ਕਈ ਦਿਨਾਂ ਤੱਕ ਦੇਸ਼ ਦੇ ਹੇਠਲੇ ਸਦਨ, ਲੋਕ ਸਭਾ, ਵਿੱਚ ਕੰਮ ਨਹੀਂ ਹੋਇਆ। ਦੇਸ਼ ਦੇ ਉੱਪਰਲੇ ਸਦਨ ਰਾਜ ਸਭਾ ਦੀ ਕਾਰਵਾਈ ਵੀ ਠੱਪ ਰਹੀ। ਰਾਸ਼ਟਰਪਤੀ ਨੇ 'ਰੱਬ' ਦਾ ਵਾਸਤਾ ਪਾ ਕੇ ਦੇਸ਼ ਦੀਆਂ ਇਹਨਾਂ ਦੋਵਾਂ ਜਮਹੂਰੀ ਸੰਸਥਾਵਾਂ ਦੇ ਕੰਮ-ਕਾਰ ਨੂੰ ਚਾਲੂ ਕਰਨ ਦੀਬੇਨਤੀ ਦੇਸ਼ ਦੇ ਹਾਕਮਾਂ ਨੂੰ ਵੀ ਕੀਤੀ ਅਤੇ ਦੇਸ਼ ਦੀ ਵਿਰੋਧੀ ਧਿਰ ਨੂੰ ਵੀ। ਵਿਰੋਧੀ ਧਿਰ ਮੰਗ ਕਰਦੀ ਰਹੀ ਕਿ ਕਿਸੇ ਵਿਸ਼ੇਸ਼ ਧਾਰਾ ਅਧੀਨ ਸਦਨ ਵਿੱਚ ਨੋਟ-ਬੰਦੀ ਦੇ ਮਾਮਲੇ ਉੱਤੇ ਬਹਿਸ ਕਰਵਾਈ ਜਾਵੇ ਅਤੇ ਇਸ ਦੇ ਹੱਕ ਅਤੇ ਵਿਰੋਧ 'ਚ ਵੋਟਾਂ ਪੁਆਈਆਂ ਜਾਣ, ਪਰਹਾਕਮ ਧਿਰ ਇਸ ਮਾਮਲੇ ਉੱਤੇ ਅੜੀ ਰਹੀ। ਨਤੀਜਾ? ਦੇਸ਼ ਦਾ ਕਰੋੜਾਂ ਰੁਪੱਈਆ ਬਿਨਾਂ ਸੰਸਦੀ ਕੰਮ-ਕਾਰ ਦੇ ਨਿੱਤ ਖ਼ਰਾਬ ਹੁੰਦਾ ਰਿਹਾ। ਸਦਨ ਦੀ ਇੱਕ ਕਾਰਵਾਈ ਚਲਾਉਣ ਦਾ ਖ਼ਰਚ ਡੇਢ ਕਰੋੜ ਰੁਪਏ ਪ੍ਰਤੀ ਘੰਟਾ ਹੈ ਅਤੇ ਮੌਜੂਦਾ ਸੈਸ਼ਨ ਦੌਰਾਨ 199 ਕਰੋੜ ਰੁਪਏਸਦਨ ਦੀ ਕਾਰਵਾਈ ਨਾ ਚੱਲਣ, ਚਲਾਉਣ ਦੇਣ ਕਾਰਨ ਨਸ਼ਟ ਹੋ ਗਏ।
ਕਦੇ ਸਮਾਂ ਸੀ, ਜਦੋਂ ਭਾਰਤੀ ਸਦਨ ਵਿੱਚ ਵਿਰੋਧੀ ਧਿਰ ਨੂੰ ਭਰਪੂਰ ਸਨਮਾਨ ਦਿੱਤਾ ਜਾਂਦਾ ਸੀ। ਅੱਜ ਹਾਕਮ-ਵਿਰੋਧੀ ਹੋਣਾ ਦੇਸ਼-ਧ੍ਰੋਹੀ ਹੋਣਾ ਹੈ। ਕਦੇ ਕਿਸੇ ਮਸਲੇ ਉੱਤੇ ਆਲੋਚਨਾ ਕਰਨ ਵਾਲੇ ਦੀ ਗੱਲ ਨੂੰ ਵੀ ਵਜ਼ਨ ਦੇਣ ਦੀ ਪਰੰਪਰਾ ਸੀ, ਪਰੰਤੂ ਮੌਜੂਦਾ ਲੋਕਤੰਤਰ ਵਿੱਚਵਿਰੋਧੀ ਅਵਾਜ਼ ਨੂੰ ਬੰਦ ਕਰਨ ਦੀ ਪਿਰਤ ਨੇ ਭਾਰਤੀ ਲੋਕਤੰਤਰ ਦੇ ਅਸਲੀ ਮਕਸਦ, ਕਿ ਹਰ ਇੱਕ ਨੂੰ ਬੋਲਣ ਦੀ ਆਜ਼ਾਦੀ ਹੋਵੇ, ਹਰ ਇੱਕ ਨੂੰ ਬਿਨਾਂ ਡਰ-ਭੈਅ ਦੇਸ਼-ਸਮਾਜ 'ਚ ਵਿਚਰਨ ਦਾ ਅਧਿਕਾਰ ਹੋਵੇ, ਹਰ ਇੱਕ ਨੂੰ ਬਿਨਾਂ ਜਾਤ-ਪਾਤ, ਲਿੰਗ-ਭੇਦ ਬਰਾਬਰ ਕੰਮਕਰਨ ਦੀ ਖੁੱਲ ਹੋਵੇ, ਨੂੰ ਪਿੱਛੇ ਧੱਕ ਦਿੱਤਾ ਹੈ।
ਮੌਜੂਦਾ ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਰੋਲ ਨਿਰੰਤਰ ਛਿੰਜਦਾ ਜਾ ਰਿਹਾ ਹੈ, ਪੇਤਲਾ ਪੈਂਦਾ ਜਾ ਰਿਹਾ ਹੈ। ਆਜ਼ਾਦੀ ਦੇ ਬਾਅਦ ਲੰਮੇ ਸਮੇਂ ਤੱਕ ਜਦੋਂ ਸੰਸਦੀ ਰਾਜਨੀਤੀ ਦਾ ਆਧਾਰ 'ਵਿਚਾਰ' ਸੀ, ਵਿਚਾਰ-ਚਰਚਾ ਸੀ, ਉਦੋਂ ਰਾਜਨੀਤਕ ਦਲਾਂ ਵਿਚਕਾਰ ਆਪਸੀ ਸਪੱਸ਼ਟਸੀਮਾ ਰੇਖਾਵਾਂ ਸਨ। ਰਾਜਨੀਤਕ ਪਾਰਟੀਆਂ ਵਾਲੇ ਇੱਕ ਦੂਜੇ ਦੀ ਗੱਲ ਨੂੰ ਸੁਣਦੇ ਸਨ, ਉਨਾਂ ਦੇ ਵਿਚਾਰਾਂ ਨੂੰ ਮਾਣ ਦਿੰਦੇ ਸਨ ਤੇ ਮੰਨਦੇ ਹਨ। ਅੱਜ ਰਾਜਨੀਤਕ ਪਾਰਟੀਆਂ ਦਾ ਉਦੇਸ਼ 'ਚੋਣਾਂ' ਜਿੱਤਣ ਅਤੇ ਕਿਸੇ ਵੀ ਢੰਗ ਨਾਲ ਆਪਣੀ ਹਕੂਮਤ ਕਾਇਮ ਰੱਖਣ ਤੱਕ ਸੀਮਤਹੋ ਕੇ ਰਹਿ ਗਿਆ ਹੈ। ਇਹ ਸਥਿਤੀ ਦੇਸ਼ ਦੀ ਰਾਜਨੀਤੀ ਵਿੱਚ ਇੱਕ ਵੱਖਰੀ ਕਿਸਮ ਦਾ ਨਾਂਹ-ਪੱਖੀ ਰੁਝਾਨ ਹੈ, ਜਿਸ ਨਾਲ ਭਾਰਤੀ ਲੋਕਤੰਤਰ ਅੱਗੇ ਵੱਡਾ ਸੰਕਟ ਪੈਦਾ ਹੁੰਦਾ ਜਾ ਰਿਹਾ ਹੈ। ਸਿਧਾਂਤ-ਵਿਹੂਣੀ ਰਾਜਨੀਤੀ ਨੇ ਇੱਕ ਰਾਜਨੀਤਕ ਦਲ ਤੋਂ ਦੂਜੇ ਰਾਜਨੀਤਕ ਦਲਵਿੱਚ ਨੇਤਾਵਾਂ ਦੀ ਆਵਾਜਾਈ ਆਸਾਨ ਬਣਾ ਦਿੱਤੀ ਹੈ, ਕਿਉਂਕਿ ਰਾਜਨੀਤਕ ਦਲਾਂ ਦੀ ਆਪਸੀ ਲੜਾਈ ਵਿਚਾਰਾਂ ਦੀ ਨਾ ਹੋ ਕੇ ਕੁਰਸੀ ਪ੍ਰਾਪਤੀ ਦੀ ਰਹਿ ਗਈ ਹੈ; 'ਸਭ ਕੁਝ ਸੱਤਾ, ਸਭ ਕੁਝ ਅਹੁਦਾ ਅਤੇ ਕੁਰਸੀ'!
ਹਾਕਮ ਧਿਰ ਤਾਂ ਤਾਕਤ ਦੇ ਨਸ਼ੇ ਵਿੱਚ ਵਿਰੋਧੀਆਂ ਨੂੰ ਟਕੇ ਸੇਰ ਨਹੀਂ ਪੁੱਛਦੀ, ਪਰ ਸ਼ਕਤੀਹੀਣ ਵਿਰੋਧੀ ਧਿਰ ਦਾ ਵੀ ਸੱਤਾ ਦੀਆਂ ਸਮੀਕਰਣਾਂ ਵਿੱਚ ਉਲਝਾਅ ਅਤੇ ਕਿਸੇ ਵੀ ਹੀਲੇ ਤਾਕਤ ਹਥਿਆਉਣ ਦੇ ਯਤਨ ਉਸ ਨੂੰ ਆਪਣੇ ਰਸਤੇ ਅਤੇ ਉਦੇਸ਼ ਤੋਂ ਭਟਕਾਈ ਜਾ ਰਹੇਹਨ। ਅੱਜ ਟੋਟੇ-ਟੋਟੇ ਹੋਈ ਵਿਰੋਧੀ ਧਿਰ ਦੇ ਪੱਲੇ ਲੋਕ ਅੰਦੋਲਨ ਚਲਾਉਣ ਦੀ ਤਾਕਤ ਵੀ ਨਹੀਂ ਰਹੀ। ਦੇਸ਼ ਭ੍ਰਿਸ਼ਟਾਚਾਰ, ਭੁੱਖਮਰੀ, ਬੇਰੁਜ਼ਗਾਰੀ, ਅਨਪੜਤਾ ਦੀ ਗ੍ਰਿਫ਼ਤ ਵਿੱਚ ਜਕੜਿਆ ਹੋਇਆ ਹੈ, ਪਰ ਕਿਸੇ ਵੀ ਵਿਰੋਧੀ ਪਾਰਟੀ ਕੋਲ ਐਨੀ ਤਾਕਤ ਨਹੀਂ ਹੈ ਕਿ ਉਸਵੱਲੋਂ ਜਨ-ਸੰਘਰਸ਼ ਚਲਾਉਣਾ ਤਾਂ ਦੂਰ ਦੀ ਗੱਲ ਹੈ, ਉਸ ਦਾ ਕੋਈ ਨੇਤਾ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧੀ ਆਵਾਜ਼ ਉਠਾਉਣ ਵਾਲੇ ਬੁੱਧੀਜੀਵੀਆਂ, ਪੱਤਰਕਾਰਾਂ, ਵਿਦਿਆਰਥੀਆਂ ਦੇ ਕਤਲ ਹੋ ਰਹੇ ਹਨ, ਪਰ ਵਿਰੋਧੀ ਧਿਰਇਹੋ ਜਿਹੇ ਮਸਲਿਆਂ 'ਤੇ ਚੁੱਪੀ ਸਾਧੀ ਬੈਠੀ ਰਹਿੰਦੀ ਹੈ, ਕੋਈ ਅੰਦੋਲਨ ਹੀ ਨਹੀਂ ਛੇੜਦੀ। ਇੰਜ ਜਾਪਦਾ ਹੈ ਕਿ ਦੇਸ਼ ਦੀ ਹਕੂਮਤ ਦੇ ਨਾਲ-ਨਾਲ ਦੇਸ਼ ਦੀ ਜਨਤਾ ਵੀ ਵਿਰੋਧੀ ਧਿਰ ਦੀ ਹਾਜ਼ਰੀ ਨੂੰ ਨਕਾਰਨ ਲੱਗ ਪਈ ਹੈ। ਦਿੱਲੀ ਵਿਧਾਨ ਸਭਾ ਦੀ ਚੋਣ ਇਸ ਦੀ ਪ੍ਰਤੱਖਉਦਾਹਰਣ ਹੈ, ਜਿੱਥੇ ਵਿਰੋਧੀ ਧਿਰ ਦੀ ਜ਼ਰੂਰਤ ਨੂੰ ਦਿੱਲੀ ਦੇ ਵੋਟਰਾਂ ਨੇ ਜ਼ਰੂਰੀ ਨਹੀਂ ਸਮਝਿਆ। ਦਿੱਲੀ ਵਿਧਾਨ ਸਭਾ ਸਦਨ ਵਿਰੋਧੀ ਧਿਰ ਤੋਂ ਲੱਗਭੱਗ ਸੱਖਣਾ ਹੈ।
ਕਦੇ ਸਮਾਂ ਸੀ ਕਿ ਚੋਣਾਂ ਵੇਲੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਵਿਰੁੱਧ ਸੱਤਾ ਪੱਖ ਵਾਲੀਆਂ ਪਾਰਟੀਆਂ ਆਪਣੇ ਕਮਜ਼ੋਰ ਉਮੀਦਵਾਰ ਖੜੇ ਕਰਦੀਆਂ ਸਨ, ਤਾਂ ਕਿ ਦੇਸ਼ ਅਤੇ ਸਦਨ ਉਨਾਂ ਦੇ ਰਾਜਨੀਤਕ ਤਜਰਬਿਆਂ ਦਾ ਫਾਇਦਾ ਲੈ ਸਕਣ। ਅੱਜ ਕੱਲ ਸਿਆਣੇ, ਬੁੱਧੀਜੀਵੀ, ਹੰਢੇਹੋਏ ਵਿਰੋਧੀ ਸਿਆਸਤਦਾਨਾਂ ਨੂੰ, ਮੁਕਾਬਲੇ ਵਿੱਚ ਫ਼ਿਲਮੀ ਸਿਤਾਰਿਆਂ, ਖੇਡ ਸਿਤਾਰਿਆਂ ਨੂੰ ਖੜੇ ਕਰ ਕੇ ਹਰਾਉਣ ਦਾ ਹਰ ਯਤਨ ਕੀਤਾ ਜਾਂਦਾ ਹੈ। ਭਾਰਤੀ ਸਿਆਸਤ 'ਤੇ ਨਜ਼ਰ ਮਾਰੀਏ ਤਾਂ ਵੇਖ ਸਕਦੇ ਹਾਂ ਕਿ ਰਾਮ ਮਨੋਹਰ ਲੋਹੀਆ ਵਿਰੋਧੀ ਧਿਰ ਵਿੱਚ ਰਹੇ, ਪਰ ਕਦੇਵੀ ਸੱਤਾ ਪੱਖ ਦੇ ਕਿਸੇ ਵੱਡੇ ਤੋਂ ਵੱਡੇ ਨੇਤਾ ਤੋਂ ਉਹ ਕਿਸੇ ਤਰਾਂ ਵੀ ਘੱਟ ਨਹੀਂ ਸਨ। ਜੈ ਪ੍ਰਕਾਸ਼ ਨਾਰਾਇਣ ਲਗਾਤਾਰ ਸਰਕਾਰਾਂ ਦੇ ਵਿਰੋਧ ਵਿੱਚ ਰਹੇ, ਪਰ ਰਾਜਨੀਤਕ ਤੌਰ 'ਤੇ ਉਨਾ ਦਾ ਕੱਦ ਲੋਕਾਂ ਵਿੱਚ ਬਹੁਤ ਵੱਡਾ ਰਿਹਾ।
