- ਤਿਰਛੀ ਨਜ਼ਰ
- ਨਿਤੀਸ਼ ਕੁਮਾਰ ਨੇ ਖੱਟਿਆ ਸਿੱਖ ਜਗਤ ਦਾ ਜੱਸ -ਸਿੱਖਾਂ ਦੇ ਮਨ ਵੀ ਮੋਹੇ - ਮੋਦੀ ਨਾਲ ਵੀ ਪਾਈ ਨਵੀਂ ਯਾਰੀ
- ਰਾਜਸੀ ਅਤੇ ਦਰਬਾਰੀ ਕਲਾਕਾਰੀ ਦਾ ਸ਼ਾਨਦਾਰ ਮਾਡਲ ਬਣੇ ਨਿਤੀਸ਼ ਕੁਮਾਰ - 2019 ਦੀ ਤਿਆਰੀ ?
ਮੇਰੇ ਸੀਨੀਅਰ ਸਾਥੀ ਪੱਤਰਕਾਰ ਜਗਤਾਰ ਸਿੰਘ ਨੇ ਆਪਣੇ ਲੇਖ ਰਾਹੀਂ ਰਾਇ ਜ਼ਾਹਰ ਕੀਤੀ ਹੈ ਕਿ ਸਿੱਖ ਪੰਥ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਦਰਬਾਰ ਸਾਹਿਬ ਬੁਲਾਕੇ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ . ਦਲੀਲ ਇਹ ਹੈ ਕਿ ਜਿਸ ਸੁਚੱਜੇ ਅਤੇ ਸ਼ਾਲੀਨ ਤਰੀਕੇ ਨਾਲ ਉਸ ਨੇ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸਮਾਗਮਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਨਿਭਾਈ ਹੈ , ਇਹ ਇੱਕ ਗ਼ੈਰ ਸਿੱਖ ਸਿਆਸੀ ਨੇਤਾ ਪੱਖੋਂ ਆਪਣੇ ਆਪ ਵਿਚ ਇੱਕ ਮਿਸਾਲ ਹੈ . ਸਿਰਫ਼ ਮੁਲਕ ਵਿਚ ਹੀ ਨਹੀਂ ਸਗੋਂ , ਦੁਨੀਆਂ ਭਰ ਵਿਚ ਸਿੱਖ ਧਰਮ ਦੇ ਮਾਨਵਵਾਦੀ ਅਕਸ ਦਾ ਸੰਚਾਰ ਕਰਨ ਵਿਚ ਪਟਨਾ ਸਾਹਿਬ ਵਿਚ ਕੀਤੇ ਸਲੀਕੇ ਭਰਪੂਰ ਧਾਰਮਿਕ ਜਸ਼ਨਾਂ ਦਾ ਅਹਿਮ ਰੋਲ ਹੈ . ਮੈਂ ਵੀ ਜਗਤਾਰ ਸਿੰਘ ਹੋਰਾਂ ਦੇ ਸੁਝਾ ਨਾਲ ਸਹਿਮਤ ਹਾਂ . ਨਿਤੀਸ਼ ਦੇ ਭਾਸ਼ਣ ਸੁਣ ਕੇ ਇਵੇਂ ਲੱਗਦਾ ਸੀ ਜਿਵੇਂ ਉਹ ਇੱਕ ਨਿਮਰ ਇਨਸਾਨ ਵਜੋਂ ,ਦਿਲੋਂ ਹੀ ਪੂਰੀ ਸ਼ਰਧਾ ਨਾਲ ਪ੍ਰਕਾਸ਼ ਉਤਸਵ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੋਵੇ। ਇਸ ਪੱਖੋਂ ਉਹ ਵਾਕਿਆ ਹੀ ਸਾਡੀ ਸਭ ਦੀ ਸ਼ਲਾਘਾ ਦੇ ਯੋਗ ਹਨ .
