ਵਿੱਛੜੇ ਸਾਥੀਆਂ ਨੂੰ ਹੰਝੂਆਂ ਭਰੀ ਵਿਦਾਇਗੀ !!
ਸਾਡਾ ਫਾਜ਼ਿਲਕਾ ਜ਼ਿਲ੍ਹਾ ਅਧਿਆਪਕਾਂ ਦਾ ਗੜ੍ਹ ਹੈ. ਇਸ ਇਲਾਕੇ ਵਿੱਚ ਪੜ੍ਹ ਲਿਖ ਕੇ ਅਧਿਆਪਕ ਬਣਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ. ਇਸ ਲਈ ਟੀਚਰ ਟਰੇਨਿੰਗ ਸੰਸਥਾਨਾਂ ਵਿੱਚ ਸਭ ਤੋਂ ਵੱਧ ਗਿਣਤੀ ਹਮੇਸ਼ਾ ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਦੀ ਹੀ ਰਹੀ ਹੈ. ਫਾਜ਼ਿਲਕਾ ਜ਼ਿਲ੍ਹੇ ਵਿੱਚ ਅਧਿਆਪਕਾਂ ਦੀਆਂ ਖਾਲੀ ਪੋਸਟਾਂ ਮਿਲਦੀਆਂ ਹੀ ਨਹੀਂ ਅਤੇ ਹਮੇਸ਼ਾ ਭਰੀਆਂ ਰਹਿੰਦੀਆਂ ਹਨ, ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤੁਹਾਨੂੰ ਫਾਜ਼ਿਲਕਾ ਇਲਾਕੇ ਦੇ ਅਧਿਆਪਕ ਮਿਲ ਜਾਣਗੇ. ਪ੍ਰਾਇਮਰੀ ਅਤੇ ਸੈਕੰਡਰੀ ਦੋਹਾਂ ਹੀ ਵਿਭਾਗਾਂ ਵਿੱਚ ਇਹੀ ਹਾਲਤ ਹੈ. ਜਿਹੜੇ ਅਧਿਆਪਕ ਤਾਂ ਦੂਰ-ਦੁਰਾਡੇ ਜ਼ਿਲ੍ਹਿਆਂ ਵਿੱਚ ਨਿਯੁਕਤ ਹਨ ਉਹਨਾਂ ਨੂੰ ਤਾਂ ਉਧਰ ਹੀ ਰਹਿਣਾ ਪੈਂਦਾ ਹੈ ਪਰ ਜਿਹੜੇ ਅਧਿਆਪਕ ਫਾਜ਼ਿਲਕਾ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਨੌਕਰੀ ਕਰਦੇ ਹਨ ਉਹ ਅਕਸਰ ਹੀ ਰੋਜ਼ਾਨਾ ਆਉਣ-ਜਾਣ ਕਰਦੇ ਹਨ. ਇਸਦੇ ਲਈ ਉਹਨਾਂ ਨੇ ਪੱਕੇ ਤੌਰ ਉੱਤੇ ਹੀ ਆਪਣੀਆਂ ਗੱਡੀਆਂ ਲਗਵਾਈਆਂ ਹੋਈਆਂ ਹਨ ਜਿੰਨ੍ਹਾਂ ਉੱਤੇ ਹਰ ਰੋਜ਼ ਕੋਈ 15-15 ਅਧਿਆਪਕ ਹਰ ਰੋਜ਼ ਆਪਣੇ ਘਰਾਂ ਤੋਂ ਆਪਣੇ ਨੌਕਰੀ ਸਥਾਨ ਉੱਤੇ ਆਉਣ-ਜਾਣ ਕਰਦੇ ਹਨ. ਭਾਵੇਂ ਕਿ ਹਰ ਰੋਜ਼ ਦਾ ਇੰਨਾ ਸਫ਼ਰ ਕਾਫੀ ਅਕਾਊ ਹੁੰਦਾ ਹੈ ਪਰ ਉਹਨਾਂ ਕੋਲ ਹੋਰ ਕੋਈ ਵਿਕਲਪ ਹੀ ਨਹੀਂ ਹੈ.
