ਹਨੇਰ ਉਹੀ ਲੋਕ ਢੋਂਹਦੇ ਨੇ ਜੋ ਨਾ ਤੁਰਨ ਦੇ ਬਹਾਨੇ ਘੜਦੇ ਬਿਨ ਲੜਿਆਂ ਹਾਰ ਜਾਂਦੇ ਨੇ.. ਹਥਿਆਰ ਸੁੱਟ ਦਿੰਦੇ ਨੇ…ਜਾਂ ਫੇਰ ਜ਼ਿੰਦਗੀ ਜਿਉਣ ਵਾਲੇ ਹਥਿਆਰ ਚੁੱਕਦੇ ਹੀ ਨਹੀਂ..
ਅੱਜ ਇਕ ਸੰਘਰਸ਼ਸ਼ੀਲ ਨੰਨੀ ਪਰੀ ਨੂੰ ਮਿਲਾਉਂਦੇ ਹਾਂ.. ਜਿਸ ਦੇ ਪਰ ਨਹੀਂ ਪਰ ਉਹ ਅੰਬਰ ਤੱਕ ਦੀ ਉੱਚੀ ਉਡਾਣ ਭਰਨ ਨੂੰ ਅਹੁਲਦੀ ਹੈ.. ਮੇਰੀ ਤਾਂ ਰੋਲ ਮਾਡਲ ਬਣ ਗਈ, ਤੁਹਾਡੀ ਵੀ ਬਣੇਗੀ..
ਆਓ ਰਾਜਿਆਂ ਦੇ ਸ਼ਹਿਰ ਕਪੂਰਥਲਾ ਦੇ ਮੁਹੱਲਾ ਸ਼ੇਰਗੜ ਚੱਲਦੇ ਹਾਂ, ਜਿੱਥੇ ਯਸ਼ਪਾਲ ਤੇ ਗੁਲਸ਼ਨ ਕੁਮਾਰੀ ਆਪਣੇ ਦੋ ਬੱਚਿਆਂ 14 ਸਾਲਾ ਤਰਨਜੀਤ ਕੌਰ ਤੇ 10 ਸਾਲਾ ਪਿੰ੍ਰਸ ਨਾਲ ਰਹਿੰਦੇ ਨੇ.. ਬੱਚੀ ਤਰਨਜੀਤ ਕੌਰ ਤੁਰ ਨਹੀਂ ਸਕਦੀ, ਉਸ ਦੇ ਲੱਕ ਤੋਂ ਹੇਠਲਾ ਹਿੱਸਾ ਮਰ ਚੁੱਕਿਆ ਹੈ। ਘੁੰਮਣ ਕੁਰਸੀ 'ਤੇ ਰਹਿੰਦੀ ਹੈ, ਮਾਂ ਦੀ ਕੁੱਛੜ ਉਸ ਦੇ ਪਰਾਂ ਨੂੰ ਠੁੰਮਣਾ ਦਿੰਦੀ ਹੈ।
ਇਹ ਮਾਂ-ਧੀ ਮੈਨੂੰ 21 ਦਸੰਬਰ ਨੂੰ ਵੱਡੇ ਬਾਦਲ ਸਾਹਿਬ ਦੇ ਕਪੂਰਥਲਾ ਵਿੱਚ ਹੋਏ ਸੰਗਤ ਦਰਸ਼ਨ ਵਾਲੀ ਥਾਂ ਮਿਲੀਆਂ ਸਨ, ਵੱਡੇ ਬਾਪੂ ਕੋਲ ਫਰਿਆਦ ਲੈ ਕੇ ਗਈਆਂ ਸਨ, ਪਰ ਧਾਕੜਾਂ ਨੇ ਸਾਫ ਕਿਹਾ ਕਿ ਜੇ ਮੁਹੱਲੇ ਦੇ ਕਿਸੇ ਅਕਾਲੀ ਜਥੇਦਾਰ ਦੇ ਨਾਲ ਆਈਆਂ ਹੋ ਤਾਂ ਅੰਦਰ ਆ ਸਕਦੀਆਂ ਹੋ, ਨਹੀਂ ਤਾਂ ਮਿਲਣ ਨਹੀਂ ਦਿੱਤਾ ਜਾ ਸਕਦਾ। ਮਾਂ-ਧੀ ਨੇ ਬੜੇ ਯਤਨ ਕੀਤੇ ਵਾਸਤੇ ਪਾਏ, ਪਰ ਰਾਖੀ ਲਈ ਖੜੇ ਸਿਪਾਹੀਆਂ, ਸਿਪੈਹਟਣਾਂ ਨੇ ਬਾਦਲ ਸਾਹਿਬ ਨੂੰ ਮਿਲਣਾ ਤਾਂ ਦੂਰ ਉਹਨਾਂ ਦੇ ਪ੍ਰਛਾਵੇਂ ਤੱਕ ਵੀ ਨਾ ਪਹੁੰਚਣ ਦਿੱਤਾ।
ਓਸ ਜਗਾ ਮੈਂ ਪਕੌੜਿਆਂ ਨਾਲ ਕੁੱਖਾਂ ਕੱਢਣ ਤੋਂ ਬਾਅਦ ਵੀ ਪਲੇਟਾਂ ਵਿੱਚ ਪਕੌੜੇ ਭਰ ਭਰ ਕੇ ਲਿਜਾ ਰਹੀ ਸੰਗਤ ਦਰਸ਼ਨ ਲਈ ਆਈ 'ਕਾਲੀ ਸੰਗਤ ਦੀਆਂ ਤਸਵੀਰਾਂ ਕੈਦ ਕਰ ਰਹੀ ਸੀ ਕਿ ਭੀੜ ਵਿਚੋਂ ਘੁੰਮਣ ਕੁਰਸੀ 'ਤੇ ਆ ਰਹੀਆਂ ਮਾਂ-ਧੀ ਮੇਰੀ ਨਜ਼ਰੇ ਪੈ ਗਈਆਂ, ਹੱਥ ਵਿਚਲੀ ਫਾਈਲ ਤੇ ਚਿਹਰਿਆਂ ਉਤਲੀ ਨਿਰਾਸ਼ਾ ਨੇ ਮੈਨੂੰ ਬਦੋਬਦੀ ਓਧਰ ਨੂੰ ਤੋਰ ਲਿਆ, ਦੋਵਾਂ ਨੂੰ ਰੋਕਿਆ, ਤਾਂ ਨੰਨੀ ਤਰਨਜੀਤ ਦੀ ਵੱਡੀ ਸਾਰੀ ਮੁਸਕਰਾਹਟ ਮੇਰੇ ਦਿਲ ਵਿੱਚ ਲਹਿ ਗਈ। ਗੱਲਾਂ ਕਰਦਿਆਂ ਪਤਾ ਲੱਗਿਆ ਕਿ ਮਾਂ-ਧੀ ਅਪਾਹਜਾਂ ਨੂੰ ਮਿਲਦੀ ਪੈਨਸ਼ਨ ਬਾਰੇ ਅਰਜ਼ੀ ਦੇਣ ਲਈ ਵੱਡੇ ਬਾਪੂ ਨੂੰ ਮਿਲਣ ਆਈਆਂ ਸਨ। ਅਰਜ਼ੀ ਦੇਖੀ ਤਾਂ ਹੈਰਾਨੀ ਵਿੱਚ ਮੇਰੇ ਜ਼ਿਹਨ ਦਾ ਸਾਰਾ ਬੰਦ ਤੰਤਰ ਵੀ ਖੁੱਲ ਗਿਆ.. ਤੁਹਾਡਾ ਵੀ ਖੁੱਲ ਜਾਣੈ..
ਅਰਜ਼ੀ ਵਿੱਚ ਇਕ ਸਵਾਲ ਹੈ ਕਿ ਪੰਜਾਬ ਸਰਕਾਰ ਪੇਂਡੂ ਵਿਦਿਆਰਥੀਆਂ ਨੂੰ ਅਪਾਹਜ ਹੋਣ 'ਤੇ ਵਜ਼ੀਫਾ ਦਿੰਦੀ ਹੈ, ਪਰ ਸ਼ਹਿਰੀ ਅਪਾਹਜ ਬੱਚਿਆਂ ਨੂੰ ਵਜ਼ੀਫਾ ਨਹੀਂ ਦਿੰਦੀ.. ਕਿਉਂ?
ਪਿੰਡਾਂ ਵਾਲੇ ਅਪਾਹਜ ਤਾਂ ਅਪਾਹਜ ਨੇ, ਪਰ ਸ਼ਹਿਰੀ ਹਲਕਿਆਂ ਵਿੱਚ ਜੰਮਣ ਵਾਲੇ ਅਪਾਹਜ ਪੰਜਾਬ ਸਰਕਾਰ ਦੀ ਨਜ਼ਰ ਵਿੱਚ ਅਪਾਹਜ ਨਹੀਂ?
