ਲੰਗਰ ਪ੍ਰਥਾ ਸਿੱਖ ਧਰਮ ਦੀ ਬੜੀ ਨਿਆਰੀ ਪ੍ਰਥਾ ਹੈ।ਸੰਸਾਰ ਦੇ ਕਿਸੇ ਵੀ ਧਰਮ ਵਿੱਚ ਲੋੜਵੰਦਾਂ ਨੂੰ ਖਾਣਾਂ ਖਵਾਉਣ ਤੇ ਏਨਾ ਜ਼ੋਰ ਨਹੀਂ ਦਿੱਤਾ ਗਿਆ ਜਿੰਨਾਂ ਸਿੱਖ ਧਰਮ ਵਿੱਚ।ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰ ਦਾਸ ਜੀ ਦੁਆਰਾ ਸ਼ੁਰੂ ਕੀਤੀ ਗਈ ਇਸ ਪ੍ਰਥਾਂ ਦੁਆਰਾ ਹੁਣ ਤੱਕ ਅਰਬਾਂ ਲੋਕ ਖਾਣਾਂ ਖਾ ਚੁੱਕੇ ਹਨ।ਸੰਸਾਰ ਦੇ ਕਿਸੇ ਅਮੀਰ ਤੋਂ ਅਮੀਰ ਧਾਰਮਿਕ ਸਥਾਨ ਤੇ ਚਲੇ ਜਾਉ ਕਿਤੇ ਵੀ ਖਾਣਾਂ ਨਹੀਂ ਮਿਲੇਗਾ।ਜੇ ਕਿਤੇ ਮਿਲੇਗਾ ਤਾਂ ਲਿਖ ਕੇ ਲਾਇਆ ਹੋਵੇਗਾ ਕਿ ਲੰਗਰ ਐਨੇ ਤੋਂ ਐਨੇ ਵਜੇ ਤੱਕ।ਇਹ ਸਿੱਖ ਧਰਮ ਹੀ ਹੈ ਕਿ ਤੁਸੀਂ ਚਾਹੇ ਕਿਸੇ ਦੂਰ ਦੁਰਾਡੇ ਪਿੰਡ ਦੇ ਗੁਰੂਘਰ ਚਲੇ ਜਾਉ, ਗ੍ਰੰਥੀ ਜੇ ਲੰਗਰ ਨਾਂ ਛਕਾਵੇ ਤਾਂ ਬਹੁਤ ਬੁਰਾ ਸਮਝਿਆ ਜਾਂਦਾ ਹੈ।ਕਈ ਧਰਮ ਸਥਾਨਾਂ ਤੇ ਤਾਂ ਸ਼ਰਧਾਲੂ ਨੂੰ ਮੁਰਗੀ ਸਮਝ ਕੇ ਹਲਾਲ ਕੀਤਾ ਜਾਂਦਾ ਹੈ।ਉਸ ਕੋਲੋਂ ਵੱਧ ਤੋਂ ਵੱਧ ਮਾਇਆ ਝਾੜਨ ਦਾ ਯਤਨ ਕੀਤਾ ਜਾਂਦਾ ਹੈ।ਭਾਰਤ ਵਿੱਚ ਕਈ ਧਰਮਾਂ ਦੀਆਂ ਤੀਰਥ ਯਾਤਰਾਵਾਂ ਚਲਦੀਆਂ ਰਹਿੰਦੀਆਂ ਹਨ, ਪਰ ਇਹ ਪੰਜਾਬ ਹੀ ਹੈ ਜਿੱਥੇ ਯਾਤਰੀਆਂ ਨੂੰ ਰੋਕ ਰੋਕ ਕੇ ਧੱਕੇ ਨਾਲ ਖਾਣਾਂ ਖਵਾਇਆ ਜਾਂਦਾ ਹੈ।26 ਨਵੰਬਰ 1998 ਨੂੰ ਖੰਨਾ ਦੇ ਨਜ਼ਦੀਕ ਰਾਤ ਦੇ ਸਮੇ ਰੇਲ ਹਾਦਸਾ ਹੋਇਆ ਸੀ ਜਿਸ ਵਿੱਚ 212 ਲੋਕ ਮਾਰੇ ਗਏ ਸਨ।