ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ 'ਸ੍ਰੀ ਮੈਥਿਲੀ ਸ਼ਰਨ ਗੁਪਤ' ਨੇ ਲਿਖਿਆ ਹੈ:
ਜਿਸ ਕੁਲ ਜਾਤੀ ਦੇਸ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ।
1704 ਈ. ਵਿਚ ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ 'ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ। ਇਸ ਬਾਰੇ ਲਿਖਤੀ ਕਸਮਾਂ ਵੀ ਗੁਰੂ ਜੀ ਨੂੰ ਭੇਜੀਆਂ ਗਈਆਂ। ਦੀਨਾ ਕਾਂਗੜ ਤੋਂ ਬਾਦਸ਼ਾਹ ਔਰੰਗਜ਼ੇਬ ਨੂੰ ਗੁਰੂ ਜੀ ਵੱਲੋਂ ਲਿਖੇ 'ਜ਼ਫ਼ਰਨਾਮੇ' ਵਿਚ ਵੀ ਜ਼ਿਕਰ ਕੀਤਾ ਹੈ ਕਿ ਜੇ ਤੂੰ ਕੁਰਾਨ ਦੀਆਂ ਲਿਖਤੀ ਕਸਮਾਂ ਵੇਖਣਾ ਚਾਹੁੰਦਾ ਹੈਂ ਤਾਂ ਉਹ ਵੀ ਮੈਂ ਤੈਨੂੰ ਭੇਜ ਸਕਦਾ ਹਾਂ:
ਤੁਰਾ ਗਰ ਬਬਾਯਦ ਕਉਲਿ ਕੁਰਾਂ।
ਬਨਿਜ਼ਦੇ ਸ਼ੁਮਾ ਰਾ ਰਸਾਨਮ ਹਮਾਂ।
(ਜ਼ਫ਼ਰਨਾਮਾ)
ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰ ਕੇ ਜਾਣ 'ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। ਬੇਈਮਾਨੀ, ਵਾਅਦਾ-ਖਿਲਾਫ਼ੀ, ਚੰਗੇਜ਼ੀ ਅਤੇ ਦਰਿੰਦਗੀ ਦਾ ਘਿਨਾਉਣਾ ਕਾਰਾ ਸੀ। ਇਸਲਾਮ ਦੇ ਮਸ਼ਹੂਰ ਕਵੀ ਅਲਾਮਾ ਇਕਬਾਲ ਅਜਿਹੇ ਹਾਲਾਤ ਬਾਰੇ ਇਉਂ ਲਿਖਦੇ ਹਨ:
ਜਲਾਲ-ਏ-ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ,
ਜ਼ੁਦਾ ਹੋ ਦੀਂ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇਜ਼ੀ।
ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ ਜਿਵੇਂ ਦੋਵੇਂ ਇਕ ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਇਥੇ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਵਿਛੜ ਗਏ। ਇਸ ਸਥਾਨ 'ਤੇ ਅੱਜਕਲ੍ਹ 'ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ' ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ। :
ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ।ਇਸ ਤਰ੍ਹਾਂ ਉਹ ਬੇਵਫ਼ਾ, ਵਿਸ਼ਵਾਸਘਾਤੀ ਅਤੇ ਬੇਈਮਾਨ ਹੋ ਨਿਬੜਿਆ। ਇਕ ਵਿਸ਼ਵਾਸਪਾਤਰ ਵਿਅਕਤੀ ਵੱਲੋਂ ਇਸ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਦੁਖਾਂਤ ਨੂੰ ਹੋਰ ਗਹਿਰਾ ਅਤੇ ਦੁਖਦਾਇਕ ਬਣਾ ਦਿੰਦਾ ਹੈ।
ਉਸ ਰਾਤ ਉਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਪੋਹ ਦੀ ਠੰਡੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ। ਇਸ ਤੋਂ ਵੱਡਾ ਅਤੇ ਕਠਿਨ ਇਮਤਿਹਾਨ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਨੂੰ ਪਾਸ ਕਰਨਾ ਪਿਆ ਹੋਵੇ। ਰਾਜ ਦੇ ਸਹਿਮ ਅਤੇ ਸਖ਼ਤੀ ਦੇ ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜ਼ੋਖਮ ਉਠਾ ਕੇ ਇਨ੍ਹਾਂ ਨਿਰਭੈ ਅਤੇ ਨਿਰਵੈਰ ਸੂਰਬੀਰਾਂ ਦੀ ਦੁੱਧ-ਪਾਣੀ ਨਾਲ ਸੇਵਾ ਕੀਤੀ। ਜਿਸ ਦੇ ਨਤੀਜੇ ਵਜੋਂ ਬਾਅਦ ਵਿਚ ਭਾਈ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਵਾਰ ਸ਼ਾਹੀ ਹੁਕਮ ਅਨੁਸਾਰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ। ਕਚਹਿਰੀ ਵਿਚ ਬੱਚਿਆਂ ਨੂੰ ਦੀਨ-ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਜਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ 'ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਸ਼ੀਰਖੋਰ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। 'ਅੱਲ੍ਹਾ ਯਾਰ ਖਾਂ ਜੋਗੀ' ਦੇ ਸ਼ਬਦਾਂ ਵਿਚ:
ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ।
ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖ਼ਾਨ ਦੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਵੇਖਦੇ ਹੋਏ ਵਜ਼ੀਰ ਖ਼ਾਨ ਦੇ ਮਨ ਵਿਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਉਨ੍ਹਾਂ ਨੂੰ ਬਾਗ਼ੀ ਸਿੱਧ ਕੀਤਾ ਜਾਵੇ। ਸਾਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤਾ: ''ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨ ਜਾਈ।'' ਉਸ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਨ੍ਹਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਕਿਉਂਕਿ ਇਹ ਬਾਗ਼ੀ ਪਿਤਾ ਦੇ ਬਾਗ਼ੀ ਪੁੱਤਰ ਹਨ ਅਤੇ ਵੱਡੇ ਹੋ ਕੇ ਮੁਗ਼ਲੀਆ ਸਲਤਨਤ ਲਈ ਖ਼ਤਰਾ ਬਣ ਜਾਣਗੇ। ਸੁੱਚਾ ਨੰਦ ਦੀਆਂ ਉਕਸਾਊ ਦਲੀਲਾਂ ਸੁਣ ਕੇ ਵਜ਼ੀਰ ਖ਼ਾਨ ਨੇ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ। ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਪਰੰਤੂ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਤੋਂ ਉਲਟ ਦੋਹਾਂ ਬੱਚਿਆਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਫਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤਕ ਆਈ ਤਾਂ ਡਿੱਗ ਗਈ ਸੀ। ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਬੇਹੋਸ਼ ਹੋ ਗਏ ਸਨ।
ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਸਮਾਣਾ ਦੇ ਦੋ ਜਲਾਦਾਂ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਦੋਵਾਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ-ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸਚਰਜਤਾ ਵਿਚ ਪਾ ਦਿੱਤਾ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈਅ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ-ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ਦੱਦ ਉਨ੍ਹਾਂ ਨੇ ਕਿਵੇਂ ਬਰਦਾਸ਼ਤ ਕੀਤਾ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ, ਦੇਸ਼ ਅਤੇ ਕੌਮ ਦੀ ਸ਼ਾਨ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਉੱਚਾ ਚੁੱਕਿਆ ਅਤੇ ਖਾਲਸਾ ਪੰਥ ਨੂੰ ਲਾਸਾਨੀ ਅਤੇ ਇਤਿਹਾਸਕ ਫ਼ਤਿਹ ਦਿਵਾਈ। ਇਸ ਸ਼ਹੀਦੀ ਸਬੰਧੀ ਅਲਾਮਾ ਇਕਬਾਲ, ਮੁਗ਼ਲ ਤਾਨਾਸ਼ਾਹਾਂ ਅਤੇ ਦੀਨ-ਏ-ਮੁਹੰਮਦੀ ਦੇ ਠੇਕੇਦਾਰਾਂ ਨੂੰ ਇਉਂ ਫਿਟਕਾਰ ਪਾਉਂਦੇ ਲਿਖਦੇ ਹਨ:
ਕਤਲ-ਏ-ਮਾਸੂਮ ਕਰਤੇ ਹੋ ਔਰ ਇਸੇ ਇਨਸਾਫ-ਏ ਖੁਦਾ ਕਹਤੇ ਹੋ।
ਕਿਆ ਇਸੀ ਕੋ ਦੀਨ-ਏ-ਮੁਹੰਮਦ ਕਹਤੇ ਹੋ।
ਬਿਰਧ ਉਮਰੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਅੰਤਾਂ ਦੇ ਤਸੀਹੇ ਝਲਦੇ ਹੋਏ ਸ਼ਹੀਦੀ ਪਾ ਗਏ। ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿਚ ਸੱਚ, ਹੱਕ, ਧਰਮ, ਮਨੁੱਖੀ ਅਧਿਕਾਰ ਅਤੇ ਰਾਸ਼ਟਰੀ ਗੌਰਵ ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ।
ਸਾਹਿਬਜ਼ਾਦਿਆਂ ਨੇ ਗੁਰੂ-ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਵਕਤ ਦੀ ਹੈਰਤਅੰਗੇਜ਼ੀ ਅਤੇ ਰਾਜ ਦੀ ਸ਼ਕਤੀ ਦੀ ਦਰਿੰਦਗੀ ਦੀ ਇੰਤਹਾ! ਸੂਬਾ ਸਰਹਿੰਦ ਨੇ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕਰਨ ਲਈ ਜਗ੍ਹਾ ਦੇਣ ਲਈ ਸ਼ਰਤ ਰੱਖ ਦਿੱਤੀ। ਜਿਸ ਅਨੁਸਾਰ ਸੂਬਾ ਸਰਹਿੰਦ ਦੇ ਅਹਿਮ ਅਹਿਲਕਾਰ ਪਰੰਤੂ ਗੁਰੂ-ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਧਨ ਇਕੱਠਾ ਕਰ ਕੇ ਖੜ੍ਹੀਆਂ ਅਸ਼ਰਫੀਆਂ ਰੱਖ ਕੇ ਸਸਕਾਰ ਲਈ ਜ਼ਮੀਨ ਖ਼ਰੀਦ ਕੇ ਤਿੰਨਾਂ ਸ਼ਹੀਦਾਂ ਦਾ ਸਸਕਾਰ ਕਰ ਦਿੱਤਾ। ਇਥੇ ਅੱਜਕਲ੍ਹ 'ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ' ਸੁਸ਼ੋਭਿਤ ਹੈ। ਬਿਨਾਂ ਸ਼ੱਕ ਦੀਵਾਨ ਟੋਡਰ ਮੱਲ ਪੰਥ ਦਾ ਅਨਮੋਲ ਹੀਰਾ ਸੀ, ਗੁਰੂ-ਘਰ ਦਾ ਅਨਿੰਨ ਸੇਵਕ ਸੀ, ਰੱਬ ਦਾ ਪਿਆਰਾ ਸੀ, ਹੱਕ ਅਤੇ ਸੱਚ ਦਾ ਪਹਿਰੇਦਾਰ ਸੀ। ਇਹ ਦੋਵੇਂ ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਕੌਮ ਦੇ 'ਪੰਥ ਰਤਨ' ਹਨ। ਮੁਗ਼ਲ ਸਰਕਾਰ ਦੇ ਅਹਿਮ ਅਹਿਲਕਾਰ ਦੀਵਾਨ ਟੋਡਰ ਮੱਲ ਅਤੇ ਗੁਰੂ-ਘਰ ਦੇ ਰਸੋਈਏ ਗੰਗਾ ਰਾਮ ਦਾ ਕਿਰਦਾਰ ਸਮਝਣਯੋਗ ਹੈ। ਗੰਗਾ ਰਾਮ ਨੇ ਜਹਾਨ ਵਿਚ ਜੀਵਨ ਦੀ ਖੁਸ਼ਹਾਲੀ ਹਿੱਤ ਧਨ ਦੀ ਖ਼ਾਤਰ ਧਰਮ ਅਤੇ ਇਖ਼ਲਾਕ ਕੁਰਬਾਨ ਕਰ ਦਿੱਤੇ। ਇਨ੍ਹਾਂ ਦੇ ਕਿਰਦਾਰ ਤੋਂ ਬਹੁਤ ਵੱਡਾ ਸਬਕ ਸਿੱਖਣਯੋਗ ਹੈ।
ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ 12 ਮਈ, 1710 ਨੂੰ ਫ਼ਤਿਹ ਕੀਤਾ ਅਤੇ 14 ਮਈ ਨੂੰ ਬਾਬਾ ਬਾਜ ਸਿੰਘ ਅਤੇ ਬਾਬਾ ਆਲੀ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨੀਯਤ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ੯ ਜੂਨ 1716 ਨੂੰ ਸ਼ਹੀਦੀ ਪਾ ਜਾਣ ਉਪਰੰਤ ਸਰਹਿੰਦ ਮੁੜ ਮੁਗ਼ਲਾਂ ਦੇ ਕਬਜ਼ੇ ਹੇਠ ਆ ਗਿਆ। ਜਨਵਰੀ, 1764 ਵਿਚ ਸਿੱਖ ਮਿਸਲਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੰਘਾਂ ਨੇ ਸਰਹਿੰਦ ਨੂੰ ਫ਼ਤਿਹ ਕੀਤਾ। ਇਸ ਲੜਾਈ ਵਿਚ ਸੂਬੇਦਾਰ ਜੈਨ ਖਾਨ ਮਾਰਿਆ ਗਿਆ। ਨਾਲ ਹੀ ਉਸ ਦੇ ਦੋਵੇਂ ਜਰਨੈਲ ਸੈਦ ਖਾਂ ਅਤੇ ਯਾਰ ਮੁਹੰਮਦ ਖ਼ਾਂ ਵੀ ਮਾਰੇ ਗਏ। ਅਫ਼ਗਾਨ ਫੌਜਾਂ ਹਾਰ ਖਾ ਕੇ ਭੱਜ ਨਿਕਲੀਆਂ। ਇਸ ਉਪਰੰਤ ਸਿੰਘ ਫੌਜਾਂ ਵੱਲੋਂ 16 ਜਨਵਰੀ 1764 ਨੂੰ ਸਰਹਿੰਦ 'ਤੇ ਹਮਲਾ ਬੋਲ ਦਿੱਤਾ ਗਿਆ ਅਤੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਸਰਹਿੰਦ ਦਾ ਕਿਲ੍ਹਾ, ਜੋ ਮੁਗ਼ਲ ਰਾਜ ਸ਼ਕਤੀ ਦਾ ਚਿੰਨ੍ਹ ਸੀ, ਨੂੰ ਮਿੱਟੀ ਵਿਚ ਮਿਲਾ ਕੇ ਉਥੇ ਖੋਤਿਆਂ ਨਾਲ ਹਲ ਚਲਾਇਆ ਗਿਆ। ਸਿੰਘਾਂ ਨੇ ''ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ'' ਅਨੁਸਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਅਤੇ ਆਮ ਲੋਕਾਈ 'ਤੇ ਕੀਤੇ ਗਏ ਅੰਨ੍ਹੇ ਤਸ਼ਦਦ ਦਾ ਬਦਲਾ ਲੈ ਕੇ ਦਰਿੰਦਿਆਂ ਨਾਲ ਹਿਸਾਬ ਚੁਕਤਾ ਕੀਤਾ ਅਤੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ। ਖਾਲਸਾ ਪੰਥ ਅਤੇ ਦੇਸ਼ ਵਾਸੀ ਉਨ੍ਹਾਂ ਮਹਾਨ ਆਤਮਾਵਾਂ—ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਾਕੇ ਦੀ ਸਾਲਾਨਾ ਯਾਦ ਸਤਿਕਾਰ ਅਤੇ ਪੂਰਨ ਸ਼ਰਧਾ ਸਹਿਤ ਹਰ ਸਾਲ ਮਨਾਉਂਦੇ ਹਨ। ਹਰ ਰੋਜ਼ ਸੈਂਕੜੇ ਅਤੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ-ਮੇਲੇ ਸਮੇਂ ਲੱਖਾਂ ਸ਼ਰਧਾਲੂ ਦੇਸ਼-ਪ੍ਰਦੇਸ ਅਤੇ ਵਿਦੇਸ਼ ਤੋਂ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਆਉਂਦੇ ਹਨ। ਉਨ੍ਹਾਂ ਮਹਾਨ ਹਸਤੀਆਂ ਦੇ ਚਰਨਾਂ ਵਿਚ ਅਸੀਂ ਇਹੋ ਵੱਡੀ ਭੇਟਾ ਰੱਖ ਸਕਦੇ ਹਾਂ ਕਿ ਉਨ੍ਹਾਂ ਦੀ ਮਹਾਨਤਾ ਨੂੰ ਸਮਝੀਏ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਅਤੇ ਸਿੱਖੀ ਆਦਰਸ਼ਾਂ 'ਤੇ ਪਹਿਰਾ ਦੇਣ ਦਾ ਪ੍ਰਣ ਕਰੀਏ। ਉਨ੍ਹਾਂ ਨੇ ਜਿਸ ਤਰ੍ਹਾਂ ਦੇ ਸਮਾਜ ਦੀ ਉਸਾਰੀ ਕਰਨ ਲਈ ਸ਼ਹੀਦੀ ਪਾਈ ਅਤੇ ਆਪਣੇ-ਆਪ ਨੂੰ ਕੰਧਾਂ ਵਿਚ ਚਿਣਵਾਇਆ, ਉਸ ਸਮਾਜ ਦੀ ਸਥਾਪਤੀ ਲਈ ਹਰ ਸੰਭਵ ਜਤਨ ਕਰੀਏ। ਪਤਿਤਪੁਣਾ, ਮਾਦਾ ਭਰੂਣ ਹੱਤਿਆ, ਨਸ਼ਾਖੋਰੀ, ਅਸ਼ਲੀਲਤਾ, ਨੰਗੇਜ਼ਵਾਦ ਅਤੇ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਉਖਾੜ ਦੇਣਾ ਚਾਹੀਦਾ ਹੈ। ਖੰਡੇ-ਬਾਟੇ ਦੀ ਪਾਹੁਲ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ।
ਪ੍ਰਧਾਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।
-
ਪ੍ਰੋ. ਕਿਰਪਾਲ ਸਿੰਘ ਬਡੂੰਗਰ, ਲੇਖਕ
sgpcmedia2@gmail.com
9915805100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.