ਕਾਲਾ ਸ਼ਾਹ ਕਾਲਾ ਮੇਰਾ ਕਾਲਾ ਆ ਸਰਦਾਰ
ਖ਼ਬਰ ਹੈ ਕਿ ਸਿਆਸੀ ਦਲ ਲੋਕਤੰਤਰ ਦਾ ਸਤੰਭ ਬਨਣ ਦੀ ਬਜਾਏ ਕਾਲੇ ਧੰਨ ਦਾ ਜ਼ਖੀਰਾ ਬਣ ਗਏ ਹਨ ਅਤੇ ਇਨਾਂ ਦਲਾਂ ਨੂੰ ਦਿੱਤਾ ਜਾਣ ਵਾਲਾ ਚੰਦਾ ਕਾਲੇ ਧੰਨ ਦਾ ਸਭ ਤੋਂ ਵੱਡਾ ਸਰੋਤ ਹੈ। ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿਚ ਰਜਿਸਟਰਡ ਰਾਜਨੀਤਕ ਪਾਰਟੀਆਂ ਨੂੰ ਆਮਦਨ ਕਰ ਤੋਂਛੋਟ ਮਿਲਦੀ ਹੈ। ਵੱਡੇ-ਵੱਡੇ ਅਮੀਰ ਰੁਤਬੇ ਵਾਲੇ ਲੋਕ ਪਾਰਟੀਆਂ ਨੂੰ ਚੰਦੇ ਦਿੰਦੇ ਹਨ। ਨਕਦ ਦਿੱਤਾ ਦਾਨ ਅਸਲ 'ਚ ਕਾਲੇ ਧੰਨ ਦਾ ਸਭ ਤੋਂ ਵੱਡਾ ਸੋਮਾ ਹੈ। ਰਾਜਨੀਤਕ ਪਾਰਟੀਆਂ ਨੇ ਜੋ ਵੇਰਵਾ ਭਾਰਤੀ ਚੋਣ ਕਮਿਸ਼ਨ ਨੂੰ ਅਤੇ ਆਮਦਨ ਕਰ ਵਿਭਾਗ ਨੂੰ ਦਿੱਤਾ ਹੈ, ਉਸਦਾ 80% ਚੰਦਾਪਾਰਟੀਆਂ ਨੂੰ ਨਕਦ ਮਿਲਦਾ ਹੈ। ਇਸਦਾ ਸਿੱਧਾ ਅਰਥ ਇਹ ਹੈ ਕਿ ਉਨਾਂ ਦੀ ਆਮਦਨ ਦਾ ਸਰੋਤ ਕੋਈ ਨਹੀਂ ਜਾਣਦਾ। ਇਹ ਕਾਲਾ ਧੰਨ ਵਿਕਰਾਲ ਰੂਪ ਵਿਚ ਚੋਣਾਂ ਸਮੇਂ ਪ੍ਰਗਟ ਹੁੰਦਾ ਹੈ।
ਰਾਜਨੀਤੀ 'ਚ ਪਿਉ ਪੁੱਤ ਨੂੰ ਅਤੇ ਪੁੱਤ ਪਿਉ ਨੂੰ ਨਹੀਂ ਪਛਾਣਦਾ। ਇਕ ਪਾਸੇ ਮੱਲ-ਯੁੱਧ ਯੂ.ਪੀ. 'ਚ ਲੜਿਆ ਜਾ ਰਿਹਾ ਹੈ, ਜਿਥੇ ਬਾਹਰਲਿਆਂ ਨਾਲ ਤਾਂ ਬਾਅਦ 'ਚ ਨਜਿੱਠਿਆ ਜਾਣਾ ਹੈ, ਅੰਦਰਲੇ ਹੀ ਕਾਬੂ ਨਹੀਂ ਆਉਂਦੇ। ਸਭ ਮਾਇਆ ਦਾ ਖੇਲ ਆ। ਦੂਜੇ ਪਾਸੇ ਪੰਜਾਬ 