ਸੜਕ ਹਾਦਸੇ ਵਿਚ ਹੋਈ ਅਧਿਆਪਕਾਂ ਦੀ ਮੌਤ ਬੇਵਕਤੀ ਹੈ, ਦਰਦਨਾਕ ਹੈ , ਹੌਲਨਾਕ ਹੈ ,
ਪਰ ਇਹ ਵੀ ਇਕ ਦੁਖਾਂਤ ਹੈ ....ਇਨਸਾਨੀਅਤ ਦਾ .. ਸੰਵੇਦਨ ਹੀਣਤਾ ਦਾ
ਬਲਜੀਤ ਬੱਲੀ
ਮੈਨੂੰ ਪਤਾ ਸੀ ਡਾਕਟਰ ਦਲਜੀਤ ਸਿੰਘ ਚੀਮਾ ਅਧਿਆਪਕਾਂ ਦੀ ਮੌਤ ਦੀ ਸੂਚਨਾ ਤੋਂ ਬਾਅਦ ਫ਼ਾਜ਼ਿਲਕਾ ਲਈ ਰਵਾਨਾ ਹੋ ਗਏ ਸਨ . ਸ਼ਾਮੀ 6 ਕੁ ਵਜੇ ਮੈ ਅਫ਼ਸੋਸ ਅਤੇ ਹਮਦਰਦੀ ਜ਼ਾਹਿਰ ਕਰਨ ਲਈ ਡਾਕਟਰ ਚੀਮਾ ਦਾ ਫ਼ੋਨ ਮਿਲਾਇਆ . ਉਨ੍ਹਾਂ ਆਪ ਹੀ ਚੁੱਕ ਲਿਆ . ਉਸ ਬੇਹੱਦ ਮੰਦ ਭਾਗੀ ਘਟਨਾ ਅਤੇ ਏਨੇ ਅਧਿਆਪਕਾਂ ਦੀ ਅਜਾਈਂ ਮੌਤ ਦਾ ਦੁੱਖ ਉਨ੍ਹਾਂ ਨਾਲ ਸਾਂਝਾ ਕੀਤਾ . ਮੈਂ ਪੁੱਛਿਆ , " ਵਾਪਸ ਕਦੋਂ ਆ ਰਹੇ ਹੋ ? " ਡਾਕਟਰ ਚੀਮਾ ਨੇ ਦੱਸਿਆ ਕਿ ਉਹ ਮਿਰਤਕ ਅਧਿਆਪਕਾਂ ਦੇ ਅੰਤਮ ਸਸਕਾਰ ਵਿਚ ਸ਼ਾਮਲ ਹੋਣ ਲਈ ਜਾ ਰਹੇ ਨੇ . ਅਧਿਆਪਕਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਕੇ ਉਹ ਬਹੁਤ ਦੁਖੀ ਮਹਿਸੂਸ ਹੋ ਰਹੇ ਸਨ . ਇਕ ਦੋ ਵਾਰ ਇਸ ਦੁਖਾਂਤ ਬਾਰੇ ਅਫ਼ਸੋਸ ਕਰਨ ਤੋਂ ਬਾਅਦ ਡਾਕਟਰ ਚੀਮਾ ਨੇ ਬੇਹੱਦ ਮਾਯੂਸੀ ਵਾਲੇ ਲਹਿਜ਼ੇ ਵਿਚ ਕਿਹਾ -" ਇੱਕ ਹੋਰ ਬਹੁਤ ਮਾੜੀ ਗੱਲ ਹੋਈ ਜਿਸ ਤੇ ਮੈਂ ਬਹੁਤ ਦੁਖੀ ਵੀ ਹਾਂ ਅਤੇ ਗ਼ੁੱਸੇ ਵੀ . ਮੈਂ ਚੰਡੀਗੜ੍ਹ ਤੋ ਚੱਲ ਕੇ ਫ਼ਾਜ਼ਿਲਕਾ ਪੁੱਜਾ . ਰੈਸਟ ਹਾਊਸ ਵਿਚ ਕੁਝ ਦੇਰ ਰੁਕ ਕੇ ਮਿਰਤਕ ਅਧਿਆਪਕਾਂ ਦੇ ਸਸਕਾਰ ਲਈ ਜਾਂ ਲੱਗਾ ਸਾਂ ਕਿ ਅੱਗੋਂ ਅਧਿਆਪਕਾਂ ਦਾ ਇੱਕ ਗਰੁੱਪ ਆ ਗਿਆ . ਮੈਂ ਸੋਚਿਆ ਅਫ਼ਸੋਸ ਕਰਨ ਜਾਂ ਮਿਰਤਕ ਅਧਿਆਪਕਾਂ ਬਾਰੇ ਕੋਈ ਗੱਲ ਕਰਨ ਆਏ ਹੋਣੇ ਨੇ . ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਮੈ ਉਨ੍ਹਾਂ ਦੇ ਹੱਥਾਂ ਵਿਚ ਅਰਜ਼ੀਆਂ ਦੇਖੀਆਂ . ਕਹਿਣ ਲੱਗੇ , ਉਨ੍ਹਾਂ ਨੂੰ ਖ਼ਾਲੀ ਹੋਈਆਂ ਅਧਿਆਪਕ ਅਸਾਮੀਆਂ ਤੇ ਡੈਪੂਟੇਸ਼ਨ ਤੇ ਲਾ ਦਿੱਤਾ ਜਾਵੇ ." ਡਾਕਟਰ ਚੀਮਾ ਨੇ ਅੱਗੇ ਦੱਸਿਆ , " ਮੇਰੇ ਮਨ ਨੂੰ ਬਹੁਤ ਠੇਸ ਲੱਗੀ .ਸੋਚਿਆ ਕਿਹੋ ਜੀ ਹਾਂ ਸਮਾ ਹੈ . ਮਾਨਵਤਾ ਅਤੇ ਇਨਸਾਨੀਅਤ ਕਿੱਥੇ ਗਈ .ਕਿੰਨੇ ਸੰਵੇਦਨ ਹੀਣ ਹੋ ਗਏ ਨੇ ਸਾਡੇ ਲੋਕ . ਉਹ ਕੁਲ 11 ਜਣੇ ਹੀ ਸਨ . ਉਨ੍ਹਾਂ ਨੂੰ ਆਪਣੇ ਅਧਿਆਪਕ ਸਾਥੀਆਂ ਦੀ ਮੌਤ ਦਾ ਅਫ਼ਸੋਸ ਨਹੀਂ , ਇਹ ਨਹੀਂ ਦੇਖ ਰਹੇ ਕਿ ਚਾਰੇ ਪਾਸੇ ਮਾਤਮ ਛਾਇਆ ਹੋਇਆ ਹੈ .ਉਨ੍ਹਾਂ ਇਹ ਨਹੀਂ ਸੋਚਿਆ ਕਿ ਮੈ ਕਿਸ ਮੰਤਵ ਲਈ ਉੱਥੇ ਗਿਆ , ਬੱਸ ਆਪਣੀ ਬਦਲੀ ਦਾ ਵਧੇਰੇ ਫ਼ਿਕਰ ਸੀ . ਇਹ ਵੀ ਇੱਕ ਦੁਖਾਂਤ ਹੈ ."
ਮੈਂ ਵੀ ਉਨ੍ਹਾਂ ਦੀ ਗੱਲ ਸਨ ਬਹੁਤ ਪ੍ਰੇਸ਼ਾਨ ਹੋਇਆ ਤੇ ਕਿਹਾ ਕਿ ਵਾਕਿਆ ਹੀ ਇਹ ਦੁਖਾਂਤ ਹੈ . ਡਾਕਟਰ ਚੀਮਾ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਖਿਆ ਮਹਿਕਮੇ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਨੇ ਉਨ੍ਹਾਂ 11 ਦੇ 11 ਨੂੰ ਹੀ ਸ਼ੋਅ ਕਾਜ਼ ਨੋਟਿਸ ਜਾਰੀ ਕੀਤੇ ਜਾਣ ਤਾਂ ਕਿ ਅੱਗੇ ਤੋਂ ਅਜਿਹਾ ਵਤੀਰਾ ਨਾ ਅਪਣਾਉਣ .
ਡਾਕਟਰ ਚੀਮਾ ਨਾਲ ਵਾਰਤਾਲਾਪ ਖ਼ਤਮ ਹੋਇਆ . ਮੈਂ ਵੀ ਕਿੰਨੀ ਦੇਰ ਕਾਰ ਵਿਚ ਬੈਠਾ ਸੋਚਦਾ ਰਿਹਾ ਕਿ ਕਿਵੇਂ ਖ਼ੁਦਗ਼ਰਜ਼ੀ ਅਤੇ ਬਜ਼ਾਰੂ ਰੁਚੀਆਂ ਮਾਨਵੀ ਰਿਸ਼ਤਿਆਂ ਤੇ ਹਾਵੀ ਹੋ ਰਹੀਆਂ ਨੇ .
ਬਾਅਦ ਵਿਚ ਪਤਾ ਲੱਗਾ ਕਿ ਸਿੱਖਿਆ ਅਫ਼ਸਰਾਂ ਨੇ ਉਨ੍ਹਾਂ 11 ਅਧਿਆਪਕਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕਰ ਦਿੱਤੇ ਨੇ .
09 ਦਸੰਬਰ , 2016
-
ਬਲਜੀਤ ਬੱਲੀ, ਸੰਪਾਦਕ ਬਾਬੂਸ਼ਾਹੀ ਡਾਟ ਕਾਮ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.