ਉਥੇ ਲੋਕਾਂ ਨੇ ਰਾਤ ਨੂੰ ਆਪਣੇ ਸੈਂਕੜੇ ਟਰੈਕਟਰ ਰੇਲਵੇ ਲਾਈਨ ਦੇ ਦੋਹਵੇਂ ਪਾਸੇ ਲਗਾ ਕੇ ਲਾਈਟਾਂ ਜਗਾਕੇ ਦਿਨ ਚੜ੍ਹਾ ਦਿੱਤਾ ਸੀ ਤਾਂ ਜੋ ਬਚਾਅ ਟੀਮਾਂ ਕੰਮ ਕਰ ਸਕਣ।ਅਗਲੇ ਦਿਨ ਲੋਕਾਂ ਨੇ ਜ਼ਖਮੀਆਂ, ਉਹਨਾਂ ਦੇ ਵਰਿਸਾਂ ਤੇ ਬਚਾਉ ਟੀਮਾਂ ਲਈ ਖੁਲ੍ਹਾ ਲੰਗਰ ਲਗਾ ਦਿੱਤਾ ਸੀ।ਰੇਲਵੇ ਦੇ ਦਿੱਲੀ ਤੋਂ ਆਏ ਅਧਿਕਾਰੀ ਇਹ ਵੇਖ ਕੇ ਕਹਿ ਉੱਠੇ ਸਨ ਕਿ ਅਸੀਂ ਮਨੁੱਖਤਾ ਦੀ ਅਜਿਹੀ ਸੇਵਾ ਸਿਰਫ ਪੰਜਾਬ ਵਿੱਚ ਹੀ ਵੇਖੀ ਹੈ। ਜੇ ਕਿਸੇ ਹੋਰ ਸੂਬੇ ਵਿੱਚ ਅਜਿਹਾ ਐਕਸੀਡੈਂਟ ਹੋ ਜਾਵੇ ਤਾਂ ਆਸ ਪਾਸ ਦੇ ਲੋਕ ਲਾਸ਼ਾਂ ਦਾ ਸਮਾਨ ਲੁੱਟਣ ਵਿੱਚ ਰੁੱਝ ਜਾਂਦੇ ਹਨ, ਮਦਦ ਤਾਂ ਕਿਸੇ ਨੇ ਕੀ ਕਰਨੀ ਹੈ।
ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਇਸ ਵਾਰ 26, 27 ਅਤੇ 28 ਦਸੰਬਰ ਨੂੰ ਮਨਾਇਆ ਗਿਆ।26 ਦਸੰਬਰ ਨੂੰ ਬਠਿੰਡੇ ਤੋਂ ਚੰਡੀਗੜ੍ਹ ਵਾਇਆ ਪਟਿਆਲਾ ਜਾਣ ਦਾ ਮੌਕਾ ਮਿਲਿਆ।ਬਠਿੰਡੇ ਤੋਂ ਲੈ ਕੇ ਜ਼ੀਰਕਪੁਰ ਤੱਕ ਸੈਂਕੜਿਆ ਦੀ ਗਿਣਤੀ ਵਿੱਚ ਲੰਗਰ ਲੱਗੇ ਹੋਏ ਸਨ।ਅੱਜ ਕਲ੍ਹ ਦੇ ਛੋਕਰ ਵਾਧੇ ਵੱਲੋਂ ਜੋ ਹਰਕਤਾਂ ਲੰਗਰਾਂ ਦੀ ਆੜ ਵਿੱਚ ਕੀਤੀਆਂ ਜਾ ਰਹੀਆਂ ਸਨ, ਕਿਸੇ ਤਰਾਂ ਵੀ ਸਿੱਖ ਕਿਰਦਾਰ ਦੇ ਮੁਤਾਬਿਕ ਨਹੀਂ ਕਹੀਆਂ ਜਾ ਸਕਦੀਆਂ।