ਆਮ ਆਦਮੀ ਦੇ ਟੌਪ ਸਟਾਰ ਭਗਵੰਤ ਮਾਨ ਦੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੋਣ ਲੜਣ ਦੇ ਫੈਸਲੇ ਨੇ ਜਲਾਲਾਬਾਦ ਹਲਕੇ ਚੋਣ ਨੂੰ ਆਮ ਚੋਣ ਨਹੀਂ ਰਹਿਣ ਦਿੱਤਾ। ਕੀ ਜਲਾਲਾਬਾਦ ਤੋਂ ਭਗਵੰਤ ਮਾਨ ਸੁਖਬੀਰ ਬਾਦਲ ਨੂੰ ਹਰਾ ਸਕਦਾ ਹੈ ਇਹਦਾ ਜਵਾਬ ਭਾਵੇਂ ਹਾਂ ਵਿੱਚ ਦੇਣ ਦੀ ਤਾਂ ਕੋਈ ਗੱਲ ਨਹੀਂ ਕਰਦਾ ਪਰ ਜਿਥੇ ਚਾਰ ਬੰਦੇ ਵੋਟਾਂ ਦੀ ਗੱਲ ਛੇੜਦੇ ਨੇ ਉਥੇ ਜਲਾਲਾਬਾਦ ਇਲੈਕਸ਼ਨ ਦੀ ਗੱਲ ਜ਼ਰੂਰ ਛਿੜਦੀ ਹੈ ਅਤੇ ਬਹੁਤੇ ਬੁਲਾਰੇ ਏਹੀ ਕਹਿੰਦੇ ਨੇ ਕਿ ਸੁਖਬੀਰ ਬਾਦਲ ਦਾ ਹਾਰਨਾ ਨਾ- ਮੁਮਕਿਨ ਹੈ (ਅਸੰਭਵ) ਹੈ। ਭਾਵੇਂ ਇਹ ਗੱਲ ਸਾਰੇ ਮੰਨਦੇ ਨੇ ਕਿ ਐਂਤਕੀ ਫਿਲਹਾਲ ਅਕਾਲੀ ਦਲ ਦੇ ਹੱਕ ਵਿੱਚ ਭਾਵੇਂ ਕੋਈ ਲਹਿਰ ਨਹੀਂ ਪਰ ਸੁਖਬੀਰ ਬਾਦਲ ਦੀ ਹਾਰ ਬਾਰੇ ਸੋਚਣਾ ਔਖਾ ਹੈ। ਇਸ ਗੱਲ ਦੇ ਹੱਕ ਵਿੱਚ ਇਹ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਬੀਤੇ ਨੌਂ ਸਾਲਾਂ ਤੋਂ ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਹਨ।ਉਹਨਾਂ ਨੇ ਹਰੇਕ ਪਿੰਡ aੁੱਤੇ ਗ੍ਰਾਂਟਾਂ ਪਾਣੀ ਵਾਗੂੰ ਰੋੜ੍ਹੀਆਂ ਨੇ। ਹਲਕੇ ਦੀ ਹਰੇਕ ਗਲੀ ਪੱਕੀ ਅਤੇ ਪਿੰਡਾਂ ਵਿੱਚ ਸੀਵਰੇਜ ਨੇ। ਬਾਦਲ ਪਰਿਵਾਰ ਕੋਲ ਅਥਾਹ ਨੋਟ ਸ਼ਕਤੀ ਹੈ। ਵੋਟਰਾਂ ਦੇ ਨਿੱਜੀ ਕੰਮ ਵੀ ਮਿੰਟਾਂ ਸਕਿੰਟਾਂ 'ਚ ਹੁੰਦੇ ਨੇ। ਬਾਦਲ ਪਰਿਵਾਰ ਕੋਲ ਅਥਾਹ ਨੋਟ ਸ਼ਕਤੀ ਹੈ ਤੇ ਨਾਲੋ ਨਾਲ ਲੱਠ ਮਾਰ ਤਾਕਤ ਵੀ ਹੈ। ਇਸ ਪਰਿਵਾਰ ਕੋਲ ਵਿਰੋਧੀਆਂ ਨੂੰ ਖ੍ਰੀਦਣ ਦਾ ਵੱਡਾ ਤਜ਼ਰਬਾ ਹੈ ਜਿਸ ਕਰਕੇ ਉਹਨਾਂ ਵੱਲੋਂ ਮੁੜ ਸੱਤਾ ਵਿੱਚ ਆਉਣ ਦੇ ਚਾਨਸ ਅਜੇ ਬਰਕਰਾਰ ਨੇ। ਸੋ ਇੰਨਾ ਗੱਲਾਂ ਕਰਕੇ ਹੀ ਸੁਖਬੀਰ ਬਾਦਲ ਦੀ ਹਾਰ ਨੂੰ ਨਾ-ਮੁਮਕਿਨ ਕਿਹਾ ਜਾ ਰਿਹਾ ਹੈ। ਆਮ ਤੌਰ ਪਿਛਲੇ ਇਤਿਹਾਸ ਨੂੰ ਸਾਹਮਣੇ ਰੱਖ ਅਗਾਂਹ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਇਹ ਅੰਦਾਜ਼ਾ ਲਾਉਣ ਦਾ ਇੱਕ ਰਿਵਾਇਤੀ ਫਾਰਮੂਲਾ ਹੁੰਦਾ ਹੈ।
ਪਰ ਕਈ ਅਜਿਹੇ ਮੌਕੇ ਵੀ ਆਉਦੇ ਹਨ ਜਦੋਂ ਬਹੁਤ ਸਾਰੀਆਂ ਹੈਰਾਨਕੁਨ ਘਟਨਾਵਾਂ ਵਾਪਰ ਜਾਂਦੀਆਂ ਹਨ ਜੋ ਪਹਿਲਾਂ ਆਮ ਤੌਰ ਤੇ ਕਦੇ ਨਹੀਂ ਵਾਪਰੀਆਂ ਹੁੰਦੀਆਂ। ਇਸ ਦੀਆਂ ਦੋ ਤਿੰਨ ਮਿਸਾਲਾਂ ਸਾਡੇ ਸਾਹਮਣੇ ਹਨ।
ਬੀਬੀ ਇੰਦਰਾ ਗਾਂਧੀ ੧੯੭੭ ਚ ਬਤੌਰ ਪ੍ਰਧਾਨ ਮੰਤਰੀ ਯੂ. ਪੀ. ਦੇ ਹਲਕੇ ਰਾਏ ਬਰੇਲੀ ਤੋਂ ਲੋਕ ਸਭਾ ਦੀ ਚੋਣ ਹਾਰ ਗਈ ਤੇ ਨਾਲੋ ਉਸਦਾ ਤਾਕਤਵਰ ਬੇਟਾ ਸੰਜੇ ਗਾਂਧੀ ਵੀ ਯੂ. ਪੀ. ਦੇ ਅਮੇਠੀ ਹਲਕੇ ਤੋਂ ਸੀਟ ਹਾਰ ਗਿਆ। ਯੁ. ਪੀ. ਦੀਆਂ ਪੱਚਾਸੀਆਂ ਚੋਂ ਪਚਾਸੀ ਸੀਟਾਂ ਤੇ ਕਾਂਗਰਸ ਹਾਰ ਗਈ। ਇਥੇ ਤਾਂ ਮੰਨਿਆ ਜਾ ਸਕਦਾ ਹੈ ਕਿ ਜਨਤਾ ਪਾਰਟੀ ਦੀ ਲਹਿਰ ਸੀ ਜੋ ਕਿ ਸਣੇ ਇੰਦਰਾ- ਸੰਜੇ ਸਭ ਨੂੰ ਰੋੜ ਕੇ ਲੈ ਗਈ ਪਰ ਉਦੋਂ ਅਜਿਹਾ ਵਾਪਰਨ ਦੀ ਕਿਸੇ ਨੇ ਉਵੇਂ ਹੀ ਕਿਆਸ ਅਰਾਈ ਨਹੀਂ ਸੀ ਕੀਤੀ ਜਿਵੇਂ ਜਲਾਲਾਬਾਦ ਬਾਰੇ ਅੱਜ ਨਹੀਂ ਕੀਤੀ ਜਾ ਰਹੀ।
ਚੱਲੋ ੧੯੭੭ ਚ ਤਾਂ ਲਹਿਰ ਸੀ ਪਰ ੧੯੮੦ ਚ ਇੰਦਰਾ ਗਾਂਧੀ ਦੁਬਾਰਾ ਪੂਰੇ ਧੁਮ ਧੜੱਕੇ ਨਾਲ ਮੁੜ ਦਿੱਲੀ ਤਖਤ ਤੇ ਕਾਬਜ਼ ਹੋਈ ਤੇ ਨਾਲੋ ਨਾਲ ਲਗਬਗ ਸਾਰੇ ਸੂਬਿਆਂ ਵਿੱਚ ਵੀ ਕਾਂਗਰਸ ਦੀਆਂ ਨਵੀਆਂ ਸਰਕਾਰਾਂ ਮਈ ੧੯੭੭ ਚ ਮੁੜ ਬਣ ਗਈਆਂ ਅਤੇ ਇੰਦਰਾ ਗਾਂਧੀ ਦਾ ਸਿਆਸੀ ਸਿਤਾਰਾ 'ਪੁਰੇ ਜਾਹੋ ਜਲਾਲ ਤੇ ਪੁੱਜਿਆ। ਇੰਦਰਾ ਦੇ ਨਵੇਂ ਬਣੇ ਰੋਅਬ ਦਾਬ ਨੂੰ ਸਤੰਬਰ ੧੯੭੭ ਚ ਇੱਕ ਕਾਂਗਰਸੀ ਆਗੂ ਹੇਮਵਤੀ ਨੰਦਨ ਬਹੁਗੁਣਾ ਨੇ ਚੁਣੌਤੀ ਦਿੱਤੀ। ਕਾਂਗਰਸ ਟਿਕਟ ਤੇ ਦੇਹਰਾਦੂਨ ਲੋਕ ਸਭਾ ਹਲਕੇ ਜਿੱਤੇ ਬਹੁਗੁਣਾ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਤੇ ਨਾਲੋ ਨਾਲ ਲੋਕ ਸਭਾ ਸੀਟ ਤੋਂ ਵੀ ਅਸਤੀਫਾ ਦੇ ਦਿੱਤਾ। ਖਾਲੀ ਹੋਈ ਸੀਟ ਤੋਂ ਉਹਨੇ ਅਜ਼ਾਦ ਉਮੀਦਵਾਰ ਕਾਂਗਰਸ ਭਰਦਿਆਂ ਇੰਦਰਾ ਨੂੰ ਲਲਕਾਰਾ ਮਾਰ ਕੇ ਆਖਿਆ ਕਿ ਜੇ ਹਿੰਮਤ ਹੈ ਤਾਂ ਮੇਰੇ ਮੁਕਾਬਲੇ ਆਪਦਾ ਬੰਦਾ ਜਿੱਤਾ ਕੇ ਦਿਖਾ । ਇੰਦਰਾ ਗਾਂਧੀ ਵਰਗੀ ਤਾਕਤਵਰ ਹਸਤੀ ਨੂੰ ਚੈਲਿੰਜ ਕਰਨ ਵਾਲੀ ਬਹੁਗੁਣਾ ਦੀ ਇਸ ਲਲਕਾਰ ਨੂੰ ਸਿਆਸੀ ਹਲਕਿਆਂ ਨੇ ਗੱਡੀ ਥੱਲੇ ਸਿਰ ਦੇਣ ਵਾਲੀ ਕਾਰਵਾਈ ਆਖਿਆ।