ਪੰਜਾਬੀ ਸਾਹਿਤ ਦੀ ਝੋਲੀ ਅਨੇਕ ਨਾਵਲ ਪਾਉਣ ਵਾਲੇ ਸ਼੍ਰੋਮਣੀ ਸਾਹਿਤਕਾਰ, ਮਾਂ ਬੋਲੀ ਦੇ ਬਾਬਾ ਬੋਹੜ ਓਮ ਪ੍ਰਕਾਸ਼ ਗਾਸੋ ਨਾਲ ਮੇਰੀ ਭੇਟ ਪੰਜਾਬੀ ਸਾਹਿਤ ਸ਼੍ਰੋਮਣੀ ਇਨਾਮ ਵੰਡ ਸਮਾਰੋਹ ਮੌਕੇ ਇਸ ਤਰ੍ਹਾਂ ਹੋਈ ਜਿਵੇਂ ਕਿ ਉਹ ਮੈਨੂੰ ਦਹਾਕਿਆਂ ਤੋਂ ਜਾਣਦੇ ਹੋਣ। ਪੁਸਤਕਾਂ ਦੀ ਪ੍ਰਦਰਸ਼ਨੀ 'ਚ ਆਪਣੇ ਸਾਦੇ ਪਹਿਰਾਵੇ ਕੁੜਤੇ, ਪਜਾਮੇ ਤੇ ਮੋਢੇ ਟੰਗਿਆ ਕਿਤਾਬਾਂ ਦਾ ਝੋਲਾ, ਤਕਰੀਰਾਂ ਪੇਸ਼ ਕਰਦਿਆਂ ਨੂੰ ਜਦੋਂ ਮੈਂ ਜਾ ਕੇ ਗੋਡੀਂ ਹੱਥ ਲਾ ਕੇ ਮੱਥਾ ਟੇਕਿਆ ਤਾਂ ਉਨ੍ਹਾਂ ਆਪਣੀ ਨਿੱਘੀ ਤੇ ਸਨੇਹ ਭਰੀ ਗਲਵਕੜੀ 'ਚ ਮੈਨੂੰ ਲੈਂਦਿਆਂ ਪੁਸਤਕ ਵਿਕਰੇਤਾ ਨੂੰ ਕਿਹਾ, 'ਅਜਿਹਾ ਪਿਆਰ ਤੇ ਸਤਿਕਾਰ ਭਲਾ ਮੈਨੂੰ ਮਿਲਣਾ ਸੀ, ਜਿਹੜਾ ਏਸ ਮੁੰਡੇ ਨੇ ਮੈਨੂੰ ਦਿੱਤੈ, ਜਿਹੜੇ ਇਹਦੇ ਅੰਦਰ ਵਸਿਐ।'' ਬਸ ਫੇਰ ਕੀ ਸੀ ਉਨ੍ਹਾਂ ਨੇ ਮੇਰੇ ਨਾਲ ਸ਼ਬਦਾਂ ਦੀ ਅਜਿਹੀ ਸਾਂਝ ਪਾਈ ਕਿ ਮੈਂ ਉਨ੍ਹਾਂ ਦਾ ਮੁਰੀਦ ਹੋ ਗਿਆ। ਪਤਾ ਨਹੀਂ ਗਾਸੋ ਜੀ ਹਵਾ ਵਿਚੋਂ ਕਿੱਥੋਂ ਹਰਫ਼ ਫੜ ਕੇ ਮੇਰੀ ਝੋਲੀ ਪਾਉਂਦੇ ਰਹੇ ਤੇ ਮੈਂ ਨੀਝ ਨਾਲ ਉਨ੍ਹਾਂ ਵੱਲ ਤੱਕਦਾ ਰਿਹਾ ਤੇ ਸੋਚਦਾ ਰਿਹਾ ਕਿ ਮੈਂ ਕਿਸੇ ਸਾਹਿਤਕਾਰ ਜਾਂ ਨਾਵਲਕਾਰ ਕੋਲ ਨਹੀਂ ਸਗੋਂ ਕਿਸੇ ਜਾਦੂਗਰ ਕੋਲ ਖੜ੍ਹਾ ਹੋਵਾਂ। ਉਨ੍ਹਾਂ ਅਜੋਕੀ ਪੀੜ੍ਹੀ 'ਤੇ ਵੀ ਕਈ ਤਰ੍ਹਾਂ ਦੇ ਵਿਅੰਗ ਕਸਦਿਆਂ ਕਾਫੀ ਹਾਸਾ ਠੱਠਾ ਕੀਤਾ। ਜਦੋਂ ਮੈਂ ਗਾਸੋ ਜੀ ਨੂੰ ਆਪਣੀ ਪੁਸਤਕ ਭੇਟ ਕੀਤੀ ਤਾਂ ਉਨ੍ਹਾਂ ਮੇਰੀ ਪੁਸਤਕ ਦਾ ਮੁੱਲ ਮੇਰੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਅਦਾ ਕੀਤਾ। ਮੈਨੂੰ ਕਹਿੰਦੇ ਕਾਕਾ ਜਿੰਨੀ ਤੇਰੀ ਤਨਖ਼ਾਹ ਐ, ਉਸ ਤੋਂ ਜ਼ਿਆਦਾ ਮੇਰੀ ਪੈਨਸ਼ਨ ਐ। ਧੱਕੇ ਨਾਲ ਉਨ੍ਹਾਂ ਮੇਰੇ ਜੇਬ 'ਚ 50 ਰੁਪਏ ਦਾ ਨੋਟ ਪਾ ਦਿੱਤਾ। ਜਦੋਂ ਮੈਂ ਉਨ੍ਹਾਂ ਤੋਂ ਪੁਸਤਕ ਮੰਗੀ ਤਾਂ ਉਨ੍ਹਾਂ ਆਪਣੇ ਝੋਲੇ 'ਚ ਹੱਥ ਪਾਉਂਦਿਆਂ ਕਿਹਾ ਕਿ ਮੈਂ ਤੈਨੂੰ ਬਹੁਤੀ ਮਹਿੰਗੀ ਪੁਸਤਕ ਨਹੀਂ ਦਿੰਦਾ ਕਾਕਾ। ਉਨ੍ਹਾਂ ਮੈਨੂੰ ਆਪਣਾ ਨਾਵਲ 'ਆਖਰੀ ਮੁਕਾਮ' ਭੇਟ ਕੀਤਾ ਤੇ ਮੈਥੋਂ ਸਿਰਫ 20 ਰੁਪਏ ਲਏ।
84 ਵਰ੍ਹਿਆਂ ਦੀ ਉਮਰ ਟੱਪਣ ਦੀ ਗੱਲ ਕਰਦਿਆਂ ਗਾਸੋ ਜੀ ਨੇ ਆਪਣੇ ਜੀਵਨ ਦੇ ਕਈ ਕਿੱਸੇ ਵੀ ਮੇਰੇ ਨਾਲ ਸਾਂਝੇ ਕੀਤੇ। ਜੋ ਮੇਰੇ ਲਈ ਪ੍ਰੇਰਣਾ ਸਰੋਤ ਹਨ। ਪੰਜਾਬ ਸਾਹਿਤ ਸ਼੍ਰੋਮਣੀ ਇਨਾਮ ਵੰਡ ਸਮਾਰੋਹ ਦੀ ਸ਼ੁਰੂਆਤ ਤੋਂ ਲੈ ਕੇ ਸਮਾਪਤੀ ਤੱਕ ਗਾਸੋ ਜੀ ਮੇਰੇ ਨਾਲ ਪੰਜਾਬੀ ਸਾਹਿਤ, ਸਭਿਆਚਾਰ ਤੇ ਮੋਹ ਦੀਆਂ ਤੰਦਾਂ ਫਰੋਲਦੇ ਰਹੇ। ਸਮਾਗਮ ਦੀ ਸਮਾਪਤੀ ਮੌਕੇ ਖਾਣੇ 'ਤੇ ਉਨ੍ਹਾਂ ਆਪਣਾ ਕਿਤਾਬਾਂ ਲੱਧਿਆ ਝੋਲਾ ਮੈਨੂੰ ਫੜਾ ਦਿੱਤਾ ਜੋ ਮੈਂ ਆਪਣੇ ਮੋਢੇ 'ਤੇ ਟੰਗ ਲਿਆ ਤੇ ਮੈਂ ਉਨ੍ਹਾਂ ਲਈ ਆਪਣੇ ਨਾਲ ਹੀ ਖਾਣਾ ਪਰੋਸਦਾ ਰਿਹਾ। ਇਸ ਦੌਰਾਨ ਇਕ ਕਾਲਜ ਵਿਦਿਆਰਥਣ ਜੋ ਆਪਣੇ ਪਰੋਸੇ ਖਾਣੇ 'ਚੋਂ ਕੁੱਝ ਖਾਣਾ ਪਲੇਟ 'ਚ ਛੱਡ ਗਈ ਤਾਂ ਗਾਸੋ ਜੀ ਕਹਿਣ ਲੱਗੇ, ਕੁੜੀਏ ਜੇ ਤੂੰ ਏਨਾ ਭੋਜਨ ਨਹੀਂ ਖਾਣਾ ਸੀ ਤਾਂ ਪਲੇਟ 'ਚ ਪਾਇਆ ਕਿਉਂ। ਕੁੜੀ ਨਿੰਮੋਝਣਾ ਹੋ ਕੇ ਹੱਸ ਪਈ ਤੇ ਕਹਿਣ ਲੱਗੇ 'ਬਾਬਾ ਜੀ' ਮੈਂ ਨੀ ਪਾਇਆ ਖਾਣਾ ਇਹ ਮੇਰੀ ਸਹੇਲੀ ਨੇ ਪਾਇਆ। ਗਾਸੋ ਜੀ ਦੀ ਤਾੜਨਾ ਵਿਚ ਵੀ ਪਿਆਰ ਦੀ ਘੁਰਕੀ ਸੀ। ਇਸੇ ਦੌਰਾਨ ਦਫ਼ਤਰ ਵੱਲੋਂ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਆਈ ਮੇਰੀ ਮਾਂ ਨਾਲ ਜਦੋਂ ਮੈਂ ਗਾਸੋ ਜੀ ਨੂੰ ਮਿਲਿਆ ਤਾਂ ਉਨ੍ਹਾਂ ਬੜੇ ਅਦਬ ਨਾਲ ਕਿਹਾ, 'ਤੂੰ ਧੰਨ ਜਨਣੀ ਜਿਹਨੇ ਏਹਨੂੰ ਜਨਮ ਦਿੱਤਾ।' ਪਤਾ ਨਹੀਂ ਕਿੰਨੀਆਂ ਹੀ ਅਸੀਸਾਂ ਮੇਰੀ ਮਾਂ ਦੀ ਝੋਲੀ ਪਾ ਦਿੱਤੀਆਂ। ਉਪਰੰਤ ਅਸੀਂ ਕਿੰਨਾ ਹੀ ਚਿਰ ਇਕੱਠੇ ਜ਼ਿੰਦਗੀ ਦੇ ਖੱਟੇ-ਮਿੱਠੇ ਤਜ਼ਰਬੇ ਸਾਂਝੇ ਕਰਦਿਆਂ ਇਕ-ਦੂਜੇ ਤੋਂ ਮੁੜ ਮਿਲਣ ਦਾ ਵਾਅਦਾ ਕਰ ਜੁਦਾ ਹੋ ਗਏ।
20 ਤੋਂ ਵੱਧ ਨਾਵਲ, ਦੋ ਬਾਲ ਪੁਸਤਕਾਂ, ਦੋ ਆਲੋਚਨਾਤਮਕ ਅਧਿਐਨ ਪੁਸਤਕਾਂ, ਇਕ ਪੰਜਾਬੀ ਤੇ ਚਾਰ ਹਿੰਦੀ ਕਾਵਿ ਸੰਗ੍ਰਹਿ ਅਤੇ ਸੰਸਕ੍ਰਿਤੀ ਤੇ ਸਭਿਆਚਾਰ ਦੀਆਂ ਅਨੇਕ ਪੁਸਤਕਾਂ ਸਾਹਿਤ ਦੀ ਝੋਲੀ ਪਾਉਣ ਵਾਲੇ, ਰਾਹ ਦਸੇਰਾ ਬਣ ਕਈਆਂ ਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਾਉਣ ਵਾਲੇ ਓਮ ਪ੍ਰਕਾਸ਼ ਗਾਸੋ ਜੀ ਇਸੇ ਤਰ੍ਹਾਂ ਸਾਡੇ ਲਈ ਸਦਾ ਚਾਨਣ ਮੁਨਾਰਾ ਬਣੇ ਰਹਿਣ। ਅੱਲ੍ਹਾ ਕਰੇ ਉਨ੍ਹਾਂ ਦੀ ਉਮਰ ਹੋਰ ਲੰਮੇਰੀ ਹੋਵੇ ਤੇ ਉਹ ਮਾਂ ਬੋਲੀ ਦੀ ਸੇਵਾ ਇਸੇ ਤਰ੍ਹਾਂ ਕਰਦੇ ਰਹਿਣ।
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ,
ਪਟਿਆਲਾ।
-
ਸੋਹਣ ਸਿੰਘ ਸੋਨੀ, ਲੇਖਕ
awalpreetsinghalam@gmail.com
99156-28853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.