ਸਭ ਤੋਂ ਪਹਿਲੀ ਗੱਲ ਇਹ ਕਿ ਜੋੜ ਮੇਲੇ ਦੇ ਸਬੰਧ ਵਿੱਚ ਕੀ ਸਾਰੇ ਲੰਗਰ ਸੜਕ ਤੇ ਲਾਉਣੇ ਜਰੂਰੂ ਹਨ?ਕੀ ਸਾਰੇ ਭੁੱਖੇ ਸੜਕਾਂ ਤੇ ਹੀ ਤੁਰੇ ਫਿਰਦੇ ਹਨ?ਹਰ ਪਿੰਡ ਤੇ ਸੰਸਥਾ ਸੜਕ ਤੇ ਹੀ ਲੰਗਰ ਲਾੳੇਣਾਂ ਆਪਣਾਂ ਫਰਜ਼ ਸਮਝਦੇ ਹਨ।ਜਿਹੜਾ ਵਿਅਕਤੀ 10-15 ਲੱਖ ਦੀ ਗੱਡੀ ਵਿੱਚ ਸਫਰ ਕਰ ਰਿਹਾ ਹੈ ਤੇ ਦੋ ਢਾਈ ਹਜ਼ਾਰ ਦਾ ਤੇਲ ਫੂਕ ਕੇ ਕਿਤੇ ਚਲਿਆ ਹੈ, ਉਹ ਭੁੱਖਾ ਕਿਵੇਂ ਮਰ ਸਕਦਾ ਹੈ।200-200,300-300 ਗਜ਼ ਦੀ ਦੂਰੀ ਤੇ ਲਗਾਏ ਲੰਗਰਾਂ ਦੇ ਪ੍ਰਬੰਧਕਾਂ ਨੂੰ ਪਤਾ ਨਹੀਂ ਸਮਝ ਕਿਉਂ ਨਹੀਂ ਆਉਂਦੀ ਕਿ ਏਨੀ ਜਲਦੀ ਬੰਦੇ ਨੂੰ ਭੁੱਖ ਕਿਵੇਂ ਲੱਗ ਸਕਦੀ ਹੈ।ਪਿੰਡਾਂ ਵਿੱਚ ਪਾਰਟੀਬਾਜ਼ੀ ਏਨੀ ਹੈ ਕਿ ਕਈਂ ਥਾਈਂ ਇੱਕ ਪਿੰਡ ਵਿੱਚ ਦੋ-ਦੋ ਲੰਗਰ ਲੱਗੇ ਹੋਏ ਸਨ।ਜੇ ਬੰਦਾ ਇਹਨਾਂ ਦੇ ਕਹਿਣ ਤੇ ਲੰਗਰ ਛਕੀ ਜਾਵੇ ਤਾਂ ਜਿਊਂਦਾ ਜਾਗਦਾ ਘਰ ਬਹੀਂ ਪਹੁੰਚ ਸਕਦਾ, ਸ਼ੂਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਦੇ ਮਰਨ ਦੀ ਗਰੰਟੀ 100% ਹੈ।ਪਹਿਲਾਂ ਸੜਕਾਂ ਤੇ ਲੰਗਰ ਲਾਉੇਣ ਦਾ ਰਿਵਾਜ਼ ਤਾਂ ਸ਼ੁਰੂ ਹੋਇਆ ਸੀ ਕਿਉਂਕਿ ਲੋਕ ਪੈਦਲ ਤੇ ਗੱਡਿਆਂ ਆਦਿ ਤੇ ਮੇਲੇ ਪਹੁੰਚਦੇ ਸਨ।ਆਉਣ ਜਾਣ ਤੇ ਕਈ ਦਿਨ ਲੱਗ ਜਾਂਦੇ ਸਨ।ਰਸਤੇ ਵਿੱਚ ਹੋਟਲ ਢਾਬੇ ਆਦਿ ਨਹੀਂ ਹੁੰਦੇ ਸਨ।ਪਰ ਹੁਣ ਤਾਂ ਟਰੈਕਟਰ ਟਰਾਲੀ ਤੇ ਵੀ ਪੰਜਾਬ ਦੇ ਕਿਸੇ ਕੋਨੇ ਤੋਂ 7-8 ਘੰਟੇ ਵਿੱਚ ਦੂਸਰੇ ਕੋਨੇ ਵਿੱਚ ਪਹੁੰਚਿਆ ਜਾ ਸਕਦਾ ਹੈ।