'ਚ ਆਇਆ ਰਾਮਗਿਆ ਰਾਮ ਦੀ ਸਿਆਸਤ ਚੱਲ ਰਹੀ ਹੈ, ਜੀਹਨੂੰ ਪਾਰਟੀ ਟਿਕਟ ਨਹੀਂ ਦਿੰਦੀ, ਦੂਜੀ ਪਾਰਟੀ 'ਚ ਜਾ ਰਲਦਾ ਆ, ਪਹਿਲੀ ਪਾਰਟੀ ਦੇ ਨੇਤਾ ਬਾਰੇ ਆਂਹਦਾ ਆ, ਮੈਥੋਂ ਟਿਕਟ ਲਈ ਕਰੋੜਾਂ ਰੁਪਈਏ ਮੰਗਦੇ ਸੀ। ਸਭ ਮਾਇਆ ਦਾ ਖੇਲ ਆ। ਉਂਜ ਜਿਵੇਂ ਸੱਪ ਖਜ਼ਾਨੇ ਉੱਤੇ ਕੁੰਡਲੀ ਮਾਰ ਕੇ ਬੈਠਾਰਹਿੰਦਾ ਆ, ਇਵੇਂ ਹੀ ਵੱਡਾ ਨੇਤਾ ਧੰਨ ਉੱਤੇ ਕੁੰਡਲੀ ਮਾਰ ਬੈਠ ਰਹਿੰਦਾ। ਜਿੱਡਾ ਵੱਡਾ ਜਿਸ ਕੋਲ 'ਕਾਰੂ ਦਾ ਖਜ਼ਾਨਾ' ਉਤਨਾ ਵੱਡਾ ਨੇਤਾ। ਵੇਖੋ ਨਾ 'ਮਾਇਆ' ਦੇ ਰੰਗ, ਯੂ.ਪੀ. 'ਚ ਪੈਸੇ ਵਾਲੀ ਵੱਡੀ ਨੇਤਾ ਆ। ਤਾਮਿਲਨਾਡੂ ਦੀ ਜੈ ਲਲਿਤਾ ਉਹਦੇ ਤੋਂ ਵੀ ਵੱਡੀ ਨੇਤਾ, ਜੀਹਦਾ ਖਜ਼ਾਨਾ ਜਾਇਦਾਦਗਿਣਨ ਉੱਤੇ ਵੀ ਗਿਣਿਆ ਨਹੀਂ ਜਾ ਸਕਿਆ। ਸਭ ਮਾਇਆ ਦਾ ਜੰਜਾਲ ਆ। ਸਾਈਂ ਲੋਕ ਆਂਹਦੇ ਆ ਮਾਇਆ ਹੁੰਦੀ ਆ ਨਾਗਣੀ। ਪਰ ਇਹਦੇ ਬਿਨਾਂ ਗੱਤ ਨਹੀਂ, ਜਿਵੇਂ ਭਾਈ ਸ਼ਾਹ ਬਿਨਾਂ ਪੱਤ ਨਹੀਂ। ਪਰ ਨੇਤਾ ਲੋਕਾਂ ਦੀ ਧੰਨ ਨਾਲ ਯਾਰੀ, ਉਹ ਵੀ ਕਾਲੇ ਧੰਨ ਨਾਲ ਚਿਰ-ਪੁਰਾਣੀ ਆ। ਬਾਦਸ਼ਾਹ,ਧੰਨ ਖਜ਼ਾਨਿਆਂ 'ਚ ਲੁਕੋਦੇ ਆ, ਹੁਣ ਦੇ ਨੇਤਾ ਪਖਾਨਿਆਂ 'ਚ ਲਕੋਦੇ ਆ। ਬਾਦਸ਼ਾਹਾਂ ਦਾ ਧੰਨ ਹੁੰਦਾ ਸੀ ਲੋਕਾਂ ਕੋਲੋਂ ਲੁਟਿਆ, ਖੋਹਿਆ, ਜ਼ਬਰੀ ਵਸੂਲਿਆ। ਹੁਣ ਦੇ ਨੇਤਾਵਾਂ ਨੂੰ ਧੰਨ ਮਿਲਦਾ ਆ ਖ਼ੈਰਾਤ 