ਰੋਜ਼ਾਨਾ ਆਉਣ-ਜਾਣ ਕਰਨ ਵਾਲੇ 99 ਫੀਸਦੀ ਅਧਿਆਪਕ ਨੌਜਵਾਨ ਹੀ ਹਨ ਕਿਉਂਕਿ ਉਹਨਾਂ ਸਾਰਿਆਂ ਨੂੰ ਹੀ ਦੂਰ ਨੌਕਰੀਆਂ ਮਿਲੀਆਂ ਹੋਈਆਂ ਹਨ. ਇਹਨਾਂ ਵਿੱਚ ਗਰਭਵਤੀ ਅਤੇ ਛੋਟੇ ਬੱਚਿਆਂ ਵਾਲੀਆਂ ਅਧਿਆਪਕਾਵਾਂ ਨੂੰ ਸਭ ਤੋਂ ਵੱਧ ਸਮੱਸਿਆ ਉਠਾਉਣੀ ਪੈਂਦੀ ਹੈ ਕਿਉਂਕਿ ਦੁੱਧ ਚੁੰਘਦੇ ਬੱਚਿਆਂ ਨੂੰ ਇੰਨੇ ਅਕਾਊ ਸਫ਼ਰ ਵਿੱਚ ਨਾਲ ਲਿਜਾਣਾ ਵੀ ਔਖਾ ਹੈ ਅਤੇ ਜੇਕਰ ਨਾਲ ਨਹੀਂ ਲਿਜਾਂਦੀਆਂ ਤਾਂ ਉਹ ਆਪਣੇ ਬੱਚਿਆਂ ਨੂੰ ਬਹੁਤ ਘੱਟ ਸਮਾਂ ਦੇ ਪਾਉਂਦੀਆਂ ਹਨ. ਪਰ ਘਰ ਦਾ ਗੁਜ਼ਾਰਾ ਚਲਾਉਣ ਲਈ ਨੌਕਰੀ ਉਹਨਾਂ ਲਈ ਜ਼ਰੂਰੀ ਹੈ ਅਤੇ ਹਰ ਰੋਜ਼ ਉਹਨਾਂ ਨੂੰ ਇਹ ਸੰਤਾਪ ਹੰਢਾਉਣਾ ਪੈਂਦਾ ਹੈ. ਸਭ ਤੋਂ ਵੱਧ ਸਮੱਸਿਆ ਸਖਤ ਗਰਮੀ ਅਤੇ ਸਖਤ ਸਰਦੀ ਦੇ ਦਿਨਾਂ ਵਿੱਚ ਆਉਂਦੀ ਹੈ. ਖਾਸ ਕਰਕੇ ਧੁੰਦ ਦੇ ਦਿਨ ਤਾਂ ਉਹਨਾਂ ਲਈ ਕਹਿਰ ਬਣ ਕੇ ਆਉਂਦੇ ਹਨ. ਰੇਲ ਗੱਡੀਆਂ ਦੇ ਸਮੇਂ ਉਹਨਾਂ ਦੇ ਸਕੂਲੀ ਸ਼ਡਿਊਲ ਮੁਤਾਬਕ ਨਹੀਂ ਹੁੰਦੇ ਅਤੇ ਸੜਕੀ ਸਫ਼ਰ ਤੋਂ ਇਲਾਵਾ ਉਹਨਾਂ ਕੋਲ ਹੋਰ ਕੋਈ ਚਾਰਾ ਹੀ ਨਹੀਂ ਰਹਿੰਦਾ.
ਅੱਜ 9 ਦਸੰਬਰ 2016 ਨੂੰ ਫਾਜ਼ਿਲਕਾ ਨੇੜੇ ਵਾਪਰਿਆ ਹਾਦਸਾ ਵੀ ਅਜਿਹੇ ਅਭਾਗੇ ਅਧਿਆਪਕਾਂ ਨਾਲ ਹੀ ਵਾਪਰਿਆ. ਪਤਾ ਨਹੀਂ ਟਰੱਕ ਡਰਾਈਵਰ ਜਾਂ ਕਰੂਜ਼ਰ ਡਰਾਈਵਰ ਦੀ ਗਲਤੀ ਸੀ, ਧੁੰਦ ਦਾ ਕਹਿਰ ਸੀ ਜਾਂ ਕਿਸਮਤ ਹੀ ਮਾੜੀ ਸੀ ਪਰ ਅੱਜ ਦਾ ਦਿਨ ਸਾਡੇ ਇਲਾਕੇ ਵਿੱਚ ਕਹਿਰ ਬਣ ਕੇ ਆਇਆ ਜਦੋਂ 13 ਨੌਜਵਾਨ ਜਿੰਦਾਂ ਸੜਕੀ ਅੱਤਵਾਦ ਦੀ ਭੇਟ ਚੜ੍ਹ ਗਈਆਂ. ਦੋ ਤਿੰਨ ਅਧਿਆਪਕ ਤਾਂ ਬਿਲਕੁਲ ਹੀ ਨਵੇਂ ਭਰਤੀ ਹੋਏ ਸਨ ਅਤੇ ਅੱਜ ਪਹਿਲੇ ਦਿਨ ਹੀ ਉਹਨਾਂ ਨੇ ਆਪਣੇ ਸਕੂਲਾਂ ਵਿੱਚ ਗਿਆਨ ਵੰਡਣ ਜਾਣਾ ਸੀ. ਇੱਕ ਲੜਕੀ ਦੀ ਤੇਰਾਂ ਦਿਨ ਪਹਿਲਾਂ ਸ਼ਾਦੀ ਹੋਈ ਸੀ. ਇੱਕ ਸੰਗੀਤ-ਅਧਿਆਪਕ ਸੀ ਜੋ ਬਹੁਤ ਹੀ ਪਿਆਰੀ ਵਾਇਲਨ ਵਜਾਉਂਦਾ ਸੀ. ਹਰ ਕਿਸੇ ਦੀ ਕਹਾਣੀ ਦਿਲਕੰਬਾਊ ਹੈ ਅਤੇ ਦੱਸਣ ਵਾਸਤੇ ਪਹਾੜ ਜਿੱਡਾ ਜਿਗਰਾ ਚਾਹੀਦਾ ਹੈ.
