ਕੁਝ ਮਹੀਨੇ ਪਹਿਲਾਂ ਮੈਂ ਇੱਕ ਆਰਟੀਕਲ ਪੜਿ•ਆ ਸੀ ਕਿ ਪੰਜਾਬ ਦੇ ਵਪਾਰੀ ਵਰਗ ਨੂੰ ਪੈਸੇ ਕਮਾਉਣ ਦੀ ਬਹੁਤ ਡੂੰਘੀ ਸੂਝ ਬੂਝ ਹੈ ਤੇ ਉਹ ਬਹੁਤ ਘੱਟ ਮੁਕੱਦਮੇਬਾਜ਼ੀ ਵਿੱਚ ਪੈਂਦੇ ਹਨ। ਇਹ ਗੱਲ ਬਿਲਕੁਲ ਸੱਚ ਹੈ। ਪੰਜਾਬ ਦੀਆਂ ਅਦਾਲਤਾਂ ਵਿੱਚ ਚੱਲ ਰਹੇ 80-85% ਫੌਜਦਾਰੀ ਮੁਕੱਦਮੇ ਸਿਰਫ ਕਿਸਾਨ ਅਤੇ ਮਜ਼ਦੂਰ ਵਰਗ ਨਾਲ ਸਬੰਧਿਤ ਹਨ। ਕਚਿਹਰੀ ਵਿੱਚ ਨਿਗਾਹ ਮਾਰ ਲਉ, ਹਰ ਪਾਸੇ ਇਹੀ ਜਮਾਤ ਦਿਖਾਈ ਦੇਂਦੀ ਹੈ। ਕਾਰੋਬਾਰੀ ਲੋਕ ਬਿਲਕੁਲ ਵੀ ਕਿਸੇ ਤਰਾਂ ਦੀ ਮੁਕੱਦਮੇਬਾਜ਼ੀ ਵਿੱਚ ਨਹੀਂ ਪੈਂਦੇ। ਸੇਠਾਂ ਨੇ ਜੱਦੀ ਜਾਇਦਾਦ ਦੀ ਵੰਡ ਕਰਨੀ ਹੋਵੇ ਤਾਂ ਗੁਆਂਢੀਆਂ ਨੂੰ ਵੀ ਪਤਾ ਨਹੀਂ ਲੱਗਦਾ। ਅੰਦਰ ਵੜ ਕੇ ਤੱਕੜੀਆਂ ਨਾਲ ਸੋਨਾ ਤੋਲ ਕੇ ਵੰਡੀਆਂ ਪਾ ਲੈਂਦੇ ਹਨ। ਵਪਾਰੀ ਦੀ ਬਜ਼ਾਰ ਵਿੱਚ ਇੱਕ ਦੁਕਾਨ ਹੋਵੇ ਤਾਂ ਦੋ ਪੁੱਤਰ ਪੈਦਾ ਹੋਣ 'ਤੇ ਦੋ ਹੋ ਜਾਂਦੀਆਂ ਹਨ, ਪਰ ਕਿਸਾਨ ਦੀ 10 ਕਿੱਲੇ ਜ਼ਮੀਨ ਹੋਵੇ ਤਾਂ ਵੰਡ ਕੇ 5-5 ਕਿੱਲੇ ਰਹਿ ਜਾਂਦੀ ਹੈ। ਜੇ ਕਿਤੇ ਸੇਠਾਂ ਵਿੱਚ ਮਾਰ ਕੁੱਟ ਹੋ ਵੀ ਜਾਵੇ ਤਾਂ ਮੁਹੱਲੇ ਬਰਾਦਰੀ ਵਾਲੇ ਹੀ ਝੱਟ ਰਾਜ਼ੀਨਾਮਾ ਕਰਵਾ ਦੇਂਦੇ ਹਨ ਕਿ ਅਸੀਂ ਨਹੀਂ ਲੜਨਾ, ਅਸੀਂ ਤਾਂ ਵਪਾਰੀ ਬੰਦੇ ਹਾਂ। ਕਿਸਾਨਾਂ ਵਿੱਚ ਪੁਸ਼ਤੈਨੀ ਜਾਇਦਾਦ ਦੀ ਵੰਡ ਹੋਣੀ ਹੋਵੇ ਤਾਂ ਸਾਰਾ ਪਿੰਡ ਤਮਾਸ਼ਾ ਵੇਖਦਾ ਹੈ। ਕੋਈ ਕਹੇਗਾ ਇਹ ਵੱਡਾ ਸੀ, ਇਹ ਸਾਰਾ ਘਰ ਖਾ ਗਿਆ। ਦੂਸਰਾ ਕਹੇਗਾ ਇਹ ਛੋਟਾ ਸੀ, ਪਿਉ ਦਾ ਪਿਆਰਾ ਸੀ, ਇਹ ਖਾ ਗਿਆ।