'ਚ, ਚੰਦਾ, ਦਾਨ ਜੀਹਦਾ ਨਾਮ ਹੁੰਦਾ ਆ। ਤਦੇ ਭਾਈ ਨੇਤਾ ਇਸ ਨਕਦੀ ਨੂੰ ਕੋਠੜੀਆਂ 'ਚਸੰਭਾਲਦ ਆ ਤਾਂ ਕਿ ਚੋਣਾਂ 'ਤੇ ਔਖੇ ਵੇਲੇ ਕੰਮ ਆਵੇ, ਚੈਕ, ਕਾਰਡ ਉਨਾਂ ਦੇ ਕਿਸ ਕੰਮ? ਇਸ ਕਾਲੇ ਧੰਨ ਨੂੰ ਮਨੋਂ-ਦਿਲੋਂ ਪਿਆਰ ਕਰਦੇ ਨੇਤਾ ਲੋਕ ਲੋਰ 'ਚ ਆਇਆਂ ਆਖਦੇ ਆ, ''ਕਾਲਾ ਸ਼ਾਹ ਕਾਲਾ ਮੇਰਾ ਕਾਲਾ ਆ ਸਰਦਾਰ ਗੋਰਿਆਂ ਨੂੰ ਦਫ਼ਾ ਕਰੋ।''
ਚੁੰਨੀ ਲੈ ਕੇ ਸੂਹੇ ਰੰਗ ਦੀ
ਖ਼ਬਰ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 'ਚ ਵਿਧਾਨ ਸਭਾ ਚੋਣ ਹਲਕਾ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਟਕਰਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਜਰਨੈਲ ਸਿੰਘ ਨੂੰ ਪਾਰਟੀ ਉਮੀਦਵਾਰ ਐਲਾਨਿਆ ਗਿਆ ਹੈ ਅਤੇ ਉਨਾਂ ਨੇ ਇਸ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਮੈਂਬਰੀ ਤੋਂਅਸਤੀਫਾ ਦੇ ਦਿੱਤਾ ਹੈ। ਦਿੱਲੀ ਤੋਂ ਵੋਟ ਕਟਵਾਉਣ ਉਪਰੰਤ ਉਹ ਪਿੰਡ ਸਰਾਵਾਂ ਬੋਦਲਾ ਦੇ ਵੋਟਰ ਬਣ ਗਏ ਹਨ। ਇਸ ਦੌਰਾਨ ਉਨਾਂ ਵੱਲੋਂ ਪੇਸ਼ ਪਿੰਡ ਸਰਾਵਾਂ ਬੋਦਲਾ ਦੀ ਰਿਹਾਇਸ਼ ਸਮੇਤ ਸਾਰੇ ਸਰਟੀਫਿਕੇਟ ਸਹੀ ਪਾਏ ਗਏ। ਜਿਸ ਤੋਂ ਬਾਅਦ ਉਨਾਂ ਦੀ ਵੋਟ ਬਨਣ ਦਾ ਰਸਤਾ ਸਾਫ਼ ਹੋ ਗਿਆ।
