ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੋਸਤਾਂ-ਮਿੱਤਰਾਂ ਨੇ ਟੂਰ 'ਤੇ ਜਾਣ ਦਾ ਫੈਸਲਾ ਕਰ ਲਿਆ। ਸਾਡੇ ਲਈ ਇਕੱਠੇ ਸਫ਼ਰ 'ਤੇ ਜਾਣ ਦਾ ਇਕੋ ਇਕ ਮੌਕਾ ਹੁੰਦਾ ਹੈ ਜਿਸਦੀ ਸਾਡੀ ਸਾਰਿਆਂ ਦੀ ਦਫਤਰ 'ਚ ਛੁੱਟੀ ਇਕੋ ਦਿਨ ਹੁੰਦੀ ਹੈ। ਅਜਿਹੇ ਮੌਕੇ ਤਾਂ ਸਾਲ ਭਰ 'ਚ ਤਿੰਨ-ਚਾਰ ਆਉਂਦੇ ਹਨ ਪਰ ਅਸੀਂ 26 ਜਨਵਰੀ ਦਾ ਦਿਨ ਟੂਰ ਲਈ ਚੁਣ ਲਿਆ। ਏਸ ਵਾਰ ਅਸੀਂ ਦੇਵਤਿਆਂ ਦੀ ਚਰਨਛੋਹ ਪ੍ਰਾਪਤ ਧਰਤੀ ਤੇ ਵਿਸ਼ਵ ਦਾ ਸਭ ਤੋਂ ਵੱਡਾ ਯੁੱਧ ਮਹਾਂਭਾਰਤ ਲੜੇ ਜਾਣ ਵਾਲੀ ਧਰਤੀ ਕੁਰੂਕਸ਼ੇਤਰ ਨੂੰ ਆਪਣਾ ਮਾਰਗ ਦਰਸ਼ਕ ਬਣਾਉਣ ਲਈ ਚਾਲੇ ਪਾ ਦਿੱਤੇ। ਕੌਰਵਾਂ ਤੇ ਪਾਂਡਵਾਂ ਵਿਚਾਲੇ ਹੋਏ ਅਲੌਕਿਕ ਯੁੱਧ ਦੀ ਗਾਥਾ ਬਿਆਨ ਕਰਦਾ ਇਤਿਹਾਸਕ ਸਥਾਨ ਕੁਰੂਕਸ਼ੇਤਰ ਦੁਨੀਆਂ 'ਚ ਆਪਣਾ ਵਿਸ਼ੇਸ਼ ਤੇ ਅਹਿਮ ਸਥਾਨ ਰੱਖਦਾ ਹੈ। ਭਗਵਾਨ ਕ੍ਰਿਸ਼ਨ ਦਾ ਗੀਤਾ ਉਪਦੇਸ਼, ਦਰੋਪਦੀ ਦੀ ਲਾਜ ਰੱਖਣਾ, ਭੀਸ਼ਮਪਿਤਾ ਦਾ ਤੀਰਾਂ ਨਾਲ ਵਿੰਨ ਹੋਣਾ ਸਮੇਤ ਅਨੇਕਾਂ ਹੀ ਅਦਭੁਤ ਗਾਥਾਵਾਂ ਦਾ ਸਮੁੰਦਰ ਸਮੋਈ ਬੈਠੀ ਹੈ ਕੁਰੂਕਸ਼ੇਤਰ ਦੀ ਧਰਤੀ।
ਮੈਂ ਆਪਣੇ ਸ਼ਹਿਰ ਪਟਿਆਲੇ ਤੋਂ ਆਪਣੇ ਦੋਸਤਾਂ ਨਾਲ ਮਿੱਥੇ ਸਮੇਂ ਤੇ ਸਥਾਨ 'ਤੇ ਅੰਬਾਲਾ ਛਾਉਣੀ ਕੁੱਝ ਅੱਧਾ-ਪੌਣਾ ਘੰਟਾ ਲੇਟ ਹੀ ਪੁੱਜਾ। ਤਕਰੀਬਨ ਸਵੇਰੇ 11 ਵਜੇ ਦੀ ਥਾਂ 11.45 ਵਜੇ ਪੁੱਜਣ ਕਾਰਨ ਦੋਸਤਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਕਰਨਾ ਪਿਆ। ਪਰ ਸਾਡੇ ਉਤਸ਼ਾਹ ਨੇ ਸਾਡੇ ਜਜ਼ਬੇ ਨੂੰ ਮੱਠਾ ਨਹੀਂ ਪੈਣ ਦਿੱਤਾ। ਮੇਰੇ ਨਾਲ ਸਾਡਾ ਪੁਰਾਣਾ ਮਿੱਤਰ ਬਲਵਿੰਦਰ ਬੰਟੀ, ਕਾਮਰੇਡ ਰਜਿੰਦਰ ਢੋਟ, ਜਸਵੀਰ ਸਿੰਘ ਤੇ ਸੁਰਿੰਦਰਪਾਲ ਸਿੰਘ ਗੱਡੀ ਲੈ ਕੇੇ ਕੁਰੂਕਸ਼ੇਤਰ ਵੱਲ ਤੁਰ ਪਏ। ਘੰਟੇ ਦਾ ਸਫਰ ਤੈਅ ਕਰਨ ਉਪਰੰਤ ਅਸੀਂ ਆਪਣੀ ਮੰਜਿਲ 'ਤੇ ਪੁੱਜ ਗਏ। ਪ੍ਰਵੇਸ਼ ਦੁਆਰ 'ਚ ਬਣੇ ਗੇਟ ਉੱਤੇ ਮਹਾਂਭਾਰਤ ਦੇ ਯੁੱਧ ਦੌਰਾਨ ਅਰਜੁਨ ਦੇ ਸਾਰਥੀ ਬਣੇ ਭਗਵਾਨ ਕ੍ਰਿਸ਼ਨ ਦਾ ਰੱਥ ਇਸ ਧਰਤੀ ਦੇ ਭੂਤਕਾਲ ਦੀ ਵਿਆਖਿਆ ਕਰਦਾ ਹੈ।
ਸਭ ਤੋਂ ਪਹਿਲਾਂ ਅਸੀਂ ਕੁਰੂਕਸ਼ੇਤਰ ਦਾ ਇਤਿਹਾਸ ਬਿਆਨ ਕਰਦਾ ਸ੍ਰੀ ਕ੍ਰਿਸ਼ਨਾ ਮਿਊਜ਼ੀਅਮ ਦੇਖਿਆ ਜਿਸ 'ਚ ਮਹਾਂਭਾਰਤ ਦੇ ਯੁੱਧ ਨੂੰ ਦਰਸਾਉਂਦੀਆਂ ਆਕ੍ਰਿਤੀਆਂ, ਹੜੱਪਾ ਤੇ ਮੋਹਿੰਜੋਦੜੋ ਸਭਿਅਤਾ ਨਾਲ ਸਬੰਧਤ ਪੁਰਾਤਨ ਵਸਤਾਂ ਤੇ ਮੂਰਤੀਆਂ ਉਸ ਸਮੇਂ ਦੇ ਰਹਿਣ-ਸਹਿਣ, ਪਹਿਰਾਵੇ ਦਾ ਵਿਸਥਾਰ ਪੂਰਵਕ ਵਰਣਨ ਕਰਦੀਆਂ ਹਨ। ਮਿਊਜ਼ੀਅਮ 'ਚ ਕ੍ਰਿਸ਼ਨ ਲੀਲਾ, ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੇ ਮੂਰਤੀਆਂ ਅਤੇ ਸੰਸਕ੍ਰਿਤ, ਉਰਦੂ ਤੇ ਪੰਜਾਬੀ ਪੁਰਾਤਨ ਗ੍ਰੰਥ ਭਾਰਤੀ ਇਤਿਹਾਸ ਦੀ ਸ਼ਾਹਦੀ ਭਰਦੇ ਹਨ। ਅਭਿਮੰਨਿਊ ਚੱਕਰਵਿਊ ਤੇ ਭੀਸ਼ਮ ਪਿਤਾਮਾ ਨੂੰ ਤੀਰਾਂ ਨਾਲ ਵਿੰਨ੍ਹਣ ਦਾ ਦ੍ਰਿਸ਼ ਬਹੁਤ ਹੀ ਸੁਚੱਜੇ ਢੰਗ ਨਾਲ ਚਿਤਰਿਆ ਗਿਆ ਹੈ ਜੋ ਕਿ ਹਕੀਕਤ ਦਾ ਭੁਲੇਖਾ ਪਾਉਂਦੇ ਹਨ। ਕ੍ਰਿਸ਼ਨ ਦੁਆਰਾ ਦਿੱਤੇ ਗਏ ਗੀਤਾ ਸਾਰ ਦੀ ਝਾਕੀ ਵੀ ਇਸ ਮਿਊਜ਼ੀਅਮ 'ਚ ਬਾਖ਼ੂਬੀ ਪੇਸ਼ ਕੀਤੀ ਗਈ ਹੈ। ਇੱਥੇ ਉੜੀਸਾ, ਗੁਜਰਾਤ, ਰਾਜਸਥਾਨ, ਵੈਸਟ ਬੰਗਾਲ, ਦਵਾਰਕਾ, ਲਹਿੰਦਾ ਪੰਜਾਬ ਅਤੇ ਭਾਰਤ ਦੇ ਕਈ ਪ੍ਰਾਂਤਾਂ ਤੋਂ ਇਤਿਹਾਸ ਨਾਲ ਜੁੜੀਆਂ ਵਸਤੂਆਂ ਖਿੱਚ ਦਾ ਕੇਂਦਰ ਬਣੀਆਂ। ਕੁਰੂਕਸ਼ੇਤਰ ਪੈਨੋਰਮਾ ਅਤੇ ਵਿਗਿਆਨ ਕੇਂਦਰ 'ਚ ਇੱਥੋਂ ਦੇ ਇਤਿਹਾਸ ਮਹਾਭਾਰਤ ਨਾਲ ਸਬੰਧਤ 18 ਤੋਂ 20 ਮਿੰਟ ਦੀ ਫ਼ਿਲਮ ਦਿਖਾਈ ਜਾਂਦੀ ਹੈ। ਜਿਸ ਨਾਲ ਸਾਨੂੰ ਵਡਮੁੱਲਾ ਗਿਆਨ ਪ੍ਰਾਪਤ ਹੁੰਦਾ ਹੈ।
ਉਪਰੰਤ ਅਸੀਂ ਬ੍ਰਹਮ ਸਰੋਵਰ ਦੇ ਸਾਹਮਣੇ ਖਾਣਾ ਖਾਣ ਤੋਂ ਬਾਅਦ ਬ੍ਰਹਮ ਸਰੋਵਰ ਦੀ ਪ੍ਰਕਿਰਮਾ ਵੱਲ ਹੋ ਤੁਰੇ। ਬ੍ਰਹਮ ਸਰੋਵਰ ਨੂੰ ਬ੍ਰਹਮ ਸਰੋਵਰ ਜਾਂ ਕੁਰੂਕਸ਼ੇਤਰ ਸਰੋਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਸਰੋਵਰ ਦਾ ਨਿਰਮਾਣ ਮਹਾਂਭਾਰਤ ਦੇ ਯੁੱਧ ਤੋਂ ਪਹਿਲਾਂ ਹੋਇਆ ਦੱਸਿਆ ਜਾਂਦਾ ਹੈ। ਇਹ ਸਰੋਵਰ 1422 ਗਜ਼ ਲੰਬਾ ਅਤੇ 700 ਗਜ਼ ਚੌੜਾ ਹੈ। ਸੂਰਜ ਗ੍ਰਹਿਣ ਮੌਕੇ ਇੱਥੇ 300000 ਯਾਤਰੀ ਇਕੋ ਸਮੇਂ ਇਸ਼ਨਾਨ ਕਰ ਸਕਦੇ ਲੈਂਦੇ ਹਨ। ਤਲਾਬ ਵਿਚਕਾਰ ਟਾਪੂਆਂ 'ਤੇ ਮੰਦਰ ਤੇ ਪੌਰਾਣਿਕ ਅਤੇ ਇਤਿਹਾਸਕ ਮਹੱਤਵ ਵਾਲੇ ਸਥਾਨ ਹਨ।