ਹੁਣ ਪੁਰਾਣੇ ਸਮੇਂ ਤੋਂ ਲੈ ਕੇ ਟਰੈਫਿਕ ਸੈਂਕੜੇ ਗੁਣਾ ਵਧ ਚੁੱਕੀ ਹੈ।ਸੜਕਾਂ ਤੇ ਲਾਏ ਲੰਗਰਾਂ ਨਾਲ ਲੋਕਾਂ ਨੂੰ ਸਹੂਲਤ ਦੀ ਬਜਾਏ ਤਕਲੀਫ ਜਿਆਦਾ ਹੁੰਦੀ ਹੈ।ਜੇ ਸੜਕ ਦੇ ਕਿਨਾਰੇ ਲੰਗਰ ਲਾੳਣਾਂ ਵੀ ਹੈ ਤਾਂ ਜਿਸਦੀ ਮਰਜ਼ੀ ਹੈ ਉਸਨੂੰ ਖਾਣ ਦਿਉ, ਨਹੀਂ ਖਵਾਉਣਾਂ ਵੀ ਧੱਕੇ ਨਾਲ ਹੈ।ਸੜਕਾਂ ਦੇ ਵਿਚਕਾਰ ਆਪਣੀ ਮਰਜ਼ੀ ਨਾਲ ਡਰੰਮ ਰੱਖਕੇ ਤੇ ਮਿੱਟੀ ਦੇ ਸਪੀਡ ਬਰੇਕਰ ਬਣਾਕੇ ਟਰੈਫਿਕ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲਗਾ ਦਿੱਤੀਆਂ ਜਾਂਦੀਆਂ ਹਨ।ਸਿਆਣੀ ਉਮਰ ਦੇ ਬੰਦੇ ਆਪ ਮਾਇਆ ਵਾਲੇ ਟੋਕਰੇ ਕੋਲ ਬੈਠੇ ਰਹਿੰਦੇ ਹਨ ਤੇ ਛੋਕਰਿਆਂ ਨੂੰ ਲੰਗਰ ਵਰਤਾਉਣ ਤੇ ਲਗਾ ਛੱਡਦੇ ਹਨ।ਜੇ ਕਿਸੇ ਕਾਰ ਵਿੱਚ ਲੜਕੀਆਂ ਬੈਠੀਆਂ ਹੋਣ ਤਾਂ ਸਾਰੇ ਉਸ ਪਾਸੇ ਭੱਜ ਉੱਠਦੇ ਹਨ।ਬਨੂੜ ਲਾਗੇ ਇੱਕ ਲੰਗਰ ਤੇ ਕੁੜੀਆਂ ਦੇ ਕਾਲਜ ਦੀ ਬੱਸ ਆ ਗਈ ਤਾਂ ਲੰਗਰ ਛੱਕਣ ਵਾਲੇ ਵੇਖਦੇ ਹੀ ਰਹਿ ਗਏ, ਸਾਰੇ 'ਸੇਵਾਦਾਰ' ਬੱਸ ਵਿੱਚ ਜਾ ਵੜੇ।