ਚੋਣ ਮੁਹਿੰਮ ਸ਼ੁਰੂ ਹੋ ਗਈ ਤੇ ਇੰਦਰਾ ਗਾਂਧੀ ਨੇ ਬਹੁਗੁਣਾ ਦੀ ਤਾਕਤ ਨੂੰ ਸਰਸਰੀ ਢੰਗ ਨਾਲ ਲਿਆ ਪਰ ਕੁੱਝ ਦਿਨਾਂ ਮਗਰੋਂ ਹੀ ਉਹਨੂੰ ਅਹਿਸਾਸ ਹੋ ਗਿਆ ਕਿ ਬਹੁਗੁਣੇ ਨੇ ਪੋਲੇ ਹੱਥਾਂ ਨਾਲ ਨੀ ਹਰਨਾ ਤੇ ਉਹਨੇ ਇਸ ਲੋਕ ਹਲਕੇ ਚ ਸੱਤ ਮੁੱਖ ਮੰਤਰੀਆਂ ਨੂੰ ਝੋਕ ਦਿੱਤਾ। ਇੱਕ ਪ੍ਰਧਾਨ ਮੰਤਰੀ ਦੇ ਵਕਾਰ ਦਾ ਸੁਆਲ ਬਣੀ ਚੋਣ ਵਿੱਚ ਹੋਰ ਕੀ ਕੀ ਝੋਕਿਆ ਜਾ ਸਕਦਾ ਹੈ ਇਹਦਾ ਸਭ ਨੂੰ ਅੰਦਾਜ਼ਾ ਹੈ। ਭਾਵੇਂ ਉਥੇ ਪੰਜਾਬੀ ਵਸੋਂ ਨਾ ਮਾਤਰ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਇਸ ਚੋਣ ਚ ਝੋਕਿਆ ਗਿਆ। ਇਸ ਸਭ ਕਾਸੇ ਦੇ ਬਾਵਜੂਦ ਇੰਦਰਾ ਦਾ ਚੋਣ ਗੱਡਾ ਏਨਾਂ ਫਸ ਗਿਆ ਕਿ ਉਹਨੇ ਸੂਬਾਈ ਸਰਕਾਰ ਤੋਂ ਲਾ ਐਂਡ ਆਰਡਰ ਦਾ ਬਹਾਨਾ ਲਵਾ ਕੇ ਚੋਣ ਮੁਲਤਵੀ ਕਰਵਾ ਦਿੱਤੀ ਹਾਲਾਂਕਿ ਅਮਨ ਕਾਨੂੰ ਨੂੰ ਖਤਰੇ ਵਾਲੀ ਇੱਕ ਵੀ ਘਟਨਾ ਨਹੀਂ ਵਾਪਰੀ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰ ਲਾ ਐਂਡ ਆਰਡਰ ਨੂੰ ਖਤਰੇ ਬਾਬਤ ਡੀ. ਸੀ. ਤੋਂ ਰਸਮੀ ਰਿਪੋਰਟ ਲੈਣਾ ਵੀ ਭੁੱਲ ਗਈ ਸੀ। ਸਾਰੇ ਸਿਆਸੀ ਹਲਕਿਆਂ ਨੇ ਇਹਨੂੰ ਇੰਦਰਾ ਗਾਂਧੀ ਦੀ ਹਾਰ ਮੰਨਿਆ। ਇਹ ਗੱਲ ਵੀ ਇਤਿਹਾਸ ਚ ਪਹਿਲੀ ਵਾਰੀ ਵਾਪਰੀ ਸੀ ਕਿ ਇੱਕ ਬੰਦੇ ਨੇ ਬਿਨਾਂ ਕਿਸੇ ਕਿਸੇ ਸਿਆਸੀ ਪਾਰਟੀ ਤੋਂ ਇੱਕ ਪ੍ਰਧਾਨ ਮੰਤਰੀ ਦੀ ਪਿੱਠ ਲੁਆਈ ਹੋਵੇ। ਜੇ ੧੯੮੦ ਚ ਚੋਣ ਹੋ ਜਾਂਦੀ ਤਾਂ ਬਹੁਗੁਣਾ ਨੇ ਹੀ ਜਿੱਤਣਾ ਸੀ ਇਹ ਗੱਲ ਉਦੋਂ ਤਸਦੀਕ ਹੋਈ ਜਦੋਂ ੧੯੮੨ ਇਸੇ ਹਲਕੇ ਹੋਈ ਦੁਬਾਰਾ ਚੋਣ ਮੌਕੇ ਵੀ ਬਹੁਗੁਣਾ ਹੀ ਜਿੱਤਿਆ।
