ਜਾਪਦਾ ਹੈ, ਵਧੇਰੇ ਸਿਆਸੀ ਆਗੂਆਂ ਅਤੇ ਸਿਆਸੀ ਪਾਰਟੀਆਂ ਦਾ ਉਦੇਸ਼ ਲੋਕ-ਸੇਵਾ ਜਾਂ ਦੇਸ਼-ਸੇਵਾ ਤੋਂ ਹਟ ਕੇ ਨਿੱਜ ਸੇਵਾ ਜਾਂ ਪਰਵਾਰ-ਸੇਵਾ ਤੱਕ ਸਿਮਟ ਗਿਆ ਹੈ। ਮੌਜੂਦਾ ਆਗੂ, ਪਾਰਟੀ ਹਿੱਤਾਂ ਨੂੰ ਪਿੱਛੇ ਸੁੱਟ ਕੇ ਆਪਣੇ ਹਿੱਤ ਪਾਲਣ ਦੇ ਚੱਕਰ ਵਿੱਚ, ਰਾਜਨੀਤਕ ਪਾਰਟੀਆਂ ਵਿੱਚਧੜੇਬੰਦੀਆਂ ਕਾਇਮ ਕਰ ਕੇ, ਆਪਣੀ ਕੁਰਸੀ ਸੁਰੱਖਿਅਤ ਰੱਖਣ ਲਈ ਕਾਬਲ, ਮਿਹਨਤੀ, ਸਿਆਣੇ ਨੇਤਾਵਾਂ ਨੂੰ ਮਿੱਧਣ-ਮਧੋਲਣ ਦਾ ਜੁਗਾੜ ਬਣਾਉਣ ਲਈ ਦੂਜੀਆਂ ਪਾਰਟੀਆਂ ਦੇ ਨੇਤਾਵਾਂ ਨਾਲ ਤਾਲਮੇਲ, ਜੋੜ-ਤੋੜ ਕਰ ਕੇ ਆਪਣੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਤੋਂ ਦਰੇਗ ਨਹੀਂ ਕਰਦੇ। ਇਹੋਕਾਰਨ ਹੈ ਕਿ ਜਦੋਂ ਕੁਰਸੀ ਪ੍ਰਾਪਤੀ ਦੀ ਕਿਸੇ ਚੋਣ ਵੇਲੇ ਉਨਾਂ ਨੂੰ ਜਾਂ ਉਨਾਂ ਦੇ ਗੁਰਗਿਆਂ-ਮਿੱਤਰਾਂ ਨੂੰ ਪਾਰਟੀ ਟਿਕਟ ਨਹੀਂ ਮਿਲਦੀ ਤਾਂ ਉਹ ਝੱਟ ਛੜੱਪਾ ਮਾਰ ਕੇ ਦੂਜੀ ਪਾਰਟੀ ਦੇ ਦਰ 'ਤੇ ਜਾ ਬੈਠਦੇ ਹਨ। ਕਿਸੇ ਸਮੇਂ ਆਪਣੀ ਰਾਜਨੀਤਕ ਪਾਰਟੀ ਦੇ ਆਸ਼ਿਆਂ-ਉਦੇਸ਼ਾਂ ਦਾ ਪ੍ਰਚਾਰ ਕਰਦਿਆਂਦੂਜੀ ਰਾਜਸੀ ਪਾਰਟੀ ਦੇ ਆਸ਼ਿਆਂ-ਉਦੇਸ਼ਾਂ ਦੇ ਬਖੀਏ ਉਧੇੜਦੇ ਇਹ ਨੇਤਾ ਉਸੇ ਪਾਰਟੀ 'ਚ ਜਾ ਸ਼ਾਮਲ ਹੁੰਦੇ ਹਨ, ਜਿਸ ਦਾ ਜਾਂ ਜਿਨਾਂ ਦੇ ਨੇਤਾਵਾਂ ਦਾ ਵਿਰੋਧ ਕਰਦਿਆਂ ਉਹ ਕਿਸੇ ਵੀ ਹੱਦ ਤੱਕ ਜਾ ਕੇ ਉਨਾਂ ਦੇ ਪਰਖਚੇ ਉਡਾਉਂਦੇ ਨਹੀਂ ਸਨ ਥੱਕਦੇ। ਅਜਿਹੇ ਸਮੇਂ ਕਿੱਥੇ ਚਲੀ ਜਾਂਦੀ ਹੈ ਉਨਾਂ ਦੀਜ਼ਮੀਰ? ਕਿੱਥੇ ਲੁਪਤ ਹੋ ਜਾਂਦੇ ਹਨ ਉਨਾਂ ਦੇ ਆਦਰਸ਼?
ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬ) ਵਿੱਚੋਂ ਕਈ ਨੇਤਾ ਉਡਾਰੀ ਮਾਰ ਕੇ ਕਾਂਗਰਸ ਦੀ ਛਤਰੀ ਉੱਤੇ ਜਾ ਬੈਠੇ ਹਨ ਅਤੇ ਭਾਜਪਾ ਦੀ ਸਿੱਧੂ ਜੋੜੀ ਦੀ ਇੱਕ ਪਰਿੰਦਾ ਬੀਬੀ ਸਿੱਧੂ ਕਾਂਗਰਸੀਆਂ ਤੇ ਕੈਪਟਨ ਨੂੰ ਗਾਲ਼ਾਂ ਦੇਂਦੀ ਉਨਾਂ ਦੇ ਸੋਹਲੇ ਗਾਉਣ ਲੱਗ ਪਈ ਹੈ। ਆਇਆ ਰਾਮ-ਗਿਆ ਰਾਮ, ਦਲ-ਬਦਲੀ ਦਾ ਇਹ ਕੋਝਾ ਕਰਮ ਕੀ ਸਵਾਰਥੀ ਰਾਜਨੀਤੀ ਦੀ ਸਿਖ਼ਰ ਨਹੀਂ? ਡੁੱਬਦੀ ਬੇੜੀ ਵਿੱਚੋਂ ਛਾਲ ਮਾਰ ਕੇ, ਕੁਰਸੀ ਪ੍ਰਾਪਤੀ ਵੱਲ ਵਧ ਰਹੀ ਕਿਸੇ ਪਾਰਟੀ ਵਿੱਚ ਸ਼ਾਮਲ ਹੋ ਜਾਣਾ ਕੀ ਉਨਾਂ ਲੋਕਾਂ ਨਾਲ ਧੋਖਾ ਨਹੀਂ, ਜਿਨਾਂ ਨਾਲ ਲੰਮਾ ਸਮਾਂ ਰਹਿ ਕੇ ਉਨਾਂ ਦੀ ਅਗਵਾਈ ਕੀਤੀ ਜਾਂ ਲਈ ਹੋਵੇ,ਉਨਾਂ ਦੇ ਨਾਮ ਉੱਤੇ ਰਾਜਨੀਤਕ ਰੋਟੀਆਂ ਸੇਕੀਆਂ ਹੋਣ, ਉਨਾਂ ਲੋਕਾਂ ਦੇ ਨਾਮ ਉੱਤੇ ਕੁਰਸੀ ਪ੍ਰਾਪਤ ਕਰ ਕੇ ਸਰਕਾਰੀ ਸੁੱਖ-ਆਰਾਮ ਅਤੇ ਸੁਵਿਧਾਵਾਂ ਪ੍ਰਾਪਤ ਕੀਤੀਆਂ ਹੋਣ?