ਦੂਜੇ ਪਾਸੇ ਰਾਜਨੀਤਕ ਤੌਰ ਤੇ , ਇਸ ਘਟਨਾਕ੍ਰਮ ਨੇ ਨਿਤੀਸ਼ ਕੁਮਾਰ ਦੇ ਇੱਕ ਸਾਫ਼-ਸੁਥਰੇ ਅਤੇ ਸੁਚੱਜੇ ਰਾਜ-ਪ੍ਰਬੰਧਕ ਹੋਣ ਦੇ ਪਹਿਲਾਂ ਹੀ ਬਣੇ ਅਕਸ ਵਿਚ ਹੋ ਵਾਧਾ ਕੀਤਾ ਹੈ . ਜਿਸ ਵਿਆਪਕ ਪੈਮਾਨੇ'ਸ ਤੇ ਇਹ ਵਿਸ਼ਵ -ਪੱਧਰੀ ਸਮਾਗਮ ਕੀਤਾ ਗਿਆ , ਇਹ ਯਾਦਗਾਰੀ ਹੋ ਨਿਬੜਿਆ . ਇਸ ਨੂੰ ਸਫਲ ਬਣਾਉਣ ਲਈ ਨਿਤੀਸ਼ ਕੁਮਾਰ ਵੱਲੋਂ ਸੇਵਾ-ਮੁਕਤ ਅਤੇ ਮੌਜੂਦਾ ਸਿੱਖ ਅਫ਼ਸਰਾਂ ਦੀਆਂ ਸੇਵਾਵਾਂ ਲੈਣਾ ਵੀ ਨਿਤੀਸ਼ ਦੀ ਰਾਜ-ਕੁਸ਼ਲਤਾ ਦਾ ਹੀ ਸੰਕੇਤ ਹੈ .
ਲਾਲੂ ਯਾਦਵ ਐਂਡ ਕੰਪਨੀ ਤੋਂ ਰਾਜ ਸੱਤਾ ਖੋਹਣ ਤੋਂ ਬਿਹਾਰ ਦਾ ਅਕਸ ਬਦਲਣ ਤੋਂ ਲੈ ਕੇ ਦੁਬਾਰਾ ਵਿਧਾਨ ਸਭਾ ਚੋਣਾਂ ਜਿੱਤਣ ਅਤੇ ਸ਼ਰਾਬ ਬੰਦੀ ਤੱਕ ਉਹ ਆਪਣੀ ਇਸ ਪ੍ਰਬੰਧਕੀ ਮੁਹਾਰਤ 'ਤੇ ਲਗਾਤਾਰ ਮੋਹਰ ਲਵਾਉਂਦੇ ਰਹੇ ਹਨ।
ਪਰ ਨੋਟ ਬੰਦੀ ਤੋਂ ਲੈ ਕੇ ਪ੍ਰਕਾਸ਼ ਉਤਸਵ ਦੇ ਨਿਤੀਸ਼ ਕੁਮਾਰ ਵੱਲੋਂ ਮੈਂ ਨਿਤੀਸ਼ ਕੁਮਾਰ ਦੀ ਰਾਜਸੀ ਅਤੇ ਡਿਪਲੋਮੈਟਿਕ ਕਲਾਕਾਰੀ ਦਾ ਵੀ ਕਾਇਲ ਹੋ ਗਿਆ ਹਾਂ . 2010 ਵਿਚ ਜਿਸ ਲਾਲੂ ਯਾਦਵ ਨੂੰ ਬਿਹਾਰ ਦੇ ਜੰਗਲ -ਰਾਜ ਦਾ ਖਲਨਾਇਕ ਕਰਾਰ ਦੇ ਕੇ , ਬੀ ਜੇ ਪੀ ਨਾਲ ਗੱਠਜੋੜ ਕਰ ਕੇ ਵਿਧਾਨ ਸਭਾ ਚੋਣਾਂ ਵਿਚ ਹੂੰਝਾ -ਫੇਰੂ ਜਿੱਤ ਹਾਸਲ ਕੀਤੀ ਸੀ ਉਸੇ ਲਾਲੂ ਯਾਦਵ ਦੇ ਕੁਨਬੇ ਨਾਲ ਮਿਲ ਕੇ 2015 ਵਿਚ ਬੀ ਜੇ ਪੀ ਦੇ ਮੁਕਾਬਲੇ ਵਿਧਾਨ ਸਭਾ ਚੋਣ ਲੜੀ ਅਤੇ ਸ਼ਾਨਦਾਰ ਜਿੱਤ ਵੀ ਹਾਸਲ ਕੀਤੀ .ਉਸੇ ਕੁਨਬੇ ਨਾਲ ਸਾਂਝੀ ਸਰਕਾਰ ਵੀ ਉਹ ਚਲਾ ਰਹੇ ਨੇ .
