ਖ਼ਬਰ ਹੈ ਕਿ ਵਿਧਾਨ ਸਭਾ ਚੋਣਾਂ 'ਚ ਆਪੋ-ਆਪਣੀਆਂ ਪਾਰਟੀਆਂ ਤੋਂ ਟਿਕਟ ਨਾ ਮਿਲਣ ਕਾਰਨ ਪ੍ਰਗਟ ਸਿੰਘ, ਬੀਬੀ ਰਾਜਵਿੰਦਰ ਕੌਰ ਭਾਗੀਕੇ, ਤਜਿੰਦਰਪਾਲ ਸਿੰਘ ਸੰਧੂ, ਸਰਵਨ ਸਿੰਘ ਫਿਲੌਰ, ਇੰਦਰਬੀਰ ਸਿੰਘ ਬੁਲਾਰੀਆ, ਨਵਜੋਤ ਕੌਰ ਸਿੱਧੂ ਆਦਿ ਨੇ ਆਪੋ-ਆਪਣੀਆਂ ਪਾਰਟੀਆਂ ਵਿਚੋਂਅਸਤੀਫ਼ੇ ਦੇ ਕੇ ਆਪਣੀਆਂ ਮਨਪਸੰਦ ਪਾਰਟੀਆਂ ਦਾ ਲੜ ਫੜ ਲਿਆ ਹੈ। ਨਵੀਆਂ ਪਾਰਟੀਆਂ 'ਚ ਜਾ ਕੇ ਉਨਾਂ ਨੂੰ ਉਨਾਂ ਪਾਰਟੀਆਂ ਵੱਲੋਂ ਚੋਣਾਂ ਲੜਨ ਲਈ ਟਿਕਟ ਪ੍ਰਾਪਤ ਕਰਨ ਲੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਨੇਤਾ ਜਿਨਾਂ ਨੇ ਇਨਾਂ ਨੇਤਾਵਾਂ ਨੂੰ ਹਾਰ ਪਾ ਕੇ ਜੀਆਇਆ ਕਿਹਾ, ਉਨਾਂ ਲਈ ਮੁਸੀਬਤਾਂ ਖੜੀਆਂ ਹੋ ਰਹੀਆਂ ਹਨ।
ਡੁੱਬਦੀ ਬੇੜੀ 'ਚ ਭਾਈ ਕੌਣ ਸਵਾਰ ਰਹਿੰਦਾ ਆ, ਸਭੇ ਜਾਨ ਬਚਾਉਣ ਲਈ ਭੱਜਦੇ ਆ? ਹਾਲਤ ਸੂਬੇ ਪੰਜਾਬ ਦੀ ਇਹੋ ਜਿਹੀ ਆ ਕਿ ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਨੇਤਾ ਨੂੰ, ਭਰੋਸਾ ਹੀ ਨਹੀਂ ਬੱਝ ਰਿਹਾ ਕਿ ਚੋਣਾਂ 'ਚ ਊਠ ਕਿਸ ਕਰਵਟ ਬੈਠੇਗਾ? ਕੌਣ ਬਣੂ ਚੌਧਰੀ ਪੰਜਾਬ ਦਾ? ਜਿਧਰ ਨੂੰਕਿਸੇ ਦਾ ਚਿੱਤ ਕਰਦਾ, ਜਿਧਰ ਵੀ ਕਿਸੇ ਦਾ ਸੂਤ ਔਂਦਾ ਆ, ਬੱਸ ਗੱਠੜੀ, ਟੱਬਰ, ਟੀਹਰ ਲੈ ਕੇ ਨੱਸੀ ਤੁਰਿਆ ਜਾਂਦਾ, ਇਸ ਆਸ ਨਾਲ ਕਿ ਕਿਧਰੇ ਤਾਂ ਛੱਤ ਮਿਲੂ, ਸਾਬਤ ਸਬੂਤ ਨਾ ਸਹੀ, ਟਿੱਪ-ਟਿੱਪ ਕਰਦੀ ਛੱਤ ਹੀ ਸਹੀ।
ਪਹਿਲਾਂ ਕਾਂਗਰਸੀਆਂ ਦਾ ਪਿੱਟ ਸਿਆਪਾ ਕਰਨ ਵਾਲੀ ਆਹ ਸਿੱਧੂ ਜੋੜੀ ਗਈ, ਫਿਰ ਖਿਡਾਰੀ ਪ੍ਰਗਟ ਦਨਦਨਾਉਂਦਾ ਭੱਜ ਤੁਰਿਆ। ਲੁਧਿਆਣੇ ਵਾਲੇ ਭਾਈਬੰਦ 'ਆਪ' ਦਾ ਪੱਲਾ ਫੜ, ਕੇਜਰੀ ਦੇ ਹੋ ਗਏ। ਬਾਕੀ ਰਹਿ ਗਏ ਸਰਵਨ ਸਿਹੁੰ, ਭਾਗੀਕੇ, ਸੰਧੂ, ਬੁਲਾਰੀਆ ਤੇ ਐਰਾ-ਗੈਰਾ ਜਿਥੇ ਚੋਗਮਿਲੀ, ਉਥੇ ਹੀ ਗੁਟਰ ਗੂੰ ਗੁਟਰ-ਗੂੰ ਕਰਦੇ ਜੱਸ ਗਾਉਣ ਲੱਗ ਪਏ, ਭਾਈ ਪੈਰੀਂ ਝਾਂਜਰਾ ਚਾਹੀਦੀਆਂ, ਨਚਿਆ ਤਾਂ ਕਿਸੇ ਵੀ ਵਿਹੜੇ ਜਾ ਸਕਦਾ। 