ਬਹੁਤਾ ਦੂਰ ਨਾ ਜਾਂਦਿਆਂ ਪਿਛਲੇ ਇੱਕ ਵਰੇ ਵਿੱਚ ਪੰਜਾਬ 'ਚ ਜੋ ਰਾਜਸੀ ਅਖਾੜਾ ਮਘਿਆ ਹੈ, ਉਥੱਲ-ਪੁਥੱਲ ਹੋ ਰਹੀ ਹੈ, ਇੱਕ ਪਾਰਟੀ 'ਚੋਂ ਦੂਜੀ ਪਾਰਟੀ 'ਚ ਨੇਤਾ ਆ-ਜਾ ਰਹੇ ਹਨ, ਉਹ ਪੰਜਾਬ ਦੀ ਬੇ-ਅਸੂਲੀ ਰਾਜਨੀਤੀ ਦਾ ਪ੍ਰਤੱਖ ਪ੍ਰਮਾਣ ਬਣ ਕੇ ਰਹਿ ਗਏ ਹਨ। ਵਰਿਆਂ-ਬੱਧੀ ਕਾਂਗਰਸਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਵਾਲੇ ਜਗਮੀਤ ਸਿੰਘ ਬਰਾੜ ਕਾਂਗਰਸ ਛੱਡ ਕੇ 'ਆਪ' ਦਾ ਲੜ ਫੜ ਕੇ ਪ੍ਰਚਾਰ ਕਰਨ ਲੱਗੇ ਤੇ ਫਿਰ ਤ੍ਰਿਣਮੂਲ ਕਾਂਗਰਸ ਦੇ ਪ੍ਰਧਾਨ ਜਾ ਬਣੇ। ਮਨਪ੍ਰੀਤ ਸਿੰਘ ਬਾਦਲ ਕੁਰਸੀ ਪ੍ਰਾਪਤੀ ਲਈ ਚਾਚੇ ਬਾਦਲ ਨੂੰ ਛੱਡ ਕੇ ਕਦੇ ਆਪਣੀ ਪਾਰਟੀ ਬਣਾ ਬੈਠਾ, ਫਿਰਕਾਂਗਰਸ ਦੇ ਲੜ ਲੱਗ ਗਿਆ। ਕਾਂਗਰਸ ਦਾ ਬੁਲਾਰਾ ਸੁਖਪਾਲ ਸਿੰਘ ਖਹਿਰਾ 'ਆਪ' ਦੀ ਝੋਲੀ ਜਾ ਪਿਆ। ਬਲਵੰਤ ਸਿੰਘ ਰਾਮੂੰਵਾਲੀਆ ਪੰਜਾਬ ਤੇ ਅਕਾਲੀਆਂ ਨੂੰ ਛੱਡ ਕੇ ਮੁਲਾਇਮ ਸਿੰਘ ਯਾਦਵ ਦੇ ਜਾ ਚਰਨੀਂ ਪਿਆ। ਅਸੂਲਾਂ ਲਈ ਲੜਨ ਦੀ ਦਾਅਵੇਦਾਰ ਸਿੱਧੂ ਜੋੜੀ ਲੜਖੜਾਉਂਦੀ ਕੁਰਸੀ ਦੌੜਵਿੱਚ 'ਆਪ-ਆਪ' ਅਲਾਪਦੀ ਕਾਂਗਰਸੀਆਂ ਦੇ ਬੂਹੇ ਦਾ ਸ਼ਿੰਗਾਰ ਜਾ ਬਣੀ। ਸੁਖਬੀਰ ਸਿੰਘ ਬਾਦਲ ਦਾ ਰਾਜ਼ਦਾਰ, ਉਸ ਦੀ ਕਬੱਡੀ ਫੈਡਰੇਸ਼ਨ ਦਾ ਸਰਵੇ-ਸਰਵਾ ਪ੍ਰਗਟ ਸਿੰਘ ਅਕਾਲੀਆਂ ਨੂੰ ਛੱਡ ਕੇ ਕਾਂਗਰਸੀ ਜਾ ਬਣਿਆ। ਅਕਾਲੀ ਵਿਧਾਇਕ ਮਹੇਸ਼ਇੰਦਰ ਸਿੰਘ ਤੇ ਰਾਜਵਿੰਦਰ ਕੌਰ ਅਕਾਲੀਆਂਤੋਂ ਅਗਲੀ ਵੇਰ ਲਈ ਵਿਧਾਨ ਸਭਾ ਚੋਣ ਲੜਨ ਲਈ ਪਾਰਟੀ ਟਿਕਟ ਨਾ ਮਿਲਣ ਕਾਰਨ ਬਾਗ਼ੀ ਹੋ ਕੇ ਕਾਂਗਰਸ ਦੀ ਅਗਵਾਈ 'ਚ ਜਾ ਬੈਠੇ। ਬਿਕਰਮ ਸਿੰਘ ਮਜੀਠੀਏ ਦਾ ਆੜੀ ਇੰਦਰਜੀਤ ਸਿੰਘ ਬੁਲਾਰੀਆ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿਲੋਂ-ਮਨੋਂ ਸੱਭੋ ਕੁਝ ਮੰਨਣ ਵਾਲਾ, ਸਾਰੀ ਉਮਰਅਕਾਲੀ ਰਿਹਾ ਸਰਵਣ ਸਿੰਘ ਫਿਲੌਰ ਅਕਾਲੀਆਂ ਨੂੰ ਛੱਡ ਕੇ ਕਾਂਗਰਸੀਆਂ ਦੀ ਪੌੜੀ ਜਾ ਚੜਿਆ। ਕਿੱਥੇ ਚਲੇ ਗਏ ਇਨਾਂ ਨੇਤਾਵਾਂ ਦੇ ਉਹ ਦਾਈਏ ਕਿ ਉਹ ਆਪਣੀ ਪਾਰਟੀ ਲਈ ਸੱਭੋ ਕੁਝ ਕਰਨ ਲਈ ਤਿਆਰ ਹਨ, ਲੋੜ ਵੇਲੇ ਕੁਰਬਾਨੀ ਦੇਣ ਤੋਂ ਵੀ ਨਹੀਂ ਝਿਜਕਣਗੇ? ਇਹ ਬੇ-ਅਸੂਲੇ ਨੇਤਾਕੁਰਸੀ ਖਿਸਕਦੀ ਵੇਖ ਕੇ ਦੂਜੀਆਂ ਪਾਰਟੀਆਂ 'ਚ ਜਾ ਸ਼ਾਮਲ ਹੋਏ।
ਇਹੋ ਹਾਲ ਨਵੀਂ ਬਣੀ 'ਆਪ' ਦਾ ਹੈ, ਜਿਸ ਵਿੱਚੋਂ ਛੋਟੇਪੁਰ ਗਿਆ ਤੇ ਆਪਣੀ ਪਾਰਟੀ ਬਣਾ ਬੈਠਾ। ਸੈਂਕੜੇ ਵਰਕਰ ਪਾਰਟੀ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਜੁਦਾ ਹੋ ਗਏ ਅਤੇ ਆਪਣੀ ਵੱਖਰੀ ਡਫ਼ਲੀ ਵਜਾਉਣ ਲੱਗੇ। ਅਸਲ ਵਿੱਚ ਮੌਕਾਪ੍ਰਸਤਾਂ ਵਾਲੀ ਸਿਆਸਤ ਕਰਨ ਵਾਲੇ ਪੰਜਾਬ ਦੇ ਇਹਮੌਜੂਦਾ ਨੇਤਾ ਸਿਰਫ਼ ਇਹੋ ਸਮਝ ਬੈਠੇ ਹਨ ਕਿ ਕੁਰਸੀ ਉੱਤੇ ਅਧਿਕਾਰ ਉਮਰ ਭਰ ਉਨਾਂ ਦਾ ਹੈ। ਉਨਾਂ ਦੇ ਮਰਨ ਉਪਰੰਤ ਉਨਾਂ ਦੇ ਪਰਵਾਰ ਦੇ ਜੀਆਂ; ਪਤਨੀ, ਪੁੱਤਰ, ਪੁੱਤਰੀਆਂ, ਭਤੀਜਿਆਂ, ਭਾਣਜਿਆਂ, ਭਰਾਵਾਂ, ਭਰਜਾਈਆਂ, ਆਦਿ ਦਾ ਹੱਕ ਹੈ, ਦੂਜੇ ਵਰਕਰ ਜਾਣ ਢੱਠੇ ਖ਼ੂਹ ਵਿੱਚ!