ਅਜੇ ਤਿੰਨ ਵਰ੍ਹੇ ਪਹਿਲਾਂ ਹੀ ਮੋਦੀ ਨੂੰ ਨਿਤੀਸ਼ ਕੁਮਾਰ ਨੇ ਫ਼ਿਰਕਾਪ੍ਰਸਤ ਅਤੇ ਘੱਟ -ਗਿਣਤੀਆਂ ਅਤੇ ਖ਼ਾਸ ਕਰ ਕੇ ਮੁਸਲਿਮ ਘੱਟ-ਗਿਣਤੀ ਦਾ ਦੁਸ਼ਮਣ ਕਰਾਰ ਦੇ ਕੇ ,2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀ ਜੇ ਪੀ ਦੀ ਅਗਵਾਈ ਹੇਠਲੇ ਐਨ ਡੀ ਏ ਨਾਲੋਂ ਇਸ ਕਰ ਕੇ ਆਪਣਾ ਨਾਤਾ ਤੋੜ ਲਿਆ ਸੀ ਕਿ ਇਸ ਨੇ ਮੋਦੀ ਨੂੰ ਪ੍ਰਧਾਨ ਮੰਤਰੀ ਲਈ ਉਮੀਦਵਾਰ ਬਣਾ ਲਿਆ ਸੀ . ਉਦੋਂ ਨਿਤੀਸ਼ ਜੀ ਨੂੰ ਕਾਂਗਰਸ ਪਾਰਟੀ ਸੈਕੂਲਰ ਦਿਖਾਈ ਦਿੰਦੀ ਸੀ . ਇਸ ਤੋਂ ਬਾਅਦ 2015 ਦੀਆਂ ਬਿਹਾਰ ਸਭਾ ਚੋਣਾਂ ਦੌਰਾਨ ਵੀ ਮੋਦੀ ਅਤੇ ਨਿਤੀਸ਼ ਕੁਮਾਰ ਇੱਕ ਦੂਜੇ ਦੇ ਖੁਰ ਵੱਢਦੇ ਰਹੇ .ਉਦੋਂ ਵੀ ਨਿਤੀਸ਼ ਦੀ ਨਜ਼ਰ ਵਿਚ ਮੋਦੀ ਅਤੇ ਬੀ ਜੇ ਪੀ ਫਿਰਕਪਰਸਤ ਬਣੇ ਰਹੇ ਅਤੇ ਮੋਦੀ ਦੀ ਨਜ਼ਰ ਵਿਚ ਨਿਤੀਸ਼ ਦਾ ਰਾਜ " ਜੰਗਲ ਰਾਜ " ਹੀ ਰਿਹਾ .