ਦੂਜੀ ਮਿਸਾਲ ਗੁਆਂਢੀ ਸੂਬੇ ਹਰਿਆਣਾ ਦੀ ਹੈ ਜਿਥੇ ਪੂਰੇ ਜਾਹੋ ਜਲਾਲ ਨਾਲ ਨਵੇਂ ਨਵੇਂ ਬਣੇ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਬਿਨਾਂ ਧੱਕੇਸ਼ਾਹੀ ਤੋਂ ਐਮ. ਐਲ. ਏ. ਜਿੱਤਣਾ ਨਾ ਮਾਮੁਕਿਨ ਜਾਪਣ ਲੱਗਿਆ ਸੀ। ਮਹਿਮ ਹਲਕੇ ਦੀ ਇਸ ਉੱਪ ਚੋਣ ਚ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਜਦੋਂ ਨਾਕਾਮ ਹੋ ਗਈ ਤਾਂ ਅੰਤ ਨੂੰ ਚੋਣ ਮੈਦਾਨ ਵਿੱਚੋਂ ਛੱਡ ਕੇ ਚੌਟਾਲਾ ਸਾਹਿਬ ਨੂੰ ਭੱਜਣਾ ਪਿਆ ਸੀ ਤੇ ਇੱਕ ਹੋਰ ਸੀਟ ਦਬੜਾ ਕਲਾਂ ਖਾਲੀ ਕਰਾ ਕੇ ਚੋਣ ਲੜੀ। ੧੯੮੯ ਹਰਿਆਣੇ ਦੇ ਮੁੱਖ ਮੰਤਰੀ ਦੇਵੀ ਲਾਲ ਦੀ ਚੜ੍ਹਤ ਦਾ ਸਿਖਰ ਸੀ ਜਦੋਂ ਉਹ ਕੇਂਦਰ ਵਿੱਚ ਉਪ ਪ੍ਰਧਾਨ ਮੰਤਰੀ ਬਣ ਗਏ ਸਨ ਤੇ ਆਪਦੀ ਥਾਂ ਤੇ ਉਨ੍ਹਾਂ ਨੇ ਆਪਦੇ ਧਾਕੜ ਪੁੱਤ ਓਮ ਪ੍ਰਕਾਸ਼ ਨੂੰ ਮੁੱਖ ਮੰਤਰੀ ਬਣਾਇਆ। ਚੌਟਾਲਾ ਉਦੋਂ ਵਿਧਾਨ ਸਭਾ ਦਾ ਮੈਂਬਰ ਨਹੀਂ ਸੀ। ਉਹਨੇ ਐਮ. ਐਲ. ਏ. ਬਣਨ ਖਾਤਰ ਆਪਦੇ ਪਿਤਾ ਵੱਲੋਂ ਖਾਲੀ ਮਹਿਮ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤ ਕੇ ਐਮ. ਐਲ. ਏ. ਬਣਨਾ ਚਾਹਿਆ। ਮਈ ੧੯੮੭ ਚ ਮੁੱਖ ਮੰਤਰੀ ਬਣੇ ਚੌਧਰੀ ਦੇਵੀ ਲਾਲ ਨੇ ੩ ਸਾਲ ਇਸ ਹਲਕੇ ਚ ਉਵੇਂ ਹੀ ਵਿਕਾਸ ਕਾਰਜ ਕਰਾਏ ਜਿਵੇਂ ਸਾਰੇ ਮੁੱਖ ਮੰਤਰੀ ਕਰਦੇ ਨੇ। ਜਦੋਂ ਕੋਈ ਤਾਜ਼ਾ ਤਾਜ਼ਾ ਮੁੱਖ ਮੰਤਰੀ ਬਣਿਆ ਹੋਵੇ ਤਾਂ ਉਹਦੇ ਵਾਸਤੇ ਚੋਣ ਜਿੱਤਣੀ ਖੱਬੇ ਹੱਥ ਦਾ ਖੇਲ ਹੁੰਦੀ ਹੈ। ਹਾਲਾਂਕਿ ਮਹਿਮ ਦੇ ਲੋਕਾਂ ਨੂੰ ਦੇਵੀ ਲਾਲ ਜਾਂ ਚੌਟਾਲਾ ਤੇ ਕੋਈ ਨਰਾਜ਼ਗੀ ਨਹੀਂ ਸੀ ਪਰ ਉਨ੍ਹਾਂ ਨੇ ਆਪਦੇ ਇੱਕ ਹਲਕੇ ਇੱਕ ਨੌਜਵਾਨ ਤੇ ਆਜ਼ਾਦ ਉਮੀਦਵਾਰ ਅਨੰਦ ਸਿੰਘ ਡਾਂਗੀ ਨੂੰ ਹਮਾਇਤ ਦੇ ਦਿੱਤੀ। ੨੭ ਫਰਵਰੀ ੧੯੯੦ ਨੂੰ ਇਸ ਹਲਕੇ ਇਸ ਹਲਕੇ ਚ ਵੋਟਾਂ ਮੌਕੇ ਚੌਟਾਲਾ ਨੇ ਇਸ ਕਦਰ ਧਾਂਦਲੀ ਕੀਤੀ ਕਿ ਚੋਣ ਕਮਿਸ਼ਨ ਨੇ ਸਾਰੇ ਹਲਕੇ ਚ ਦੁਬਾਰਾ ਪੋਲਿੰਗ ਦਾ ਹੁਕਮ ਦਿੱਤਾ। ਦੁਬਾਰਾ ਪੋਲਿੰਗ ਦੌਰਾਨ ਪਿੰਡ ਭੈਂਸੀ ਸਣੇ ਹੋਰ ਬਹੁਤ ਸਾਰੇ ਚੋਣ ਬੂਥਾਂ ਤੇ ਕਬਜ਼ੇ ਦੀ ਕੋਸ਼ਿਸ਼ ਦਾ ਵਿਰੋਧ ਕਰ ਰਹੇ ਲੋਕਾਂ ਉਥੇ ੮ ਥਾਈ ਫਾਇਰਿੰਗ ਕੀਤੀ ਜੀਹਦੇ ੬ ਬੰਦੇ ਮਾਰੇ ਤੇ ਜਖਮੀ ਕੀਤੇ ਗਏ। ਪੋਲਿੰਗ ਫੇਰ ਰੱਦ ਹੋਈ। ੧੬ ਮਈ ਨੂੰ ਤੀਜੀ ਵਾਰ ਫਿਰ ਪੋਲਿੰਗ ਦੀ ਤਾਰੀਕ ਰੱਖੀ ਗਈ ਪਰ ਕੰਮ ਫਸਿਆ ਦੇਖ ਕੇ ਚੌਟਾਲੇ ਨੇ ਵਿਰੋਧੀ ਉਮੀਦਵਾਰ ਅਨੰਦ ਸਿੰਘ ਡਾਂਗੀ ਨੂੰ ਇੱਕ ਕਤਲ ਕੇਸ ਵਿੱਚ ਨਾਮਜ਼ਦ ਕਰਕੇ ਉਹਦੀ ਗ੍ਰਿਫਤਾਰੀ ਕਰਨੀ ਚਾਹੀ। ਪੋਲਿੰਗ ਵਾਲੇ ਦਿਨ ਇੱਕ ਪਿੰਡ ਮਦੀਨਾ ਚ ਡਾਂਗੀ ਦੇ ਘਰ ਚ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਰਹੇ ਲੋਕਾਂ ਤੇ ਪੁਲਿਸ ਨੇ ਗੋਲੀ ਚਲਾਈ ਜੀਹਦੇ ੨ ਬੰਦੇ ਮਾਰੇ ਗਏ।