਦੀ ਪ੍ਰਕਿਰਿਆ ਨੂੰ ਵੱਧ ਤੋਂ ਵੱਧ ਸਰਲ ਅਤੇ ਸੌਖਾ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ. ਸਰਕਾਰ ਨੂੰ ਪਤਾ ਹੈ ਕਿ ਭਾਰਤ ਦੇ ਬਹੁਤ ਸਾਰੇ ਲੋਕ ਅਨਪੜ੍ਹ ਜਾਂ ਘੱਟ ਪੜ੍ਹੇ ਹਨ. ਇਸ ਤੋਂ ਇਲਾਵਾ ਪੜ੍ਹੇ-ਲਿਖੇ ਲੋਕ ਵੀ ਤਕਨੀਕੀ ਕੰਮਾਂ ਵੱਲ ਘੱਟ ਹੀ ਧਿਆਨ ਦਿੰਦੇ ਹਨ. ਨਵੀਆਂ ਤਕਨੀਕਾਂ ਬਾਰੇ ਆਮ ਲੋਕਾਂ ਵਿੱਚ ਕਈ ਕਿਸਮ ਦੇ ਸ਼ੰਕੇ ਵੀ ਹਨ. ਇਸ ਲਈ ਨਵੇਂ ਢੰਗਾਂ ਦੀ ਖੋਜ ਹੋ ਰਹੀ ਹੈ ਤਾਂ ਕਿ ਆਮ ਲੋਕ ਵੀ ਇਹਨਾਂ ਤਕਨੀਕਾਂ ਨੂੰ ਅਪਨਾਉਣ ਵਿੱਚ ਝਿਜਕ ਖਤਮ ਕਰ ਦੇਣ.
ਜਿਹੜੇ ਮੋਬਾਈਲ ਬਟੂਏ ਵੱਧ ਮਕਬੂਲ ਹਨ ਉਹਨਾਂ ਵਿੱਚ ਪੇਟੀਐਮ, ਮੋਬੀਕਵਿਕ, ਫਰੀਚਾਰਜ, ਔਕਸੀਜਨ, ਸਿਟਰਸ ਪੇਅ, ਐਮ ਰੂਪੀਅ, ਏਅਰਟੈਲ ਮਨੀ, ਆਈਡੀਆ ਮਨੀ ਆਦਿ ਪ੍ਰਮੁੱਖ ਹਨ. ਇਹਨਾਂ ਤੋਂ ਇਲਾਵਾ ਬਹੁਤ ਸਾਰੇ ਬੈਂਕਾਂ ਨੇ ਵੀ ਆਪੋ ਆਪਣੇ ਮੋਬਾਈਲ ਬਟੂਏ ਕੈਸ਼ਲੈੱਸ ਦੇ ਇੰਟਰਨੈੱਟ ਬਾਜ਼ਾਰ ਵਿੱਚ ਉਤਾਰ ਦਿੱਤੇ ਹਨ. ਇਹਨਾਂ ਵਿੱਚ ਭਾਰਤੀ ਸਟੇਟ ਬੈਂਕ ਦਾ ਸਟੇਟ ਬੈਂਕ ਬਡੀ, ਐਚ.ਡੀ.ਐਫ.ਸੀ. ਬੈਂਕ ਦਾ ਪੇਜ਼ੈਪ, ਆਈ.ਸੀ.ਆਈ.ਸੀ.ਆਈ ਬੈਂਕ ਦਾ ਪਾਕਿਟਸ, ਐਕਸਿਸ ਬੈਂਕ ਦਾ ਐਕਸਿਸ ਪੇਅ ਆਦਿ ਜ਼ਿਕਰਯੋਗ ਹਨ. ਇਹਨਾਂ ਸਾਰਿਆਂ ਦਾ ਮਕਸਦ ਸਿਰਫ ਇੱਕ ਹੀ ਹੈ : ਨਕਦ ਰਹਿਤ ਲੈਣ-ਦੇਣ. ਇਹਨਾਂ ਵਿੱਚ ਕਿਸੇ ਬੈਂਕ ਖਾਤੇ ਵਿੱਚੋਂ ਇਲੈਕਟ੍ਰਾਨਿਕ ਢੰਗ ਨਾਲ ਰਕਮ ਪਾਈ ਜਾਂਦੀ ਹੈ ਅਤੇ ਫਿਰ ਇਲੈਕਟ੍ਰਾਨਿਕ ਢੰਗ ਨਾਲ ਹੀ ਲੋੜ ਮੁਤਾਬਕ ਖਰਚ ਕਰ ਲਈ ਜਾਂਦੀ ਹੈ.
ਬਟੂਏ ਵਿੱਚ ਰਕਮ ਪਾਉਣ, ਖਰਚ ਕਰਨ ਜਾਂ ਕਿਸੇ ਨੂੰ ਅੱਗੇ ਭੇਜਣ ਦੇ ਢੰਗ, ਇਹਨਾਂ ਸਾਰਿਆਂ ਵਿੱਚ ਲਗਭਗ ਇੱਕੋ ਜਿਹੇ ਹੀ ਹਨ. ਜਿਸ ਨੂੰ ਵੀ ਰਕਮ ਭੇਜਣੀ ਹੈ, ਉਸਦਾ ਫੋਨ ਨੰਬਰ ਅਤੇ ਭੇਜੀ ਜਾਣ ਵਾਲੀ ਰਕਮ ਹੀ ਲਿਖਣ ਦੀ ਲੋੜ ਹੁੰਦੀ ਹੈ, ਬੱਸ ਇੱਕੋ ਹੀ ਕਲਿੱਕ ਨਾਲ ਇੱਕ-ਦੋ ਸਕਿੰਟਾਂ ਵਿੱਚ ਹੀ ਰਕਮ ਉਸਨੂੰ ਮਿਲ ਜਾਂਦੀ ਹੈ. ਦੋਵਾਂ ਹੀ ਧਿਰਾਂ ਦੇ ਮੋਬਾਈਲ ਨੰਬਰਾਂ ਉੱਤੇ ਇਸ ਸੰਬੰਧੀ ਸੁਨੇਹਾ ਵੀ ਆ ਜਾਂਦਾ ਹੈ. ਹਰ ਬਟੂਏ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹੁੰਦੇ ਹਨ. ਤੁਹਾਡਾ ਆਪਣਾ ਬਣਾਇਆ ਹੋਇਆ ਇੱਕ ਪਾਸਵਰਡ ਹੁੰਦਾ ਹੈ. ਇਸ ਤੋਂ ਇਲਾਵਾ ਇੱਕ ਹੋਰ ਕੋਡ ਵੀ ਲਗਾਇਆ ਜਾ ਸਕਦਾ ਹੈ ਤਾਂ ਕਿ ਕੋਈ ਓਪਰਾ ਸ਼ਖਸ ਨਾ ਤਾਂ ਤੁਹਾਡੇ ਬਟੂਏ ਦੇ ਅੰਦਰ ਝਾਕ ਸਕੇ ਅਤੇ ਨਾ ਹੀ ਇੱਕ ਰੁਪਏ ਦੀ ਵੀ ਚੋਰੀ ਕਰ ਸਕੇ.
ਇੰਟਰਨੈੱਟ ਬੈਂਕਿੰਗ ਦੇ ਮੁਕਾਬਲੇ ਮੋਬਾਈਲ ਬਟੂਏ ਨਾਲ ਭੁਗਤਾਨ ਦੇ ਲਾਭ :
1. ਮੋਬਾਈਲ ਬਟੂਏ ਨਾਲ ਭੁਗਤਾਨ ਬਹੁਤ ਤੇਜ਼ੀ ਨਾਲ ਕੀਤਾ ਜਾ ਸਕਦਾ ਹੈ.
2. ਇੰਟਰਨੈੱਟ ਬੈਂਕਿੰਗ ਰਾਹੀਂ ਬੈਂਕ ਖਾਤੇ ਵਿੱਚੋਂ ਭੁਗਤਾਨ ਕਰਨ ਉੱਤੇ ਲਈ ਕਾਫੀ ਲੰਬੀ ਪ੍ਰਕਿਰਿਆ ਹੈ ਅਤੇ ਵਾਰੀ ਵਾਰੀ ਪਾਸਵਰਡ ਭਰਨਾ ਪੈਂਦਾ ਹੈ ਅਤੇ ਓਟੀਪੀ ਦੀ ਵੀ ਉਡੀਕ ਕਰਨੀ ਪੈਂਦੀ ਹੈ ਪਰ ਮੋਬਾਈਲ ਬਟੂਏ ਨਾਲ ਇਹਨਾਂ ਫਾਲਤੂ ਕਿਰਿਆਵਾਂ ਤੋਂ ਬੱਚਤ ਹੋ ਜਾਂਦੀ ਹੈ.
3. ਇੰਟਰਨੈੱਟ ਬੈਂਕਿੰਗ ਰਾਹੀਂ ਭੁਗਤਾਨ ਕਰਨ ਲਈ ਤੁਹਾਨੂੰ ਆਪਣੇ ਸੰਵੇਦਨਸ਼ੀਲ ਡਾਟੇ ਨੂੰ ਵਾਰ-ਵਾਰ ਛੇੜਨਾ ਪੈਂਦਾ ਹੈ ਪਰ ਇਸ ਤਰੀਕੇ ਰਾਹੀਂ ਕਿਸੇ ਦੇ ਸਾਹਮਣੇ ਇੰਜ ਕਰਨ ਦੀ ਲੋੜ ਨਹੀਂ.
4. ਅਕਸਰ ਬਹੁਤ ਵਾਰੀ ਮੋਬਾਈਲ ਬਟੂਏ ਨਾਲ ਭੁਗਤਾਨ ਕਰਨ ਨਾਲ ਕੋਈ ਨਾ ਕੋਈ ਕੈਸ਼ਬੈਕ ਆਦਿ ਮਿਲਦਾ ਰਹਿੰਦਾ ਹੈ ਜਿਵੇਂ ਕਿ ਕਈ ਕੰਪਨੀਆਂ 5% ਤੋਂ ਲੈ ਕੇ 20% ਤੱਕ ਵੀ ਰਿਆਇਤ ਕਰ ਦਿੰਦੀਆਂ ਹਨ.
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417 193 193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.