ਵਿਰੋਧੀ ਹੋਣਾ ਦੇਸ਼-ਧ੍ਰੋਹੀ ਹੋਣਾ ਨਹੀਂ ਹੈ, ਪਰ ਇਨੀਂ ਦਿਨੀਂ ਸੱਤਾਧਾਰੀ ਦਲ ਅਤੇ ਸਰਕਾਰ ਵੱਲੋਂ ਵਿਰੋਧੀਆਂ ਨੂੰ ਇਹੀ 'ਖਿਤਾਬ' ਦਿੱਤਾ ਜਾ ਰਿਹਾ ਹੈ। ਜੇਕਰ ਕੋਈ ਸਰਕਾਰ ਦੇ ਕੰਮ-ਕਾਰ ਕਰਨ ਦੇ ਢੰਗ-ਤਰੀਕੇ ਉੱਤੇ ਸਵਾਲ ਉਠਾ ਰਿਹਾ ਹੈ ਤਾਂ ਉਸ ਨੂੰ ਦੇਸ਼ ਦਾ ਦੁਸ਼ਮਣਗਰਦਾਨਿਆ ਜਾ ਰਿਹਾ ਹੈ। ਲੋਕਤੰਤਰ ਵਿੱਚ ਸਿਰਫ਼ ਸਿਆਸੀ ਦਲ ਹੀ ਵਿਰੋਧੀ ਧਿਰ ਨਹੀਂ ਹੁੰਦੇ, ਇਨਾਂ ਵਿੱਚ ਪੱਤਰਕਾਰ, ਸਾਹਿਤਕਾਰ ਵੀ ਆਲੋਚਨਾਤਮਿਕ ਦ੍ਰਿਸ਼ਟੀਕੋਣ ਨਾਲ ਆਪਣੀ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾਉਂਦੇ ਹਨ। ਉਹ ਸਰਕਾਰ ਦੇ ਕੰਮ-ਕਾਰ ਦੀਸਮੀਖਿਆ ਕਰਦੇ ਹਨ। ਉਨਾਂ ਦਾ ਮਾਰਗ-ਦਰਸ਼ਨ ਕਰਨਾ ਨੁਕੀਲੀਆਂ ਕਲਮਾਂ ਦਾ ਫਰਜ਼ ਵੀ ਹੁੰਦਾ ਹੈ। ਉਹ ਸਿਆਸੀ ਲੋਕਾਂ ਵਾਂਗ ਹੀ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਲਈ ਗਿਣੇ ਜਾਂਦੇ ਹਨ।
ਕਦੇ ਸਮਾਂ ਸੀ, ਜਦੋਂ ਪੱਤਰਕਾਰ ਅਤੇ ਸਾਹਿਤਕਾਰ ਸੱਤਾ ਪੱਖ ਦੀਆਂ ਮਨਮਰਜ਼ੀਆਂ ਅਤੇ ਚਾਲਾਂ ਵਿਰੁੱਧ ਚੁਣੌਤੀ ਬਣ ਕੇ ਖੜਦੇ ਸਨ, ਪਰ ਇਸ ਸਮੇਂ ਮੀਡੀਆ ਦੇ ਵੱਡੇ ਹਿੱਸੇ ਦਾ ਸੱਤਾ-ਪੱਖੀ ਹੋਣਾ ਜਾਂ ਸੱਤਾ ਹਥਿਆਉਣ ਲਈ ਕਿਸੇ ਸਿਆਸੀ ਧਿਰ ਦਾ ਹੱਥ-ਠੋਕਾ ਬਣਨਾ ਦੇਸ਼ਦੇ ਲੋਕਤੰਤਰ ਦੀ ਇਸ ਸੰਕਟਮਈ ਹਾਲਤ ਵਿੱਚ ਹੋਰ ਵਾਧਾ ਕਰ ਰਿਹਾ ਹੈ। ਮੌਜੂਦਾ ਚਲਾਕ ਵਿਵਸਥਾ ਨੇ ਪੱਤਰਕਾਰਾਂ, ਸਾਹਿਤਕਾਰਾਂ ਸਾਹਮਣੇ ਸੁਵਿਧਾਵਾਂ ਦਾ ਚਮਕੀਲਾ ਸੰਸਾਰ ਸਿਰਜ ਦਿੱਤਾ ਹੈ, ਜਿਸ ਵਿੱਚ ਫਸ ਕੇ ਅੱਜ ਦੇ ਬਹੁਤੇ ਕਲਮਕਾਰਾਂ ਨੇ ਆਪੋ-ਆਪਣੀਆਂਸਕੀਰੀਆਂ ਤੈਅ ਕੀਤੀਆਂ ਹੋਈਆਂ ਹਨ, ਜਿਹੜੇ ਜਨਤਾ-ਪੱਖੀ ਨਾ ਹੋ ਕੇ ਆਪਣੇ ਸਿਆਸੀ ਗੁਰੂਆਂ ਨੂੰ ਨਤ-ਮਸਤਕ ਹੋਏ ਦਿੱਸਦੇ ਹਨ।
ਅੱਜ ਕੀ ਹੋ ਰਿਹਾ ਹੈ ਦੇਸ਼ ਦੀ ਲੋਕ ਸਭਾ ਵਿੱਚ? ਕੀ ਵਾਪਰ ਰਿਹਾ ਹੈ ਸਿਆਣਿਆਂ ਦੇ ਸਦਨ, ਦੇਸ਼ ਦੀ ਰਾਜ ਸਭਾ, ਵਿੱਚ, ਜਿੱਥੋਂ ਦੀ ਇਕੱਤਰਤਾ ਦੀ ਕਾਰਵਾਈ ਦਾ 'ਹਰ ਪਲ' ਦੇਸ਼ ਦੇ ਲੋਕਾਂ ਸਾਹਮਣੇ ਦੂਰਦਰਸ਼ਨ ਵੱਲੋਂ ਪਰੋਸਿਆ ਜਾ ਰਿਹਾ ਹੈ, ਜਿੱਥੇ ਦੇਸ਼ ਦੇ ਚੁਣੇ ਹੋਏਸੂਝਵਾਨ ਨੇਤਾ ਗਰਜਦੇ ਹਨ, ਇੱਕ ਦੂਜੇ ਨੂੰ ਫਿਟਕਾਰਦੇ ਹਨ, ਬਾਹਾਂ ਉਲਾਰ-ਉਲਾਰ ਕੇ ਆਪਣੀ ਸਿਆਣਪ ਦਾ ਸਬੂਤ ਦਿੰਦੇ ਹਨ ਅਤੇ ਕਦੀ-ਕਦਾਈਂ ਆਰਾਮਦਾਇਕ ਬੈਂਚਾਂ ਉੱਤੇ ਬੈਠੇ-ਬੈਠੇ ਸੌਂ ਜਾਂਦੇ ਹਨ-ਬੇਫ਼ਿਕਰ? ਕੀ ਦੇਸ਼ ਦਾ ਹਾਕਮ ਐਨਾ ਵਿਚਾਰਹੀਣ ਹੋ ਗਿਆ ਹੈ ਕਿਉਹ ਆਪਣੀ ਗੱਲ ਤਹੱਮਲ ਨਾਲ ਕਰ ਹੀ ਨਹੀਂ ਸਕਦਾ, ਵਿਰੋਧੀ ਦੀ ਗੱਲ ਜਾਂ ਉਸ ਵੱਲੋਂ ਕੀਤੀ ਆਲੋਚਨਾ ਜਾਂ ਨਿੰਦਾ ਸੁਣ ਹੀ ਨਹੀਂ ਸਕਦਾ?
