ਡਾ.ਧੀਮਾਨ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਵੱਖ-ਵੱਖ ਅਹੁਦਿਆਂ ਤੇ ਸੇਵਾ ਨਿਭਾਈ ਹੈ। ਪੀ ਏ ਯੂ ਦੇ ਐਡੀਸ਼ਨਲ ਡਇਰੈਕਟਰ ਕਮਿਊਨੀਕੇਸ਼ਨ (2007-2012) ਅਤੇ ਐਡੀਸ਼ਨਲ ਡਾਇਰੈਕਟਰ ਖੋਜ (2012-2016) ਵਜੋਂ ਉਹਨਾਂ ਵੱਲੋਂ ਪੰਜਾਬ ਵਿੱਚ ਖੇਤੀ ਖੋਜ ਰਾਹੀਂ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਕਰਨ ਅਤੇ ਸੰਚਾਰ ਵਿਧੀਆਂ ਰਾਹੀਂ ਖੋਜਾਂ ਨੂੰ ਕਿਸਾਨਾਂ ਤਕ ਪਹੁੰਚਾਉਣ ਵਿਚ ਅਹਿਮ ਯੋਗਦਾਨ ਪਾਇਆ ਗਿਆ। ਉਨ੍ਹਾਂ ਵੱਲੋਂ, ਕਿਰਸਾਨੀ ਦੀ ਭਲਾਈ ਵਾਸਤੇ ਟੈਲੀਵੀਜਨ, ਰੇਡੀਓ ਸਮੇਤ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ। ਡਾ.ਧੀਮਾਨ ਨੇ ਪੀ ਏ ਯੂ ਵੱਲੋਂ ਪ੍ਰਕਾਸ਼ਿਤ ਖੇਤੀ ਰਸਾਲਿਆਂ ਅਤੇ ਲੋੜ ਅਨੁਸਾਰ ਵਧੀਆ ਸਾਹਿਤ ਪ੍ਰਕਾਸ਼ਨਾਵਾਂ ਕਰਕੇ ਕਿਸਾਨਾਂ ਤਕ ਸਮੇਂ ਸਿਰ ਪਹੁੰਚਾਉਣ ਨੂੰ ਪਹਿਲ ਦਿੱਤੀ। ਉਹ ਪੌਦਾ ਰੋਗਾਂ ਦੇ ਜਾਣ-ਮੰਨੇ ਮਾਹਿਰ ਹਨ। ਉਹ ਇੰਡੀਅਨ ਸੋਸਾਇਟੀ ਆਫ਼ ਪਲਾਂਟ ਪੈਥਾਲੋਜਿਸਟ, ਲੁਧਿਆਣਾ (2015) ਦੇ ਫੈਲੋ ਹਨ।
ਉਹ 30 ਦਸੰਬਰ, 2016 ਨੂੰ ਪੀ ਏ ਯੂ ਤੋਂ ਸੇਵਾ ਮੁਕਤ ਹੋ ਰਹੇ ਹਨ। ਉਨ੍ਹਾਂ ਵੱਲੋਂ ਇਸ ਮੌਕੇ ਨਿੱਕੇ ਨਿੱਕੇ ਸਿਰਜਣਾਤਮਕ ਲੇਖਾਂ ਦਾ ਸੰਗ੍ਰਿਹ ''ਸਮੁੰਦਰ ਕੰਢੇ ਸਿੱਪੀਆਂ'' ਪ੍ਰਕਾਸ਼ਤ ਕੀਤਾ ਗਿਆ ਹੈ ਜੋ ਕਿ ਪੀ ਏ ਯੂ ਵਿਖੇ 29 ਦਸੰਬਰ ਨੂੰ ਹੋ ਰਹੇ ਵਿਦਾਇਗੀ ਸਮਾਰੋਹ ਮੌਕੇ ਇਕ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਸ ਪੁਸਤਕ ਦਾ ਲੋਕ ਅਰਪਣ ਹੋਵੇਗਾ। ਆਪਣੀ ਸੇਵਾ ਮੁਕਤੀ ਵੇਲੇ ਡਾ: ਧੀਮਾਨ ਵੱਲੋਂ ਸ਼ਬਦ ਜੱਗ ਦੀ ਇਹ ਪਿਰਤ ਨਿਵੇਕਲੀ ਹੈ। 'ਸਮੁੰਦਰ ਕੰਢੇ ਸਿੱਪੀਆਂ' ਵੱਖਰੇ ਅੰਦਾਜ਼ ਦੀ ਉਹ ਰਚਨਾ ਹੈ ਜਿਸ ਤੋਂ ਭਵਿੱਖ ਪੀੜ੍ਹੀਆਂ ਨੂੰ ਚੇਤਨਾ ਅਤੇ ਪ੍ਰੇਰਨਾ ਭਰਪੂਰ ਲਿਖਤ ਰਾਹੀਂ ਸਰਵਪੱਖੀ ਸੰਪੂਰਨ ਸ਼ਖਸੀਅਤ ਉਸਾਰਨ ਲਈ ਮਦਦ ਮਿਲੇਗੀ। ਇਹ ਪੁਸਤਕ ਸਿਰਫ਼ ਲੇਖ ਨਹੀਂ ਹਨ ਸਗੋਂ ਪ੍ਰੇਰਨਾ ਦੇ ਭਰਪੂਰ ਪਿਆਲੇ ਹਨ ਜਿੰਨ੍ਹਾਂ ਤੋਂ ਰੂਹ ਨੂੰ ਤ੍ਰਿਪਤੀ ਮਿਲਦੀ ਹੈ। ਵਿਰਲੇ-ਵਿਰਲੇ ਵਾਰਤਕਕਾਰ ਹੀ ਹਨ ਜਿੰਨ੍ਹਾਂ ਨੂੰ ਤ੍ਰੈਕਾਲ ਦਰਸ਼ੀ ਲਿਖਤ ਲਿਖਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ।
ਇਤਿਹਾਸਕ ਕਸਬੇ ਕਰਤਾਰਪੁਰ (ਜਲੰਧਰ) ਦੇ ਜੰਮੇ ਜਾਏ ਡਾ. ਜਗਤਾਰ ਸਿੰਘ ਧੀਮਾਨ ਨੇ ਵਿਗਿਆਨ ਦੀ ਸਿੱਖਿਆ ਹਾਸਿਲ ਕਰਕੇ ਉਚੇਰੀ ਪੜ੍ਹਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਆਪਣਾ ਅਹਿਮ ਪੜਾਅ ਬਣਾਇਆ ਅਤੇ ਇਥੋਂ ਹੀ ਐੱਮ ਐੱਸ ਸੀ, ਪੀ ਐੱਚ ਡੀ ਕਰਕੇ ਰੁਜ਼ਗਾਰ ਲਈ ਵੀ ਇਸ ਸੰਸਥਾ ਨੂੰ ਹੀ ਚੁਣਿਆ। ਹੋਰ ਉਚੇਰੀ ਸਿੱਖਿਆ ਲਈ ਭਾਵੇਂ ਇਹਨਾਂ ਨੂੰ ਕਾਮਨਵੈਲਥ ਪੋਸਟ ਡਾਕਟਰਲ ਫ਼ੈਲੋਸ਼ਿਪ ਦੇ ਸਿਲਸਿਲੇ ਵਿੱਚ ਇੰਗਲੈਂਡ ਵਿੱਚ ਇੱਕ ਸਾਲ ਖੋਜ ਕਰਨ ਦਾ ਮੌਕਾ ਮਿਲਿਆ ਪਰ ਇਹ ਸਾਰਾ ਕੁਝ ਆਤਮਸਾਤ ਕਰਕੇ ਉਨ੍ਹਾਂ ਨੇ ਖ਼ੁਦ ਨੂੰ ਆਪਣੇ ਤੋਂ ਫ਼ਾਸਲੇ ਤੇ ਖਲੋਣ ਦਾ ਢੰਗ ਤਰੀਕਾ ਸਿੱਖ ਲਿਆ। ਆਪਣੇ ਬਚਪਨ, ਜਵਾਨੀ ਅਤੇ ਪੁੱਤਰਾਂ ਦੀ ਪਰਵਰਿਸ਼ ਕਰਦਿਆਂ ਉਸ ਨੂੰ ਜਿਹੜੇ ਸਵਾਲਾਂ ਦੇ ਰੂ-ਬਰੂ ਹੋਣਾ ਪਿਆ, ਇਹ ਪੁਸਤਕ ਉਨ੍ਹਾਂ ਦਾ ਸਵਾਲਾਂ ਦਾ ਉੱਤਰ ਹੈ। ਕੁਦਰਤ ਨੂੰ ਇੱਕ ਖੁੱਲੀ ਕਿਤਾਬ ਵਾਂਗ ਵੇਖਣ ਦੀ ਵਿਧੀ, ਕਾਮਯਾਬੀ ਲਈ ਨਿਰੰਤਰ ਲਗਨਸ਼ੀਲ ਹਿੰਮਤ, ਅਨੁਸ਼ਾਸਨ, ਭਾਈਚਾਰਕ ਸਹਿਚਾਰ, ਵਿਸ਼ਵ ਵਿਚਰਨ ਮੌਕੇ ਬਾਕੀ ਦੇਸ਼ਾਂ ਅਤੇ ਧਰਮਾਂ ਦੇ ਲੋਕਾਂ ਨਾਲ ਵਰਤੋਂ ਵਿਹਾਰ, ਆਪਣੇ ਤੋਂ ਪਾਰ ਜਾ ਕੇ ਦੂਸਰੇ ਦੀਆਂ ਖੁਸ਼ੀਆਂ ਲਈ ਕੁਰਬਾਨੀ ਦੇਣ ਦੀ ਭਾਵਨਾ, ਵਣ ਤ੍ਰਿਣ ਨਾਲ ਵਾਰਤਾਲਾਪ ਰਾਹੀਂ ਉਸ ਨੂੰ ਜੀਵਨ ਜਾਚ ਅਤੇ ਸਭਿਆਚਾਰ ਦਾ ਪਾਲਣਹਾਰਾ ਸਮਝਣ ਦੀ ਲਿਆਕਤ, ਸਮੇਂ ਦੀ ਕਦਰ, ਬੋਲਚਾਲ ਵਿੱਚ ਮਿੱਠਤ, ਆਪਣੇ ਆਪੇ ਨੂੰ ਸਮਝਣ ਦੀ ਜੁਗਤ, ਚੁੱਪ ਦਾ ਸੰਗੀਤ ਨਾਲ ਜੀਵੰਤ ਰਿਸ਼ਤਾ, ਸ਼ੋਰ ਮੁਕਤੀ ਲਈ ਕੋਸ਼ਿਸ਼, ਸਮੇਂ ਦੀ ਸਹੀ ਸਮੇਂ ਵਾਗ ਫੜਨ ਦੀ ਵਿਧੀ, ਨਵੀਂ ਸੋਚ ਦਾ ਤੀਸਰਾ ਨੇਤਰ, ਦੁਨੀਆਂ ਦੇ ਹਰ ਕਿਣਕੇ ਦੀ ਹੋਂਦ ਨੂੰ ਪ੍ਰਵਾਨਗੀ, ਦੂਸਰੇ ਲਈ ਹਰ ਪਲ ਨਿਛਾਵਰ ਕਰਨ ਦੀ ਯਤਨਸ਼ੀਲਤਾ, ਨਜ਼ਰ ਅਤੇ ਨਜ਼ਰੀਏ ਵਿਚਕਾਰ ਫ਼ਾਸਲਾ ਅਤੇ ਅੰਤਰ ਸੰਬੰਧ, ਆਸਾਂ ਦੀ ਵੰਝਲੀ ਦਾ ਵੱਜਦਾ ਸੰਗੀਤ, ਹਰ ਰੋਜ਼ ਨਵੇਂ ਗਿਆਨ ਦੇ ਰੂ-ਬਰੂ ਹੋ ਕੇ ਆਪਣੇ ਆਪ ਨੂੰ ਵਿਕਾਸਮੁਖੀ ਮਾਰਗ ਦਾ ਪਾਂਧੀ ਬਣਾਉਣਾ, ਸਹਿਜ ਸੰਤੋਖ ਅਤੇ ਵਿਗਿਆਨਕ ਵਿਧੀ ਰਾਹੀਂ ਬੂੰਦ-ਬੂੰਦ ਤੋਂ ਗਾਗਰ ਭਰਨ ਦੀ ਜੀਵਨ ਜਾਚ, ਬਚਪਨ ਦੀ ਕੱਚੀ ਮਿੱਟੀ ਨੂੰ ਕਲਾਵੰਤ ਹੱਥਾਂ ਦੀ ਛੋਹ ਦਾ ਵਰਦਾਨ, ਸੱਜਰੀ ਮੁਸਕਾਨ, ਧਰਮ ਦੀ ਅਰਥਵਾਨਤਾ, ਬੁਲੰਦ ਹੌਸਲੇ ਦੀ ਸਰਦਾਰੀ ਵਰਗੇ ਅਨੇਕਾਂ ਵਿਸ਼ੇ ਹਨ ਜੋ ਸਾਡੇ ਮਨ ਦੀ ਮਿੱਟੀ ਵਿੱਚ ਬੀਜ ਦਾ ਕੰਮ ਕਰਦੇ ਉਨ੍ਹਾਂ ਦਾਣਿਆਂ ਵਰਗੇ ਹਨ ਜਿੰਨ੍ਹਾਂ ਦੀ ਹਸਤੀ ਜ਼ਮੀਨ ਬਗੈਰ ਕਿਸੇ ਅਰਥ ਵੀ ਨਹੀਂ ਹੈ।
ਇਹ ਗੱਲਾਂ ਕੋਈ ਰਾਤੋ ਰਾਤ ਨਾ ਤਾਂ ਸਿੱਖ ਸਕਦਾ ਹੈ ਅਤੇ ਨਾ ਹੀ ਸਿਖਾ ਸਕਦਾ ਹੈ। ਜ਼ਹੀਨ ਮਾਪਿਆਂ ਦੀ ਗੁੜ੍ਹਤੀ ਅਤੇ ਭਾਈਚਾਰੇ ਦੇ ਸੁਜਿੰਦ ਵਿਅਕਤੀਆਂ, ਸੰਸਥਾਵਾਂ ਅਤੇ ਜੀਵਨ ਸਾਥ ਵਿੱਚੋਂ ਹੀ ਇਹ ਲਿਆਕਤ ਉਗਮਦੀ ਅਤੇ ਵਿਗਸਦੀ ਹੈ। ਪਰਿਵਾਰਕ ਤੌਰ ਤੇ ਡਾ: ਜਗਤਾਰ ਸਿੰਘ ਧੀਮਾਨ ਨਾਲ ਵਿਚਰਨ ਕਰਕੇ ਇਹ ਗੱਲ ਮੈਂ ਗਵਾਹੀ ਰੂਪ ਵਿੱਚ ਪੇਸ਼ ਕਰ ਸਕਦਾ ਹਾਂ ਕਿ ਉਹ ਆਪਣੇ ਮਾਪਿਆਂ, ਅਧਿਆਪਕਾਂ, ਦੁਆਬਾ ਕਾਲਜ ਜਲੰਧਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹਾਰਟੀਕਲਚਰ ਰਿਸਰਚ ਇੰਟਰਨੈਸ਼ਨਲ ਲਿਟਲਹੈਂਪਟਨ (ਇੰਗਲੈਂਡ) ਦੇ ਅਧਿਆਪਕਾਂ ਅਤੇ ਵਿਗਿਆਨੀਆਂ ਪਾਸੋਂ ਬਹੁਤ ਕੁਝ ਹਾਸਿਲ ਕਰ ਚੁੱਕਾ ਹੈ। ਮਧੂ ਮੱਖੀ ਵਾਂਗ ਇੰਨੇ ਖੂਬਸੂਰਤ ਫੁੱਲਾਂ ਦਾ ਰਸ ਚੂਸ ਕੇ ਹੀ ਰਸਵੰਤੀ ਵਾਰਤਕ ਦਾ ਜਨਮ ਹੁੰਦਾ ਹੈ। ਡਾ: ਧੀਮਾਨ ਸਹਿਜ ਅਤੇ ਸੁਹਜ ਦਾ ਪ੍ਰਤੀਕ ਵਿਅਕਤੀ ਹੈ ਜਿਸ ਨੂੰ ਕਦੇ ਵੀ ਕਿਸੇ ਵੀ ਵਿਸ਼ੇ ਤੇ ਮੈਂ ਭਟਕਦੇ ਨਹੀਂ ਵੇਖਿਆ ਸਗੋਂ ਕੇਂਦਰਬਿੰਦੂ ਤੇ ਅੰਤਰ ਧਿਆਨ ਹੋਏ ਹੀ ਵੇਖਿਆ ਹੈ।
