ਮਤਲਬ ਇਨਸਾਨ ਜਾਂ ਜੁੱਤੀ ਕਿੰਨੀ ਵੀ ਕੜਕ ਹੋਵੇ, ਮਸਕਾ ਤੇ ਤੇਲ ਲਗਦਿਆਂ ਸਾਰ ਹੀ ਨਰਮ ਪੈ ਜਾਂਦੇ ਹਨ। ਗੈਂਡੇ ਵਰਗੀ ਮੱਝ ਗੁਟਾਰ ਦੇ ਚਾਰ ਠੂੰਗੇ ਵੱਜਦਿਆਂ ਸਾਰ ਲੰਮੀ ਪੈ ਜਾਂਦੀ ਹੈ। ਚਾਪਲੂਸੀ ਇੱਕ ਪੁਰਾਤਨ ਅਤੇ ਅਤਿ ਸੂਖਮ ਕਲਾ ਹੈ ਜੋ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਇਸ ਨਾਲ ਵੱਡੇ ਤੋਂ ਵੱਡੇ, ਅੱਖੜ ਤੋਂ ਅੱਖੜ ਬੰਦੇ ਨੂੰ ਕੀਲਿਆ ਜਾ ਸਕਦਾ ਹੈ। ਆਪਣੀ ਤਾਰੀਫ ਸੁਣਨਾ ਬਹੁਤ ਵੱਡੀ ਇਨਸਾਨੀ ਕਮਜ਼ੋਰੀ ਹੈ। ਹਰੇਕ ਇਨਸਾਨ ਆਪਣੇ ਬਾਰੇ ਚੰਗੀ ਗੱਲ ਹੀ ਸੁਣਨਾ ਚਾਹੁੰਦਾ ਹੈ। ਜੇ ਕੋਈ ਮੂੰਹ ਫੱਟ ਸ਼ੁੱਭਚਿੰਤਕ ਕਿਸੇ ਅਫਸਰ ਜਾਂ ਨੇਤਾ ਨੂੰ ਇਹ ਕਹਿ ਦੇਵੇ ਕਿ ਤੁਹਾਡੀ ਇਲਾਕੇ ਵਿੱਚ ਸ਼ੋਹਰਤ ਠੀਕ ਨਹੀਂ ਹੈ ਤਾਂ ਉਹ ਉਸ ਨੂੰ ਉਸੇ ਵੇਲੇ ਘਰੋਂ ਦਫਤਰੋਂ ਬਾਹਰ ਕੱਢ ਦੇਵੇਗਾ। ਇਲੈਕਸ਼ਨ ਵੇਲੇ ਚਾਪਲੂਸ ਲੀਡਰ ਦੇ ਕੰਨਾਂ ਵਿੱਚ ਹਮੇਸ਼ਾਂ ਉਹੀ ਰਸ ਘੋਲਦੇ ਹਨ ਜੋ ਲੀਡਰ ਸੁਣਨਾ ਚਾਹੁੰਦਾ ਹੈ, "ਨੇਤਾ ਜੀ ਆਪਾਂ ਘੱਟੋ ਘੱਟ 1 ਲੱਖ ਵੋਟਾਂ 'ਤੇ ਜਿੱਤਾਂਗੇ। ਮੁਕਾਬਲਾ ਈ ਕੋਈ ਨੀ। ਵਿਰੋਧੀ ਦੀ ਜ਼ਮਾਨਤ ਜ਼ਬਤ ਹੋਵੇ ਈ ਹੋਵੇ"। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਸੱਚੀ ਗੱਲ ਕਹਿ ਦਿੱਤੀ ਤਾਂ ਫਿਰ ਹੁੱਕਾ ਪਾਣੀ ਬੰਦ। ਹਰੇਕ ਅਫਸਰ ਜਾਂ ਨੇਤਾ ਕੋਲ ਘੱਟੋ ਘੱਟ ਇੱਕ ਚਾਪਲੂਸ ਦਾ ਹੋਣਾ ਬਹੁਤ ਹੀ ਜਰੂਰੀ ਹੈ। ਉਸ ਦੇ ਮੁੱਖ ਕੰਮਾਂ ਵਿੱਚ ਆਪਣੇ ਮਾਲਕ, ਮਾਲਕ ਦੀ ਪਤਨੀ, ਬੱਚਿਆਂ ਅਤੇ ਇਥੋਂ ਤੱਕ ਕਿ ਕੁੱਤੇ ਦੀ ਵੀ ਜ਼ਹਾਨਤ ਦੀ ਤਾਰੀਫ ਕਰਨ ਤੋਂ ਇਲਾਵਾ ਸਾਰੇ ਦਫਤਰ ਅਤੇ ਇਲਾਕੇ ਦੀ ਚੁਗਲੀ ਕਰਨੀ ਸ਼ਾਮਲ ਹੁੰਦੀ ਹੈ।
ਚਾਪਲੂਸਾਂ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਸਿਰਫ ਮੌਕੇ ਦੇ ਮੰਤਰੀ ਜਾਂ ਅਫਸਰ ਦੇ ਵਫਾਦਾਰ ਹੁੰਦੇ ਹਨ। ਇੱਕ ਵਾਰ ਕੋਈ ਅਧਿਕਾਰੀ ਬਦਲ ਕੇ ਕਿਸੇ ਦਫਤਰ ਪਹੁੰਚਿਆ ਤਾਂ ਦਫਤਰ ਦਾ ਪ੍ਰਮੁੱਖ ਚਾਪਲੂਸ ਉਸ ਕੋਲ ਪਹੁੰਚ ਕੇ ਪੁਰਾਣੇ ਅਫਸਰ ਦੀ ਬਦਨਾਮੀ ਕਰਨ ਲੱਗਾ ਕਿ ਉਹ ਬਹੁਤ ਹੀ ਮਾੜਾ, ਕੁਰੱਪਟ, ਮੂੰਹ ਫੱਟ ਅਤੇ ਸਿਰੇ ਦਾ ਘਟੀਆ ਬੰਦਾ ਸੀ, ਸਟਾਫ ਨੂੰ ਬਹੁਤ ਤੰਗ ਕਰਦਾ ਸੀ ਆਦਿ ਆਦਿ। ਕਾਫੀ ਦੇਰ ਚੁਗਲੀਆਂ ਸੁਣਨ ਤੋਂ ਬਾਅਦ ਨਵਾਂ ਅਫਸਰ ਬੋਲਿਆ, "ਤੇ ਬਾਊ ਜੀ ਮੈਂ ਕਿਹੋ ਜਿਹਾ ਹਾਂ?" ਚਮਚਾ ਹੀਂ ਹੀਂ ਕਰ ਕੇ ਬੋਲਿਆ, "ਜਨਾਬ ਮੌਕੇ ਦਾ ਅਫਸਰ ਵੀ ਕਦੇ ਮਾੜਾ ਹੁੰਦਾ ਹੈ?" ਹਰ ਬੰਦੇ ਨੂੰ ਐਨੀ ਸਮਝ ਤਾਂ ਹੁੰਦੀ ਹੈ ਕਿ ਜੇ ਅੱਜ ਇਹ ਪੁਰਾਣੇ ਅਫਸਰ ਦੀ ਬਦਨਾਮੀ ਕਰ ਰਿਹਾ ਹੈ ਤਾਂ ਕੱਲ ਨੂੰ ਮੇਰੀ ਵੀ ਕਰੇਗਾ। ਪਰ ਚਮਚੇ ਦੇ ਸ਼ਬਦਾਂ ਦੀ ਮਿਠਾਸ, ਤਾਰੀਫ ਦਾ ਢੰਗ ਅਤੇ ਚੁਗਲੀ ਦੀ ਮੁਹਾਰਤ ਮਾਲਕ ਨੂੰ ਨਾਗ ਵਾਂਗ ਕੀਲ ਲੈਂਦੀ ਹੈ।
ਚਾਪਲੂਸ ਦੀ ਵਫਾਦਾਰੀ ਕਦੇ ਵੀ ਇੱਕ ਮਾਲਕ ਨਾਲ ਬੱਝੀ ਨਹੀਂ ਰਹਿੰਦੀ। ਇਹ ਫਾਇਦੇ ਅਤੇ ਸਮੇਂ ਮੁਤਾਬਕ ਬਦਲਦੀ ਰਹਿੰਦੀ ਹੈ। ਇੱਕ ਵਾਰ ਕੋਈ ਚਮਚੇ ਨਾਲ ਚਾਹ ਦੇ ਕੱਪ ਵਿੱਚ ਖੰਡ ਖੋਰ ਰਿਹਾ ਸੀ ਕਿ ਹੱਥ ਵੱਜ ਗਿਆ। ਚਮਚਾ ਤੇ ਕੱਪ ਦੋਹਵੇਂ ਮੇਜ਼ ਤੋਂ ਥੱਲੇ ਪੱਕੀ ਫਰਸ਼ 'ਤੇ ਜਾ ਡਿੱਗੇ। ਕੱਪ ਤਾਂ ਟੁੱਟ ਗਿਆ ਪਰ ਚਮਚਾ ਸਟੀਲ ਦਾ ਸੀ, ਉਸ ਨੂੰ ਕੀ ਹੋਣਾ ਸੀ? ਉਹ ਦਸਾਂ ਮਿੰਟਾਂ ਬਾਅਦ ਨਵੇਂ ਕੱਪ ਵਿੱਚ ਖੰਡ ਖੋਰ ਰਿਹਾ ਸੀ। ਅਫਸਰ ਆਉਂਦੇ ਜਾਂਦੇ ਰਹਿੰਦੇ ਹਨ, ਪਰ ਚਮਚੇ ਉਸੇ ਦਫਤਰ ਵਿੱਚ ਸੁਮੇਰ ਪਰਬਤ ਵਾਂਗ ਅਡੋਲ ਡਟੇ ਰਹਿੰਦੇ ਹਨ। ਕਈ ਵਾਰ ਚੁਗਲਖੋਰ ਚਮਚੇ ਤੋਂ ਸਾਰਾ ਦਫਤਰ ਦੁਖੀ ਹੁੰਦਾ ਹੈ। ਸਾਰੇ ਸੋਚਦੇ ਹਨ ਕਿ ਨਵਾਂ ਅਫਸਰ ਬਹੁਤ ਸਖਤ ਹੈ, ਇਹ ਜਰੂਰ ਇਸ ਨੂੰ ਵਾਹਣੇ ਪਾਏਗਾ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਚਮਚਾ ਉਸ ਅਫਸਰ ਦਾ ਵੀ ਚਹੇਤਾ ਬਣ ਜਾਂਦਾ ਹੈ। ਚਮਚੇ ਉਸ ਅਫਸਰ ਦੀ ਪਿਛਲੀ ਪੋਸਟਿੰਗ ਵਾਲੀ ਜਗ੍ਹਾ ਤੋਂ ਪਤਾ ਕਰ ਲੈਂਦੇ ਹਨ ਕਿ ਉਸ ਦੀਆਂ ਆਦਤਾਂ ਕੀ ਹਨ ਤੇ ਉਹ ਕਿਸ ਦੀ ਗੱਲ ਮੰਨਦਾ ਹੈ? ਫਿਰ ਉਸੇ ਮੁਤਾਬਕ ਮੋਰਚਾਬੰਦੀ ਕਰਦੇ ਹਨ।
ਕਈ ਚਾਪਲੂਸਾਂ ਦਾ ਆਪਣੇ ਮਾਲਕ 'ਤੇ ਐਨਾ ਦਬਦਬਾ ਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਦੀ ਵੀ ਨਹੀਂ ਸੁਣਦੇ। ਪੰਜਾਬ ਦੇ ਸਭ ਤੋਂ ਮਹਾਨ ਚਾਪਲੂਸ ਧਿਆਨ ਸਿੰਘ ਡੋਗਰੇ ਦੀ ਮਿਸਾਲ ਸਭ ਦੇ ਸਾਹਮਣੇ ਹੈ। ਮਹਾਰਾਜੇ 'ਤੇ ਉਸ ਦੇ ਪੁੱਤਰਾਂ ਨਾਲੋਂ ਧਿਆਨ ਸਿੰਘ ਦਾ ਕਿਤੇ ਵੱਧ ਪ੍ਰਭਾਵ ਸੀ। ਮਹਾਰਾਜਾ ਹਰ ਮਾਮਲੇ ਵਿੱਚ ਉਸੇ ਦੀ ਸਲਾਹ ਮੰਨਦਾ ਸੀ। ਇਹੀ ਵਿਅਕਤੀ ਬਾਅਦ ਵਿੱਚ ਸਿੱਖ ਰਾਜ ਦੀ ਤਬਾਹੀ ਦਾ ਕਾਰਨ ਬਣਿਆ। ਸੁਲਤਾਨ ਅਲਾਉਦੀਨ ਖਿਲਜੀ 'ਤੇ ਉਸ ਦੇ ਸੈਨਾਪਤੀ ਮਲਕ ਕਾਫੂਰ ਦਾ ਐਨਾ ਪ੍ਰਭਾਵ ਸੀ ਕਿ ਉਸ ਦੇ ਕਹਿਣ ਤੇ ਉਸ ਨੇ ਆਪਣੀ ਗੱਦੀ ਦੇ ਵਾਰਸ ਸ਼ਹਿਜ਼ਾਦੇ ਮੁਹੰਮਦ ਨੂੰ ਅੰਨ੍ਹਾ ਕਰ ਕੇ ਕੈਦ ਕਰ ਦਿੱਤਾ। ਚਮਚੇ ਕਦੇ ਵੀ ਮਾਲਕ ਨੂੰ ਇਕੱਲਾ ਨਹੀਂ ਛੱਡਦੇ ਕਿਤੇ ਕੋਈ ਹੋਰ ਨਾ ਨਜ਼ਦੀਕ ਲੱਗ ਜਾਵੇ। ਧਿਆਨ ਸਿੰਘ ਡੋਗਰੇ ਬਾਰੇ ਮਸ਼ਹੂਰ ਸੀ ਕਿ ਉਹ ਸਵੇਰੇ ਦਾਤਣ ਕਰਨ ਤੋਂ ਲੈ ਕੇ ਰਾਤ ਸੌਣ ਤੱਕ ਮਹਾਰਾਜੇ ਦੇ ਨਾਲ ਰਹਿੰਦਾ ਸੀ। ਇੱਕ ਨੇਤਾ ਕੋਲ ਬਹੁਤ ਮਸ਼ਹੂਰ ਚਾਪਲੂਸ ਸੀ। ਜਿੰਨੀ ਦੇਰ ਨੇਤਾ ਦਾ ਪਹਿਲਾ ਪੈੱਗ ਖਤਮ ਨਹੀਂ ਸੀ ਹੁੰਦਾ, ਉਹ ਦੂਸਰਾ ਪੈੱਗ ਹੱਥ ਦੀ ਤਲੀ 'ਤੇ ਧਰ ਕੇ ਉਸ ਦੇ ਚਰਨਾਂ ਚ ਬੈਠਾ ਰਹਿੰਦਾ ਸੀ। ਕਈ ਅਫਸਰ ਆਪ ਕੋਈ ਨਸ਼ਾ ਨਹੀਂ ਕਰਦੇ ਤੇ ਨਾ ਹੀ ਕਿਸੇ ਅਧੀਨ ਕਰਮਚਾਰੀ ਨੂੰ ਕਰਨ ਦੇਂਦੇ ਹਨ। ਪਰ ਜਦੋਂ ਉਹ ਆਪਣੇ ਆਕਾ ਕੋਲ ਬੈਠੇ ਹੋਣ ਤਾਂ ਫਿਰ ਉਹਨਾਂ ਨੂੰ ਸ਼ਰਾਬ ਸਿਗਰਟ ਦੀ ਬਦਬੋ ਤੋਂ ਕੋਈ ਪ੍ਰਹੇਜ਼ ਨਹੀਂ ਹੁੰਦਾ। ਚੰਗੇ ਭਲੇ ਕੱਟੜ ਸੂਫੀ ਬੰਦੇ ਆਪਣੇ ਸੀਨੀਅਰ ਲਈ ਹੱਥੀਂ ਪੈੱਗ ਬਣਾਉਂਦੇ ਤੇ ਮਾਸ ਮੱਛੀ ਪਰੋਸਦੇ ਹਨ।
