ਪਹਿਲਾਂ ਇਕ ਇਕ ਦਿਨ ਗਿਣੀਂਦਾ ਹੈ, ਫਿਰ ਹਫ਼ਤੇ, ਮਹੀਨੇ ਤੇ ਸਾਲ। ਐਦਾਂ ਗਿਣਤੀਆਂ ਮਿਣਤੀਆਂ ਕਰਦੇ ਕਰਦੇ ਸਦੀਆਂ ਗੁਜ਼ਰ ਗਈਆਂ ਨੇ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਆਉਣੀਆਂ ਨੇ। ਇਹਨਾਂ ਗਿਣਤੀਆਂ ਮਿਣਤੀਆਂ 'ਚੋਂ ਬਹੁਤੇ ਦਿਨ ਨੇਕੀ ਦੇ ਵੀ ਰਹੇ, ਪਰ ਬਦੀ ਦੇ ਪਲਾਂ ਤੋਂ ਵੀ ਟਾਲਾ ਨਹੀਂ ਵੱਟਿਆ ਜਾ ਸਕਦਾ। ਹਰੇਕ ਨਵੇਂ ਸਾਲ ਦਾ ਹਰ ਇਕ ਦਿਨ ਪਹੁ-ਫੁਟਾਲੇ ਦੀ ਲਾਲੀ 'ਚ ਸੂਰਜ ਦੀਆਂ ਕਿਰਨਾਂ ਵਾਂਗ ਚਮਕਦਾ ਚਮਕਦਾ ਤੀਜੇ ਪਹਿਰ ਨੂੰ ਹਨ੍ਹੇਰ ਕੋਠੜੀ ਦੇ ਆਗੋਸ਼ 'ਚ ਜਾਣ ਦੀ ਤਿਆਰੀ ਕਰ ਲੈਂਦਾ ਹੈ। ਅਗਲਾ ਦਿਨ ਫਿਰ ਸੂਰਜ ਵਾਂਗ ਚਮਕਾਂ ਮਾਰਦਾ ਚੜ੍ਹਦਾ ਹੈ। ਭਾਵ ਕਿ ਕੋਈ ਵੀ ਦਿਨ ਪੁਰਾਣਾ ਨਹੀਂ ਹੁੰਦਾ। ਕੁਦਰਤੀ ਤੌਰ 'ਤੇ ਹਰੇਕ ਦਿਨ ਤੇ ਰਾਤ ਨਵੀਂ ਹੁੰਦੀ ਹੈ। ਇਸੇ ਤਰ੍ਹਾਂ ਹੀ ਸਮਾਜਿਕ ਕਰਮ ਕਾਂਢਾਂ ਦੇ ਤਾਣੇ 'ਚ ਉਲਝਿਆ ਸ਼ਖਸ ਹਰੇਕ ਨਵੀਂ ਸਵੇਰ ਵਾਂਗ ਨਵੀਂ ਤੇ ਨਰੋਈ ਸੋਚ ਨੂੰ ਜਨਮ ਦੇਵੇ। ਅੱਜ ਵੱਡੇ ਦਿਨਾਂ ਦੀ ਨਹੀਂ ਵੱਡੇ ਦਿਮਾਗਾਂ ਦੀ ਲੋੜ ਹੈ, ਬੋਤਲਾਂ ਦੀ ਨਹੀਂ ਕਿਤਾਬਾਂ ਦੀ ਲੋੜ ਹੈ, ਵਿਹਲੜਾਂ ਦੀ ਨਹੀਂ ਕਾਮਿਆਂ ਦੀ ਲੋੜ ਹੈ। ਇਸ ਤਰ੍ਹਾਂ ਸੋਚਿਆ ਜਾਵੇ ਕਿ ਅਸੀਂ ਰਾਹਾਂ 'ਤੇ ਨਹੀਂ ਤੁਰਨਾ ਸਗੋਂ ਜਦੋਂ ਤੁਰੀਏ ਤਾਂ ਰਾਹ ਆਪਣੇ ਆਪ ਬਣਦੇ ਜਾਣ। ਇਸ ਲਈ ਅੱਜ ਤਾਂਤਰਿਕਾਂ ਦੀ ਨਹੀਂ ਸਾਇੰਸਦਾਨਾਂ ਦੀ ਲੋੜ ਹੈ। ਏਕੇ ਦੀ ਬਰਕਤ ਨਾਲ ਇਉਂ ਲਹਿਰਾਂ-ਬਹਿਰਾਂ ਲੱਗਣ ਕਿ ਹਰ ਕੋਈ ਰੱਜ ਕੇ ਖਾਵੇ-ਪੀਵੇ। ਆਪਣੇ ਘਰ ਦੀ ਖੁਸ਼ਹਾਲੀ ਤੋਂ ਹਰ ਇਕ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦਿਸੇ। ਰਿਸ਼ਤਿਆਂ ਦੀਆਂ ਵਿੱਥਾਂ ਪਰਿੰਦਿਆਂ ਦੀ ਪਰਵਾਜ਼ ਬਣ ਜਾਣ ਤੇ ਬੰਦਾ ਬੰਦੇ ਦਾ ਦਾਰੂ ਬਣ ਕੇ ਇਕ ਦੂਜੇ ਦਾ ਦਰਦ ਵੰਡਾਵੇ। ਲੜਾਕੂ ਕੁੱਕੜਾਂ ਦੇ ਮਾਲਕ ਕਿਵੇਂ ਆਪਣੇ ਕੁੱਕੜ ਦਾ ਸਿਰ ਪਲੋਸ ਕੇ ਧੱਕੇ ਦਾ ਵੈਰ ਪਵਾਉਂਦੇ ਨੇ। ਇਸੇ ਤਰਜ਼ 'ਤੇ ਸਿਆਸਤੀ ਹੱਥ ਨਾ ਚਾਹੁੰਦਿਆਂ ਵੀ ਤਲਵਾਰਾਂ ਫੜਾ ਕੇ ਫਿਰਕੂ ਭੇਸ ਵਟਾ ਲੈਂਦੇ ਨੇ। ਨਵਾਂ ਦਿਨ ਐਦਾਂ ਦਾ ਚੜੇ ਕਿ ਨਾ ਤਾਂ ਸਿਆਸਤ ਨਾਚ ਨਚਾ ਸਕੇ ਤੇ ਨਾ ਹੀ ਧਰਮ ਦੇ ਨਾਂ 'ਤੇ ਲੜਾਈਆਂ ਹੋਣ। ਬਸ ਸਭ ਨੂੰ ਧਰਮ ਦੀ ਸੋਝੀ ਆ ਜਾਵੇ ਤੇ ਕੋਈ ਆਪਣੇ ਹੱਥ ਖ਼ੂਨ ਨਾਲ ਨਾ ਰੰਗੇ। ਇਕ ਨੂਰ ਹੀ ਦਿਖਾਈ ਦੇਵੇ ਤੇ ਹਰ ਕੋਈ ਕੁੱਲ ਦੁਨੀਆ ਦਾ ਭਲਾ ਹੀ ਸੋਚੇ। ਦੇਸ਼ ਦੀ ਜਵਾਨੀ ਨੂੰ ਦੁੱਧ, ਦਹੀਂ ਦੇ ਲਾਲਚ ਪੈਣ ਤੇ ਨਸ਼ੇ ਨੂੰ ਠੁੱਡੇ। ਹਰ ਸ਼ਖਸ ਦੇ ਕਰਮ 'ਇਨਸਾਨਾਂ' ਵਰਗੇ ਹੋਵਣ ਭਾਵ ਕਿ ਭਾਈ ਘਨੱਈਏ ਵਾਂਗ ਮੱਲ੍ਹਮ ਲਾਉਣਾ ਆ ਜਾਵੇ। ਹਰ ਕੋਈ ਆਪਣੇ ਕਰਮ ਨੂੰ ਫਰਜ਼ ਸਮਝੇ ਤੇ ਕੁਤਾਹੀ ਤੋਂ ਕੰਨੀ ਕਤਰਾਉਣ ਦੀ ਜਾਚ ਸਿਖ ਲਵੇ। ਇੰਝ ਜ਼ਿੰਦਗੀ ਦਾ ਹਿਸਾਬ ਕਿਤਾਬ ਕਰਨ ਨਾਲ ਤੰਗੀਆਂ ਤੁਰਸ਼ੀਆਂ ਓਹਲੇ ਹੋ ਜਾਣਗੀਆਂ ਅਤੇ ਦਿਨ, ਰਾਤ ਤੇ ਵਾਰ ਮਹੀਨੇ ਸਾਰੇ ਹੀ ਸੁਖਦਾਈ ਹੋ ਜਾਣਗੇ। ਸ਼ਾਲਾ ! ਸਾਰੇ ਲੋਕ ਕਮਾਈ ਕਰਦੇ ਹੋਣ, ਕੋਈ ਵੀ ਵਿਹਲਾ ਨਜ਼ਰੀ ਨਾ ਪਵੇ। ਨਵੇਂ ਸਾਲ ਦਾ ਨਵਾਂ ਸਵੇਰਾ ਸਭ ਲਈ ਨਵੀਆਂ ਖੁਸ਼ੀਆਂ ਲੈ ਕੇ ਆਵੇ। ਬੂਟੇ ਲਾਉਣ ਲਈ ਹੱਥ ਦੋ ਦੀ ਥਾਂ ਚਾਰ ਬਣ ਜਾਣ ਦੇ ਹਰੇਕ ਰਾਹਗੀਰ 'ਨੰਨ੍ਹੀ ਛਾਂ' ਥੱਲੇ ਬਹਿ ਕੇ ਰਖਵਾਲਿਆਂ ਦੇ ਸੋਲ੍ਹੇ ਗਾਉਂਦਾ ਨਾ ਥੱਕੇ।
-
ਹੈਪੀ ਪੰਡਵਾਲਾ ਜ਼ੀਰਕਪੁਰ, ਲੇਖਕ
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.