''ਸਮੁੰਦਰ ਕੰਢੇ ਸਿੱਪੀਆਂ'' ਵਿਚਲੀਆਂ ਲਿਖਤਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਇਹ ਕਿਸੇ ਵਿਸ਼ੇਸ਼ ਉਚੇਚ ਦੀ ਰਚਨਾ ਨਹੀਂ ਸਗੋਂ ਉਹ ਵਿਚਾਰ ਹਨ ਜੋ ਜ਼ਿੰਦਗੀ ਵਿੱਚ ਤੁਰੇ ਫਿਰਦਿਆਂ ਉਨ੍ਹਾਂ ਸਿੱਪੀਆਂ ਵਾਂਗ ਸਮੁੰਦਰ ਕੰਢੇ ਆ ਨਿਕਲੀਆਂ ਜਿਹੜੀਆਂ ਰਿੜਕਿਆਂ ਵੀ ਨਹੀਂ ਸਨ ਮਿਲਣੀਆਂ। ਅਸਲ ਵਿੱਚ ਦਿਲ ਦਰਿਆ ਨੂੰ ਸਮੁੰਦਰ ਤੋਂ ਡੂੰਘਾ ਕਹਿਣ ਵਾਲੇ ਸੁਲਤਾਨ ਬਾਹੂ ਨੂੰ ਵੀ ਇਸ ਗੱਲ ਦਾ ਇਲਮ ਸੀ ਕਿ ਇਸ ਦੀ ਥਾਹ ਕੋਈ ਨਹੀਂ ਪਾ ਸਕਦਾ ਪਰ ਡਾ: ਧੀਮਾਨ ਨੇ ਆਪਣੇ ਦਿਲ ਦੇ ਵਰਕੇ ਸਾਡੇ ਸਾਹਮਣੇ ਪ੍ਰਕਾਸ਼ਮਾਨ ਕਰਕੇ ਇਹ ਸਾਰਾ ਕੁਝ ਸਪਸ਼ਟ ਦੱਸ ਦਿੱਤਾ ਹੈ ਕਿ ਮੇਰੇ ਅੰਦਰ ਕਿਸ ਕਿਸਮ ਦੀ ਜੀਵੰਤ ਰੌਸ਼ਨੀ ਹੈ।
ਡਾ. ਧੀਮਾਨ ਸਾਹਿਤਕ ਗਤੀਵਿਧੀਆਂ ਵਿੱਚ ਵੀ ਦਿਲਚਸਪੀ ਲੈਂਦੇ ਹਨ। ਉਨ੍ਹਾਂ ਵੱਲੋਂ 20 ਤੋਂ ਵੱਧ ਵਿਗਿਆਨਕ ਅਤੇ ਸਾਹਿਤਕ ਕਿਤਾਬਾਂ ਲਿਖੀਆਂ/ਸੰਪਾਦਤ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਡਾ. ਧੀਮਾਨ ਨੇ 300 ਦੇ ਕਰੀਬ ਪ੍ਰਕਾਸ਼ਨਾਂਵਾਂ, ਜਿਨ੍ਹਾਂ ਵਿੱਚ 80 ਖੋਜ ਪੱਤਰ, 20 ਰਿਵਿਊ ਅਤੇ 46 ਬੁਲੇਟਿਨ ਸ਼ਾਮਿਲ ਹਨ ਅਤੇ ਉਨ੍ਹਾਂ ਨੇ 10 ਤੋਂ ਵੱਧ ਕਿਤਾਬਾਂ ਦੇ ਚੈਪਟਰ/ਰਿਵਿਊ ਲਿਖੇ ਹਨ। ਡਾ.ਧੀਮਾਨ ਨੇ 16 ਤੋਂ ਜ਼ਿਆਦਾ ਕਿਤਾਬਾਂ ਦਾ ਪੰਜਾਬੀ ਤੋਂ ਅੰਗਰੇਜ਼ੀ ਜਾਂ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ। ਇਸ ਤੋਂ ਇਲਾਵਾ ਡਾ. ਧੀਮਾਨ ਕੌਮਾਂਤਰੀ ਰਸਾਲੇ ਜਰਨਲ ਆਫ ਕਰਾਪ ਇੰਪਰੂਵਮੈਂਟ (ਵਿਗਿਆਨਕ) ਅਤੇ ਸਾਂਝ (ਸਾਹਿਤਕ) ਦੇ ਸੰਪਾਦਨ ਕਾਰਜਾਂ ਨਾਲ ਵੀ ਜੁੜੇ ਰਹੇ ਹਨ। ਉਨ੍ਹਾਂ ਨੂੰ ਮਿਲੇ ਮਾਨ-ਸਨਮਾਨਾਂ ਵਿੱਚ ਐਨ ਐਨ ਮੋਹਨ ਮੈਮੋਰੀਅਲ ਐਵਾਰਡ ਕਿਨੂੰ ਦੀ ਤੁੜਾਈ ਉਪਰੰਤ ਸੰਭਾਲ ਬਾਰੇ ਖੋਜ ਲਈ (2004), ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਵੱਲੋਂ 'ਬੈਸਟ ਟੀਚਰ ਐਵਾਰਡ' (1991), ਮਾਲਵਾ ਸਭਿਆਚਾਰਕ ਮੰਚ ਦੇ ਅਕਾਦਮਿਕ ਵਿੰਗ ਵੱਲੋਂ ਡਾ. ਐਮ ਐਸ ਰੰਧਾਵਾ ਮੈਮੋਰੀਅਲ ਅਵਾਰਡ (2006), ਪ੍ਰੋ. ਮੋਹਨ ਸਿੰਘ ਅਵਾਰਡ, ਅਤੇ ਬਾਬਾ ਬੁੱਲ੍ਹੇ ਸ਼ਾਹ ਅਵਾਰਾਡ ਪ੍ਰਮੁੱਖ ਹਨ। ਸਾਲ 2000 ਤੋਂ ਇਹ ਸਫ਼ਰ ਆਰੰਭ ਕਰਕੇ ਉਹ ਹੁਣ ਤੀਕ ਸਿਰਜਣਾਤਮਕ ਤੇ ਅਨੁਵਾਦਤ ਡੇਢ ਦਰਜਨ ਪੁਸਤਕਾਂ ਪੰਜਾਬੀ ਅਤੇ ਅੰਗਰੇਜ਼ੀ ਸਾਹਿਤ ਦੀ ਝੋਲੀ ਪਾ ਚੁੱਕਾ ਹੈ।
ਬਨਸਪਤੀ ਰੋਗ ਵਿਗਿਆਨ ਦਾ ਸੀਨੀਅਰ ਪ੍ਰੋਫ਼ੈਸਰ ਹੁੰਦਿਆਂ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਖੋਜ ਦਾ ਵੀ ਨਿਰਦੇਸ਼ਨ ਕੀਤਾ ਹੈ। ਚੰਗੀ ਸੰਚਾਰ ਯੋਗਤਾ ਕਾਰਨ ਯੂਨੀਵਰਸਿਟੀ ਦੇ ਗਿਆਨ ਵਿਗਿਆਨ ਨੂੰ ਖੇਤਾਂ ਬੰਨਿਆਂ ਤੀਕ ਪਹੁੰਚਾਉਣ ਲਈ ਸੰਚਾਰ ਕੇਂਦਰ ਦੇ ਮੁਖੀ ਵਜੋਂ ਵੀ ਲੰਮਾਂ ਸਮਾਂ ਜ਼ਿੰਮੇਂਵਾਰੀਆਂ ਨਿਭਾਈਆਂ ਹਨ। ਉਸ ਦਾ ਰੋਲ ਮਾਡਲ ਡਾ: ਮਹਿੰਦਰ ਸਿੰਘ ਰੰਧਾਵਾ ਰਿਹਾ ਹੈ ਜੋ ਖ਼ੁਦ ਬਨਸਪਤੀ ਵਿਗਿਆਨੀ ਸਨ ਪਰ ਉਨ੍ਹਾਂ ਨੇ ਪ੍ਰਸ਼ਾਸ਼ਨਿਕ ਸੇਵਾ ਨਿਭਾਉਣ ਦੇ ਨਾਲ ਨਾਲ ਪੰਜਾਬ ਦੇ ਨਕਸ਼ ਸੰਵਾਰਨ ਵਾਸਤੇ ਵੀ ਹਰ ਪਲ ਨੂੰ ਪੰਜਾਬ ਲਈ ਖ਼ਰਚਿਆ । ਡਾ: ਧੀਮਾਨ ਨੇ ਵਿਗਿਆਨ ਦਾ ਅਧਿਆਪਨ ਅਤੇ ਖੋਜ ਕਰਨ ਦੇ ਨਾਲ-ਨਾਲ ਸਿਰਫ਼ ਪ੍ਰਸ਼ਾਸਨਿਕ ਕਲਗੀਆਂ ਹੀ ਨਹੀਂ ਹਾਸਿਲ ਕੀਤੀਆਂ ਸਗੋਂ ਸਾਹਿਤ ਅਤੇ ਸਭਿਆਚਾਰ ਦੇ ਖੇਤਰ ਵਿੱਚ ਵੀ ਵਡਮੁੱਲੀਆਂ ਮੱਲ੍ਹਾਂ ਮਾਰੀਆਂ ਹਨ। ਆਪ ਨੂੰ ਪ੍ਰੋਫ਼ੈਸਰ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ 20 ਅਕਤੂਬਰ, 2016 ਨੂੰ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਇਕ ਵਿਗਿਆਨੀ ਹੋਣ ਦੇ ਨਾਲੋਂ ਨਾਲ ਉਹ ਸਾਹਿਤਕ ਰੁਚੀਆਂ ਵੀ ਰੱਖਦੇ ਹਨ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਉੱਤੇ ਉਨ੍ਹਾਂ ਦੀ ਪੂਰੀ ਪਕੜ ਹੈ । ਜਿਥੇ ਉਹ ਫ਼ਸਲਾਂ ਨੂੰ ਰੋਗਾਂ ਤੋਂ ਬਚਾਉਣ ਲਈ ਢੰਗ ਤਰੀਕੇ ਲਭਦੇ ਹਨ ਉਥੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਵੀ ਆਪਣੀਆਂ ਲਿਖਤਾਂ ਰਾਹੀਂ ਅਹਿਮ ਯੋਗਦਾਨ ਪਾ ਰਹੇ ਹਨ। ਮੈਨੂੰ ਇਸ ਗੱਲ ਦਾ ਸੁਭਾਗ ਹਾਸਲ ਹੈ ਕਿ ਮੇਰੀ ਭਰੂਣ ਹੱਤਿਆ ਖ਼ਿਲਾਫ ਰਚਨਾ 'ਲੋਰੀ' ਨੂੰ ਅੰਗਰੇਜ਼ੀ 'ਚ ਅਨੁਵਾਦ ਕਰਕੇ ਵਿਸ਼ਵ ਭਰ 'ਚ ਮਕਬੂਲ ਬਣਾਇਆ। ਇਹ ਉਸਦਾ ਪਹਿਲਾ ਸਾਹਿੱਤਕ ਯਤਨ ਸੀ। ਇਸ ਤੋਂ ਬਾਅਦ ਨਿਰੰਤਰ ਕਰਮਸ਼ੀਲ ਸਿਰਜਕ ਡਾ. ਜਗਤਾਰ ਸਿੰਘ ਧੀਮਾਨ ਨੇ ਵਿਗਿਆਨਕ ਜਥੇਬੰਦੀਆਂ ਵਿੱਚ ਕਰਮਸ਼ੀਲ ਰਹਿਣ ਦੇ ਨਾਲ ਨਾਲ ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਬਣ ਕੇ ਪੰਜਾਬੀ ਸਾਹਿੱਤ ਜਗਤ ਵਿੱਚ ਨਿਵੇਕਲੀਆਂ ਪੈੜਾਂ ਕੀਤੀਆਂ ਹਨ। ਹੁਣ ਸੇਵਾ ਮੁਕਤੀ ਤੋਂ ਬਾਅਦ ਕੁਲਵਕਤੀ ਬਣ ਕੇ ਉਹ ਹੋਰ ਵਧੇਰੇ ਸਿਰਜਣਾਤਮਕ ਜੁੰਮੇਵਾਰੀਆਂ ਨਿਭਾਅ ਸਕੇਗਾ।
ਡਾ: ਜਗਤਾਰ ਸਿੰਘ ਧੀਮਾਨ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ 35 ਸਾਲ ਲਗਾਤਾਰ ਪੜ੍ਹਾਇਆ ਅਤੇ ਖੋਜਕਾਰਜ ਕੀਤਾ ਹੈ। ਇਹ ਸਮਾਂਕਾਲ ਸਿਰਫ ਉਸ ਲਈ ਹੀ ਨਹੀਂ ਸਗੋਂ ਯੂਨੀਵਰਸਿਟੀ ਦੇ ਇਤਿਹਾਸ ਲਈ ਵੀ ਮਹੱਤਵਪੂਰਨ ਰਿਹਾ ਹੈ। 31 ਦਸੰਬਰ ਨੂੰ ਸੇਵਾ ਮੁਕਤੀ ਮੌਕੇ ਉਸ ਦੀ ਇਹੀ ਰੀਝ ਹੈ ਕਿ ਮੈਂ ਆਖ਼ਰੀ ਸਵਾਸਾਂ ਤੀਕ ਗਿਆਨ ਵਿਗਿਆਨ ਰਾਹੀਂ ਪੰਜਾਬ ਦੇ ਨਕਸ਼ ਸੰਵਾਰਨ ਅਤੇ ਨਿਖਾਰਨ ਲਈ ਕਰਮਸ਼ੀਲ ਰਹਾਂ। ਜਿਵੇਂ ਪ੍ਰੋਫ਼ੈਸਰ ਮੋਹਨ ਸਿੰਘ ਜੀ ਨੇ ਲਿਖਿਆ ਸੀ
ਕੋਈ ਲੱਭ ਸਿਰਾ ਨਾ ਸਕਿਆ ਜ਼ਿੰਦਗੀ ਦੇ ਰਾਹਵਾਂ ਦਾ।
ਹਰ ਪੜਾਅ ਸੁਨੇਹਾ ਹੈ, ਅਗਲਿਆਂ ਪੜਾਵਾਂ ਦਾ।
ਡਾ: ਜਗਤਾਰ ਸਿੰਘ ਧੀਮਾਨ ਨੇ ਬੀਤੇ ਨੂੰ ਜਾਣਿਆ ਹੈ, ਵਰਤਮਾਨ ਨੂੰ ਪਛਾਣਿਆ ਹੈ ਅਤੇ ਭਵਿੱਖ ਉਸ ਨੂੰ ਉਡੀਕ ਰਿਹਾ ਹੈ। ਬੰਧਨ ਮੁਕਤ ਜੀਵਨ ਜੁਗਤ ਦਾ ਆਨੰਦ ਉਸਦੇ ਸਹਿਜ ਅਤੇ ਸੁਹਜ ਵਿੱਚ ਹੋਰ ਵਾਧਾ ਕਰੇਗਾ। ਇਹ ਲਿਖਤ ਅਜੇ ਸਿਰਫ਼ ਭਵਿੱਖ ਨਾਲ ਇਕਰਾਰਨਾਮਾ ਹੈ, ਅਸਲ ਸਿਰਜਣਾ ਅਜੇ ਕਰਨੀ ਹੈ।
ਪ੍ਰੋ: ਗੁਰਭਜਨ ਸਿੰਘ ਗਿੱਲ
ਸਾਬਕਾ ਪ੍ਰਧਾਨ
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
-
ਗੁਰਭਜਨ ਸਿੰਘ ਗਿੱਲ, ਲੇਖਕ
gurbhajansinghgill@gmail.com
9872631199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.