ਗੱਲ ਸਿਰਫ਼ ਉਂਜ ਲੋਕ ਸਭਾ, ਰਾਜ ਸਭਾ ਜਾਂ ਸੂਬਾ ਅਸੰਬਲੀਆਂ ਦੀ ਹੀ ਨਹੀਂ ਰਹੀ, ਦੇਸ਼ ਦੀ ਹਰ ਲੋਕਤੰਤਰਿਕ ਸੰਸਥਾ ਦੀ ਹਾਲਤ ਖਸਤਾ ਹੋ ਚੁੱਕੀ ਹੈ, ਸਮੇਤ ਪਿੰਡ ਦੀਆਂ ਚੁਣੀਆਂ ਹੋਈਆਂ ਪੰਚਾਇਤਾਂ, ਨਗਰਾਂ ਦੀਆਂ ਨਗਰ ਪਾਲਿਕਾਵਾਂ, ਬਲਾਕਾਂ ਦੀਆਂ ਬਲਾਕਸੰਮਤੀਆਂ, ਜ਼ਿਲੇ ਦੀਆਂ ਜ਼ਿਲਾ ਪ੍ਰੀਸ਼ਦਾਂ ਦੇ ਕੰਮਕਾਰ ਦੀ, ਜਿੱਥੇ ਵਿਰੋਧੀ ਦੀ ਦਲੀਲ ਭਾਵੇਂ ਸੌ ਫ਼ੀਸਦੀ ਸੱਚੀ ਹੀ ਕਿਉਂ ਨਾ ਹੋਵੇ, ਨਕਾਰੀ ਜਾਣੀ ਜ਼ਰੂਰੀ ਸਮਝੀ ਜਾਂਦੀ ਹੈ। ਕਿਵੇਂ ਹੋਵੇਗਾ ਵਿਚਾਰਾਂ ਦਾ ਅਦਾਨ-ਪ੍ਰਦਾਨ, ਜਦ ਸੁਣਨ ਵਾਲੇ ਕੰਨ ਹੀ ਬੋਲ਼ੇ ਹੋ ਗਏ ਹੋਣ? ਕਿਵੇਂਬਣੇਗੀ ਕਿਸੇ ਵੀ ਮਸਲੇ ਪ੍ਰਤੀ ਸਰਬ-ਸੰਮਤੀ, ਜੇਕਰ ਮਿਲ-ਬੈਠ ਕੇ ਕੋਈ ਹੱਲ ਲੱਭਣ ਦਾ ਯਤਨ ਹੀ ਨਹੀਂ ਹੋਵੇਗਾ? ਚੋਣਾਂ ਵਿੱਚ ਡਾਂਗ, ਪੈਸਾ, ਝੂਠ ਵਰਤੋ, ਤਾਕਤਵਰ ਬਣੋ, ਅਤੇ ਫਿਰ ਪੰਜ ਸਾਲ ਕਿਸੇ ਦੀ ਪ੍ਰਵਾਹ ਨਾ ਕਰੋ; ਨਾ ਲੋਕਾਂ ਦੀ, ਨਾ ਵਿਰੋਧੀ ਨੇਤਾਵਾਂ ਦੀ, ਨਾਸਦਨ ਦੇ ਨਿਯਮਾਂ ਦੀ, ਜੋ ਮਰਜ਼ੀ ਕਰੋ, ਅਗਲੀ ਵੇਰ ਵੇਖੀ ਜਾਏਗੀ! ਅਸੰਬਲੀ, ਕਾਰਪੋਰੇਸ਼ਨ ਮੀਟਿੰਗਾਂ 'ਚ ਹੋ ਰਹੀ ਪੱਗੋ-ਲੱਥੀ, ਰੌਲਾ-ਰੱਪਾ, ਕੁਰਸੀਆਂ ਇੱਕ ਦੂਜੇ ਉੱਤੇ ਸੁੱਟਣਾ,-ਆਖ਼ਿਰ ਇਹ ਕਿਹੜੇ ਲੋਕਤੰਤਰ ਦੀ ਮੱਦ ਦਾ ਹਿੱਸਾ ਹਨ? 