ਆਰ ਟੀ ਆਈ ਪਾਈ ਹੈ, ਉਸ ਵਿੱਚ ਗੋਲ ਮੋਲ ਜੁਆਬ ਆਇਆ ਹੈ ਕਿ ਅਪਾਹਜਤਾ ਦੇ ਵਜ਼ੀਫੇ ਦੇ ਹੱਕਦਾਰ ਸਿਰਫ ਪੇਂਡੂ ਵਿਦਿਆਰਥੀ ਹਨ, ਉਹ ਵੀ ਉਹੀ ਜਿਹਨਾਂ ਦੇ ਮਾਪਿਆਂ ਦੀ ਮਹੀਨੇ ਦੀ ਆਮਦਨ 5 ਹਜ਼ਾਰ ਤੋਂ ਘੱਟ ਹੈ। ਹੋਰ ਵਜਾ ਕੋਈ ਨਹੀਂ ਦੱਸੀ ਗਈ..।
ਅਜੀਬ ਮਾਮਲਾ ਹੈ,,
ਡਿਪਟੀ ਕਮਿਸ਼ਨਰ ਕਪੂਰਥਲਾ, ਬਲਾਕ ਪ੍ਰਾਇਮਰੀ ਅਫਸਰ ਕਪੂਰਥਲਾ ਤੇ ਸਮਾਜਿਕ ਸੁਰੱਖਿਆ ਅਫਸਰ ਕਪੂਰਥਲਾ ਸਭ ਨੇ ਲਿਖਤੀ ਜੁਆਬ ਦਿੱਤੇ ਨੇ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਅਪਾਹਜ ਹੋਣ ਦੀ ਸੂਰਤ ਵਿੱਚ ਸਿਰਫ ਪੇਂਡੂ ਬੱਚਿਆਂ ਨੂੰ ਹੀ ਵਜ਼ੀਫਾ ਮਿਲਦਾ ਹੈ, ਸ਼ਹਿਰੀਆਂ ਨੂੰ ਨਹੀਂ।
ਇਸ ਮਾਮਲੇ ਵਿੱਚ ਅਫਸਰਸ਼ਾਹੀ ਦੋਸ਼ ਮੁਕਤ ਹੈ, ਸਵਾਲਾਂ ਦੇ ਘੇਰੇ ਵਿੱਚ ਸਰਕਾਰ ਹੈ। ਤੇ ਸਰਕਾਰ ਜੀ ਕਹਿੰਦੀ ਹੈ, ਸਵਾਲ ਕਰੋ ਹੀ ਕੋਈ ਨਾ..।
ਨਹੀਂ ਕਰਦੇ, ਪਰ ਗੱਲ ਤਾਂ ਕਰ ਹੀ ਸਕਦੇ ਹਾਂ--
ਅਜਿਹੇ ਅਣਗਿਣਤ ਬੱਚੇ ਪੂਰੇ ਪੰਜਾਬ ਦੇ ਸ਼ਹਿਰੀ ਹਲਕਿਆਂ ਵਿੱਚ ਹੋਣਗੇ, ਜਿਹਨਾਂ ਦੇ ਸੁਪਨੇ ਮਰ ਰਹੇ ਨੇ, ਜਾਂ ਮਰ ਚੁੱਕੇ ਹੋਣਗੇ, ਜੇ ਸਰਕਾਰ ਵਿੱਤੀ ਮਦਦ ਕਰੇ ਤਾਂ ਮਾਪਿਆਂ ਨੂੰ ਕੁਝ ਹੌਸਲਾ ਮਿਲ ਜਾਂਦਾ ਹੈ.. ਭਾਰ ਕੁਝ ਘਟ ਜਾਂਦਾ ਹੈ.. ਅਜਿਹੀ ਹਾਲਤ ਵਾਲੇ ਬੱਚੇ ਨੂੰ ਸੰਭਾਲਣ ਲਈ ਪਰਿਵਾਰ ਕਿਹੋ ਜਿਹੇ ਹਾਲਤਾਂ ਵਿਚੋਂ ਗੁਜ਼ਰਦਾ ਹੈ, ਜਿਸ ਤਨ ਲਾਗੇ ਸੋ ਤਨ ਜਾਣੇ..
ਤੇ ਹਰੇਕ ਅਪਾਹਜ ਬੱਚੇ ਨੂੰ ਤਰਨਜੀਤ ਕੌਰ ਦੀ ਮਾਂ ਗੁਲਸ਼ਨ ਕੁਮਾਰੀ ਤੇ ਪਿਤਾ ਯਸ਼ਪਾਲ ਵਰਗੇ ਹੌਸਲੇ ਵਾਲੇ ਮਾਪੇ ਨਹੀਂ ਮਿਲਦੇ।
ਸਰਕਾਰ ਦਾ ਵਾਰ ਵਾਰ ਦਰ ਖੜਕਾਉਣ ਵਾਲੇ ਇਸ ਪਰਿਵਾਰ ਨੂੰ ਮਿਲੋ ਤਾਂ ਪਤਾ ਲੱਗਦਾ ਹੈ ਜ਼ਿੰਦਗੀ ਸਲਾਮ ਕਿਵੇਂ ਕਰਵਾਉਂਦੀ ਹੈ..
