ਬੱਸ ਊਂ ਈ ਆਪਣੀ ਕੈਬ ‘ਚ ਆਪਣੇ ਮਹਿਮਾਨਾਂ (ਸਵਾਰੀਆਂ) ਲਈ ਕੈਂਡੀਆਂ ਤੇ ਪਾਣੀ ਦੀ ਬੋਤਲ ਰੱਖ ਛੱਡਦਾ ਹਾਂ । ਜੀਹਦਾ ਜੀਅ ਕਰੇ ਲੈ ਲੈਂਦਾ ਹੈ ਤੇ ਓਹਦਾ ਮਨ ਥੋੜਾ ਖੁਸ਼ ਹੋ ਜਾਂਦਾ ਹੈ, ਹੋਰ ਕੀ । ਓਸ ਦਿਨ ਸਵੇਰੇ ਕਰੀਬ ਚਾਰ, ਸਾਢੇ ਚਾਰ ਦਾ ਟੈਮ ਹੋਣਾ ਜਦ ਉਨੀਂਦਰਾ ਮਹਿਮਾਨ ਏਅਰਪੋਰਟ ਲਈ ਚੁੱਕਿਆ । ਖਾਸੇ ਵੱਡੇ ਘਰ ਚੋਂ ਨਿੱਕਲ ਕੇ ਆਇਆ ਸੀ ਤੇ ਸਫ਼ਰ ਕਰੀਬ ਸੋਲਾਂ ਮਿੰਟਾਂ ਦਾ ਸੀ । ਓਹ ਸੱਜਣ ਮੈਲਬੌਰਨ ਦੇ ਖਜ਼ਾਨਾ ਦਫ਼ਤਰ ‘ਚ ਕੰਮ ਕਰਦਾ ਸੀ । ਗੱਲਾਂ ਚੱਲ ਪਈਆਂ ਤਾਂ ਮੈਂ ਓਹਦੀ ਵਾਪਸੀ ਲਈ ਪੁੱਛ ਲਿਆ ਤਾਂ ਜੋ ਜੌਬ ਪੱਕੀ ਕਰ ਸਕਾਂ । ਓਹਨੇ ਦੱਸਿਆ ਕਿ ਉਹ ਤਾਂ ਐਡੀਲੇਡ ਆਪਣੀ ਗਰਲ ਫਰੈਂਡ ਦੇ ਪਰਿਵਾਰ ਨੂੰ ਮਿਲਣ ਆਇਆ ਸੀ ਤੇ ਨਵਾਂ ਸਾਲ ਏਥੇ ਹਰਾ ਕਰ ਕੇ ਵਾਪਸ ਚੱਲਿਆ ਸੀ । ਮੇਰਾ ਖੋਪੜ ਪੁੱਠਾ ਘੁੰਮ ਪਿਆ, ਗਰਲ ਫਰੈਂਡ ਦਾ ਪਰਿਵਾਰ ਭਾਵ ਸਹੁਰਾ ਪਰਿਵਾਰ । ਤਾਂ ਜਮਾਈ ਰਾਜਾ ਸਹੁਰੀਂ ਹੋ ਕੇ ਚੱਲੇ ਨੇ । ਅੱਖਾਂ ‘ਚ ਨੀਂਦ, ਸ਼ਰਟ ਅੱਧੀ ਪੈਂਟ ‘ਚ, ਅੱਧੀ ਬਾਹਰ । ਜਦੋਂ ਘਰੋਂ ਬਾਹਰ ਆਇਆ ਤਾਂ ਲੈਟ ਵੀ ਨਾ ਜਗਾਈ ਸੀ, ਮਤੇ ਬਾਕੀਆਂ ਦੀ ਨੀਂਦ ਨਾ ਖਰਾਬ ਹੋ ਜਾਵੇ । ਏਹੀ ਜੇ ਕਿਤੇ ਪੰਜਾਬ ਦੇ ਕਿਸੇ ਪਿੰਡ ਸ਼ਹਿਰ ‘ਚ ਜਮਾਈ ਰਾਜਾ ਸਹੁਰਿਓਂ ਆਪਣੇ ਘਰ ਚੱਲਾ ਹੁੰਦਾ ਤਾਂ ਸਾਰਾ ਟੱਬਰ ਕੱਠਾ ਹੋਇਆ ਹੋਣਾ ਸੀ । ਨਿੱਕੇ ਨਿਆਣੇ ਵੀ ਬੇਸ਼ੱਕ ਭਾਈਆ ਭਾਈਆ ਤਾਂ ਨਾ ਕਰਦੇ ਪਰ ਰੀਂ ਰੀਂ ਕਰਦਿਆਂ ਨੇ ਆਪਣੀ ਬੀਬੀ ਦਾ ਝੱਗਾ ਜਰੂਰ ਪਿੱਛੋਂ ਫੜਿਆ ਹੋਣਾ ਸੀ । ਬੈਗ ‘ਚ ਸਹੁਰਿਆਂ ਵੱਲੋਂ ਭੇਂਟ ਕੀਤਾ ਨਿੱਕਸੁੱਕ ਤੇ ਸੱਸ ਨੇ ਤੁਰਦਿਆਂ ਸੌ ਦਾ ਨੋਟ ਹੱਥ ਜਰੂਰ ਧਰਨਾ ਸੀ । ਜੇ ਕਿਤੇ ਵਿਦਾਈ ਵੇਲੇ ਕੋਈ ਛੋਟੀ ਸਾਲੀ ਵੀ ਜੀਜਾ ਜੀ ਜੀਜਾ ਜੀ ਕਰਦੀ ਹੁੰਦੀ ਤਾਂ “ਗੋਲੇਆਲਾ” ਬੱਝ ਜਾਣਾ ਸੀ । ਸਾਲੀ ਦੇ ਨਾਂ ‘ਤੇ ਤਾਂ ਬਾਂਦਰ ਵੀ ਘਿਚ ਘਿਚ ਕਰਨ ਲੱਗ ਪੈਂਦੈ ਤੇ ਬੰਦਾ ਤਾਂ ਵਿਚਾਰਾ ਫੇਰ ਬੰਦਾ ਈ ਐ । ਓਦੋਂ ਝਾਂਜਰਾਂ ਆਲੀ ਨੇ ਵੀ ਆਲੇ ਦੁਆਲੇ ਪੈਲ੍ਹਾਂ ਪਾਉਣੀਆਂ ਸੀ ਤੇ ਓਦੂੰ ਪਹਿਲਾਂ ਭੁਜੀਏ ਬਦਾਨੇ ਤੇ ਬਰਫ਼ੀ ਨਾਲ਼ ਚਾਹ ਦਾ ਚੰਗਾ ਗਲਾਸ ਚਾੜ੍ਹਿਆ ਹੋਣਾ ਸੀ, ਹਾਂ ਸੱਚ ਮਟਰਾਂ ਤੇ ਬਿਸਕੁਟਾਂ ਦੀਆਂ ਵੀ ਪਲੇਟਾਂ ਲੱਗਣੀਆਂ ਸੀ । ਦੂਜੇ ਪਾਸੇ ਇਹ ਬਾਈ ਏਦਾਂ ਜਾਪਦਾ ਸੀ ਜਿਵੇਂ ਕਿਸਮਤ ਦਾ ਮਾਰਿਆ ਹੋਵੇ । ਕੈਬ ‘ਚ ਗੱਲਾਂਬਾਤਾਂ ਸ਼ੁਰੂ ਹੋਣ ਤੋਂ ਪਹਿਲਾਂ ਓਹਦੇ ਪਾਸੇ ਦੀ ਡੋਰ ਪਾਕਿਟ ‘ਚ ਜੇਹੜੀ ਪਾਣੀ ਆਲੀ ਬੋਤਲ ਪਈ ਸੀ, ਚੁੱਕ ਕੇ ਕਹਿੰਦਾ ਕਿ ਪੀ ਲਵਾਂ ? ਮੈਂ ਕੇਹੜਾ ਨਾਂਹ ਕਰਨੀ ਸੀ, ਉਲਟਾ ਓਸਨੂੰ ਕਿਹਾ ਕਿ ਮੈਂਟੌਸ ਖਾਣੀ ਐ ਤਾਂ ਓਹ ਵੀ ਹੈਗੀ ਐ । ਤੜਕੇ ਸਾਢੇ ਚਾਰ ਵਜੇ ਈ ਪਤੰਦਰ ਪਾਣੀ ਨਾਲ਼ ਮੈਂਟੌਸ ਦੀਆਂ ਟੌਫ਼ੀਆਂ ਖਾਈ ਜਾਵੇ । ਮਿੱਠਾ ਖਾਂਦਿਆਂ ਵੇਖ ਇੱਕ ਤਾਂ ਗੱਲ ਪੱਕੀ ਈ ਸੀ ਬਈ ਓਸ ਨੇ ਮੂੰਹ ਕੈਬ ‘ਚ ਈ ਜੁਠਾਇਆ ਸੀ । ਸਾਡੇ ਕਈ ਹਮਵਤਨੀਂ ਵੀ ਗੋਰੀਆਂ ਨਾਲ਼ ਪ੍ਰਦੇਸਾਂ ‘ਚ ਪੱਕੇ ਹੋਏ ਨੇ । ਪੰਜਾਬ ਜਾ ਕੇ ਓਹ ਭਾਵੇਂ ਜਿੰਨਾ ਮਰਜ਼ੀ ਆਕੜ ਕੇ ਤੁਰਦੇ ਹੋਣ ਤੇ ਯੈ ਯੈ ਕਰਦੇ ਹੋਣ ਪਰ ਸਹੁਰਿਓਂ ਤਾਂ ਏਦਾਂ ਈ ਟੌਫ਼ੀਆਂ ਨਾਲ਼ ਪਾਣੀ ਪੀ ਕੇ ਨਿੱਕਲਦੇ ਹੋਣੇ....
-
ਰਿਸ਼ੀ ਗੁਲਾਟੀ, ਲੇਖਕ
contact@depressiontherapysa.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.