ਕਈ ਵਾਰ ਅਤਿ ਉਤਸ਼ਾਹੀ ਚਾਪਲੂਸ ਆਪਣਾ ਨੁਕਸਾਨ ਵੀ ਕਰਵਾ ਬੈਠਦੇ ਹਨ। ਇੱਕ ਨੇਤਾ ਕਿਸੇ ਕੰਮ ਥਾਣੇ ਆਇਆ। ਉਹ ਅਜੇ ਆਪਣੀ ਕਾਰ ਵਿੱਚ ਹੀ ਬੈਠਾ ਸੀ ਕਿ ਮੁੰਸ਼ੀ ਨੇ ਦੌੜ ਕੇ ਐਸ.ਐਚ.ਉ. ਨੂੰ ਜਾ ਦੱਸਿਆ। ਐਸ.ਐਚ.ਉ. ਉਸ ਨੇਤਾ ਨੇ ਹੀ ਲਵਾਇਆ ਹੋਇਆ ਸੀ। ਉਹ ਭੱਜ ਕੇ ਗਿਆ ਤੇ ਸੈਲਿਊਟ ਮਾਰ ਕੇ ਇੱਕ ਦਮ ਕਾਰ ਦੀ ਬਾਰੀ ਖੋਲ੍ਹ ਦਿੱਤੀ। ਨੇਤਾ ਆਪਣੇ ਧਿਆਨ ਬਾਰੀ ਨਾਲ ਢੋਅ ਲਾ ਕੇ ਕਿਸੇ ਨਾਲ ਮੋਬਾਇਲ 'ਤੇ ਗੱਲ ਬਾਤ ਕਰ ਰਿਹਾ ਸੀ। ਉਸ ਨੇ ਐਸ.ਐਚ.ਉ. ਨੂੰ ਆਉਂਦੇ ਨੂੰ ਨਾ ਵੇਖਿਆ। ਬਾਰੀ ਖੁਲ੍ਹਣ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਉਹ ਧੜੰਮ ਕਰਦਾ ਬਾਹਰ ਜਾ ਡਿੱਗਾ। ਥਾਣੇ ਵਿੱਚ ਮੌਜੂਦ ਲੋਕ ਉੱਚੀ ਉੱਚੀ ਹੱਸ ਪਏ। ਐਸ.ਐਚ.ਉ. ਨੇ ਬਥੇਰੀਆਂ ਮਾਫੀਆਂ ਮੰਗੀਆਂ ਪਰ ਨੇਤਾ ਉਸ ਦੀ ਬਦਲੀ ਕਰਵਾ ਕੇ ਹੀ ਹਟਿਆ।
ਚਾਪਲੂਸ ਬਣਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ। ਇਹਨਾਂ ਵਿੱਚ ਕਈ ਨਿਵੇਕਲੇ ਅਤੇ ਵਿਸ਼ੇਸ਼ ਗੁਣ ਹੁੰਦੇ ਹਨ ਜੋ ਆਮ ਲੋਕਾਂ ਵਿੱਚ ਨਹੀਂ ਪਾਏ ਜਾਂਦੇ। ਸਭ ਤੋਂ ਪਹਿਲਾ ਗੁਣ ਇਹ ਹੈ ਕਿ ਖੱਲ ਬਹੁਤ ਮੋਟੀ ਹੁੰਦੀ ਹੈ। ਉਹ ਆਪਣੇ ਮਾਲਕ ਦੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੇ। ਜੇ ਮਾਲਕ ਗਾਲ੍ਹਾਂ ਵੀ ਕੱਢ ਦੇਵੇ ਤਾਂ ਬਾਹਰ ਆ ਕਿ ਦੰਦੀਆਂ ਕੱਢਣਗੇ, "ਅੱਜ ਸਾਹਬ ਬੜੇ ਮੂਡ 'ਚ ਨੇ। ਬੜੀਆਂ ਨਮਕੀਨ ਗਾਲ੍ਹਾਂ ਕੱਢ ਰਹੇ ਨੇ"। ਇਹ ਲੋਕ ਬੜੇ ਮਿਹਨਤੀ ਹੁੰਦੇ ਹਨ। ਜਦੋਂ ਤੱਕ ਬਾਕੀ ਲੋਕ ਅਜੇ ਨਹਾਉਣ ਧੋਣ ਵਿੱਚ ਰੁੱਝੇ ਹੁੰਦੇ ਹਨ, ਇਹ ਤੜ੍ਹਕੇ ਮਾਲਕ ਦੇ ਘਰ ਦੁੱਧ, ਬਰੈੱਡ, ਆਂਡੇ ਅਤੇ ਅਖਬਾਰ ਪਹੁੰਚਾ ਚੁੱਕੇ ਹੁੰਦੇ ਹਨ। ਹੁਣ ਅਜਿਹਾ ਤਾਬੇਦਾਰ ਬੰਦਾ ਕਿਸ ਨੂੰ ਮਾੜਾ ਲੱਗਦਾ ਹੈ? ਬੜੀ ਮਸ਼ਹੂਰ ਗੱਲ ਹੈ ਕਿ ਇੱਕ ਮੰਤਰੀ (ਹੁਣ ਸਵਰਗ ਵਾਸੀ) ਮੋਟਰ ਦੇ ਚੁਬੱਚੇ ਵਿੱਚ ਨਹਾਉਂਦਾ ਹੁੰਦਾ ਸੀ ਤੇ ਅਫਸਰ ਲਾਗੇ ਤੌਲੀਆ ਪਕੜ ਕੇ ਖੜ੍ਹਾ ਹੁੰਦਾ ਸੀ। ਮਾਲਕ ਦਾ ਚਾਹ ਜਾਂ ਵਿਸਕੀ ਦਾ ਖਾਲੀ ਗਿਲਾਸ ਪਕੜਨ ਲਈ ਚਮਚੇ ਆਪਸ ਵਿੱਚ ਲੜ ਪੈਂਦੇ ਹਨ। ਮਾਲਕ ਦੇ ਘਰ ਦਾ ਬਿਜਲੀ ਪਾਣੀ ਦਾ ਬਿਲ ਭਰਨਾ, ਗੈਸ ਤੇ ਕਰਿਆਨਾ ਲੈ ਕੇ ਆਉਣਾ, ਮਾਲਕਣ ਨੂੰ ਸ਼ਾਪਿੰਗ ਲਈ ਲੈ ਕੇ ਜਾਣਾ ਤੇ ਹੋਰ ਛੋਟੇ ਮੋਟੇ ਘਰੇਲੂ ਕੰਮ ਚਾਪਲੂਸਾਂ ਦੀ ਪਹਿਲੀ ਤੇ ਅਹਿਮ ਡਿਊਟੀ ਮੰਨੀ ਜਾਂਦੀ ਹੈ।
ਕਦੇ ਚਾਪਲੂਸਾਂ ਨੂੰ ਆਪਣੇ ਸੀਨੀਅਰਾਂ ਨਾਲ ਕੋਈ ਗੇਮ ਖੇਡਦੇ ਹੋਏ ਵੇਖੋ। ਜੇ ਹਾਕੀ ਖੇਡਣਗੇ ਤਾਂ ਵਿਰੋਧੀ ਟੀਮ ਵੀ ਸੀਨੀਅਰ ਨੂੰ ਹੀ ਪਾਸ ਦੇਵੇਗੀ। ਜੇ ਉਹ ਗੋਲਾਂ ਵੱਲ ਹਿੱਟ ਮਾਰੇ ਤਾਂ ਕੋਈ ਵੀ ਗੋਲ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦਾ। ਗੋਲਕੀਪਰ ਵੀ ਐਵੇਂ ਪਾਖੰਡ ਜਿਹਾ ਕਰ ਕੇ ਜਾਣ ਕੇ ਡਿੱਗ ਪੈਂਦਾ ਹੈ। ਜਿਸ ਟੀਮ ਨੂੰ ਗੋਲ ਹੁੰਦਾ ਹੈ, ਉਹ ਵੀ ਤਾੜੀਆਂ ਮਾਰਨ ਲੱਗ ਪੈਂਦੀ ਹੈ। ਜੇ ਕ੍ਰਿਕਟ ਖੇਡਣਗੇ ਤਾਂ ਅਫਸਰ ਨੂੰ ਅਜਿਹੀਆਂ ਬਾਲਾਂ ਦੇਣਗੇ ਕਿ ਛੱਕਾ ਹੀ ਵੱਜੇ। ਇੱਕ ਨੇਤਾ ਜੂਆ ਖੇਡਣ ਦਾ ਬਹੁਤ ਸ਼ੌਕੀਨ ਸੀ। ਪੰਜਾਬ ਦਾ ਉਹ ਵਾਹਿਦ ਜੁਆਰੀ ਹੋਵੇਗਾ ਜੋ ਕਦੇ ਵੀ ਨਹੀਂ ਸੀ ਹਾਰਿਆ। ਕੰਮਾਂ ਕਾਰਾਂ ਵਾਲੇ ਦੂਰੋਂ ਦੂਰੋਂ ਉਸ ਨਾਲ ਜੂਆ ਖੇਡਣ ਤੇ ਲੱਖਾਂ ਰੁਪਈਆ ਹਾਰਨ ਲਈ ਆਉਂਦੇ ਸਨ। ਤਿੰਨ ਯੱਕਿਆਂ ਵਾਲਾ ਵੀ ਬਿਨਾਂ ਵੇਖੇ ਪੱਤੇ ਸੁੱਟ ਦਿੰਦਾ ਸੀ ਕਿ ਲੀਡਰ ਦੀ ਨਜ਼ਰੇ ਇਨਾਇਤ ਬਣੀ ਰਹੇ।
ਇਹ ਚਾਪਲੂਸੀ ਦਾ ਧੰਦਾ ਮੁੱਢ ਕਦੀਮ ਤੋਂ ਚਲਦਾ ਆ ਰਿਹਾ ਹੈ ਤੇ ਹਮੇਸ਼ਾ ਚਲਦੇ ਰਹਿਣ ਦੀ ਸੰਭਾਵਨਾ ਹੈ। ਜੇ ਕੋਈ ਇਹ ਸੋਚੇ ਕਿ ਉਹ ਆਪਣੇ ਮਾਲਕ ਨੂੰ ਡੇਲੇ ਵੀ ਕੱਢੇ, ਚੰਗੀ ਪੋਸਟਿੰਗ ਵੀ ਲਵੇ ਤੇ ਤਰੱਕੀ ਵੀ ਕਰੇ ਤਾਂ ਇਹ ਸੰਭਵ ਨਹੀਂ। ਦੁਨੀਆਂ ਦਾ ਅਸੂਲ ਹੈ ਕਿ ਉਪਰ ਜਾਣ ਲਈ ਕਈ ਵਾਰ ਥੱਲੇ ਡਿੱਗਣਾ ਹੀ ਪੈਣਾ ਹੈ।
ਬਲਰਾਜ ਸਿੰਘ ਸਿੱਧੂ ਐਸ.ਪੀ.
ਪੰਡੋਰੀ ਸਿੱਧਵਾਂ
-
ਬਲਰਾਜ ਸਿੰਘ ਸਿੱਧੂ ਐਸ.ਪੀ, ਲੇਖਕ
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.