ਸ਼ੇਰਗੜ ਮੁਹੱਲੇ ਦੀ ਭੀੜੀ ਜਿਹੀ ਗਲੀ ਦੀ ਪਹਿਲੀ ਨੁੱਕਰੇ ਢਾਈ ਕੁ ਮਰਲੇ ਦੀ ਹਨੇਰੀ ਜਿਹੀ ਦੋ-ਮੰਜ਼ਲਾ ਘਰ ਅਖਵਾਉਂਦੀ ਡਿਗੂੰ ਡਿਗੂੰ ਕਰਦੀ ਇਮਾਰਤ ਹੈ, ਉਪਰਲੀ ਮੰਜ਼ਲ 'ਤੇ ਪੌੜੀਆਂ ਚੜਦਿਆਂ ਇਕ ਨਿੱਕਾ ਜਿਹਾ ਕਮਰਾ, ਜਿਸ ਨੂੰ ਰਸੋਈ, ਬੈਡ ਰੂਮ, ਲਿਵਿੰਗ ਰੂਮ, ਡਰਾਇੰਗ ਰੂਮ, ਸਟੋਰ ਜੋ ਮਰਜ਼ੀ ਕਹਿ ਲਓ, ਉਥੇ ਇਕ ਕਮਰੇ ਵਿੱਚ ਚਾਰ ਜੀਆਂ ਦਾ ਇਹ ਪਰਿਵਾਰ ਰਹਿੰਦਾ ਹੈ। ਕਮਰੇ ਵਿੱਚ ਪੈਰ ਰੱਖਦਿਆਂ ਅਜੀਬ ਜਿਹੀ ਸੜਾਂਦ ਸਿਰ ਚਕਰਾਅ ਦਿੰਦੀ ਹੈ, ਮੇਰਾ ਉਸ ਕਮਰੇ ਵਿੱਚ ਇਕ ਪਲ ਰੁਕਣਾ ਦਮ ਘੁੱਟਣਾ ਕਰ ਦਿੰਦਾ ਹੈ,(ਅਖੌਤੀ ਮੱਧ ਵਰਗੀ ਮੁਸ਼ਕ ਛੁਪਾਉਂਦੀਆਂ ਅਤਰ ਫਲੇਲੀ ਖੁਸ਼ਬੂਆਂ ਦੀ ਆਦਤ ਜੁ ਹੈ ਮੈਨੂੰ).. ਮੈਂ ਕਮਰੇ ਵਿਚੋਂ ਬਾਹਰ ਨਿਕਲ ਆਈ, ਕਮਰੇ ਦੇ ਕੋਲ ਹੀ ਦੋ ਕੁ ਮੰਜੇ ਡਹਿਣ ਜੋਗਾ ਵਿਹੜੇ ਜਿਹਾ ਵੀ ਹੈ, ਮੈਂ ਓਥੇ ਬਾਹਰ ਬੈਠਣ ਲਈ ਕਿਹਾ ਤਾਂ ਗੁਲਸ਼ਨ ਕੁਮਾਰੀ 14 ਸਾਲਾ ਤਰਨਜੀਤ ਨੂੰ ਕੁੱਛੜ ਚੁੱਕ ਕੇ ਲੈ ਆਈ ਤੇ ਘੁੰਮਣ ਕੁਰਸੀ 'ਤੇ ਬਿਠਾ ਦਿੱਤਾ।
ਤਰਨਜੀਤ ਦਾ ਲੱਕ ਤੋਂ ਹੇਠਲਾ ਹਿੱਸਾ ਬੇਜਾਨ ਹੈ, ਨਾ ਦਰਦ ਮਹਿਸੂਸ ਹੁੰਦਾ ਹੈ, ਨਾ ਕੋਈ ਹਿੱਲ-ਜੁੱਲ, ਨਾ ਲੈਟਰੀਨ-ਬਾਥਰੂਮ ਦਾ ਪਤਾ ਲੱਗਦਾ, ਹਰ ਵਕਤ ਡਾਇਪਰ ਲਾ ਕੇ ਰੱਖਣਾ ਪੈਂਦਾ ਹੈ। ਮਾਂ ਦਿਹਾੜੀ ਵਿੱਚ ਪੰਜ ਛੇ ਵਾਰ ਡਾਇਪਰ ਬਦਲਦੀ ਹੈ, ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਕਰਦਾ ਹੈ। ਇਸੇ ਵਜਾ ਕਰਕੇ ਮਾਂ ਕਿਤੇ ਜਾ ਨਹੀਂ ਸਕਦੀ, ਹਰ ਵਕਤ ਧੀ ਲਈ ਹਾਜ਼ਰ ਰਹਿੰਦੀ ਹੈ।
ਖੁਦਾ ਇਸ ਮਾਂ ਨੂੰ ਖਵਾਜ਼ੇ ਜਿੰਨੀ ਉਮਰ ਬਖਸ਼ੇ, ਮੇਰੇ ਨਾਸਤਿਕ ਦਿਲ 'ਚੋਂ ਦੁਆ ਨਿਕਲ ਰਹੀ ਸੀ। ਮਾਂ ਨੂੰ ਬੱਚਿਆਂ ਦੀ ਗੰਦਗੀ ਤੋਂ ਕਰਹਿਤ ਨਹੀਂ ਆਉਂਦੀ, ਬੱਚੇ ਚਾਹੇ ਕਿੰਨੇ ਵੱਡੇ ਕਿਉਂ ਨਾ ਹੋ ਜਾਣ। ਸਾਨੂੰ ਬੱਚਿਆਂ ਨੂੰ ਮਾਂ ਦੇ ਮੁੜਕੇ ਵਿਚੋਂ ਵੀ ਮੁਸ਼ਕ ਆਉਣ ਲੱਗ ਜਾਂਦੀ ਹੈ ਕਈ ਵਾਰ..