ਕਮਿਸ਼ਨ ਨੇ ਇੱਕ ਵਾਰ ਫੇਰ ਚੋਣ ਰੱਦ ਕਰ ਦਿੱਤੀ ਤੇ ਚੌਟਾਲਾ ਸਾਹਿਬ ਦਾ ਇਸ ਹਲਕੇ ਤੋਂ ਚੋਣ ਜਿੱਤਣ ਦੀ ਕੋਸ਼ਿਸ ਨਾਕਾਮ ਹੋ ਗਈ। ਇਹ ਘਟਨਾ ਵੀ ਇਤਿਹਾਸ ਦਾ ਪਹਿਲੀ ਦਫਾ ਹੋਇਆ ਸੀ ਕਿ ਇੱਕ ਮੌਜੂਦਾ ਮੁੱਖ ਮੰਤਰੀ ਨੂੰ ਅਜਿਹੀ ਸੂਰਤੇਕਹਾਲ ਦਾ ਸਾਹਮਣਾ ਕਰਨਾ ਪਿਆ ਹੋਵੇ। ਇਹਦੇ ਨਾਲ ਦੀਆਂ ਹੋਰ ਮਿਸਾਲਾਂ ਬਹੁਤ ਸਾਰੀਆਂ ਨੇ ਜੀਹਦੇ ਤੋਂ ਪਤਾ ਲੱਗਦਾ ਹੈ ਕਿ ਚੋਣ ਅਖਾੜਿਆਂ ਚ ਅਜਿਹਾ ਕੁੱਝ ਵੀ ਵਾਪਰ ਸਕਦਾ ਹੈ ਜੀਹਦੇ ਨਾਲਦਾ ਇਤਿਹਾਸ ਵਿੱਚ ਪਹਿਲਾਂ ਕਦੇ ਨਾ ਵਾਪਰਿਆ ਹੋਵੇ। ਪੰਜਾਬ ਦੀ ਤਾਜ਼ਾ ਮਿਸਾਲ ੨੦੧੪ ਦੀਆਂ ਲੋਕ ਸਭਾ ਚੋਣਾਂ ਹਨ। ਬਾਦਲ ਪਰਿਵਾਰ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਨੇ ਬਠਿੰਡਾ ਲੋਕ ਸਭਾ ਚੋਣ ਮਹਿਜ਼ ੨੦ ਹਜ਼ਾਰ ਵੋਟਾਂ ਨਾਲ ਜਿੱਤੀ ਜੀਹਦੇ ੯ ਵਿਧਾਨ ਸਭਾ ਹਲਕੇ ਪੈਂਦੇ ਨੇ। ਸੋ ਇੱਕ ਵਿਧਾਨ ਸਭਾ ਹਲਕੇ ਚੋਂ ਬੀਬੀ ਜੀ ਦੀ ਔਸਤ ਵੋਟ ਲੀਡ ਸਿਰਫ ਦੋ ਹਜ਼ਾਰ ਵੋਟਾਂ ਹੀ ਬਣਦੀ ਹੈ। ਇਸ ਚੋਣ ਚ ਬਾਦਲ ਪਰਿਵਾਰ ਨੇ ਉਹ ਸਾਰੇ ਢੰਗ ਤਰੀਕੇ ਅਪਣਾਏ ਜੋ ਉਹ ਅਪਣਾ ਸਕਦੇ ਨੇ ਨਾਲੇ ਉਦੋਂ ਸਰਕਾਰ ਦੇ ਪੌਣੇ ਤਿੰਨ ਸਾਲ ਬਕਾਇਆ ਰਹਿੰਦੇ ਸਨ। ਸੋ ਇਸ ਸਾਰੇ ਕਾਸੇ ਨੂੰ ਮੱਦੇਨਜ਼ਰ ਕਿਸੇ ਵੱਡੀ ਸਿਆਸੀ ਹਸਤੀ ਦੀ ਹਾਰ ਨੂੰ ਨਾ-ਮਾਮੁਕਿਨ ਕਹਿਣਾ ਵਕਤ ਤੋਂ ਪਹਿਲਾਂ ਦੀ ਗੱਲ ਹੈ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
8872664000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.