ਪਟਿਆਲੇ ਲਾਗੇ ਇੱਕ ਲੰਗਰ ਵੱਲੋਂ ਜਾਮ ਕੀਤੇ ਟਰੈਫਿਕ ਵਿੱਚ ਇੱਕ ਮਰੀਜ਼ ਵਾਲੀ ਐਂਬੂਲੈਂਸ ਕਾਫੀ ਦੇਰ ਤੱਕ ਹੂਟਰ ਮਾਰਦੀ ਰਹੀ, ਪਰ ਆਲਮ ਲੁਹਾਰ ਦੇ ਗਾਣੇ 'ਕਿਸੇ ਨੇ ਮੇਰੀ ਗੱਲ ਨਾ ਸੁਣੀ' ਮੁਤਾਬਿਕ ਕਿਸੇ ਨੇ ਉਸਦੀ ਵਾਤ ਨਾਂ ਪੁੱਛੀ।ਕਈ ਵਾਰ ਤਾਂ ਇੱਕ ਲੰਗਰ ਤੋਂ ਦੂਸਰਾ ਲੰਗਰ ਦਿਖਾਈ ਦੇਂਦਾ ਹੁੰਦਾ ਹੈ, ਪਰ ਉਸ ਲੰਗਰ ਤੋਂ ਲੰਗਰ ਛਕ ਕੇ ਆਏ ਗੱਡੀ ਵਾਲਿਆਂ ਨੂੰ ਦੁਬਾਰਾ ਘੇਰ ਲਿਆ ਜਾਂਦਾ ਹੈ।ਮੇਰਾ ਖਿਆਲ ਆ ਕਿ 50% 'ਸੇਵਾਦਾਰਾਂ' ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਲੰਗਰ ਚੱਲ ਕਿਉਂ ਰਿਹਾ ਹੈ ।ਸੜਕ ਦੇ ਵਿਚਕਾਰ ਖੜੇ ਹੋ ਕੇ ਆਪਣੀ ਤੇ ਲੋਕਾਂ ਦੀ ਸੁਰੱਖਿਆ ਖਤਰੇ ਵਿੱਚ ਪਾਉਂਦੇ ਹਨ।ਅਸੀਂ ਜਦੋਂ ਤੜ੍ਹਕੇ ਵਾਪਸ ਆ ਰਹੇ ਸੀ ਤਾਂ ਮੋਹਾਲੀ ਦੇ ਨਜ਼ਦੀਕ ਸਵੇਰੇ ਛੇ ਵਜੇ ਦਸ ਬਾਰਾਂ ਮੁੰਡੇ ਹਨੇਰੇ-ਧੁੰਦ ਵਿੱਚ ਲੋਕਾਂ ਨੂੰ ਘੇਰ ਘੇਰ ਕੇ ਚਾਹ ਦਾ ਲੰਗਰ ਵਰਤਾ ਰਹੇ ਸਨ।ਮੈ ਬੜੀ ਮੁਸ਼ਕਿਲ ਨਾਲ ਬਰੇਕ ਮਾਰਕੇ ਉਹਨਾਂ ਨੂੰ ਬਚਾਇਆ।ਬਜਾਏ ਆਪਣੀ ਗਲਤੀ ਮੰਨਣ ਦੇ ਉਹਨਾਂ ਨੇ ਗੱਡੀ ਨੂੰ ਘੇਰ ਲਿਆ।ਜੇ ਅਸੀਂ ਪੁਲਿਸ ਵਾਲੇ ਨਾ ਹੁੰਦੇ ਤਾਂ ਚਾਹ ਦੀ ਜਗ੍ਹਾ ਸਾਨੂੰ ਚਾਹਟਾ ਸਾਹਿਬ ਛਕਾ ਕੇ ਭੇਜਦੇ।29 ਤਾਰੀਖ ਨੂੰ ਲੰਗਰਾਂ ਵਾਲੇ ਆਪਣਾਂ ਜੁੱਲੀ ਬਿਸਤਰਾ ਲਪੇਟ ਕੇ ਜਾ ਚੁੱਕੇ ਸਨ।