ਮੈਨੂੰ ਨਹੀਂ ਪਤਾ ਕਿ ਇਸ ਸਮੱਸਿਆ ਦਾ ਕੋਈ ਪੁਖਤਾ ਹੱਲ ਹੈ ਜਾਂ ਨਹੀਂ ਪਰ ਜੇਕਰ ਸੰਘਣੀ ਧੁੰਦ ਦੇ ਦਿਨਾਂ ਵਿੱਚ ਸਕੂਲਾਂ ਦੇ ਸਮੇਂ ਵਿੱਚ ਲੋਕਲ ਪੱਧਰ ਉੱਤੇ ਤਬਦੀਲੀ ਕੀਤੀ ਜਾ ਸਕੇ ਤਾਂ ਸ਼ਾਇਦ ਕੁਝ ਹੱਦ ਤੱਕ ਖਤਰਾ ਘਟ ਸਕਦਾ ਹੈ. ਉਂਜ ਵੀ, ਸਭ ਨੂੰ ਬੇਨਤੀ ਹੈ ਕਿ ਖੁਦ ਵੀ ਗੱਡੀ ਹੌਲੀ ਚਲਾਉ ਅਤੇ ਆਪਣੇ ਡਰਾਈਵਰਾਂ ਨੂੰ ਵੀ ਸਖਤੀ ਨਾਲ ਇਹ ਹਦਾਇਤ ਕਰ ਕੇ ਰੱਖੋ. ਕਈ ਵਾਰੀ ਇਹ ਵੀ ਹੁੰਦਾ ਹੈ ਕਿ ਸਾਂਝੇ ਕੰਮ ਵਿੱਚ ਕੋਈ ਇੱਕ-ਦੋ ਲੇਟ-ਲਤੀਫ਼ ਹੁੰਦੇ ਹਨ ਜੋ ਹਰ ਰੋਜ਼ ਲੇਟ ਕਰਵਾ ਦਿੰਦੇ ਹਨ. ਫਿਰ ਸੜਕ ਉੱਤੇ ਗੱਡੀ ਵੱਧ ਭਜਾ ਕੇ ਉਸ ਦੇਰੀ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ. ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਬਹੁਤ ਵੱਡੀ ਹੈ ਅਤੇ ਸੜਕਾਂ ਉੱਤੇ ਟਰੈਫਿਕ ਨੂੰ ਕੰਟਰੋਲ ਕਰਨ ਵੱਲ ਵੀ ਸਰਕਾਰ ਦਾ ਭੋਰਾ ਵੀ ਧਿਆਨ ਨਹੀਂ ਹੈ. ਇਹ ਸਾਰੀਆਂ ਹੀ ਗੱਲਾਂ ਮੌਤ ਨਾਲ ਖੇਡਣ ਵਾਲੀਆਂ ਹਨ. ਇਸ ਲਈ ਬੇਨਤੀ ਹੈ ਦੋਸਤੋ, ਖੁਦ ਵੀ ਬਚੋ ਅਤੇ ਹੋਰਨਾਂ ਨੂੰ ਵੀ ਬਚਾਉ. ਸਮਾਂ ਭਾਵੇਂ ਕਿ ਬਹੁਤ ਕੀਮਤੀ ਹੈ ਪਰ ਤੁਹਾਡੀ ਜਾਨ ਨਾਲੋਂ ਵੱਧ ਕੀਮਤੀ ਨਹੀਂ.
G.S. Gurdit 9417 193 193
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
9417 193 193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.