2015 ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਕੁਲੀਸ਼ਨ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦਾ ਰੁੱਖ ਬਦਲਣਾ ਸ਼ੁਰੂ ਹੋ ਗਿਆ . ਸ਼ਾਇਦ , ਨਿਤੀਸ਼ ਕੁਮਾਰ ਨੂੰ ਕੇਂਦਰ ਦੀ ਮਾਇਆਧਾਰੀ ਸਰਪ੍ਰਸਤੀ ਦੀ ਵਧੇਰੇ ਲੋੜ ਮਹਿਸੂਸ ਹੋਣ ਲੱਗੀ ਸੀ . ਮੋਦੀ ਜੀ ਬਾਰੇ ਉਨ੍ਹਾਂ ਦੀ ਸੁਰ ਤਾਂ ਪਹਿਲਾਂ ਹੀ ਬਦਲ ਗਈ ਸੀ ਪਰ ਨੋਟ ਬੰਦੀ ਨੇ ਆਪਣਾ ਸਿਆਸੀ ਕਾਂਟਾ ਬਦਲਣ ਲਈ ਨਿਤੀਸ਼ ਕੁਮਾਰ ਨੂੰ ਇੱਕ ਬਹੁਤ ਢੁਕਵਾਂ ਮੌਕੇ ਦੇ ਦਿੱਤਾ ਮੋਦੀ ਨਾਲ ਸੁਰ ਮਿਲਾਉਣ ਦਾ . ਇੰਜ ਲੱਗਦਾ ਸੀ ਜਿਵੇਂ ਉਹ ਅਜਿਹੇ ਕਿਸੇ ਮੌਕੇ ਦੀ ਤਲਾਸ਼ ਵਿਚ ਹੀ ਸਨ . ਵਿਰੋਧੀ ਧਿਰਾਂ ਵਿਚੋਂ ਇਕੱਲੇ ਨਿਤੀਸ਼ ਨੇ ਮੋਦੀ ਦੀ ਖੁੱਲ੍ਹੇ ਆਮ ਕੀਤੀ ਹਿਮਾਇਤ ਨੇ ਦੋਹਾਂ ਦੀ ਸਿਆਸੀ ਨੇੜਤਾ ਲਈ ਰਸਤਾ ਖੋਲ੍ਹ ਦਿੱਤਾ . ਦੋਹਾਂ ਦੀ ਨਵੀਂ ਰਾਜਸੀ ਯਾਰੀ ਨੂੰ ਪੱਕਾ ਕਰਨ ਕਾਰਨ ਲਈ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ , ਗ਼ਨੀਮਤ ਬਣ ਕੇ ਬਹੁੜਿਆ . ਇਸ ਪਵਿੱਤਰ ਦਿਹਾੜੇ ਤੇ ਦੋਹਾਂ ਨੇਤਾਵਾਂ ਨੇ ਜਿੱਥੇ ਦਸਵੇਂ ਗੁਰੂ ਦਾ ਸੰਦੇਸ਼ ਨਸ਼ਰ ਕੀਤਾ ਉੱਥੇ ਉਨਾ ਇੱਕ ਦੂਜੇ ਦੀਆਂ ਸਿਫ਼ਤਾਂ ਦੇ ਖ਼ੂਬ ਪੁਲ ਬੰਨ੍ਹੇ .ਪ੍ਰਧਾਨ ਮੰਤਰੀ ਮੋਦੀ ਨੇ ਮੰਚ ਤੇ ਬੈਠੇ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਨਿਤੀਸ਼ ਕੁਮਾਰ ਦੀ ਬੱਲੇ -ਬੱਲੇ ਕੀਤੀ ਹਾਲਾਂਕਿ ਪ੍ਰਕਾਸ਼ ਦਿਹਾੜਾ ਵੱਡੇ-ਪੱਧਰ ਤੇ ਮਨਾਉਣ ਦੀ ਪਹਿਲਕਦਮੀ ਬਾਦਲ ਨੇ ਹੀ ਕੀਤੀ ਸੀ . ਖ਼ੈਰ , ਇਹ ਨਵੀਂ ਸਿਆਸੀ ਦੋਸਤੀ ਭਵਿੱਖ ਵਿਚ ਕੀ ਰੰਗ ਲਿਆਏਗੀ , ਇਹ ਤਾਂ ਪਤਾ ਨਹੀਂ . ਦੋ ਨਤੀਜੇ ਤਾਂ ਤੁਰਤ-ਪੈਰੇ ਹੀ ਦਿੱਖ ਰਹੇ ਨੇ . ਪਹਿਲਾਂ ਨਿਤੀਸ਼ ਨੇ ਮੋਦੀ ਦਾ ਵਿਰੋਧ ਕਰਕੇ ਮੁਸਲਿਮ ਘੱਟ ਗਿਣਤੀ ਵਿਚ ਆਪਣੀ ਥਾਂ ਬਣਾਈ ਸੀ . ਹੁਣ ਉਸੇ ਮੋਦੀ ਦੇ ਨਾਲ ਲੱਗ ਕੇ ਸਿੱਖ ਘੱਟ -ਗਿਣਤੀ ਦਾ ਮਨ ਇੱਕ ਵਾਰ ਮੋਹ ਲਿਆ ਹੈ ਅਤੇ ਆਪਣੇ ਘੱਟ-ਗਿਣਤੀ -ਪੱਖੀ ਅਤੇ ਸੈਕੂਲਰ ਅਕਸ ਵਿਚ ਹੋਰ ਵਾਧਾ ਕਰ ਲਿਆ ਹੈ .ਪਹਿਲਾਂ ਨਿਤੀਸ਼ ਨੇ ਮੋਦੀ ਦਾ ਵਿਰੋਧ ਕਰਕੇ ਮੁਸਲਿਮ ਘੱਟ ਗਿਣਤੀ ਵਿਚ ਆਪਣੀ ਥਾਂ ਬਣਾਈ ਸੀ . ਹੁਣ ਉਸੇ ਮੋਦੀ ਨੂੰ ਨਾਲ ਲਾ ਕੇ ਸਿੱਖ ਘੱਟ -ਗਿਣਤੀ ਦਾ ਮਨ ਇੱਕ ਵਾਰ ਮੋਹ ਲਿਆ ਹੈ ਅਤੇ ਆਪਣੇ ਘੱਟ-ਗਿਣਤੀ -ਪੱਖੀ ਅਤੇ ਸੈਕੂਲਰ ਅਕਸ ਵਿਚ ਹੋਰ ਵਾਧਾ ਕਰ ਲਿਆ ਹੈ .ਇਸੇ ਨੂੰ ਕਹਿੰਦੇ ਨੇ " ਨਾਲੇ ਪੁੰਨ -ਨਾਲੇ ਫਲੀਆਂ ".
ਨਿਤੀਸ਼ ਕੁਮਾਰ ਨੇ ਆਪਣਾ ਸਿਆਸੀ ਕੱਦ ਹੋਰ ਵਾਧਾ ਕਰ ਲਿਆ ਹੈ ਅਤੇ ਕੌਮੀ ਨੇਤਾਵਾਂ ਦੀ ਕਤਾਰ ਵਿਚ ਸ਼ਾਮਲ ਹੋਣ ਲਈ ਅੱਗੇ ਵੱਲ ਇੱਕ ਅਹਿਮ ਕਦਮ ਹੋਰ ਪੱਟ ਲਿਆ ਹੈ . ਦੂਜਾ ਨਤੀਜਾ ਇਹ ਵੀ ਹੋਵੇਗਾ ਕਿ ਮੋਦੀ ਜੀ ਤੋਂ ਬਿਹਾਰ ਲਈ ਮਾਇਆ ਦੇ ਗੱਫੇ ਵੀ ਮਿਲ ਸਕਣਗੇ . ਨਿਤੀਸ਼ ਨੇ ਸ਼ਰਾਬ ਬੰਦੀ ( ਜਿਸ ਦੀ ਤਾਰੀਫ਼ ਵੀ ਮੋਦੀ ਨੇ ਖ਼ੂਬ ਕੀਤੀ ਸੀ ) ਕਰ ਕੇ , ਰਾਜ ਦੇ ਖ਼ਜ਼ਾਨੇ ਨੂੰ ਪੈਣ ਵਾਲੇ ਘਾਟੇ ਨੂੰ ਵੀ ਕਿਸੇ ਤਰ੍ਹਾਂ ਪੂਰਾ ਕਰਨਾ ਹੀ ਹੈ .
ਕਿੱਸਾ -ਕੋਤਾ ਇਹ ਹੈ ਕਿ ਭਾਰਤ ਵਿਚ ਜੇਕਰ ਨੇੜ ਭਵਿੱਖ ਵਿਚ ਮੋਦੀ ਦੀ ਥਾਂ ਕਿਸੇ ਬਦਲਵੇਂ ਸਿਆਸੀ ਨੇਤਾ ਦੀ ਤਲਾਸ਼ ਹੋਵੇਗੀ ਤਾਂ ਸਭ ਦੀ ਸਿੱਧੀ ਨਜ਼ਰ ਨਿਤੀਸ਼ ਕੁਮਾਰ ਤੇ ਹੀ ਪਵੇਗੀ .
7 ਜਨਵਰੀ, 2017
-
ਬਲਜੀਤ ਬੱਲੀ, ਸੰਪਾਦਕ
tirshinazar@gmail.com
+91-9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.