ਅੱਜਕੱਲ ਹਰ ਟੀ.ਵੀ. ਚੈਨਲ ਉੱਤੇ ਪੇਟੀਐਮ (Paytm) ਦੀ ਮਸ਼ਹੂਰੀ ਆ ਰਹੀ ਹੈ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਪੇਟੀਐਮ ਕਰੋ ਅਤੇ ਜ਼ਿੰਦਗੀ ਜਿਉਣ ਦਾ ਨਵਾਂ ਤਰੀਕਾ ਸ਼ੁਰੂ ਕਰੋ. ਉਸ ਮਸ਼ਹੂਰੀ ਵਿੱਚ ਇੱਕ ਬੱਚਾ ਜਦੋਂ ਆਪਣੀ ਭੂਆ ਨੂੰ ਮਿਲਣ ਜਾਂਦਾ ਹੈ ਤਾਂ ਉਸਦੀ ਮਾਂ ਸਮਝਾ ਕੇ ਤੋਰਦੀ ਹੈ ਕਿ ਵਾਪਸ ਮੁੜਨ ਲੱਗੇ ਭੂਆ ਪੈਸੇ ਦੇਵੇ ਤਾਂ ਝੱਟ ਦੇਣੇ ਫੜ ਨਾ ਲਵੀਂ. ਪਰ ਭੂਆ ਅੱਗੋਂ ਨਵੇਂ ਜ਼ਮਾਨੇ ਦੀ ‘ਪੇਟੀਐਮ ਖਾਤਾਧਾਰਕ’ ਹੁੰਦੀ ਹੈ. ਉਹ ਆਪਣੇ ਭਤੀਜੇ ਨੂੰ ਨਕਦ ਸ਼ਗਨ ਨਹੀਂ ਦਿੰਦੀ ਬਲਕਿ ਉਸਦੇ ਪੇਟੀਐਮ ਖਾਤੇ ਵਿੱਚ 501 ਰੁਪਏ ਭੇਜ ਦਿੰਦੀ ਹੈ. ਭੂਆ ਦੇ ਘਰ ਦੀਆਂ ਪੌੜੀਆਂ ਉੱਤਰਦੇ ਹੀ ਭਤੀਜੇ ਨੂੰ ਇਸਦਾ ਮੋਬਾਈਲ ਉੱਤੇ ਮੈਸੇਜ ਵੀ ਆ ਜਾਂਦਾ ਹੈ ਅਤੇ ਉਹ ਨਾਲੋ-ਨਾਲ ਹੱਥ ਹਿਲਾ ਕੇ ਭੂਆ ਜੀ ਦਾ ਧੰਨਵਾਦ ਕਰ ਦਿੰਦਾ ਹੈ.
ਇਹ ਪੇਟੀਐਮ ਇੱਕ ਕਿਸਮ ਦਾ ਮੋਬਾਈਲ ਬਟੂਆ ( Mobile Wallet ) ਹੈ ਜਿਸ ਵਿੱਚ ਤੁਸੀਂ ਆਪਣੀ ਹਜ਼ਾਰਾਂ ਦੀ ਰਕਮ ਇਲੈਕਟ੍ਰਾਨਿਕ ਖਾਤਾ ਬਣਾ ਕੇ ਰੱਖ ਸਕਦੇ ਹੋ. ਪੇਟੀਐਮ ਖਾਤੇ ਨੂੰ ਬਹੁਤ ਸਾਰੇ ਨਕਦ-ਰਹਿਤ ਲੈਣ ਦੇਣ ਲਈ ਵਰਤਿਆ ਜਾ ਸਕਦਾ ਹੈ. ਪਹਿਲਾਂ ਤਾਂ ਇਸਦੀ ਵਰਤੋਂ ਆਮ ਕਰਕੇ ਮੋਬਾਈਲ ਰੀਚਾਰਜ, ਡਿਸ਼ ਰੀਚਾਰਜ ਜਾਂ ਆਨਲਾਈਨ ਖਰੀਦਦਾਰੀ ਲਈ ਹੀ ਹੁੰਦੀ ਸੀ ਪਰ ਅੱਜਕੱਲ ਇਸਦੀ ਵਰਤੋਂ ਵਿੱਚ ਬੜੇ ਨਵੇਂ ਰਸਤੇ ਖੁੱਲ ਚੁੱਕੇ ਹਨ. ਇਸ ਨਾਲ ਵੱਡੇ ਸ਼ਹਿਰਾਂ ਵਿੱਚ ਬਿਜਲੀ-ਪਾਣੀ ਦੇ ਬਿੱਲ, ਬੀਮੇ ਦੀ ਕਿਸ਼ਤ, ਬੱਸ,ਰੇਲ ਅਤੇ ਜਹਾਜ਼ ਟਿਕਟ ਬੁਕਿੰਗ ਅਤੇ ਹਰ ਤਰਾਂ ਦੀ ਆਨ-ਲਾਈਨ ਖਰੀਦਦਾਰੀ ਕੀਤੀ ਜਾ ਸਕਦੀ ਹੈ. ਪੰਜਾਹ ਰੁਪਏ ਤੋਂ ਲੈ ਕੇ ਹਜ਼ਾਰਾਂ ਰੁਪਏ ਦੀ ਖਰੀਦਦਾਰੀ ਇਸ ਰਾਹੀਂ ਕੀਤੀ ਜਾ ਸਕਦੀ ਹੈ.
ਇਸ ਖਾਤੇ ਵਿੱਚ ਇਲੈਕਟ੍ਰਾਨਿਕ ਢੰਗ ਨਾਲ ਰਕਮ ਪਾਉਣ ਲਈ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ. ਪਰ ਜੇਕਰ ਕਿਸੇ ਕੋਲ ਇੰਟਰਨੈੱਟ ਬੈਂਕਿੰਗ ਨਹੀਂ ਹੈ ਤਾਂ ਉਹ ਆਪਣੇ ਏਟੀਐਮ ਕਾਰਡ ਦੀ ਵਰਤੋਂ ਨਾਲ ਇਸ ਵਿੱਚ ਰਕਮ ਪਾ ਸਕਦਾ ਹੈ. ਇਹਨਾਂ ਦੋਹਾਂ ਹੀ ਕੰਮਾਂ ਲਈ ਤੁਹਾਡਾ ਫੋਨ ਨੰਬਰ ਤੁਹਾਡੇ ਬੈਂਕ ਵਾਲੇ ਖਾਤੇ ਨਾਲ ਜੁੜਿਆ ਹੋਣਾ ਚਾਹੀਦਾ ਹੈ. ਇਸਦਾ ਭਾਵ ਹੈ ਕਿ ਤੁਹਾਨੂੰ ਆਪਣੇ ਬੈਂਕ ਖਾਤੇ ਵਿਚੋਂ ਪੈਸੇ ਨਿਕਲਣ ਜਾਂ ਜਮਾ ਹੋਣ ਦੀ ਸੂਚਨਾ ਆਉਂਦੀ ਹੋਵੇ. ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਸਮਾਰਟ ਫੋਨ ਹੋਣਾ ਚਾਹੀਦਾ ਹੈ. ਸਮਾਰਟ ਫੋਨ ਤੋਂ ਭਾਵ ਕੋਈ ਬਹੁਤਾ ਮਹਿੰਗਾ ਫੋਨ ਨਹੀਂ ਬਲਕਿ ਤਿੰਨ ਕੁ ਹਜ਼ਾਰ ਰੁਪਏ ਕੀਮਤ ਵਾਲਾ ਮੋਬਾਈਲ ਵੀ ਕਾਫੀ ਹੈ ਜਿਸ ਉੱਤੇ ਇੰਟਰਨੈੱਟ ਚੱਲਦਾ ਹੋਵੇ.