ਉਧਰ ਕੈਪਟਨ ਅਮਰਿੰਦਰ ਸਿਹੁੰ ਆਪ ਦੇ ਕਨਵੀਨਰ ਕੇਜਰੀਵਾਲ ਨੂੰ ਲਲਕਾਰੇ ਮਾਰ ਰਿਹਾ ਕਿ ਉਹ ਕਿਸੇ ਵੀ ਸੀਟ ਤੋਂ ਉਸ ਨਾਲ ਚੋਣ ਲੜ ਲੈਣ ਅਤੇ ਇਧਰ ਕੇਜਰੀਵਾਲ ਆਖੀ ਜਾਂਦਾ ਭਾਈ ਕੈਪਟਨ 'ਚ ਬਾਹਲਾ ਦਮ ਆ ਤਾਂ ਉਹ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਰੁੱਧ ਜਲਾਲਾਬਾਦਤੋਂ ਚੋਣ ਲੜਨ। ਕੇਜਰੀਵਾਲ ਆਂਹਦਾ ਆ ਦੋਵੇਂ 'ਯੋਧੇ' ਰਲੇ ਹੋਏ ਆ ਤੇ ਲਾਡਲੀ ਕੁਸ਼ਤੀ ਕਰਕੇ ਉਹ ਪੰਜਾਬ ਵਿਚ ਮੁੜ ਸੱਤਾ ਹਥਿਆਉਣਾ ਚਾਹੁੰਦੇ ਆ।
ਆਪੋ-ਧਾਪੀ ਦੀਆਂ ਮਾਰੀਆਂ ਪਾਰਟੀਆਂ ਅਤੇ ਨੇਤਾ ਜੋ ਮੂੰਹ ਆਉਂਦਾ ਬੋਲੀ ਜਾਂਦੇ ਆ, ਇਕ ਦੂਜੇ ਦੇ ਭੇਤ ਖੋਲੀ ਜਾਂਦੇ ਆ। ਕੋਈ ਕਿਸੇ ਨੂੰ ਵਡਿਆ ਰਿਹਾ, ਕੋਈ ਕਿਸੇ ਨੂੰ ਪਤਿਆ ਰਿਹਾ, ਤੇ ਕੋਈ ਕਿਸੇ ਨੂੰ ਛੁਟਿਆ ਰਿਹਾ। ਪਰ ਵਾਰੇ-ਵਾਰੇ ਜਾਈਏ ਭਾਈ ਜਰਨੈਲ ਸਿਹੁੰ ਦੇ ਜਿਹੜਾ ਅਕਾਲੀਆਂ ਦੇ'ਸ਼ੇਰੇ ਪੰਜਾਬ', ਮੋਦੀ ਦੇ 'ਮੰਡੇਲਾ', ਅਧਿਕਾਰੀਆਂ ਪੁਜਾਰੀਆਂ ਦੇ 'ਧੁਰੰਤਰ' ਬਾਬੇ ਨੂੰ ਲਲਕਾਰ, ਪਟਕੇ ਦੀ ਕੁਸ਼ਤੀ ਲੜਨ ਲਈ 'ਚੁੰਨੀ ਲੈ ਕੇ ਸੂਹੇ ਰੰਗ ਦੀ' ਮੈਦਾਨ 'ਚ ਆ ਨਿਤਰਿਆ ਆ। ਵੇਖੀ ਬਈ ਜਰਨੈਲ ਸਿੰਹਾ ਭਲਵਾਨਾ, ਬਾਬੇ ਦੇ ਰੰਗ ਬੜੇ ਨਿਆਰੇ ਆ। ਬੜਾ ਹੀ ਮਾਹਰ ਆ ਵੱਡਿਆਂ-ਵੱਡਿਆਂ ਨੂੰ ਚਿੱਤ ਕਰਨ 'ਚ, ਬੋਲਾਂ ਨਾਲ ਵੀ, ਤੋਲਾਂ ਨਾਲ ਵੀ ਅਤੇ ਰੋਲ਼ਾ ਨਾਲ ਵੀ!
