ਖ਼ਬਰ ਹੈ ਕਿ ਬਾਲੀਵੁੱਡ ਦੇ ਸੁਪਰਸਟਾਰ ਸਲਾਮ ਖ਼ਾਨ ਕਮਾਈ ਦੇ ਮਾਮਲੇ 'ਚ ਵੀ 'ਸੁਲਤਾਨ' ਹਨ। ਉਹ ਇਸ ਸਾਲ ਸਭ ਤੋਂ ਵੱਧ ਮਕਾਈ ਕਰਨ ਵਾਲੇ ਸੈਲੀਬ੍ਰਿਟੀ ਬਣ ਗਏ ਹਨ। ਉਨਾਂ ਨੇ ਫੋਰਬਸ ਇੰਡੀਆ ਦੀਆਂ 100 ਸੈਲੀਬ੍ਰਿਟੀਆਂ ਦੀ ਸੂਚੀ 'ਚ ਅਦਾਕਾਰ ਸ਼ਾਹਰੁਖ ਖਾਨ ਨੂੰ ਪਿੱਛੇ ਛੱਡ ਕੇ ਸਿਖਰਲਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਸ਼ੋਹਰਤ ਦੇ ਮਾਮਲੇ 'ਚ ਉਹ ਭਾਰਤੀ ਟੈਸਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੋਂ ਪਿੱਛੇ ਹਨ। ਅਕਤੂਬਰ 2015 ਤੋਂ ਸਤੰਬਰ 2016 ਤੱਕ ਸਲਮਾਨ ਖਾਨ ਨੇ 270.33 ਕਰੋੜ ਦੀ ਕਮਾਈ ਕੀਤੀ।
ਕਦੇ 'ਮਾਈਆਂ ਲੱਗ ਰਜਾਈਆਂ' ਵਾਲੀ ਕਹਾਵਤ ਮਸ਼ਹੂਰ ਸੀ ਅਤੇ ਲੋਕ ਆਂਹਦੇ ਸਨ 'ਮਾਈਆਂ' ਦਾ ਗੁਰੂ ਭੁੱਖਾ ਨਹੀਓਂ ਮਰਦਾ। ਹੁਣ ਤਾਂ ਅਦਾਕਾਰ, ਕਲਾਕਾਰ, ਹਾਸੇ ਦੇ ਸਿਕੰਦਰ, ਕ੍ਰਿਕਟੀਏ ਹੀ ਛਾਏ ਹੋਏ ਆ, ਦੇਸ਼ ਦੀ ਸਵਾ ਅਰਬ ਦੀ ਮਿੱਸੀ-ਰਲਵੀਂ ਆਬਾਦੀ ਉੱਤੇ, ਜਿਹੜੇ ਆਪ ਰੁੱਖੀ ਮਿੱਸੀ ਖਾਂਦੇ ਆ ਅਤੇ ਉਪਰਲੇ ਦੇ ਗੁਣ ਗਾਂਦੇ ਆ, ਜਾਂ ਸੁਪਰਸਟਾਰਾਂ ਦੇ, ਜਿਨਾਂ ਦੇ ਝੋਲੀਆਂ ਭਰਨ ਲਈ ਢਿੱਡ ਨੂੰ 'ਗੰਢ' ਦੇਈ ਰੱਖਦੇ ਆ ਰਾਤ ਭਰ! ਜ਼ਮਾਨਾ ਹੀ ਐਸਾ ਆ ਗਿਆ, ਜਾਂ ਵਿਰਾਟ ਅੱਗੇ ਜਾਂ ਖਾਨ, ਜਾਂ ਘੁੱਗੀ ਅੱਗੇ ਜਾਂ 'ਮਾਨ', ਜਾਂ ਹੰਸ ਅੱਗੇ ਜਾਂ ਸੱਤੀ, ਵਿਚਾਰੇ ਕਲਮਕਾਰ 'ਜੌਹਲ', 'ਭੁੱਲਰ', 'ਸੰਧੂ', ਸਿਆਣੀ 'ਸੱਤੀ' ਦੀ ਗੱਲ ਸੁਣਦੇ ਆ, ਜਾਂ ਪੰਜਾਹ ਸਾਲ ਸਿਆਸਤ 'ਚ ਰੜਿਆ ਬਾਬਾ 'ਮਾਨ' ਦੀ ਗੱਲ ਸੁਨਣ ਲਈ ਮਜ਼ਬੂਰ ਆ ਜਾਂ ਮਸ਼ਖਰੇ ਘੁੱਗੀ ਦੀ। ਕੀ ਕਰੇ ਖ਼ਲਕਤ ਵਿਚਾਰੀ, ਦੇਸ਼ ਨੂੰ ਚਲਾਉਂਦੇ ਆ ਨੇਤਾ, ਖਿਡਾਉਂਦੇ ਆ ਖਿਡਾਰੀ, ਹਸਾਉਂਦੇ ਆ ਮਸ਼ਖਰੇ। ਕਰਮਾਂ ਦੀ ਮਾਰੀ ਜਨਤਾ ਦੇਸ਼ ਦੇ ਨੇਤਾਵਾਂ ਦੇ ਪੱਲੇ ਨਹੀਂ ਧੇਲਾ, ਬੱਸ ਮੋਦੀ ਵਾਂਗਰ ਗਾਈ ਜਾਂਦੇ ਆ, 'ਮੇਲਾ ਈ ਆ ਭਾਈ ਮੇਲਾ'। ਉਂਜ ਭਾਈ ਖਾਨ ਦੇ ਆ ਵਾਰੇ-ਨਿਆਰੇ ਅਤੇ ਕੋਹਲੀ ਕਿਹੜਾ ਘੱਟ ਆ, ਆਹ ਆਪਣੇ ਮੋਦੀ ਵਾਂਗਰ! ਖਾਨ ਪੈਸਿਆਂ ਦਾ ਚੌਕਾ ਲਾਉਂਦਾ, ਕੋਹਲੀ ਸ਼ੁਹਰਤ ਦਾ ਲਾਉਂਦਾ ਆ ਛਿੱਕਾ ਅਤੇ ਆਪਣਾ ਮੋਦੀ ਫੋਕੀ ਵਾਹ ਵਾਹ ਦੇ ਰੋਜ਼ ਚੌਕੇ ਛਿੱਕੇ ਲਗਾਉਂਦਾ। ਨਿੱਤ ਦਿਹਾੜੇ ਆਹ ਆਪਣੇ ਕਾਕੇ ਰਾਹੁਲ ਦੇ ਭਾਸ਼ਨ ਦੀਆਂ ਸਿਫਤਾਂ ਕਰਦਾ, ਆਪਣੀ ਵੀ ਤਾਰੀਫ ਕਰੀ ਜਾਂਦਾ ਆ, ''ਕੁੜੀ ਤੁਹਾਡੀ ਕਲੀ ਚੰਬੇ ਦੀ ਮੈਂ ਗੁਲਾਬ ਦਾ ਫੁੱਲ''।
ਆਪਣੇ ਲਹੂ 'ਚ ਆਪੇ ਡੁੱਬ ਡੁੱਬ ਮਰਦੇ ਹਾਂ!
ਖ਼ਬਰ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਚੰਡੀਗੜਵਿਚ ਇਹ ਜਾਣਕਾਰੀ ਪੁੱਜੀ ਹੈ ਕਿ ਨਸ਼ੇ 'ਚ ਗ੍ਰਸਤ ਇਲਾਜ ਕਰਵਾ ਰਹੇ ਸੈਂਟਰਾਂ ਵਿਚ ਜੋ ਲੋਕ ਇਲਾਜ ਕਰਵਾ ਰਹੇ ਹਨ, ਉਨਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ੇ ਖਰੀਦਣ ਲਈ ਨਸ਼ਾ ਤਸਕਰ ਹੁਣ ਡਿਜ਼ਟਲ ਪੇਮੈਂਟ ਲੈਣ ਲੱਗ ਪਏ ਹਨ। ਹਾਈਕੋਰਟ ਨੂੰ ਦੱਸਿਆ ਗਿਆ ਕਿ ਟ੍ਰਾਈਸਿਟੀ ਖੇਤਰਾਂ 'ਚ ਨਸ਼ੀਲੇ ਪਦਾਰਥ ਆਮ ਵਿਕ ਰਹੇ ਹਨ ਅਤੇ ਇਨਾਂ ਦੀ ਖਰੀਦੋ ਫਰੋਖਤ ਹੁਣ ਨਕਦੀ ਨਾਲ ਨਹੀਂ, ਡਿਜ਼ਟਲ ਬੈਂਕਿੰਗ ਨਾਲ ਸੌਖੀ ਹੋ ਰਹੀ ਹੈ। ਪੈਸੇ ਜਮਾਂ ਕਰਾਉ ਔਨ ਲਾਈਨ ਅਤੇ 'ਮਾਲ ਮੱਤਾ' ਪ੍ਰਾਪਤ ਕਰੋ ਘਰ ਬੈਠੇ।
ਨਿਆਰਾ ਹੈ, ਮੇਰਾ ਪਿਆਰਾ ਦੇਸ਼! ਇਥੇ ਘਰ ਬੈਠਿਆਂ ਸੱਭੋ ਕੁਝ ਮਿਲ ਸਕਦਾ ਹੈ। ਕੱਪੜਾਲੱਤਾ, ਫ਼ੋਨ, ਮੋਬਾਇਲ, ਘਰ ਬੈਠਿਆਂ। ਔਨ-ਲਾਈਨ ਜਾਹਲੀ ਡਿਗਰੀਆਂ ਵੀ ਘਰ ਬੈਠਿਆਂ। ਇਥੋਂ ਤੱਕ ਕਿ ਲਾੜੇ-ਲਾੜੀਆਂ ਦੀ ਖਰੀਦੋ ਫਰੋਖਤ ਵੀ ਘਰ ਬੈਠਿਆਂ। ਲੜਕੀ ਕੋਲ ਹੋਰ ਕੋਈ ਡਿਗਰੀ ਹੋਵੇ ਜਾਂ ਨਾ ਅੰਗਰੇਜ਼ੀ ਦੀ 'ਆਇਲਟ' ਹੋਣੀ ਚਾਹੀਦੀ ਹੈ। ਕਿਰਾਏ ਦੀ ਕੁੱਖ ਵਾਂਗਰ, ਰਕਮ ਅਦਾ ਕਰਕੇ ਕਿਰਾਏ ਦੀ ਬਹੂ-ਅਨਪੜਾਂ ਨੂੰ ਵੀ ਮਿਲ ਸਕਦੀ ਆ ਘਰ ਬੈਠਿਆਂ, ਜਿਹੜੀ ਉਨਾਂ ਨੂੰ ਨਿਊਜ਼ੀਲੈਂਡ, ਆਸਟ੍ਰੇਲੀਆ ਬਿਨਾਂ ਪੜਿਆਂ, ਬਿਨਾਂ ਲਿਖਿਆਂ ਪਹੁੰਚਾ ਸਕਦੀ ਆ। ਇਸਦੇ ਮੁਕਾਬਲੇ ਭਾਈ ਨਸ਼ਾ ਡਿਜ਼ੀਟਲ ਆਨ-ਲਾਈਨ ਕਿਵੇਂ ਨਾ ਲੱਭੂ?
ਉਂਜ ਵੀ 'ਰਾਜੇ' ਦਾ ਹੁਕਮ ਆ, ਡਿਜ਼ਟਲ ਹੋ ਜਾਉ। ਰਾਜੇ ਦਾ ਹੁਕਮ ਆ ਕੈਸ਼ ਲੈਸ ਹੋ ਜਾਉ। ਰਾਜੇ ਦਾ ਹੁਕਮ ਆ ਕਾਲਾ ਛੱਡੋ, ਚਿੱਟੇ ਹੋ ਜਾਉ। ਰਾਜੇ ਦਾ ਹੁਕਮ ਆ ਵਿਦੇਸ਼ੀ ਛੱਡੋ, ਦੇਸੀ ਪਹਿਨੋ, ਦੇਸੀ ਖਾਓ। ਰਾਜੇ ਦਾ ਹੁਕਮ ਆ ਪੁਰਾਣਾ ਛੱਡੋ, ਨਵਾਂ ਅਪਨਾਓ, ਰਾਜੇ ਦਾ ਹੁਕਮ ਆ ਭੈੜਾ ਛੱਡੋ, ਚੰਗੇ ਹੋ ਜਾਓ। ਪਰ ਲੋਕੀਂ ਆਂਹਦੇ ਆ ਛੱਡੀਏ ਕਿਵੇਂ? ਹੱਥ ਰੋਟੀ, ਨਾ ਪਾਣੀ। ਨਾ ਹੱਥ ਰਿਜਕ ਨਾ ਨੌਕਰੀ। ਇਧਰ ਖੂਹ, ਉਧਰ ਖਾਤਾ। ਲੋਕੀਂ ਆਂਹਦੇ ਆ ਦੱਸੀਏ ਕੀਹਨੂੰ ''ਕਿੱਦਾਂ ਦੱਸੀਏ ਸ਼ਾਮ ਢਲੇ ਕੀ ਕਰਦੇ ਹਾਂ!ਆਪਣੇ ਲਹੂ 'ਚ ਆਪੇ ਡੁੱਬ ਡੁੱਬ ਮਰਦੇ ਹਾਂ!
ਦਿਹਾੜੀ ਰੋਜ਼ ਨਾ ਲੱਗੇ, ਮਿਲੇ ਨਾ ਰੱਜਵੀਂ ਰੋਟੀ
ਖ਼ਬਰ ਹੈ ਕਿ ਭਾਰਤੀ ਚੋਣ ਆਯੋਗ ਦੇ ਅਨੁਸਾਰ ਦੇਸ਼ ਵਿਚ ਇਸ ਸਮੇਂ 1851 ਸਿਆਸੀ ਦਲ ਹਨ। ਇਨਾਂ ਵਿਚੋਂ ਸੱਤ ਰਾਸ਼ਟਰੀ, 58 ਸੂਬਾ ਪੱਧਰੀ, ਜਦਕਿ ਬਾਕੀ 1786 ਗੈਰ ਮਾਨਤਾ ਪ੍ਰਾਪਤ ਰਜਿਸਟਰਡ ਦਲ ਹਨ। ਸਾਲ 2014 ਵਿਚ ਲੋਕ ਸਭਾ ਚੋਣਾਂ ਮੌਕੇ 464 ਸਿਆਸੀ ਪਾਰਟੀਆਂ ਨੇ ਉਮੀਦਵਾਰ ਖੜੇ ਕੀਤੇ ਸਨ। ਇਸ ਵੇਰ ਮਹਿਜ਼ ਰਜਿਸਟ੍ਰੇਸ਼ਨ ਕਰਾਉਣ ਵਾਲੇ 225 ਦਲਾਂ ਨੂੰ ਚੋਣ ਆਯੋਗ ਨੇ ਆਪਣੀ ਸੂਚੀ ਵਿਚੋਂ ਖਾਰਜ ਕਰ ਦਿੱਤਾ ਹੈ। ਇਨਾਂ ਦਲਾਂ ਦੇ ਚਿੱਠੀ ਪੱਤਰੀ ਪਤੇ ਫਰਜ਼ੀ ਹਨ ਅਤੇ ਇਨਾਂ ਵੱਲੋਂ ਪਿਛਲੇ 10 ਸਾਲਾਂ ਤੋਂ ਨਾ ਹੀ ਕੋਈ ਚੋਣ ਲੜੀ ਗਈ ਅਤੇ ਨਾ ਹੀ ਆਪਣਾ ਵਿੱਤੀ ਲੇਖਾ-ਜੋਖਾ ਆਯੋਗ ਨੂੰ ਦਿੱਤਾ। ਆਯੋਗ ਨੂੰ ਖਦਸ਼ਾ ਹੈ ਕਿ ਹਿ ਰਾਜਨੀਤਕ ਦਲ ਕਾਲੇ ਧਨ ਨੂੰ ਚਿੱਟਾ ਕਰਨ ਦੇ ਚੱਕਰ ਨਾਲ ਜੁੜੇ ਹੋ ਸਕਦੇ ਹਨ।
ਨਾ ਭੁਖਿਆਂ ਭਗਤੀ ਹੁੰਦੀ ਆ, ਨਾ ਪੈਸੇ ਧਨ ਬਿਨਾਂ ਰਿਹਾ ਜਾ ਸਕਦਾ ਆ। ਕੀ ਕਰਨ ਵਿਚਾਰੇ ਨੇਤਾ, ਜਦ ਹਲਵਾ-ਮੰਡਾ ਕਿਧਰਿਓਂ ਨਹੀਂ ਤੁਰਦਾ, ਝੱਟ ਪਾਰਟੀ ਬਦਲ ਲੈਂਦੇ ਆ। ਜੇਕਰ ਕਿਧਰੇ ਵੀ ਸੂਤ ਨਹੀਂ ਆਉਂਦਾ 'ਵੰਨ ਮੈਨ' ਪਾਰਟੀ ਬਣਾ ਲੈਂਦੇ ਆ, ਆਪਣਿਆਂ ਨੂੰ ਲੜ ਲਾ ਲੈਂਦੇ ਆ। ਕੋਈ ਸੂਬਾ ਪ੍ਰਧਾਨ, ਕੋਈ ਜ਼ਿਲਾ ਪ੍ਰਧਾਨ, ਕੋਈ ਬਲਾਕ, ਪਿੰਡ, ਹਲਕਾ ਪ੍ਰਧਾਨ ਸਜਾ ਕੇ ਉਨਾਂ ਦੇ ਸਿਰ ਤਾਜ਼ ਸਜਾ ਦਿੰਦੇ ਆ। ਹੋਰ ਕੁਝ ਨਾ ਹੀ ਲੱਭੇ ਤਾਂ ਜਿਥੇ ਵੇਖਿਆ ਕਿਰਾਏ ਦੇ ਚਾਰ ਬੰਦੇ ਲੈ ਉਥੇ ਹੀ ਧਰਨਾ ਲੁਆ, ਦੋ ਚਾਰ ਦਿਨ ਰੌਲਾ-ਰੱਪਾ ਪਾ, ਵੱਡਿਆਂ ਤੋਂ ਚਾਰ ਪੈਸੇ ਅਟੇਰ ਲੈਂਦੇ ਆ। ਇਹ ਗਣਤੰਤਰ ਆ ਭਾਈ ਲੋਕਤੰਤਰ, ਜੀਹਨੂੰ ਜਦੋਂ ਮਰਜ਼ੀ ਨੇਤਾ ਜੀ ਮਨਤੰਤਰ ਬਣਾ ਲੈਂਦੇ ਆ। ਮਨਤੰਤਰ ਜਦੋਂ ਰਾਜਤੰਤਰ ਬਣ ਜਾਂਦਾ ਆ ਭਾਈਬੰਦੋ ਤਾਂ ਜਨਤਾ ਪੀਸੀ ਜਾਂਦੀ ਆ। ਜਦੋਂ ਜਨਤਾ ਪੀਸੀ ਜਾਂਦੀ ਆ ਤਾਂ ਨਵੀਆਂ ਲੋਕ ਲੁਭੌਣੀਆਂ ਪਾਰਟੀਆਂ ਬਣਦੀਆਂ ਆ, ਜਿਨਾਂ ਨੂੰ ਵੱਡੀਆਂ 'ਗੋਗੜਾਂ' ਦਾਨ-ਪੁੰਨ ਕਰਦੀਆਂ ਆਂ ਤਾਂ ਕਿ ਲੋਕ ਉਨਾਂ ਖਿਲਾਫ਼ ਨਾ ਉਠਣ, ਉਨਾਂ ਨੂੰ ਇਹ ਨੇਤਾ ਸਾਂਭੀ ਰੱਖਣ ਨਹੀਂ ਤਾਂ ਭਾਈ ਆ ਜੂ ਇਨਕਲਾਬ, ਲੋਕੀਂ ਮੰਗਣਗੇ ਰੋਟੀ, ਜੁਆਕ ਮੰਗਣਗੇ ਕੁਲਫੀ, 'ਦਿਹਾੜੀ ਰੋਜ਼ ਨਾ ਲੱਗੇ ਮਿਲੇ ਨਾ ਰੱਜਵੀਂ ਰੋਟੀ, ਕੁਟਾਪਾ ਬਾਲ 'ਤੇ ਚੜਦਾ, ਜੋ ਰੋਂਦਾ ਕੁਲਫੀਆਂ ਪਿੱਛੇ।''
ਤੁਰੋ ਨਾ ਮੀਚ ਕੇ ਅੱਖਾਂ-ਇਮਾਨਦਾਰੀ ਦੀ ਪੌੜੀ
ਖ਼ਬਰ ਹੈ ਕਿ ਮਸ਼ਹੂਰ ਫੋਰਬਸ ਪੱਤਰਿਕਾ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਗੈਰ ਇਖਲਾਕੀ ਅਤੇ ਜਨਤਾ ਦੀ ਜਾਇਦਾਦ ਦੀ ਚੋਰੀ ਦੱਸਿਆ ਹੈ। ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਗਰੀਬਾਂ ਤੇ ਬੰਬਾਰੀ ਗਰਦਾਨਿਆ ਹੈ। ਕੇਜਰੀਵਾਲ ਨੇ ਕਿਹਾ ਕਿ ਨੋਟਬੰਦੀ ਅੱਠ ਲੱਖ ਕਰੋੜ ਦਾ ਘਪਲਾ ਹੈ ਅਤੇ ਮੋਦੀ ਨੇ ਆਪਣੇ ਸਨਅਤਕਾਰ ਮਿੱਤਰਾਂ ਦੇ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਲਈ ਇਹ ਕਦਮ ਚੁੱਕਿਆ ਹੈ। ਉਨਾਂ ਕਿਹਾ ਕਿ ਮੋਦੀ ਨੋਟੰਕੀਬਾਜ ਹੈ, ਜਿਸ ਆਪਣੀ 90 ਸਾਲਾਂ ਦੀ ਮਾਂ ਨੂੰ ਬੈਂਕ 'ਚੋਂ ਪੈਸੇ ਲੈਣ ਲਈ ਕਤਾਰ 'ਚ ਖੜਾ ਕਰ ਦਿੱਤਾ ਅਤੇ ਉਹ ਦੇਸ਼ ਦੀ ਜਨਤਾ ਨੂੰ ਤਿਆਗ ਕਰਨ ਲਈ ਕਹਿੰਦਾ ਹੈ ਤੇ ਆਪ ਦਿਨ 'ਚ ਛੇ ਵਾਰ ਕੱਪੜੇ ਬਦਲਦਾ ਹੈ। ਮੋਦੀ ਨੇ ਲਲਕਾਰੇ ਮਾਰ ਕੇ ਚਿਤਾਵਨੀ ਦਿੱਤੀ, ''ਬੇਈਮਾਨੋ, ਸਹੀ ਰਾਸਤੇ 'ਤੇ ਵਾਪਿਸ ਆਉ, ਫਾਂਸੀ ਉਤੇ ਨਹੀਂ ਚੜਾਵਾਂਗੇ।'' ਉਧਰ ਭ੍ਰਿਸ਼ਟਾਚਾਰ ਖਿਲਾਫ ਲੜਨ ਵਾਲੇ ਸਮਾਜਿਕ ਵਰਕਰ ਅੰਨਾ ਹਜ਼ਾਰੇ ਨੇ ਪਾਰਟੀ ਦੇ ਚੰਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਆਮ ਆਦਮੀ ਪਾਰਟੀ ਨੂੰ ਚੰਦਾ ਦੇਣ ਵਾਲਿਆਂ ਦੀ ਸੂਚੀ ਜਨਤਕ ਕਰਨ ਦਾ ਵਾਅਦਾ ਪੂਰਾ ਨਾ ਕਰਨ 'ਤੇ ਸਖ਼ਤ ਟਿੱਪਣੀ ਕੀਤੀ ਹੈ। ਹਜ਼ਾਰੇ ਨੇ ਇਹ ਟਿੱਪਣੀ ਅਜਿਹੇ ਸਮੇਂ 'ਤੇ ਕੀਤੀ ਹੈ ਜਦੋਂ ਕੇਜਰੀਵਾਲ ਕਾਂਗਰਸ ਅਤੇ ਭਾਜਪਾ ਦੇ ਚੰਦੇ ਦੇ ਵਸੀਲੇ ਅਤੇ ਹੋਰ ਭ੍ਰਿਸ਼ਟਾਚਾਰ ਨੂੰ ਲੈ ਕੇ ਸਵਾਲ ਉਠਾ ਰਹੇ ਹਨ।
'ਹਮਾਮ 'ਚ ਸਭ ਨੰਗੇ ਆ', ਕਿਹੜਾ ਕਿਹੜਾ ਨਾਂਅ ਗਿਣੀਏ? ਇਮਾਨਦਾਰੀ ਦੀ ਪੌੜੀ ਚੜਦਾ ਬੰਦਾ ਜਦੋਂ ਥੱਕ ਜਾਂਦਾ ਆ, ਉਹ ਵੀ ਉਹੋ ਕੁਝ ਕਰਨ ਲੱਗ ਪੈਂਦਾ ਆ ਜੋ ਬੇਈਮਾਨ ਕਰਦੇ ਆ। ਵਿਰੋਧੀਆਂ ਦੀਆਂ ਬੇਈਮਾਨੀਆਂ ਲੱਭਦਾ, ਚੋਰੀ ਮੋਰੀਆਂ ਲੱਭਦਾ, ਆਪ ਵੀ ਚੋਰੀ ਕਰਨ ਦਾ ਬਹਾਨਾ ਲਾ, ਇਹੋ ਆਖਣ ਲੱਗ ਪੈਂਦਾ ਭਾਈ ਜੇ ਬੇਈਮਾਨ ਮਾਰਨੇ ਆਂ ਤਾਂ ਆਪ ਵੀ ਉਵੇਂ ਦੇ ਹੋਣਾ ਪਊ, ਲੋਹੇ ਨੂੰ ਭਾਈ ਲੋਹਾ ਕੱਟਦਾ, ਲੱਕੜ ਤਾਂ ਲੋਹੇ 'ਤੇ ਮਾਰਿਆਂ ਆਪ ਟੁੱਟ ਜਾਊ! ਕਦੇ ਭਾਈ ਰਾਹੁਲ, ਮੋਦੀ, ਕੇਜਰੀ, ਨਤੀਸ਼, ਬਾਬਾ, ਪੋਤਾ, ਪੁੱਤ, ਭਤੀਜਾ, ਭਾਣਜਾ ਸਭ ਇਕੋ ਥੈਲੀ ਦੇ ਚੱਟੇ-ਵੱਟੇ ਆ, ਤਦੇ ਤਾਂ ਹਰਮਿੰਦਰ ਸਿੰਘ ਕੋਹਾਰਵਾਲਾ ਦੀ ਕਲਮ ਆਂਹਦੀ ਆ, ''ਤੁਰੋ ਨਾ ਮੀਚ ਕੇ ਅੱਖਾਂ, ਅਜਿਹੀਆਂ ਹਸਤੀਆਂ ਪਿਛੇ। ਮਲੀ ਹੈ ਮੂੰਹ ਜਿਨਾਂ ਕਾਲਖ, ਸਿਰਾਂ 'ਤੇ ਕਲਗੀਆਂ ਪਿੱਛੇ।''
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਮਾਰਚ 2016 ਤੱਕ ਦੀਆਂ ਪ੍ਰਾਪਤ ਰਿਪੋਰਟਾਂ ਅਨੁਸਾਰ ਭਾਰਤ ਸਿਰ ਵਿਦੇਸ਼ੀ ਕਰਜ਼ਾ 485.6 ਅਰਬ ਡਾਲਰ ਹੋ ਚੁੱਕਿਆ ਹੈ।
• ਇਕ ਰਿਪੋਰਟ ਮੁਤਾਬਕ ਦੇਸ਼ ਵਿਚ ਸਾਲ 2012 ਵਿਚ ਔਰਤਾਂ ਨਾਲ ਬਲਾਤਕਾਰਾਂ ਦੀ ਸੰਖਿਆ 24923 ਸੀ, ਜੋ 2016 ਵਿਚ ਵਧ ਕੇ 33707 ਹੋ ਗਈ ਹੈ। ਹੁਣ ਹਰ ਰੋਜ਼ ਬਲਾਤਕਾਰ ਦੇ 60 ਨਵੇਂ ਮਾਮਲੇ ਦਰਜ ਹੁੰਦੇ ਹਨ। ਜਦਕਿ ਇਕ ਸਰਕਾਰੀ ਖ਼ਬਰ ਅਨੁਸਾਰ ਬਲਾਤਕਾਰ ਦੇ 40 ਤੋਂ 60 ਫੀਸਦੀ ਮਾਮਲੇ ਸਾਹਮਣੇ ਹੀ ਨਹੀਂ ਆਉਂਦੇ।
• ਦੇਸ਼ ਵਿਚ ਜਨ ਜਾਤੀਆਂ ਦੀ ਅਬਾਦੀ 10.4 ਕਰੋੜ ਹੈ। ਜਿਨਾਂ ਵਿੱਚੋਂ 24% ਗਰੀਬੀ ਰੇਖਾ ਵਾਲੇ ਲੋਕ ਸ਼ਹਿਰਾਂ ਵਿਚ ਅਤੇ 45% ਗਰੀਬੀ ਰੇਖਾ ਵਾਲੇ ਲੋਕ ਪਿੰਡਾਂ ਵਿਚ ਰਹਿੰਦੇ ਹਨ। ਜਨਜਾਤੀ ਲੋਕਾਂ ਵਿਚੋਂ ਸਿਰਫ਼ 31ਫੀਸਦੀ ਕੋਲ ਮੋਬਾਇਲ ਫ਼ੋਨ ਹਨ ਅਤੇ ਇਨਾਂ ਜਨਜਾਤੀ ਲੋਕਾਂ ਦੇ ਨਵੇਂ ਜੰਮਣ ਵਾਲੇ ਬੱਚਿਆਂ ਦੀ ਮੌਤ ਦਰ 62% ਹੈ।
ਇਕ ਵਿਚਾਰ
ਸੱਤਾ-ਤਾਕਤ ਦਾ ਵਿਕਾਸ, ਆਉਣ ਵਾਲੇ ਦਿਨਾਂ ਦਾ ਰਾਸਤਾ ਹੈ, ਜਿਹੜਾ ਆਰਥਿਕ ਵਿਕਾਸ ਅਤੇ ਸਮਾਜਿਕ ਨਿਆਂ ਲੋਕਾਂ ਨੂੰ ਮੁਹੱਈਆ ਕਰਵਾਉਂਦਾ ਹੈ। ਵਾਨ ਕੀ ਮੂਨ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.