ਵੇਖਕੇ ਬੜਾ ਦੁੱਖ ਹੋਇਆ ਕਿ ਫਹਿਹਗੜ੍ਹ ਸਾਹਿਬ ਤੋਂ ਲੈ ਕੇ ਦੂਰ ਦੂਰ ਤਕ ਸੜਕਾਂ ਦੇ ਦੋਹਵੀਂ ਪਾਸੀ ਲੱਖਾਂ ਦੀ ਤਾਦਾਦ ਵਿੱਚ ਲਿਬੜੀਆਂ ਹੋਈਆਂ ਪਲਾਸਟਿਕ ਦੀਆਂ ਡਿਸਪੋਜ਼ੇਬਲ ਪਲੇਟਾਂ ਤੇ ਗਲਾਸ ਰੁਲ ਰਹੇ ਸਨ।ਇਹਨਾਂ ਨੂੰ ਸਾਫ ਕਰਨਾਂ ਸਰਕਾਰ ਦੀ ਨਹੀਂ ਲੰਗਰ ਲਾਉਣ ਵਾਲਿਆਂ ਦੀ ਜਿੰਮੇਵਾਰੀ ਹੈ।ਇਹ ਪਲਾਸਟਿਕ ਅਗਲੇ ਮੇਲੇ ਤੱਕ ਇਸੇ ਤਰਾਂ ਖਿਲਰੀ ਰਹੇਗੀ।ਜੋ ਮਿੱਟੀ ਦੇ ਸਪੀਡ ਬਰੇਕਰ ਲੋਕਾਂ ਨੂੰ ਘੇਰਨ ਲਈ ਲੰਗਰਾਂ ਵਾਲਿਆਂ ਨੇ ਬਣਾਏ ਸਨ, ੳਹ ਵੀ ਉਸੇ ਤਰਾਂ ਛੱਡਕੇ ਤੁਰ ਗਏ ਹਨ।ਉਹਨਾਂ ਤੋਂ ਬੁੜਕ ਬੁੜਕ ਕੇ ਲੋਕ ਲੱਤਾਂ ਬਾਹਵਾਂ ਤੁੜਵਾੳਣਗੇ ਤੇ ਇਹਨਾਂ ਨੂੰ ਯਾਦ ਕਰਨਗੇ।ਮੈਂ ਕੈਨੇਡਾ ਵਿੱਚ ਲੰਗਰ ਲੱਗਦੇ ਵੇਖੇ ਹਨ, ਪ੍ਰਬੰਧਕ ਲੰਗਰ ਖਤਮ ਹੋਣ ਤੇ ਸੜਕ ਸਾਫ ਕਰ ਕੇ ਪਹਿਲਾਂ ਵਰਗੀ ਚਮਕਾ ਕੇ ਫਿਰ ਘਰ ਜਾਂਦੇ ਹਨ।
ਜੋੜ ਮੇਲਿਆਂ ਅਤੇ ਗੁਰਪੁਰਬਾਂ ਜਾਂ ਹੋਰ ਤਿੱਥ ਤਿਉਹਾਰਾਂ ਆਦਿ ਤੇ ਲੰਗਰ ਲਾਉਣੇ ਜਰੂਰੀ ਹਨ, ਪਰ ਲੰਗਰ ਲਾਉਣ ਲਈ ਕੁਝ ਨਿਯਮਾਂ ਦੀ ਪਾਲਣਾਂ ਕੀਤੀ ਜਾਣੀ ਚਾਹੀਦੀ ਹੈ।ਕੈਨੇਡਾ ਅਮਰੀਕਾ ਵਾਂਗ ਆਪਣੀ ਜਿੰਮੇਵਾਰੀ ਸਮਝ ਕੇ ਲੰਗਰ ਲਾਉਣ ਤੋਂ ਬਾਅਦ ਜਗ੍ਹਾ ਦੀ ਸਫਾਈ ਕਰਕੇ ਜਾਣਾਂ ਚਾਹੀਦਾ ਹੈ।ਗੰਦਗੀ ਫੈਲਾਉਣ ਨਾਲ ਲੰਗਰ ਲਾਉਣ ਦਾ ਪੁੰਨ ਤਾਂ ਕੀ ਮਿਲਣਾਂ ਹੈ, ਸਗੋਂ ਪਾਪ ਹੀ ਲੱਗਦਾ ਹੈ।ਸੜਕਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੰਗਰ ਲਾਉਣ ਦੀ ਬਜਾਏ ਗਰੀਬਾਂ ਦੀਆਂ ਬਸਤੀਆਂ ਵਿੱਚ ਜਾ ਕੇ ਲੰਗਰ ਲਾਏ ਜਾਣ ਤਾਂ ਜੋ ਉਹ ਲੋਕ ਵੀ ਮਹੀਨੇ ਦਸਾਂ ਦਿਨਾਂ ਬਾਅਦ ਪੇਟ ਭਰ ਕੇ ਪੌਸ਼ਟਿਕ ਭੋਜਨ ਦਾ ਆਨੰਦ ਮਾਣ ਸਕਣ।ਹੋ ਸਕੇ ਤਾਂ ਲੰਗਰ ਦੀ ਗਿਣਤੀ ਘੱਟ ਕਰਕੇ ਬਚੀ ਹੋਈ ਮਾਇਆ ਯਤੀਮਖਾਨਾਂ ਜਾਂ ਭਗਤ ਪੂਰਨ ਸਿੰਘ ਪਿੰਗਲਵਾੜਾ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਭੇਂਟ ਕਰ ਦਿੱਤੀ ਜਾਵੇ।ਸੜਕਾਂ ਉੱਤੇ ਲੋਕਾਂ ਨੂੰ ਘੇਰ ਘੇਰ ਕੇ ਧੱਕੇ ਨਾਲ ਲੰਗਰ ਨਾਂ ਛਕਾਇਆ ਜਾਵੇ।ਕੋਈ ਵੀ ਸਮਝਦਾਰ ਇਨਸਾਨ ਇੱਕ ਦਿਨ ਵਿੱਚ ਵੀਹ ਵਾਰ ਖਾਣਾਂ ਨਹੀਂ ਖਾ ਸਕਦਾ।ਅੱਜ ਕੱਲ੍ਹ ਹਰ ਤੀਸਰਾ ਬੰਦਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਤੋਂ ਪੀੜਤ ਹੈ।ਅਜਿਹੇ ਲੋਕਾਂ ਨੂੰ ਘੇਰ ਘੇਰਕੇ ਜਲੇਬ ਤੇ ਕੜ੍ਹਾਹ ਪ੍ਰਸ਼ਾਦ ਖਵਾਉਣਾਂ ਜਾਇਜ ਨਹੀਂ ਕਿਹਾ ਜਾ ਸਕਦਾ।ਕਈ ਵਾਰ ਧੱਕੇ ਨਾਲ ਲੋਕ ਮਿੱਠਾ ਲੈ ਲੈਂਦੇ ਹਨ ਪਰ ਅੱਗੇ ਜਾ ਕੇ ਸੁੱਟ ਦਿੰਦੇ ਹਨ।ਇਸ ਨਾਲ ਭੋਜਨ ਵੀ ਖਰਾਬ ਹੁੰਦਾ ਹੈ ਤੇ ਕਿਸੇ ਦੇ ਕੰਮ ਵੀ ਨਹੀਂ ਆਉਂਦਾ।ਹੋ ਸਕਦਾ ਹੈ ਕਿ ਕਿਸੇ ਨੂੰ ਇਹ ਗੱਲਾਂ ਪਸੰਦ ਨਾ ਆਉਣ ਪਰ ਸੱਚਾਈ ਇਹੀ ਹੈ।
-
ਬਲਰਾਜ ਸਿੰਘ ਸਿੱਧੂ ਐਸ.ਪੀ., ਲੇਖਕ
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.