ਇੱਥੇ ਹੀ ਸਨਿਹਿਤ ਸਰੋਵਰ ਕੁਰੂਕਸ਼ੇਤਰ ਸਰੋਵਰ ਦੀ ਤੁਲਨਾ 'ਚ ਬਹੁਤ ਛੋਟਾ ਹੈ। ਜਿਸਦੀ ਲੰਬਾਈ 500 ਗਜ਼ ਅਤੇ ਚੌੜਾਈ 150 ਗਜ਼ ਹੈ। ਮੱਸਿਆ ਨੂੰ ਸਾਰੇ ਤੀਰਥ ਇੱਥੇ ਇਕੱਠੇ ਹੁੰਦੇ ਹਨ। ਇਸ ਲਈ ਇਸਨੂੰ ਸਨਿਹਿਤ ਸਰੋਵਰ ਕਿਹਾ ਜਾਂਦਾ ਹੈ। ਸੂਰਜ ਗ੍ਰਹਿਣ ਮੌਕੇ ਇਥੇ ਸ਼ਰਾਤ ਕਰਨ ਜਾਂ ਇਸ਼ਨਾਨ ਕਰਨ ਵਾਲੇ ਵਿਅਕਤੀ ਨੂੰ 1000 ਅਸ਼ਵਮੇਧ ਯੱਗਾਂ ਦਾ ਫਲ ਪ੍ਰਾਪਤ ਹੁੰਦਾ ਹੈ।
ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ, ਕੁਰੂਕਸ਼ੇਤਰ, ਬ੍ਰਹਮ ਸਰੋਵਰ, ਕੁਰੂਕਸ਼ੇਤਰ ਯੂਨੀਵਰਸਿਟੀ, ਕਲਪਨਾ ਚਾਵਲਾ ਸਮਾਰਕ ਤਾਰਾਮੰਡਲ, ਜੋਤੀਸਰ, ਬਾਣ ਗੰਗਾ ਤੋਂ ਇਲਾਵਾ ਹੋਰ ਵੀ ਕਈ ਦੇਖਣਯੋਗ ਸਥਾਨ ਹਨ ਇਸ ਪਾਕ ਧਰਤੀ 'ਤੇ। ਇੱਥੇ ਘੁੰਮਦਿਆਂ ਸਾਡੀ ਇਤਿਹਾਸ ਨੂੰ ਫਰੋਲਣ ਦੀ ਚਿਣਗ ਹੋਰ ਮਘਦੀ ਗਈ ਤੇ ਸਾਡੇ ਮਨ ਅੰਦਰ ਕਈ ਤਰ੍ਹਾਂ ਦੇ ਇਛਾਵਾਂ ਜਾਗਦੀਆਂ ਰਹੀਆਂ। ਪਰ ਸਮਾਂ ਇਜਾਜ਼ਤ ਨਹੀਂ ਸੀ ਦੇ ਰਿਹਾ ਕਿ ਅਸੀਂ ਇਛਾਵਾਂ ਦੀ ਪੂਰਤੀ ਕਰ ਸਕੀਏ।
ਮਕਾਨ ਨੰ. 24-ਐਫ, ਰਾਜਪੁਰਾ ਕਲੋਨੀ, ਪਟਿਆਲਾ,
ਮੋਬਾ : 99156-28853
-
ਸੋਹਣ ਸਿੰਘ ਸੋਨੀ, ਲੇਖਕ
awalpreetsinghalam@gmail.com
99156-28853
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.