ਅਸਲ ਵਿੱਚ ਪੰਜਾਬ ਦੀ ਮੌਜੂਦਾ ਸਿਆਸਤ ਵਪਾਰ ਬਣ ਚੁੱਕੀ ਹੈ। ਜਿਵੇਂ ਡਾਕਟਰ ਦਾ ਪੁੱਤਰ ਡਾਕਟਰ, ਵਪਾਰੀ ਦਾ ਪੁੱਤ ਵਪਾਰੀ, ਕਾਰੋਬਾਰੀ ਦਾ ਪੁੱਤ ਕਾਰੋਬਾਰੀ ਬਣਨਾ ਲੋਚਦਾ ਹੈ, ਨੇਤਾ ਦਾ ਪੁੱਤ ਨੇਤਾ ਬਣਨਾ ਆਪਣਾ ਹੱਕ ਸਮਝ ਬੈਠਾ ਹੈ, ਭਾਵੇਂ ਉਸ ਨੂੰ ਸਿਆਸਤ ਦਾ ਊੜਾ-ਐੜਾ ਵੀ ਨਾਆਉਂਦਾ ਹੋਵੇ। ਤਦੇ ਬੇਅਸੂਲੀ ਸਿਆਸਤ ਨੇ ਪੰਜਾਬ ਦਾ ਪੋਟਾ-ਪੋਟਾ ਭੰਨ ਸੁੱਟਿਆ ਹੈ ਅਤੇ ਨਸ਼ੇ, ਪੈਸੇ, ਧੱਕੇ ਦੀ ਸਿਆਸਤ ਨੇ ਪੰਜਾਬ ਦੇ ਲੋਕਾਂ ਨੂੰ 'ਜੀ ਹਜ਼ੂਰੀਏ' ਬਣਨ ਵੱਲ ਮੋੜ ਦਿੱਤਾ ਹੈ। ਉਹੀ ਪੰਜਾਬੀ, ਜਿਹੜੇ 'ਟੈਂ ਨਾ ਮੰਨਣ ਕਿਸੇ ਦੀ' ਕਰ ਕੇ ਜਾਣੇ ਜਾਂਦੇ ਸਨ, ਅੱਜ ਸਵਾਰਥੀ ਨੇਤਾਵਾਂ ਦੀਆਂਕੋਝੀਆਂ ਚਾਲਾਂ 'ਚ ਫਸ ਕੇ ਨਿਤਾਣੇ-ਨਿਮਾਣੇ, ਨਿਆਸਰੇ ਬਣੇ ਦਿੱਸਦੇ ਹਨ, ਨਹੀਂ ਤਾਂ ਪੂਰੇ ਦੇਸ਼ ਨੂੰ ਅੰਨ ਨਾਲ ਰਜਾਉਣ ਵਾਲੇ ਸੂਬੇ ਦੇ ਲੋਕਾਂ ਨੂੰ ਢਿੱਡ ਭਰਨ ਲਈ ਨੀਲੇ ਕਾਰਡਾਂ ਉੱਤੇ ਰਾਸ਼ਨ ਪ੍ਰਾਪਤ ਕਰਨ ਵਾਲੀਆਂ ਸਕੀਮਾਂ ਦਾ ਸਹਾਰਾ ਕਿਉਂ ਲੈਣਾ ਪਵੇ, ਜਿਸ ਅਧੀਨ ਸੁਸਰੀ ਖਾਧੀ, ਨਿਕੰਮੀਕਣਕ ਜਾਂ ਚਾਵਲ ਉਨਾਂ ਨੂੰ ਦੋ ਰੁਪਏ ਪ੍ਰਤੀ ਕਿਲੋ ਦੇ ਭਾਅ ਮਿਲਦੇ ਹਨ?
ਪੰਜਾਬ ਦੇ ਚੋਣ ਦੰਗਲ ਨੇ ਤਿਕੜਮਬਾਜ਼ ਨੇਤਾਵਾਂ ਦੇ ਵਾਰੇ-ਨਿਆਰੇ ਕੀਤੇ ਹੋਏ ਹਨ। ਰਾਜਨੀਤਕ ਪਾਰਟੀਆਂ ਦੀਆਂ ਨਿੱਤ ਹੋ ਰਹੀਆਂ ਰੈਲੀਆਂ, ਮੀਟਿੰਗਾਂ ਲਈ ਭੀੜਾਂ ਇਕੱਠੀਆਂ ਕਰਨ ਲਈ ਜਿਵੇਂ ਸਰਕਾਰੀ, ਗ਼ੈਰ-ਸਰਕਾਰੀ ਸਾਧਨਾਂ ਦੀ ਵਰਤੋਂ ਦੇ ਨਾਲ-ਨਾਲ ਭਾੜੇ ਉੱਤੇ 'ਵਰਕਰ' ਲੈ ਜਾ ਕੇਆਪਣੇ ਉੱਪਰਲਿਆਂ ਦਾ ਟੌਹਰ-ਟੱਪਾ ਬਣਾਇਆ ਜਾ ਰਿਹਾ ਹੈ, ਹੇਠਲੇ ਛੋਟੇ ਨੇਤਾ ਆਪਣਾ ਝੁੱਗਾ-ਚੌੜ ਕਰਵਾ ਰਹੇ ਹਨ, ਟਿਕਟਾਂ ਨਾ ਮਿਲਣ 'ਤੇ ਵੱਡੇ ਨੇਤਾਵਾਂ ਉੱਪਰ ਲੱਖਾਂ ਕਰੋੜਾਂ ਰਿਸ਼ਵਤ ਲੈਣ ਦਾ ਇਲਜ਼ਾਮ ਲਗਾ ਰਹੇ ਹਨ, ਇਹ ਅਸਲ ਵਿੱਚ ਪੰਜਾਬ ਦੀ ਮੌਜੂਦਾ ਗੰਧਲੀ ਸਿਆਸਤ ਦਾਦਰਪਣ ਹੈ। ਕਿੱਥੇ ਚਲੀ ਗਈ ਆਪ-ਮੁਹਾਰੇ ਮਨਾਂ 'ਚ ਜੋਸ਼ ਲੈ ਕੇ ਆਦਰਸ਼ਾਂ-ਅਸੂਲਾਂ ਲਈ ਲੜਦੀ ਭੀੜ, ਉਨਾਂ ਦੇ ਜੋਸ਼ੀਲੇ ਨਾਹਰੇ, ਹੱਕਾਂ ਦੀ ਪ੍ਰਾਪਤੀ ਲਈ ਉਨਾਂ ਲੋਕ-ਸੇਵਕਾਂ ਦਾ ਸੰਘਰਸ਼? ਹੁਣ ਤਾਂ ਵਰਕਰ ਹੱਥ ਪਾਰਟੀ ਦਾ ਝੰਡਾ ਹੈ, ਜੋ ਸ਼ਾਮ ਨੂੰ ਸਿਰਫ਼ ਡੰਡਾ ਰਹਿ ਜਾਂਦਾ ਹੈ।
ਪੰਜਾਬ ਸਦਾ ਸੇਵਾ ਦਾ ਸਥਾਨ ਕਰ ਕੇ ਮੰਨਿਆ ਜਾਂਦਾ ਰਿਹਾ ਹੈ। ਧਾਰਮਿਕ, ਸਮਾਜਿਕ ਸੰਸਥਾਵਾਂ ਲੋਕ ਸੇਵਾ ਪ੍ਰਤੀ ਆਪਣੇ ਆਪ ਨੂੰ ਅਰਪਿਤ ਕਰ ਕੇ ਦੇਸ਼-ਵਿਦੇਸ਼ 'ਚ ਜੱਸ ਖੱਟਦੀਆਂ ਰਹੀਆਂ ਹਨ। ਹੁਣ ਇਨਾਂ ਧਾਰਮਿਕ ਸਥਾਨਾਂ, ਸਮਾਜ ਸੇਵਾ 'ਚ ਲੱਗੀਆਂ ਸੰਸਥਾਵਾਂ ਉੱਤੇ ਚੌਧਰ ਦੇ ਚਾਹਵਾਨਨੇਤਾਵਾਂ ਨੇ ਗਲਬਾ ਜਮਾਇਆ ਹੋਇਆ ਹੈ। ਉਹ ਇਨਾਂ ਸਥਾਨਾਂ, ਸੰਸਥਾਵਾਂ ਦੀ ਵਰਤੋਂ ਹਰ ਹੀਲੇ ਆਪਣੀ ਗੱਦੀ ਸਥਾਪਤੀ ਅਤੇ ਹੋਂਦ ਬਣਾਈ ਰੱਖਣ ਲਈ ਕਰਦੇ ਹਨ। ਤਦੇ ਪੰਜਾਬ ਵਿੱਚੋਂ 'ਭਲਾਮਾਣਸ' ਸ਼ਬਦ ਮਨਫ਼ੀ ਹੁੰਦਾ ਦਿੱਸਦਾ ਹੈ।
ਪੰਜਾਬ ਵਿਕਾਸ ਲਈ ਜਾਣਿਆ ਜਾਂਦਾ ਹੈ। ਫ਼ਸਲ ਚੰਗੀ, ਪਾਣੀ ਚੰਗਾ, ਧਰਤੀ ਸੁਹਾਵਣੀ, ਹਰੀ-ਭਰੀ, ਹਵਾ ਸ਼ੁੱਧ, ਪਰ ਨੇਤਾਵਾਂ ਦੀ ਮਨਫ਼ੀ ਸੋਚ ਨੇ ਇਹ ਸੱਭੋ ਕੁਝ ਤਹਿਸ-ਨਹਿਸ ਕਰਨ ਵੱਲ ਤੋਰ ਦਿੱਤਾ ਹੈ। ਪੰਜਾਬ ਵਿੱਚ ਅੰਧਾ-ਧੁੰਦ ਪੱਕੇ ਨਿਰਮਾਣ ਨੂੰ ਹੀ ਵਿਕਾਸ ਸਮਝ ਲਿਆ ਗਿਆ। ਗਲੀਆਂ-ਨਾਲੀਆਂ, ਪੁਲ, ਸੜਕਾਂ ਪੱਕੇ; ਹੋ ਗਿਆ ਵਿਕਾਸ! ਪਿੰਡਾਂ ਦੇ ਲੋਕਾਂ ਦੇ ਘਰ ਪੱਕੇ, ਲੈਟਰੀਨਾਂ ਬਣ ਗਈਆਂ, ਬੱਸ ਹੋ ਗਿਆ ਵਿਕਾਸ! ਇਸ ਵਿਕਾਸ ਵਿੱਚ ਮਨੁੱਖ ਦਾ ਵਿਕਾਸ ਕਿੱਥੇ ਹੈ? ਕਿੱਥੇ ਹੈ ਪੰਜਾਬ ਵਿੱਚ ਲੋਕਾਂ ਲਈ ਕੰਮ-ਧੰਦਾ, ਨੌਕਰੀਆਂ? ਚੰਗੇ ਸਕੂਲ, ਵਧੀਆ ਸਿਹਤ ਸਹੂਲਤਾਂ ਵਿਕਾਸ ਵਿੱਚੋਂਗਾਇਬ ਹਨ। ਚੰਗੀ ਸਿਹਤ, ਚੰਗਾ ਵਾਤਾਵਰਣ, ਚੰਗੀ ਪੜਾਈ ਬਿਨਾਂ ਕਾਹਦਾ ਵਿਕਾਸ? ਨੇਤਾਵਾਂ, ਸਰਕਾਰਾਂ ਦੇ ਵਿਕਾਸ ਦੇ ਦਮਗਜੇ ਚੋਣਾਂ ਜਿੱਤਣ ਲਈ ਬੱਸ ਚੋਣ ਜੁਮਲੇ ਬਣੇ ਦਿੱਸਦੇ ਹਨ; ਅਖ਼ਬਾਰਾਂ ਵਿੱਚ ਵੀ, ਇਲੈਕਟਰਾਨਿਕ ਮੀਡੀਆ ਵਿੱਚ ਵੀ ਅਤੇ ਸੋਸ਼ਲ ਮੀਡੀਆ ਵਿੱਚ ਵੀ।