'ਲੰਮੇ ਪਾ ਕੇ ਕੁੱਟਾਂਗੇ', 'ਡਾਂਗਾਂਨਾਲ ਸੂਤ ਕਰ ਦਿਆਂਗੇ', 'ਬੰਦੇ ਬਣਾ ਦਿਆਂਗੇ',-ਲੋਕਤੰਤਰਿਕ ਪ੍ਰਣਾਲੀ ਦੇ ਇਹ ਕਿਹੜੇ ਭਾਸ਼ਾ-ਕੋਸ਼ ਦੇ ਸ਼ਬਦ ਹਨ?
ਦੇਸ਼ ਵਿੱਚੋਂ ਅੱਜ 'ਵਿਚਾਰ' ਮਰ ਰਿਹਾ ਹੈ। ਵਿਚਾਰਵਾਨ ਲੋਕਾਂ ਦੇ ਬੋਲ ਮਿੱਧੇ ਜਾ ਰਹੇ ਹਨ। ਬਹਿਸ-ਵਿਚਾਰ ਸੰਸਥਾਵਾਂ ਨੂੰ ਧੱਕੜਸ਼ਾਹੀ ਨੇਤਾਵਾਂ ਦੇ ਧੱਕੇ ਦਾ ਮੁੱਲ ਤਾਰਨਾ ਪੈ ਰਿਹਾ ਹੈ। ਅੱਜ ਜਦੋਂ ਲੋੜ ਦੇਸ਼ ਨੂੰ ਵਿਚਾਰਾਂ ਉਪਰੰਤ ਅਨਪੜਤਾ, ਗ਼ਰੀਬੀ, ਬੇਰੁਜ਼ਗਾਰੀ, ਜਾਤ-ਪਾਤ, ਭ੍ਰਿਸ਼ਟਾਚਾਰ ਜਿਹੇ ਮੁੱਦਿਆਂ 'ਚੋਂ ਬਾਹਰ ਕੱਢਣ ਦੀ ਹੈ, ਨੇਤਾ ਲੋਕ ਆਪਹੁਦਰੇਪਣ ਨਾਲ ਦੇਸ਼ ਨੂੰ ਦਲਦਲ ਵਿੱਚ ਸੁੱਟਣ ਦੇ ਆਹਰ ਵਿੱਚ ਲੱਗੇ ਹੋਏ ਹਨ।
ਅੱਜ ਦੇਸ਼ 'ਚ ਪੁਰਾਣੇ ਪੈ ਚੁੱਕੇ 'ਆਲੋਚਕ ਨੇੜੇ ਰੱਖੀਏ' ਦੇ ਭਾਰਤੀ ਦਰਸ਼ਨ ਨੂੰ ਮੁੜ ਅਪਣਾਉਣਾ ਸਮੇਂ ਦੀ ਲੋੜ ਜਾਪ ਰਹੀ ਹੈ, ਕਿਉਂਕਿ ਨਿੰਦਕ, ਆਲੋਚਕ ਦੀ ਆਵਾਜ਼ ਸੁਣਿਆਂ ਹੀ ਨਰੋਏ ਸਮਾਜ ਤੇ ਵਿਕਸਤ ਦੇਸ਼ ਦੀ ਉਸਾਰੀ ਸੰਭਵ ਹੋ ਸਕਦੀ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.