ਗੁਲਸ਼ਨ ਕੁਮਾਰੀ ਨੇ ਦੱਸਿਆ ਕਿ ਤਰਨਜੀਤ ਦੇ ਜਮਾਂਦਰੂ ਰੀੜ ਦੀ ਹੱਡੀ 'ਤੇ ਰਸੌਲੀ ਸੀ, ਜਿਸ ਦਾ ਛੇ ਮਹੀਨੇ ਦੀ ਉਮਰ ਵਿੱਚ ਅਪ੍ਰੇਸ਼ਨ ਹੋਇਆ ਤਾਂ ਉਸ ਦਾ ਲੱਕ ਤੋਂ ਹੇਠਲਾ ਹਿੱਸਾ ਬੇਜਾਨ ਹੋ ਗਿਆ, ਜਿਸ ਦਾ ਕੋਈ ਇਲਾਜ ਨਹੀਂ, ਪਰ ਫੇਰ ਵੀ ਮਾਪੇ ਕੋਈ ਥਾਂ ਨਹੀਂ ਛੱਡਦੇ, ਜਿੱਥੇ ਵੀ ਕੋਈ ਦੱਸਦਾ ਹੈ, ਓਥੇ ਬੱਚੀ ਨੂੰ ਚੁੱਕ ਤੁਰਦੇ ਨੇ, ਜੈਪੁਰ ਤੱਕ ਲੈ ਕੇ ਗਏ, ਸੰਗਰੂਰ ਕਿਸੇ ਮਾਲਸ਼ੀਏ ਦੀ ਦੱਸ ਪਾਈ ਤਾਂ ਪੂਰਾ ਇਕ ਵਰਾ ਓਥੇ ਰਹਿ ਕੇ ਇਲਾਜ ਵਾਲਾ ਓਹੜ ਪੋਹੜ ਕਰਵਾਉਂਦੇ ਰਹੇ, ਪਰ ਕੋਈ ਫਰਕ ਨਾ ਪਿਆ ਤਾਂ ਵਾਪਸ ਮੁੜ ਆਏ। ਅੱਜ ਕੱਲ ਮੁੰਬਈ ਤੋਂ ਲੁਧਿਆਣੇ ਕੈਂਪ ਲਾਉਣ ਆਉਂਦੇ ਹੋਮਿਓਪੈਥਿਕ ਡਾਕਟਰ ਕੋਲੋਂ 6 ਮਹੀਨਿਆਂ ਬਾਅਦ ਦਵਾਈ ਲੈਣ ਜਾਂਦੇ ਨੇ, ਪਰ ਫਰਕ ਇਸ ਨਾਲ ਵੀ ਕੋਈ ਨਹੀਂ.. ਸਿਰਫ ਮਨ ਦੀ ਤਸੱਲੀ ਹੈ ਤੇ ਕਿਸੇ ਚਮਤਕਾਰ ਦੀ ਆਸ ਵੀ..।
ਗੁਲਸ਼ਨ ਕੁਮਾਰੀ ਖੁਦ ਸਿਲਾਈ ਦਾ ਕੰਮ ਕਰਦੀ ਹੈ, ਪਰ ਕਿਰਤ ਦਾ ਮੁੱਲ ਦੇਣ ਦੀ ਥਾਂ ਲਿਹਾਜ਼ ਵਾਲੇ ਉਸ ਦੀ ਕਿਰਤ ਨਚੋੜ ਲਿਜਾਂਦੇ ਨੇ, ਬਿਊਟੀ ਪਾਰਲਰ ਦਾ ਕੰਮ ਵੀ ਸਿੱਖੀ ਹੋਈ ਹੈ, ਘਰ ਦੀ ਹਾਲਤ ਮੈਂ ਦੱਸ ਚੁੱਕੀ ਹਾਂ, ਅਜਿਹੀ ਥਾਂ ਬੀਬੀਆਂ ਕਿੱਥੋਂ ਆਉਂਦੀਆਂ ਨੇ, ਉਸ ਨੂੰ ਘਰ ਸੱਦ ਲੈਂਦੀਆਂ ਨੇ, ਤੇ ਗੁਲਸ਼ਨ ਕੁਮਾਰੀ ਤਰਨਜੀਤ ਨੂੰ ਸਕੂਲ ਛੱਡ ਕੇ ਸੱਦਾ ਦੇਣ ਵਾਲੀਆਂ ਬੀਬੀਆਂ ਦੇ ਘਰੀਂ ਫੇਸ਼ੀਅਲ, ਥਰੈਡਿੰਗ ਆਦਿ ਕਰ ਆਉਂਦੀ ਹੈ। ਦੋਵਾਂ ਕੰਮਾਂ ਵਿਚੋਂ ਉਸ ਨੂੰ ਮਹੀਨੇ ਦੀ 3 ਕੁ ਹਜ਼ਾਰ ਦੇ ਕਰੀਬ ਆਮਦਨ ਹੁੰਦੀ ਹੈ। ਕਦੀ ਕਦੀ ਏਨੀ ਵੀ ਨਹੀਂ ਹੁੰਦੀ। ਤਰਨਜੀਤ ਦਾ ਪਿਤਾ ਯਸ਼ਪਾਲ ਇਨਵਰਟਰ ਤੇ ਬੈਟਰੀਆਂ ਦਾ ਕੰਮ ਕਰਦਾ ਸੀ, ਪਰ ਕੁਝ ਸਾਲ ਪਹਿਲਾਂ ਦੁਕਾਨ ਦੇ ਮਾਲਕ ਨੇ ਦੁਕਾਨ ਵਿਹਲੀ ਕਰਵਾ ਲਈ ਤਾਂ ਕੰਮ ਵੀ ਛੁੱਟ ਗਿਆ। ਘਰ ਵਿੱਚ ਤਾਂ ਆਪਣੇ ਬਹਿਣ ਪੈਣ ਜੋਗੀ ਮਸਾਂ ਥਾਂ ਹੈ, ਬੈਟਰੀਆਂ, ਇਨਵਰਟਰ ਕਿੱਥੇ ਰੱਖਦਾ। ਚਾਰ ਸਾਲ ਲਗਾਤਾਰ ਵਿਹਲਾ ਹੀ ਰਿਹਾ, ਕਿਤੇ ਕੰਮ ਨਾ ਮਿਲਿਆ, ਹੁਣ 6-7 ਮਹੀਨੇ ਪਹਿਲਾਂ ਆਰ ਓ ਲਾਉਣ ਦਾ ਕੰਮ ਤੁਰਿਆ ਹੈ, ਘਰ ਘਰ ਜਾ ਕੇ ਆਰ ਓ ਫਿੱਟ ਕਰਦਾ ਹੈ, ਆਮਦਨੀ ਪੱਕੀ ਨਹੀਂ, ਪਰ ਮਹੀਨੇ ਦਾ ਅੰਦਾਜ਼ਨ 3-4 ਕੁ ਹਜ਼ਾਰ ਕਮਾ ਲੈਂਦਾ ਹੈ, ਕਦੇ ਕਦੇ ਇਸ ਤੋਂ ਅੱਧੀ ਕਮਾਈ ਹੁੰਦੀ ਹੈ।
ਮੈਂ ਓਥੇ ਬੈਠੀ ਉਂਗਲਾਂ ਦੇ ਪੋਟਿਆਂ 'ਤੇ ਕਮਾਈ ਤੇ ਖਰਚੇ ਵਾਲੇ ਜਮਾ ਜਰਬਾਂ ਕਰ ਰਹੀ ਸੀ ਕਿ ਤਰਨਜੀਤ ਦੇ ਹਰ ਰੋਜ਼ 5-6 ਡਾਇਪਰ ਲੱਗਦੇ ਨੇ, ਮਹੀਨੇ ਦਾ 2 ਕੁ ਹਜ਼ਾਰ ਤਾਂ ਇਹੀ ਸਿੱਧਾ ਖਰਚਾ ਹੈ, ਚਾਰ ਜੀਆਂ ਦੀ ਚਾਹ-ਰੋਟੀ, ਬਿਜਲੀ, ਪਾਣੀ ਦੇ ਬਿੱਲ, ਤਰਨਜੀਤ ਦੀ ਦਵਾਈ ਦਾ ਖਰਚਾ, ਬੱਚੇ ਬੇਸ਼ੱਕ ਸਰਕਾਰੀ ਸਕੂਲ ਵਿੱਚ ਪੜਦੇ ਨੇ ਪਰ ਖਰਚਾ ਤਾਂ ਫੇਰ ਵੀ ਹੁੰਦਾ ਹੈ, ਇਸ ਹਿਸਾਬ ਨਾਲ ਤਾਂ ਪੂਰੀ ਵੀ ਨਹੀਂ ਪੈਂਦੀ ਹੋਣੀ। ਪਰ ਗੁਲਸ਼ਨ ਹੱਸਦੀ ਹੋਈ ਦੱਸਦੀ ਹੈ ਕਿ ਦੋਵਾਂ ਦੀ ਆਮਦਨ ਨਾਲ ਘਰ ਦੇ ਖਰਚੇ ਬੱਸ ਰਿੜੀ ਜਾਂਦੇ ਨੇ। ਉਸ ਦੇ ਬੋਲਾਂ ਵਿੱਚ ਅੰਤਾਂ ਦਾ ਸਬਰ ਸੰਤੋਖ ਹੈ।
ਕਹਿੰਦੇ ਨੇ ਮੂਲ ਨਾਲੋਂ ਵਿਆਜ ਪਿਆਰਾ, ਪਰ ਕਹੌਤ ਝੂਠੀ ਵੀ ਹੋ ਸਕਦੀ ਹੈ, ਇਸ ਗਰਜ਼ਾਂ ਮਾਰੇ ਸੰਸਾਰ ਵਿੱਚ ਤਾਂ ਹੋ ਹੀ ਸਕਦੀ ਹੈ.. ਘਰ ਵਿੱਚ ਹੇਠਲੀ ਮੰਜ਼ਲ ਵਿੱਚ ਤਰਨਜੀਤ ਦੀ ਦਾਦੀ ਗਿਆਨ ਦੇਵੀ ਆਪਣੇ ਛੋਟੇ ਨੂੰਹ ਪੁੱਤ ਨਾਲ ਰਹਿੰਦੀ ਹੈ, ਵਿਧਵਾ ਗਿਆਨ ਦੇਵੀ ਨੂੰ ਘਰ ਬੈਠੀ ਨੂੰ ਸਰਕਾਰ ਪਤੀ ਦੀ ਨੌਕਰੀ ਵਾਲੀ 20 ਕੁ ਹਜ਼ਾਰ ਦੇ ਕਰੀਬ ਪੈਨਸ਼ਨ ਦਿੰਦੀ ਹੈ, ਸਰਕਾਰੀ ਨੌਕਰੀ ਦੀ ਮਿਲਦੀ ਪੈਨਸ਼ਨ ਦੇ ਸਿਰ 'ਤੇ ਉਸ ਦੇ ਛੋਟੇ ਨੂੰਹ ਪੁੱਤ ਵਿਹਲ ਮਾਣਦੇ ਨੇ, ਪੁੱਤ ਨਸ਼ਾ ਪੱਤਾ ਵੀ ਕਰਦਾ ਹੈ, ਮੈਨੂੰ ਓਥੇ ਵੇਖ ਦਾਦੀ ਗਿਆਨ ਦੇਵੀ ਦਾ ਮੂੰਹ ਕੌੜ ਤੂੰਬੇ ਦਾ ਸਵਾਦ ਚੱਖੇ ਵਾਂਗ ਹੋ ਗਿਆ, ਉਸ ਨੂੰ ਹਰ ਉਹ ਸ਼ਖਸ ਜ਼ਹਿਰੀ ਲੱਗਦਾ ਹੈ ਜੋ ਤਰਨਜੀਤ ਕੌਰ ਦਾ ਹਮਦਰਦ ਹੈ।
ਦਾਦੀ ਮਾਂ ਦਰਜਨਾਂ ਵਾਰ ਪੁਲਿਸ ਕੋਲ ਲਿਖਤੀ ਅਰਜ਼ੀਆਂ ਦੇ ਕੇ ਆਈ ਹੈ ਕਿ ਉਸ ਦੇ ਵੱਡੇ ਨੂੰਹ ਪੁੱਤ ਤੇ ਪੋਤੀ ਪੋਤੇ ਨੂੰ ਘਰੋਂ ਕੱਢਿਆ ਜਾਵੇ, ਕਿਉਂਕਿ ਕੁੜੀ ਵਿੱਚੇ ਪਿਸ਼ਾਬ ਕਰਦੀ ਹੈ, ਤੇ ਉਸ ਨੂੰ ਮੁਸ਼ਕ ਚੜਦੀ ਹੈ। ਕਦੇ ਵਿਮੈਨ ਸੈਲ, ਕਦੇ ਸਦਰ ਥਾਣੇ ਤੇ ਕਦੇ ਐਸ ਐਸ ਪੀ ਦੇ ਸ਼ਿਕਾਇਤ ਕਰਦੀ ਹੈ, ਪੁਲਿਸ ਕਈ ਵਾਰ ਆਉਂਦੀ, ਪਰ ਸਮਝਾ ਕੇ ਮੁੜ ਜਾਂਦੀ ਹੈ ਕਿ ਕਿਸੇ ਨੂੰ ਇਉਂ ਘਰੋਂ ਨਹੀਂ ਕੱਢਿਆ ਜਾ ਸਕਦਾ, ਫੇਰ ਦਾਦੀ ਮਾਂ ਆਪਣੀ ਅਪਾਹਜ ਪੋਤੀ ਜੰਮਣ ਵਾਲੀ ਨੂੰਹ ਦੀ ਕੁੱਟਮਾਰ ਕਰਦੀ ਹੈ, ਗਾਲੀ ਗਲੋਚ ਕਰਦੀ, ਉਸ ਦੇ ਚਰਿੱਤਰ 'ਤੇ ਸ਼ਬਦੀ ਵਾਰ ਕਰ ਜਾਂਦੀ ਹੈ।
ਐਨੀ ਜ਼ਲਾਲਤ ਐਨਾ ਦਰਦ ਐਨੇ ਕਸ਼ਟ ਝੱਲ ਰਹੇ ਤਰਨਜੀਤ ਦੇ ਮਾਪਿਆਂ ਨੂੰ ਇਕ ਵਾਰ ਜਲੰਧਰ ਦੇ ਇਕ ਆਸ਼ਰਮ ਦੇ ਪ੍ਰਬੰਧਕਾਂ ਨੇ ਸੁਲਾਹ ਮਾਰੀ ਸੀ ਕਿ ਅਪਾਹਜ ਕੁੜੀ ਨੂੰ ਕਦ ਤੱਕ ਢੋਂਹਦੇ ਫਿਰੋਗੇ, ਆਸ਼ਰਮ ਵਿੱਚ ਛੱਡ ਜਾਓ, ਤਾਂ ਮਾਂ ਦੀਆਂ ਆਂਦਰਾਂ ਤੜਪ ਉਠੀਆਂ ਸਨ ਤੇ ਜੁਆਬ ਦਿੱਤਾ ਸੀ ਕਿ ਮੇਰਾ ਤਾਂ ਹਰ ਸਾਹ ਮੇਰੀ ਬੱਚੀ ਦੇ ਲੇਖੇ ਹੈ..