ਪਹਿਲਾਂ ਤੁਸੀਂ ਸਮਾਰਟ ਫੋਨ ਦੇ ਪਲੇਅ ਸਟੋਰ (Play Store) ਉੱਤੇ ਜਾ ਕੇ ਪੇਟੀਐਮ ਦੀ ਐਪਲੀਕੇਸ਼ਨ ਡਾਊਨਲੋਡ ਕਰੋਗੇ. ਉਸ ਐਪਲੀਕੇਸ਼ਨ ਵਿੱਚ ਆਪਣਾ ਨਾਮ ਅਤੇ ਫੋਨ ਨੰਬਰ ਭਰ ਕੇ ਰਜਿਸਟਰ ਹੋਣ ਨਾਲ ਤੁਸੀਂ ਇੱਕ ਪੇਟੀਐਮ ਖਾਤੇ ਦੇ ਮਾਲਕ ਬਣ ਜਾਉਗੇ. ਇਸ ਖਾਤੇ ਨੂੰ ਖੋਲਣ ਲਈ ਆਪਣਾ ਇੱਕ ਗੁਪਤ ਕੋਡ ( ਪਾਸਵਰਡ ) ਬਣਾ ਲਉ ਤਾਂ ਕਿ ਤੁਹਾਡੇ ਤੋਂ ਬਿਨਾ ਕੋਈ ਹੋਰ ਉਸ ਨੂੰ ਚਲਾ ਨਾ ਸਕੇ. ਫਿਰ ਪੇਟੀਐਮ ਖਾਤੇ ਵਿੱਚ ਪੈਸੇ ਪਾਉਣ ਲਈ ਤੁਸੀਂ ਉਸਦੇ ਜਮਾ ਵਾਲੇ ਵਿਕਲਪ ‘ਐਡ ਮਨੀ’ (Add Money) ਉੱਤੇ ਜਾਉਗੇ. ਉਥੇ ਜਾ ਕੇ ਤੁਸੀਂ ਆਪਣੀ ਲੋੜੀਂਦੀ ਰਕਮ ਉਸ ਵਿੱਚ ਲਿਖ ਕੇ ਫਿਰ ਇੰਟਰਨੈੱਟ ਬੈਂਕਿੰਗ ਜਾਂ ਡੈਬਿਟ ਕਾਰਡ ਦੀ ਚੋਣ ਕਰੋਗੇ. ਡੈਬਿਟ ਕਾਰਡ ਤੁਹਾਡੇ ਏਟੀਐਮ ਕਾਰਡ ਨੂੰ ਹੀ ਕਹਿੰਦੇ ਹਨ. ਜੇਕਰ ਤੁਸੀਂ ਡੈਬਿਟ ਕਾਰਡ ਦੀ ਚੋਣ ਕਰਦੇ ਹੋ ਤਾਂ ਉਹ ਤੁਹਾਡੇ ਤੋਂ ਡੈਬਿਟ ਕਾਰਡ ਦੇ 16 ਅੰਕਾਂ ਵਾਲੇ ਨੰਬਰ ਦੀ ਮੰਗ ਕਰੇਗਾ. ਤੁਸੀਂ ਉਸ ਕਾਰਡ ਦੇ ਖਤਮ ਹੋਣ ਦੀ ਤਰੀਕ (Expiry Date) ਵੀ ਭਰੋਗੇ. ਫਿਰ ਉਹ ਤੁਹਾਡੇ ਤੋਂ ਕਾਰਡ ਦੇ ਪਿਛਲੇ ਪਾਸੇ ਲਿਖਿਆ ਤਿੰਨ ਅੰਕਾਂ ਦਾ ਸੀ.ਵੀ.ਵੀ. ਨੰਬਰ ਮੰਗੇਗਾ ਜਾਂ ਏਟੀਐਮ ਕਾਰਡ ਦਾ ਪਿੰਨ ਕੋਡ ( ਏਟੀਐਮ ਮਸ਼ੀਨ ਵਿਚੋਂ ਪੈਸੇ ਕਢਵਾਉਣ ਲਈ ਵਰਤਿਆ ਜਾਂਦਾ ਚਾਰ ਅੰਕਾਂ ਦਾ ਕੋਡ ) ਵੀ ਮੰਗ ਸਕਦਾ ਹੈ. ਉਸਤੋਂ ਬਾਅਦ ਤੁਹਾਡੇ ਰਜਿਸਟਰਡ ਫੋਨ ਉੱਤੇ ਇੱਕ ਓ.ਟੀ.ਪੀ. ਕੋਡ ਆਏਗਾ ਜਿਸਨੂੰ ਤੁਸੀਂ ਉਥੇ ਭਰੋਗੇ. ਓ.ਟੀ.ਪੀ. ਕੋਡ (OTP) ਦਾ ਅਰਥ ਹੈ ਇੱਕ ਵਾਰੀ ਦਾ ਕੋਡ (One TTime Password) ਜੋ ਕਿ ਇੱਕ ਵਾਰੀ ਭਰਨ ਤੋਂ ਬਾਅਦ ਆਪਣੇ ਆਪ ਰੱਦ ਹੋ ਜਾਂਦਾ ਹੈ. ਇਹ ਕੋਡ ਭਰਨ ਤੋਂ ਬਾਅਦ ਤੁਸੀਂ ਅਖੀਰ ਵਿੱਚ ਓਕੇ ਦਾ ਬਟਨ ਦਬਾਉਗੇ. ਇਸ ਨਾਲ ਤੁਹਾਡੀ ਲੋੜੀਂਦੀ ਰਕਮ ਤੁਹਾਡੇ ਬੈਂਕ ਵਾਲੇ ਖਾਤੇ ਵਿਚੋਂ ਨਿਕਲ ਕੇ ਤੁਹਾਡੇ ਪੇਟੀਐਮ ਖਾਤੇ ਵਿੱਚ ਜਮਾ ਹੋ ਜਾਏਗੀ. ਸੌਖੇ ਸ਼ਬਦਾਂ ਵਿੱਚ ਇਸ ਨਾਲ ਤੁਹਾਡਾ ਮੋਬਾਈਲ ਬਟੂਆ ਭਰ ਜਾਏਗਾ. ਹੁਣ ਤੁਸੀਂ ਉਸ ਬਟੂਏ ਵਿਚੋਂ ਲੋੜ ਮੁਤਾਬਕ ਆਪਣਾ ਖਰਚਾ ਕਰ ਸਕਦੇ ਹੋ.
ਛੋਟੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਵੀ ਤੁਸੀਂ ਕੋਈ ਵੀ ਚੀਜ਼ ਪੇਟੀਐਮ ਰਾਹੀਂ ਖਰੀਦ ਸਕਦੇ ਹੋ. ਜੇਕਰ ਉਸ ਚੀਜ਼ ਦਾ ਵਿਕਰੇਤਾ ਵੀ ਆਪਣਾ ਪੇਟੀਐਮ ਖਾਤਾ ਚਲਾਉਂਦਾ ਹੋਵੇ ਫਿਰ ਤਾਂ ਕੰਮ ਬਹੁਤ ਹੀ ਸੌਖਾ ਹੈ. ਉਸਨੂੰ ਬਣਦੀ ਰਕਮ ਦੇਣ ਲਈ ਤੁਸੀਂ ਆਪਣੇ ਪੇਟੀਐਮ ਖਾਤੇ ਦੇ ਭੁਗਤਾਨ (Pay) ਵਿਕਲਪ ਵਿੱਚ ਜਾਣਾ ਹੈ ਅਤੇ ਉਸ ਆਦਮੀ ਦਾ ਫੋਨ ਨੰਬਰ ਉਸ ਵਿੱਚ ਭਰਨਾ ਹੈ. ਫਿਰ ਬਣਦੀ ਰਕਮ ਭਰ ਕੇ ਓਕੇ ਦਾ ਬਟਨ ਦਬਾ ਦੇਣਾ ਹੈ. ਸਕਿੰਟਾਂ ਵਿੱਚ ਹੀ ਤੁਹਾਨੂੰ ਦੋਵਾਂ ਨੂੰ ਆਪੋ-ਆਪਣੇ ਮੋਬਾਈਲ ਉੱਤੇ ਸੁਨੇਹਾ ਮਿਲ ਜਾਵੇਗਾ ਕਿ ਤੁਹਾਡੇ ਪੇਟੀਐਮ ਖਾਤੇ ਵਿਚੋਂ ਬਣਦੀ ਰਕਮ ਨਿਕਲ ਕੇ ਉਸਦੇ ਖਾਤੇ ਵਿੱਚ ਜਾ ਚੁੱਕੀ ਹੈ. ਫੋਨ ਨੰਬਰ ਭਰ ਕੇ ਅਦਾਇਗੀ ਕਰਨ ਤੋਂ ਇਲਾਵਾ ਹੋਰ ਵੀ ਕਈ ਢੰਗ ਹਨ ਜਿਹੜੇ ਕਿ ਆਰਾਮ ਨਾਲ ਸਿੱਖੇ ਜਾ ਸਕਦੇ ਹਨ. ਇਹਨਾਂ ਵਿੱਚੋਂ ਇੱਕ ਮਸ਼ਹੂਰ ਢੰਗ ਹੈ ਕਿਊ.ਆਰ. ਕੋਡ ਨੂੰ ਸਕੈਨ ਕਰ ਕੇ ਰਕਮ ਭੇਜਣਾ.
ਜੇਕਰ ਉਸ ਵਿਕਰੇਤਾ ਕੋਲ ਪੇਟੀਐਮ ਖਾਤਾ ਨਾ ਹੋਵੇ ਤਾਂ ਉਹੀ ਰਕਮ ਉਸਦੇ ਬੈਂਕ ਦੇ ਖਾਤੇ ਵਿੱਚ ਵੀ ਪੇਟੀਐਮ ਰਾਹੀਂ ਹੀ ਭੇਜੀ ਜਾ ਸਕਦੀ ਹੈ. ਇਸਦੇ ਲਈ ਪਾਸਬੁੱਕ ਦੇ ਵਿਕਲਪ ਦੀ ਚੋਣ ਕਰਕੇ ਉਸ ਦਾ ਨਾਮ, ਬੈਂਕ ਖਾਤੇ ਦਾ ਨੰਬਰ ਅਤੇ ਬੈਂਕ ਦਾ IFSC ਕੋਡ ਭਰ ਕੇ ਬਣਦੀ ਰਕਮ ਸਿੱਧੇ ਹੀ ਉਸਦੇ ਬੈਂਕ ਖਾਤੇ ਵਿੱਚ ਭੇਜੀ ਜਾ ਸਕਦੀ ਹੈ. ਇਸ ਤਰਾਂ ਨਾ ਤਾਂ ਖਰੀਦਦਾਰ ਨੂੰ ਬੈਂਕ ਵਿਚੋਂ ਪੈਸੇ ਕਢਵਾਉਣ ਦੀ ਲੋੜ ਹੈ ਅਤੇ ਨਾ ਹੀ ਵਿਕਰੇਤਾ ਨੂੰ ਪੈਸੇ ਸਾਂਭਣ ਦਾ ਝੰਜਟ ਹੈ. ਬੱਸ ਦੋ ਤਿੰਨ ਬਟਨ ਦਬਾਉਣ ਨਾਲ ਹੀ ਲੋੜੀਂਦੀ ਰਕਮ ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਪਹੁੰਚ ਜਾਏਗੀ. ਇਸੇ ਲਈ ਹੀ ਇਸਨੂੰ ਨਕਦ-ਰਹਿਤ ਖਰੀਦਦਾਰੀ ਕਹਿੰਦੇ ਹਨ ਕਿਉਂਕਿ ਬਿਨਾ ਕਿਸੇ ਨੋਟ ਦੀ ਵਰਤੋਂ ਕੀਤੇ ਹੀ ਹਰ ਤਰਾਂ ਦਾ ਲੈਣ-ਦੇਣ ਹੋ ਜਾਂਦਾ ਹੈ. ਪਰ ਇਹ ਜਰੂਰ ਧਿਆਨ ਰੱਖ ਲੈਣਾ ਚਾਹੀਦਾ ਹੈ ਕਿ ਪੇਟੀਐਮ ਵਰਗੇ ਪ੍ਰਾਈਵੇਟ ਅਦਾਰੇ ਇਹਨਾਂ ਕੰਮਾਂ ਲਈ ਤੁਹਾਡੇ ਤੋਂ ਕੁਝ ਫੀਸ ਵਸੂਲਦੇ ਹਨ. ਰੀਚਾਰਜ ਆਦਿ ਲਈ ਤਾਂ ਕਿਸੇ ਕਿਸਮ ਦੀ ਕੋਈ ਫੀਸ ਨਹੀਂ ਹੈ ਪਰ ਬੈਂਕ ਵਿੱਚ ਪੈਸੇ ਭੇਜਣ ਲਈ ਇਹ ਵਸੂਲੀ ਜਾਂਦੀ ਹੈ. ਇਸ ਲਈ ਉਹਨਾਂ ਬਟੂਇਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਜਿਹੜੇ ਘੱਟ ਤੋਂ ਘੱਟ ਫੀਸ ਵਸੂਲਦੇ ਹੋਣ.
ਪੇਟੀਐਮ ਤੋਂ ਇਲਾਵਾ ਜਿਹੜੇ ਮੋਬਾਈਲ ਬਟੂਏ ਅੱਜਕੱਲ ਵੱਧ ਮਕਬੂਲ ਹਨ ਉਹਨਾਂ ਵਿੱਚ ਮੋਬੀਕਵਿਕ (Mobikwik), ਫਰੀਚਾਰਜ (FreeCharge), ਔਕਸੀਜਨ (Oxigen), ਸਿਟਰਸ ਪੇਅ ( Citrus Pay), ਐਮ ਰੂਪੀਅ (M Rupee) ਆਦਿ ਪ੍ਰਮੁੱਖ ਹਨ. ਇਹਨਾਂ ਤੋਂ ਇਲਾਵਾ ਬਹੁਤ ਸਾਰੇ ਬੈਂਕਾਂ ਨੇ ਵੀ ਆਪੋ ਆਪਣੇ ਮੋਬਾਈਲ ਬਟੂਏ ਕੈਸ਼ਲੈੱਸ ਦੇ ਇੰਟਰਨੈੱਟ ਬਾਜ਼ਾਰ ਵਿੱਚ ਉਤਾਰ ਦਿੱਤੇ ਹਨ. ਇਹਨਾਂ ਵਿੱਚ ਭਾਰਤੀ ਸਟੇਟ ਬੈਂਕ ਦਾ ਸਟੇਟ ਬੈਂਕ ਬਡੀ, ਐਚ.ਡੀ.ਐਫ.ਸੀ. ਬੈਂਕ ਦਾ ਪੇਜ਼ੈਪ (PayZapp), ਐਕਸਿਸ ਬੈਂਕ ਦਾ ਐਕਸਿਸ ਪੇਅ ( Axis Pay), ਆਈ.ਸੀ.ਆਈ.ਸੀ.ਆਈ ਬੈਂਕ ਦੇ ਪਾਕਿਟਸ (Pockets) ਅਤੇ ਈਜ਼ੀ ਪੇਅ ( EazyEPay) ਆਦਿ ਜ਼ਿਕਰਯੋਗ ਹਨ. ਹਰ ਰੋਜ਼ ਹੋਰ ਵੀ ਨਵੇਂ ਤੋਂ ਨਵੇਂ ਮੋਬਾਈਲ ਬਟੂਏ ਲਾਂਚ ਹੋ ਰਹੇ ਹਨ. ਥੋੜੇ ਬਹੁਤੇ ਫਰਕ ਨਾਲ ਸਾਰਿਆਂ ਦੀ ਵਰਤੋਂ ਲਗਭਗ ਇੱਕੋ ਜਿਹੀ ਹੀ ਹੈ.
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417 193 193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.