ਪੰਜਾਬ ਦੇ ਲੋਕ ਇਸ ਵੇਲੇ ਤਿਕੜਮਬਾਜ਼, ਦਲ-ਬਦਲੂ, ਮੌਕਾਪ੍ਰਸਤ ਨੇਤਾਵਾਂ ਦਾ ਤਮਾਸ਼ਾ ਵੇਖ ਰਹੇ ਹਨ, ਜਿਹੜੇ ਹਰ ਹੀਲੇ ਪੰਜਾਬ ਦੇ ਹਾਕਮ ਬਣਨ ਦਾ ਸੁਫ਼ਨਾ ਆਪਣੇ ਮਨ 'ਚ ਪਾਲੀ ਬੈਠੇ ਹਨ। ਪੰਜਾਬ, ਵਿਧਾਨ ਸਭਾ ਚੋਣਾਂ ਵੱਲ ਵਧਦਾ, ਹਰ ਇੱਕ ਦਿਨ ਕੁਝ ਨਾ ਕੁਝ ਨਵਾਂ ਲਿਆਉਂਦਾਦਿੱਸਦਾ ਹੈ, ਖ਼ਾਸ ਤੌਰ 'ਤੇ ਨੇਤਾਵਾਂ ਦੀ ਆਪਸੀ ਤੋਹਮਤੀ ਜਮਾਂ-ਜ਼ੁਬਾਨੀ ਜੰਗ, ਆਪੋ-ਆਪਣੇ ਪਾਲੇ ਵਿੱਚ ਰੁੱਸੇ ਨੇਤਾਵਾਂ ਨੂੰ ਲਿਆਉਣ ਲਈ ਗੁਪਤ ਤਿਕੜਮਬਾਜ਼ੀ ਅਤੇ ਕਈ ਹਾਲਤਾਂ 'ਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰ ਕੇ ਹਾਕਮਾਂ ਨਾਲ ਰੁੱਸੇ ਨੇਤਾਵਾਂ ਦੀ ਘਰ ਵਾਪਸੀ ਦੇ ਯਤਨ। ਇੱਕ ਗੱਲਚਿੱਟੇ ਦਿਨ ਵਾਂਗ ਸਾਫ਼ ਦਿੱਖ ਰਹੀ ਹੈ ਕਿ ਬੇ-ਅਸੂਲੇ, ਦਲ-ਬਦਬੂ, ਤਿਕੜਮਬਾਜ਼ ਨੇਤਾਵਾਂ ਨੂੰ ਪੰਜਾਬ ਦੇ ਲੋਕ ਸਬਕ ਸਿਖਾਉਣ ਦੀ ਧਾਰੀ ਬੈਠੇ ਹਨ। ਉਂਜ ਵੀ ਬੇਹੱਦ ਗੰਧਲੀ ਹੋਈ ਪੰਜਾਬ ਦੀ ਸਿਆਸਤ ਹੋਰ ਗੰਧਲੀ ਹੋ ਜਾਵੇਗੀ ਅਤੇ ਪਹਿਲੋਂ ਹੀ ਮੌਕਾਪ੍ਰਸਤ ਨੇਤਾਵਾਂ ਦਾ ਸਤਾਇਆ ਪੰਜਾਬ ਹੋਰਵੀ ਵੱਡਾ ਸੰਤਾਪ ਭੋਗੇਗਾ, ਜੇਕਰ ਸਾਫ਼-ਸੁਥਰੇ ਅਕਸ ਵਾਲੇ ਨੇਤਾਵਾਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਜਿਤਾ ਕੇ ਨਾ ਭੇਜ ਸਕੇ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.