ਨਾ ਰੋ ਸਕੇ ਨਾ ਹੱਸ ਸਕੇ
ਖ਼ਬਰ ਹੈ ਕਿ ਸਮਾਜਵਾਦੀ ਪਾਰਟੀ 'ਚ ਪੁਤਰ ਅਖਿਲੇਸ਼ ਅਤੇ ਪਿਉ ਮੁਲਾਇਮ ਯਾਦਵ ਚਿਵਾਲੇ ਜਾਰੀ ਰੱਸਾਕਸ਼ੀ ਹਰ ਦਿਨ ਨਵਾਂ ਮੋੜ ਲੈ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਿਉ-ਪੁਤ ਦੇ ਸਮਝੌਤੇ ਸਬੰਧੀ ਕਿਸੇ ਅਮਲੇ ਨੂੰ ਲੈ ਕੇ ਮੁਲਾਇਮ ਸਸ਼ੋਪੰਜ ਵਿਚ ਹਨ। ਤੇ ਕੋਈ ਅੰਤਮ ਰਾਇ ਨਹੀਂ ਬਣਾਰਹੇ। ਮੁਲਾਇਮ ਅਖਿਲੇਸ਼ ਧੜੇ ਤੋਂ ਵੱਖ ਹੋ ਕੇ ਚੋਣ ਲੜਨ ਵਾਲੇ ਸਨ। ਕੁਝ ਦਿਨ ਪਹਿਲਾਂ ਆਪਣੇ ਪਿਤਾ ਨੂੰ ਹਟਾ ਕੇ ਅਖਿਲੇਸ਼ ਨੇ ਆਪਣੇ ਆਪ ਨੂੰ ਸਮਾਜਵਾਦੀ ਪਾਰਟੀ ਦਾ ਪ੍ਰਧਾਨ ਘੋਸ਼ਿਤ ਕਰ ਦਿੱਤਾ ਸੀ ਤੇ ਮੁਲਾਇਮ ਸਿੰਘ ਯਾਦਵ ਨੇ ਅਖਿਲੇਸ਼ ਨੂੰ ਪਾਰਟੀ ਵਿਚੋਂ ਖਾਰਜ ਕਰ ਦਿੱਤਾ ਸੀ।
ਯਾਰਾਂ ਦੇ ਚੁੱਕੇ ਚੁਕਾਇਆਂ, ਦੂਜੀ ਧਰਮ ਪਤਨੀ ਦੇ ਸਿੱਖਿਆਂ-ਸਿਖਾਇਆਂ ਮੁਲਾਇਮ ਭਾਈ ਨੇ ਲਾਡਲੇ ਪੁੱਤ ਅਖਿਲੇਸ਼ ਦੇ ਨਮਦੇ ਕੱਸਣੇ ਚਾਹੇ। ਪਿਉ ਦੇ ਅਸਲੀ ਪੁੱਤ ਨੇ ਮੁੱਖ ਮੰਤਰੀ ਵਾਲੇ ਘੋੜੇ ਉੱਤੇ ਸਵਾਰ ਹੁੰਦਿਆਂ ਨਾ ਆ ਵੇਖਿਆ ਨਾ ਤਾ, ਬੱਸ ਜਿਧਰ ਵੇਖੇ ਆਪਣੇ ਬੰਦੇ ਵਜ਼ਾਰਤ ਵਿਚ ਵੀ ਤੇਪਾਰਟੀ 'ਚ ਵੀ ਤਾਇਨਾਤ ਕਰ ਦਿੱਤੇ। ਜਿਹੜੇ ਔਖੇ ਵੇਲੇ ਉਹਦੇ ਕੰਮ ਆ ਰਹੇ ਆ। ਉਧਰ ਮੁਲਾਇਮ ਦੇ ਪਿਆਦੇ ਅਮਰ ਸਿਹੁੰ ਦੀਆਂ ਸਿੱਧੀਆਂ ਵੀ ਪੁੱਠੀਆਂ ਪੈ ਰਹੀਆਂ ਆਂ ਅਤੇ ਉਹ ਤਾਂ ਭਾਈ ਇੰਜ ਜਾਪਦੈ 'ਬੀਤੇ ਦੀ ਬਾਤ' ਹੋ ਚੁੱਕਾ ਆ। ਬਥੇਰੇ ਹੱਥ ਪੈਰ ਮਾਰ ਰਹੇ ਆ ਵਿਚੋਲੇ ਕਿ ਪਿਉ-ਪੁੱਤਜੁੜ ਬੈਠਣ, ਪਿਆਰ ਦੀਆਂ ਪੀਂਘਾਂ ਮੁੜ ਚੜਾਉਣ, ਇਕ ਦੂਜੇ ਨੂੰ ਗਲਵਕੜੀ ਪਾਉਣ, ਪਰ ਅਖਿਲੇਸ਼ ਤਾਂ ਭਾਈ ਬਾਪੂ ਨਾਲ ਐਨਾ ਨਿਰਮੋਹਿਆ ਹੋਇਆ ਪਿਐ ਕਿ ਆਰ-ਪਾਰ ਦੀ ਲੜਾਈ ਲੜ ਰਿਹੈ। ਤੇ ਵਿਚਾਰਾ ਪਿਉ, ਮਾਇਆ ਨੂੰ ਚਾਰੋ ਖਾਨੇ ਚਿੱਤ ਕਰਨ ਵਾਲਾ ਮੁਲਾਇਮ ਨਾ ਰੋ ਸਕਦਾ ਆਪਣੀਹੋਣੀ ਤੇ ਅਤੇ ਨਾ ਹੱਸ ਸਕਦਾ ਆਪਣੇ ਭਵਿੱਖ ਤੇ। ਉਹ ਤਾਂ ਬੱਸ ਬੱਚੇ ਅਖਿਲੇਸ਼ ਦੀਆਂ ਆਪਹੁਦਰੀਆਂ ਤੇ ਝੂਰਨ ਜੋਗਾ ਹੀ ਰਹਿ ਗਿਆ।
ਮੇਰੀ ਸੈਲਰੀ ਤਾਂ ਸਾਰੀ ਮੁੱਕ ਜਾਊਗੀ
ਖ਼ਬਰ ਹੈ ਕਿ ਹਵਾਲਾ ਜ਼ਰੀਏ ਕਰੋੜਾਂ ਦਾ ਕਾਲਾ ਧੰਨ ਸਫ਼ੈਦ ਕਰਨ ਤੋਂ ਬਾਅਦ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਤੇ ਉਨਾਂ ਦੇ ਪਰਿਵਾਰ ਦੇ ਕੰਟਰੋਲ ਵਾਲੀਆਂ ਕੰਪਨੀਆਂ ਨੇ ਦਿੱਲੀ 'ਚ 200 ਬਿੱਘੇ ਜ਼ਮੀਨ ਖਰੀਦੀ। ਇਹ ਜ਼ਮੀਨ ਨਜਾਇਜ਼ ਕਾਲੋਨੀਆਂ ਕੋਲ ਇਸ ਲਈ ਖਰੀਦੀ ਗਈ ਕਿਉਂਕਿਜਦੋਂ ਵੀ ਸਰਕਾਰ ਇਨਾਂ ਨੂੰ ਨਿਯਮਤ ਕਰੇ ਤਾਂ ਇਸ 'ਤੇ ਦੋ ਤੋਂ ਚਾਰ ਗੁਣਾਂ ਮੁਨਾਫ਼ਾ ਕਮਾਇਆ ਜਾ ਸਕੇ। ਜੈਨ ਨੇ 27 ਕਰੋੜ ਤੋਂ ਜ਼ਿਆਦਾ 'ਚ ਇਹ ਜ਼ਮੀਨ ਖਰੀਦੀ ਹੈ ਜੋ ਕਿ ਖੇਤੀ ਯੋਗ ਜ਼ਮੀਨ ਹੈ। ਜ਼ਮੀਨ ਦੀ ਇਹ ਖਰੀਦ-ਫਰੋਖਤ ਵਿੱਤ ਸਾਲ 2010-11 ਤੋਂ 2013-14 ਦੌਰਾਨ ਖਰੀਦੀ ਹੈ।
ਕੇਜਰੀਵਾਲ ਦਿੱਲੀ ਦੀ 'ਸਿਹਤ' ਦਾ ਵਾਹਵਾ ਖਿਆਲ ਰੱਖਦੇ ਆ, ਤਦੇ ਭਾਈ ਉਹਨਾਂ ਜੈਨ ਵਰਗੇ ਮੰਤਰੀ ਦਿੱਲੀ ਵਾਸੀਆਂ ਦੀ ਸਿਹਤ ਠੀਕ ਕਰਨ ਲਈ ਰੱਖੇ ਆ। ਦਿੱਲੀ ਆ ਦਿੱਲੀ, ਜਿੱਥੇ ਦੀ ਹਰ ਸ਼ੈ ਨਿਰਾਲੀ ਆ। ਦਿੱਲੀ 'ਚ ਅਧੂਰਾ ਰਾਜ ਆ ਕੇਜਰੀਵਾਲ ਦਾ। ਦਿੱਲੀ 'ਚ ਪੂਰਾ ਰਾਜ ਆ ਮੋਦੀਜੀ ਦਾ। ਪਰ ਫਿਰ ਵੀ ਕੇਜਰੀਵਾਲ ਨੇ ਆਪਣੇ ਮੰਤਰੀਆਂ ਦੀਆਂ ਤਨਖਾਹਾਂ ਐਨੀਆਂ ਵਧਾ ਦਿੱਤੀਆਂ, ਐਨੀਆਂ ਵਧਾ ਦਿੱਤੀਆਂ ਕਿ ਉਹਨਾਂ ਤੋਂ ਘਰ ਦੇ ਖਰਚ ਲਈ ਸੰਭਾਲੀਆਂ ਨਹੀਂ ਜਾਂਦੀਆਂ ਤੇ ਉਹ ਜ਼ਮੀਨਾਂ ਖਰੀਦ ਰਹੇ ਆ, ਬੰਗਲੇ ਖਰੀਦ ਰਹੇ ਆ, ਮਹਿੰਗੀਆਂ ਮੋਟਰਾਂ ਗੱਡੀਆਂ ਖਰੀਦ ਰਹੇ ਆ।ਪਰ ਆਪਣੇ ਜੈਨ ਸਾਹਿਬ ਨੇ ਐਨੀ 'ਅੰਦਰਲੀ ਉਪਰਲੀ' ਸੈਲਰੀ ਕਮਾਈ ਸਿਹਤ ਮੰਤਰੀ ਵਜੋਂ ਕਿ ਉਨਾਂ ਨੂੰ ਫਿਕਰ ਲੱਗ ਗਿਆ ਕਿ ਐਨੀ ਵਾਰ ਜ਼ਮੀਨ ਖਰੀਦ ਕੇ ਤਾਂ ਉਨਾਂ ਦੀ ਸੈਲਰੀ ਤਾਂ ਸਾਰੀ ਮੁੱਕ ਜਾਊਗੀ, ਉਹ ਮੁੜ ਆਪਣਾ ਟੱਬਰ ਕਿੱਥੋਂ ਪਾਲੂਗੇ?
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਦੇਸ਼ ਵਿਚ ਸੰਨ 2015 ਵਿਚ 12602 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਔਸਤਨ ਹਰ 41 ਮਿੰਟਾਂ ਬਾਅਦ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਵਿਚ ਇਕ ਕਿਸਾਨ ਨੇ ਹੱਤਿਆ ਕੀਤੀ। ਸਾਲ 1995 ਤੋਂ 2015 ਤੱਕ ਕੁਲ 3,18,528 ਕਿਸਾਨਾਂ ਨੇ ਹੱਤਿਆ ਕੀਤੀ।
ਵਾਹ ਉਏ ਪੰਜਾਬ
• ਇਕ ਅਧਿਐਨ ਮੁਤਾਬਕ ਪੰਜਾਬ ਦੇ 96 ਫੀਸਦੀ ਪੇਂਡੂ ਪਰਿਵਾਰਾਂ ਦੀ ਆਮਦਨ ਖਰਚ ਦੀ ਤੁਲਨਾ ਉੱਤੇ ਘੱਟ ਹੈ। 98ਫੀਸਦੀ ਪੇਂਡੂ ਪਰਿਵਾਰ ਕਰਜ਼ੇ ਵਿਚ ਡੁੱਬੇ ਹੋਏ ਹਨ।
•
ਇਕ ਵਿਚਾਰ
ਇਹ ਤਹਿ ਹੈ ਕਿ ਜੋ ਕਿਸੇ ਦੀ ਪਰਵਾਹ ਨਹੀਂ ਕਰਦਾ, ਉਸਦੀ ਪਰਵਾਹ ਵੀ ਕੋਈ ਨਹੀਂ ਕਰਦਾ।
- ਥਾਮਸ ਜੈਫਰਸਨ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.