ਕਿਸਾਨ ਤੇ ਮਜ਼ਦੂਰ ਭਾਈਚਾਰਾ ਮੁਕੱਦਮਿਆਂ ਵਿੱਚ ਬਰਬਾਦ ਹੋ ਰਿਹਾ ਹੈ। ਜੇ ਕਿਤੇ ਕੋਈ ਪੁਲਿਸ ਵਾਲਾ ਪਾਰਟੀਆਂ ਨੂੰ ਹਮਦਰਦੀ ਕਰ ਕੇ ਝਗੜੇ ਦਾ ਰਾਜ਼ੀਨਾਮਾ ਕਰਨ ਦੀ ਸਲਾਹ ਦੇ ਬੈਠੇ ਤਾਂ ਉਸੇ ਵੇਲੇ ਆਪਣੇ ਸਿਫਾਰਸ਼ੀ ਕੋਲ ਸ਼ਿਕਾਇਤ ਕਰ ਦੇਣਗੇ ਕਿ ਅਫਸਰ ਤਾਂ ਸਾਡੀ ਸੁਣਦਾ ਹੀ ਨਹੀਂ, ਸ਼ਰੇਆਮ ਦੂਸਰੀ ਪਾਰਟੀ ਦੀ ਮਦਦ ਕਰ ਰਿਹਾ ਹੈ। ਅੱਜ ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਜੋ ਆਰਥਿਕ ਹਾਲਤ ਹੈ, ਉਹ ਸਾਰਾ ਜੱਗ ਜਾਣਦਾ ਹੈ। ਪਰ ਇਹ ਫਜ਼ੂਲ ਦੇ ਮੁਕੱਦਮੇ ਲਈ ਵਕੀਲ ਨੂੰ ਪੰਜ ਸੱਤ ਹਜ਼ਾਰ ਦੇਣ ਲੱਗਿਆਂ ਮਿੰਟ ਲਾਉਂਦੇ ਹਨ, ਭਾਵੇਂ ਕਰਜ਼ਾ ਚੁੱਕਣਾ ਪਵੇ। ਅਜਿਹਾ ਹੀ ਇੱਕ ਕੇਸ ਕਈ ਸਾਲ ਪਹਿਲਾਂ ਮੇਰੇ ਕੋਲ ਆਇਆ ਸੀ। ਇੱਕ ਪਿੰਡ ਵਿੱਚ ਕਿਸਾਨ ਦੀ ਰਾਤ ਦੀ ਨਹਿਰੀ ਪਾਣੀ ਦੀ 2-3 ਘੰਟੇ ਦੀ ਵਾਰੀ ਸੀ। ਉਸ ਵਿਹਲੜ ਨੇ ਆਪ ਮਿਹਨਤ ਕਰਨ ਦੀ ਬਜਾਏ ਪਾਣੀ ਲਾਉਣ ਲਈ ਇੱਕ ਮਜ਼ਦੂਰ ਨਾਲ 200 ਰੁ. ਵਿੱਚ ਗੱਲ ਮੁਕਾ ਲਈ। ਪਹਿਲਾਂ ਤਾਂ ਉਹ ਤੇਲ ਫੂਕ ਕੇ ਮਜ਼ਦੂਰ ਨੂੰ ਮੋਟਰ ਸਾਇਕਲ 'ਤੇ ਬਿਠਾ ਕੇ ਖੇਤਾਂ ਵਿੱਚ ਲੈ ਕੇ ਗਿਆ ਜਿੱਥੇ ਸਰਦੀ ਕਾਰਨ ਗਰਮ ਹੋਣ ਲਈ ਦੋਵਾਂ ਨੇ ਸ਼ਰਾਬ ਪੀਤੀ। ਕਿਸਾਨ ਦੇ 2-4 ਪੈੱਗ ਪਹਿਲਾਂ ਹੀ ਲੱਗੇ ਹੋਏ ਸਨ, ਉਸ ਨੇ ਮਜ਼ਦੂਰ ਨਾਲ ਰਲ ਕੇ ਅੱਧੀ ਕੁ ਬੋਤਲ ਹੋਰ ਖਿੱਚ ਲਈ। ਸ਼ਰਾਬ ਪੀਂਦੇ ਪੀਂਦੇ ਦੋਵੇਂ ਕਿਸੇ ਗੱਲੋਂ ਝਗੜ ਪਏ ਤੇ ਰੱਜ ਕੇ ਛਿੱਤਰੋ ਛਿੱਤਰੀ ਹੋਏ। ਮਜ਼ਦੂਰ ਨੇ ਮਜ਼ਦੂਰੀ ਪਹਿਲਾਂ ਹੀ ਲੈ ਲਈ ਸੀ, ਉਹ ਬਿਨਾਂ ਪਾਣੀ ਲਗਾਏ ਆਪਣੇ ਘਰ ਜਾ ਵੜਿਆ। ਕਿਸਾਨ ਦੇ ਥੋੜ•ੀ ਬਹੁਤ ਸੱਟ ਲੱਗ ਗਈ ਤੇ ਕੁਝ ਉਹ ਖੁਦ ਮਾਰ ਕੇ ਹਸਪਤਾਲ ਦਾਖਲ ਹੋ ਗਿਆ। ਦੋਵਾਂ ਧਿਰਾਂ ਨਾਲ ਖਾਣ ਪੀਣ ਦੇ ਸ਼ੁਕੀਨ ਕੁਝ ਸਵੈ ਘੋਸ਼ਿਤ ਜਾਤੀਵਾਦੀ ਹਮਦਰਦ ਜੁੜ ਗਏ। ਕਿਸਾਨ ਥਾਣੇ ਦਰਖਾਸਤ ਦੇ ਆਇਆ ਕਿ ਮਜ਼ਦੂਰ ਨੇ ਮੈਨੂੰ ਸੱਟਾਂ ਮਾਰੀਆਂ ਹਨ ਤੇ ਮੇਰੇ ਪੈਸੇ ਖੋਹ ਕੇ ਭੱਜ ਗਿਆ ਹੈ। ਦੋ ਚਾਰ ਸੱਚੀਆਂ ਝੂਠੀਆਂ ਗੱਲਾਂ ਨਾਲ ਹੋਰ ਜੋੜ ਲਈਆਂ। ਉਸ ਨੂੰ ਸਾਥੀਆਂ ਨੇ ਭੜਕਾ ਦਿੱਤਾ ਕਿ ਮਜ਼ਦੂਰ ਦੀ ਕਿਵੇਂ ਜੁਰਤ ਪੈ ਗਈ ਤੇਰੇ ਗਲ ਪੈਣ ਦੀ? ਇਸ ਨੂੰ ਸਬਕ ਸਿਖਾਉਣਾ ਜਰੂਰੀ ਹੈ ਤਾਂ ਜੋ ਬਾਕੀਆਂ ਨੂੰ ਵੀ ਕੰਨ ਹੋ ਜਾਣ ਤੇ ਹੋਰ ਕੋਈ ਅਜਿਹੀ ਹਿੰਮਤ ਨਾ ਕਰੇ। ਦੂਸਰੇ ਪਾਸੇ ਮਜ਼ਦੂਰ ਦੇ ਸਲਾਹਕਾਰਾਂ ਨੇ ਵੀ ਉਸ ਨੂੰ ਸਲਾਹ ਦੇ ਕੇ ਥਾਣੇ ਦਰਖਾਸਤ ਦਿਵਾ ਦਿੱਤੀ ਕਿ ਕਿਸਾਨ ਨੇ ਉਸ ਦੀ ਜ਼ਾਤ ਦੇ ਖਿਲਾਫ ਅਪਸ਼ਬਦ ਬੋਲੇ ਹਨ। ਥਾਣੇ ਵਾਲਿਆਂ ਨੂੰ ਪਤਾ ਸੀ ਕਿ ਦੋਵੇਂ ਧਿਰਾਂ ਝੂਠ ਬੋਲ ਰਹੀਆਂ ਹਨ, ਉਹਨਾਂ ਨੇ ਕੋਈ ਕਾਰਵਾਈ ਨਾ ਕੀਤੀ। ਇਸ ਲਈ ਦਰਖਾਸਤ ਘੁੰਮਣ ਘੇਰੀ ਵਿੱਚ ਫਸ ਗਈ ਤੇ ਕਿਸੇ ਤਣ ਪੱਤਣ ਨਾ ਲੱਗੀ। ਦੋਵੇਂ ਧਿਰਾਂ ਮੁਕੱਦਮਾ ਦਰਜ਼ ਕਰਾਉਣ ਲਈ ਬਜ਼ਿੱਦ ਸਨ। ਆਖਰ ਘੁੰਮਦੇ ਘੁਮਾਉਂਦੇ ਉਹ ਦਰਖਾਸਤ ਐਸ.ਐਸ.ਪੀ. ਸਾਹਿਬ ਦੇ ਦਫਤਰੋਂ ਮੈਨੂੰ ਮਾਰਕ ਹੋ ਗਈ।