ਤਰਨਜੀਤ ਸਰਕਾਰੀ ਹਾਈ ਸਕੂਲ ਤੋਪਖਾਨਾ ਦੀ 7ਵੀਂ ਜਮਾਤ ਦੀ ਵਿਦਿਆਰਥਣ ਹੈ, ਮਾਂ ਹੀ ਉਸ ਨੂੰ ਸਕੂਲ ਛੱਡ ਕੇ ਆਉਂਦੀ ਹੈ ਤੇ ਲੈ ਕੇ ਆਉਂਦੀ ਹੈ। ਉਹ ਹਰ ਜਮਾਤ ਵਿਚੋਂ 85 ਫੀਸਦੀ ਤੋਂ ਵੱਧ ਅੰਕ ਹਾਸਲ ਕਰਦੀ ਹੈ। ਵਿਗਿਆਨ ਉਸ ਦਾ ਪਸੰਦੀਦਾ ਵਿਸ਼ਾ ਹੈ, ਸਾਇੰਸ ਦੀ ਪ੍ਰਦਰਸ਼ਨੀ ਵਿੱਚ ਅਕਸਰ ਹਿੱਸਾ ਲੈਂਦੀ ਹੈ, ਬਹੁਤ ਵਾਰ ਸਨਮਾਨ ਵਿੱਚ ਸ਼ੀਲਡਾਂ ਲੈ ਕੇ ਆਈ ਹੈ। ਲੀਡਰ ਲੋਕ ਜਿਹਨਾਂ ਵਿੱਚ ਰਾਣਾ ਗੁਰਜੀਤ ਸਿੰਘ ਐਮ ਐਲ ਏ ਵੀ ਸ਼ਾਮਲ ਹਨ, ਮਾਣ ਨਾਲ ਬੱਚੀ ਦੇ ਬਰਾਬਰ ਬਹਿ ਕੇ ਫੋਟੋਆਂ ਲੁਹਾਉਂਦੇ ਨੇ, ਪਰ ਕਦੇ ਕਿਸੇ ਨੇ ਗੁਰਬਤ ਦੀਆਂ ਮੁਸ਼ਕੀਆਂ ਹਲਾਤਾਂ ਵਿੱਚ ਖਿੜ ਰਹੀ ਇਸ ਕਲੀ ਨੂੰ ਓਟ ਆਸਰਾ ਦੇਣ ਦੀ ਲੋੜ ਹੀ ਨਹੀਂ ਸਮਝੀ। ਤਰਨਜੀਤ ਬਹੁਤ ਪੜਨਾ ਚਾਹੁੰਦੀ ਹੈ, ਅਧਿਆਪਕ ਬਣਨਾ ਚਾਹੁੰਦੀ ਹੈ, ਘੁੰਮਣ ਫਿਰਨ ਦੀ ਸ਼ੌਕੀਨ, ਬੜੇ ਚਾਅ ਨਾਲ ਦੱਸਦੀ ਹੈ - ਮੈਂ ਗੋਇੰਦਵਾਲ ਸਾਹਿਬ ਵੀ ਗਈ, ਸ੍ਰੀ ਹਰਿਮੰਦਰ ਸਾਹਿਬ ਵੀ ਗਈ, ਬੇਰ ਸਾਹਿਬ ਵੀ ਜਾ ਕੇ ਆਈ, ਵੈਸ਼ਨੋ ਦੇਵੀ, ਚਿੰਤਪੁਰਨੀ ਦੇ ਵੀ ਜਾ ਕੇ ਆਈ ਹਾਂ।
ਗਾਉਂਦੀ ਬੜਾ ਸੋਹਣਾ ਹੈ- ਹਮ ਹੋਂਗੇ ਕਾਮਯਾਬ ਏਕ ਦਿਨ, ਗੀਤ ਗੁਣਗੁਣਾਉਂਦੀ ਹੈ।
ਉਹ ਬੱਸ ਮੁਸਕਰਾਉਣਾ ਜਾਣਦੀ ਹੈ, ਤੇ ਉਹਨੂੰ ਮਿਲਣ ਵਾਲਾ ਉਹਦੀ ਮੁਸਕਰਾਹਟ ਵਿੱਚ ਆਪਣੀ ਜ਼ਿੰਦਗੀ ਦੀ ਨਿਰਾਸ਼ਾ ਗਵਾ ਕੇ ਹੀ ਪਰਤੇਗਾ..
ਸ਼ੁਕਰੀਆ ਤਰਨਜੀਤ.. ਹੁਣ ਮੈਂ ਵੀ ਕਦੀ ਨਿਰਾਸ਼ ਨਹੀਂ ਹੁੰਦੀ..
-
ਅਮਨਦੀਪ ਹਾਂਸ, ਲੇਖਕ
hansdeep1980@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.