ਨਿਸ਼ਚਿਤ ਤਾਰੀਖ 'ਤੇ ਦੋਵੇਂ ਧਿਰਾਂ ਮੇਰੇ ਦਫਤਰ ਪਹੁੰਚ ਗਈਆਂ। ਨਾਲ ਦਸ-ਦਸ ਪੰਦਰਾਂ-ਪੰਦਰਾਂ ਸਮਰਥਕ ਸਨ। ਉਹ ਆਪੋ ਆਪਣੇ ਬੰਦੇ ਦੇ ਹੱਕ ਵਿੱਚ ਕਾਰਵਾਈ ਕਰਾਉਣ ਲਈ ਦਬਾਅ ਪਾਉਣ ਲੱਗੇ। ਮੈਂ ਮਹਿਸੂਸ ਕੀਤਾ ਕਿ ਕਿਸਾਨ ਅਤੇ ਮਜ਼ਦੂਰ ਦੋਵੇਂ ਸਮਰਥਕਾਂ ਹੱਥੋਂ ਅੱਕ ਪਏ ਸਨ ਪਰ ਪਾਰਟੀ ਬਾਜ਼ੀ ਕਾਰਨ ਪਿੱਛੇ ਨਹੀਂ ਸਨ ਹਟ ਸਕਦੇ। ਮੈਂ ਸਾਰੇ ਕਥਿੱਤ ਮੋਹਤਬਰਾਂ ਨੂੰ ਦਫਤਰ ਵਿੱਚੋਂ ਬਾਹਰ ਕੱਢ ਕੇ ਦੋਵਾਂ ਨੂੰ ਕੁਰਸੀਆਂ 'ਤੇ ਬਿਠਾ ਲਿਆ। ਮੈਂ ਕਿਸਾਨ ਨੂੰ ਪੁੱਛਿਆ ਕਿ ਤੇਰੀ ਕਿੰਨੀ ਜ਼ਮੀਨ ਹੈ? ਉਸ ਨੇ ਦੱਸਿਆ ਕਿ 10 ਏਕੜ। ਮੈਂ ਫਿਰ ਪੁੱਛਿਆ ਕਿ ਉਸ ਦੇ ਲੜਕੇ ਕਿੰਨੇ ਹਨ ਤੇ ਕਿਸ ਉਮਰ ਦੇ ਹਨ? ਉਸ ਨੇ ਦੱਸਿਆ ਕਿ ਦੋ ਹਨ ਤੇ 19-20 ਸਾਲ ਦੇ ਹਨ। ਮੈਂ ਕਿਸਾਨ ਨੂੰ ਖਿਝ• ਕੇ ਪਿਆ ਕਿ ਤੂੰ ਵੀ 50-55 ਸਾਲ ਦਾ ਤੇ ਹੱਟਾ ਕੱਟਾ ਹੈਂ, ਦੋ ਤੇਰੇ ਜਵਾਨ ਮੁੰਡੇ ਹਨ, ਤੁਸੀਂ ਪਾਣੀ ਦੀ ਵਾਰੀ ਆਪ ਨਹੀਂ ਸੀ ਲਗਾ ਸਕਦੇ? ਨਾਲੇ ਤੂੰ ਮਜ਼ਦੂਰੀ ਦਿੱਤੀ, ਨਾਲੇ ਸ਼ਰਾਬ ਪਿਆਈ ਤੇ ਨਾਲੇ ਕੁੱਟ ਖਾਧੀ। ਕਿਸਾਨ ਦੁਖੀ ਜਿਹਾ ਹੋ ਕੇ ਕਹਿਣ ਲੱਗਾ ਕਿ ਬੱਸ ਜੀ, ਮੱਤ ਹੀ ਮਾਰੀ ਗਈ ਸੀ। ਮੈਂ ਦੋਵਾਂ ਨੂੰ ਪੁੱਛਿਆ ਕਿ ਹੁਣ ਤੱਕ ਤੁਹਾਡਾ ਇਸ ਦਰਖਾਸਤ ਬਾਜ਼ੀ 'ਤੇ ਕਿੰਨਾ ਕੁ ਖਰਚਾ ਆ ਚੁੱਕਾ ਹੈ? ਕਿਸਾਨ ਨੇ ਲਗਭਗ ਰੋਂਦੇ ਹੋਏ ਦੱਸਿਆ ਕਿ ਜਾਅਲੀ 325 ਬਣਾਉਣ, ਗੱਡੀਆਂ ਦੇ ਕਿਰਾਏ ਅਤੇ ਮੋਹਤਬਰਾਂ ਦੇ ਦਾਰੂ ਮੁਰਗੇ ਵਿੱਚ ਹੁਣ ਤੱਕ 50-60 ਹਜ਼ਾਰ ਫੂਕਿਆ ਜਾ ਚੁੱਕਾ ਹੈ। ਮੈਂ ਮਜ਼ਦੂਰ ਨੂੰ ਪੁਛਿਆ ਕਿ ਤੇਰਾ ਕਿੰਨਾ ਖਰਚਾ ਹੋਇਆ ਹੈ? ਉਸ ਨੇ ਵੀ ਬਹੁਤ ਦੁਖੀ ਮਨ ਨਾਲ ਦੱਸਿਆ ਕਿ ਕਿਸਾਨ ਦੇ 200 ਰੁ. ਉਸ ਨੂੰ 25-30 ਹਜ਼ਾਰ ਵਿੱਚ ਪੈ ਚੁੱਕੇ ਹਨ। ਕਈ ਦਿਨਾਂ ਤੋਂ ਉਹ ਮਜ਼ਦੂਰੀ ਕਰਨ ਵੀ ਨਹੀਂ ਸੀ ਜਾ ਸਕਿਆ ਤੇ 25-30 ਦਿਹਾੜੀਆਂ ਖਰਾਬ ਹੋ ਚੁੱਕੀਆਂ ਸਨ। ਲੀਡਰ ਉਸ ਨੂੰ ਕਦੇ ਜਲੰਧਰ ਦਰਖਾਸਤ ਦੇਣ ਲੈ ਜਾਂਦੇ ਹਨ ਤੇ ਕਦੇ ਚੰਡੀਗੜ•। ਉਸ ਗਰੀਬ ਆਦਮੀ ਦੀ ਇਸ ਝਗੜੇ ਵਿੱਚ ਮੱਝ ਵੀ ਵਿਕ ਗਈ ਸੀ। ਮੈਂ ਦੋਵਾਂ ਨੂੰ ਦਬਕਾ ਮਾਰਿਆ, “ਜਾਂ ਤਾਂ ਬਾਹਰ ਜਾ ਕੇ ਰਾਜ਼ੀਨਾਮਾ ਕਰ ਲਉ, ਨਹੀਂ ਮੈਂ ਦੋਵਾਂ 'ਤੇ ਬਣਦੇ ਕੇਸ ਦਰਜ਼ ਕਰ ਦੇਣੇ ਹਨ। ਫਿਰ ਕਈ ਸਾਲ ਵਕੀਲਾਂ ਕਚਹਿਰੀਆਂ ਦੇ ਚੱਕਰ ਕੱਢਣੇ ਪੈਣਗੇ। ਇਹ ਵੀ ਸੁਣ ਲਉ ਕਿ ਤੁਹਾਡੇ ਕਥਿੱਤ ਹਮਦਰਦਾਂ ਨੇ ਰਾਜ਼ੀਨਾਮਾ ਨਹੀਂ ਜੇ ਹੋਣ ਦੇਣਾ।” ਦੋਵੇਂ ਸਿਰ ਸੁੱਟ ਕੇ ਬਾਹਰ ਚਲੇ ਗਏ ਤੇ 15 ਮਿੰਟਾਂ ਬਾਅਦ ਹੀ ਰਾਜ਼ੀਨਾਮਾ ਲਿਖ ਕੇ ਦੇ ਗਏ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.