'ਹੰਸ' ਉਡਾਰੀ ਮਾਰੀ, 'ਘੁੰਗੀ' ਘੂੰ ਘੂੰ ਕਰ ਗਿਆ। ਸੁੱਚਾ ਆਪਣਾ ਰਾਗ ਅਲਾਪਣ ਲੱਗ ਪਿਆ ਅਤੇ ਖਹਿਰਾ ਆਪ ਆਪ ਉਚਾਰਨ ਲੱਗ ਪਿਆ।ਪੀਲੀਆਂ ਨੀਲੀਆਂ ਹੋ ਗਈਆਂ। ਨੀਲੀਆਂ ਚਿੱਟੀਆਂ ਬਣ ਗਈਆਂ। ਨੀਲੇ ਚਿੱਟੇ ਦੁਪੱਟੇ ਚਿੱਟੀ ਟੋਪੀ ਦੇ ਲੜ ਲੱਗ ਗਏ। ਕੀ ਕਰਨ ਭਾਈ 'ਮੁੱਲ' ਤਾਂ ਪਵਾਉਣਾ ਹੀ ਹੈ ਸੀ, ਇਧਰ ਨਾ ਸਹੀ ਤਾਂ ਉਧਰ ਸਹੀ, ਟੱਕਾ, ਪੈਸਾ, ਧੇਲਾ, ਰੁਪੱਈਆ, ਜਿਹੜਾ ਵੀ ਭਾਅ ਲੱਗਿਆ ਵਿੱਕ ਗਏ, ਭਾਵੇਂ ਮੁਫ਼ਤ ਹੀਸਹੀ, ਮੋਦੀ ਦੀ ਨੋਟਬੰਦੀ ਦੇ 500 ਜਾਂ 1000 ਰੁਪੱਈਆਂ ਦੇ ਨੋਟਾਂ ਦੇ ਭਾਅ। ਭਾਈ ਸਰਦੀ ਦਾ ਮੌਸਮ ਆ ਪੰਜਾਬੇ, ਪਰ ਹੁਸੜ ਗਰਮ ਹਵਾਵਾਂ ਨੇ ਪੰਜਾਬ ਤਪਾਇਆ ਹੋਇਆ ਤੇ ਨੇਤਾਵਾਂ ਨੂੰ ਠੰਡੀਆਂ 'ਚ ਤ੍ਰੇਲੀਆ ਆਈ ਤੁਰੀਆਂ ਜਾਂਦੀਆਂ ਆਂ। ਆਪਣਾ ਭੋਲਾ ਪੰਜਾਬ ਦਲ-ਬਦਲੂ ਨੇਤਾਵਾਂ ਤੋਂਖਹਿੜਾ ਛੁਡਾਉਣ ਲਈ ਛਟਪਟਾਉਂਦਾ ਬੱਸ ਕਿਸੇ ਕਵੀ ਦੀਆਂ ਇਹੀ ਸਤਰਾਂ ਗਾਈ ਤੁਰਿਆ ਜਾਂਦਾ, ''ਜਾ ਜਾ ਜਾ ਜਾ ਜਾ ਕਿ ਅੱਤ ਦੀ ਗਰਮੀ ਹੈ। ਬੱਦਲ ਬਣ ਕੇ ਆ ਕਿ ਅੱਤ ਦੀ ਗਰਮੀ ਆ।''
ਮੈਂ ਦਰਦ ਕਹਾਣੀ ਰਾਤਾਂ ਦੀ
ਖ਼ਬਰ ਹੈ ਕਿ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ ਹੁਣ ਤੱਕ ਹਜ਼ਾਰਾਂ ਪੀੜਤ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ ਤੇ ਹਜ਼ਾਰਾਂ ਮੰਜੀ ਨਾਲ ਜੁੜ ਕੇ ਰਹਿ ਗਏ ਹਨ। ਭਾਵੇਂ ਪੂਰੇ ਪੰਜਾਬ 'ਚ ਕੈਂਸਰ ਦਾ ਪ੍ਰਕੋਪ ਹੈ ਪਰ ਮਾਲਵਾ ਖੇਤਰ ਦੇ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਬਠਿੰਡਾਆਦਿ 'ਚ ਤਾਂ ਇਸ ਬਿਮਾਰੀ ਨੇ ਏਨੀ ਬੁਰੀ ਤਰਾਂ ਮਾਰ ਕੀਤੀ ਹੈ ਕਿ ਪੂਰਾ ਮਾਲਵਾ ਖੋਖਲਾ-ਖੋਖਲਾ ਜਾਪਣ ਲੱਗ ਪਿਆ ਹੈ। ਮਾਲਵੇ ਦੇ ਕਈ ਪਿੰਡ ਤਾਂ ਇਹੋ ਜਿਹੇ ਹਨ ਜਿਥੇ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 50 ਤੋਂ ਟੱਪ ਚੁੱਕੀ ਹੈ। ਪਿਛਲੇ 16 ਸਾਲਾਂ 'ਚ 40 ਹਜ਼ਾਰ ਤੋਂ ਵੱਧ ਮੌਤਾਂ ਕੈਂਸਰਨਾਲ ਹੋਈਆਂ ਹਨ। ਇਸ ਵੇਲੇ ਵੀ 10 ਹਜ਼ਾਰ ਤੋਂ ਵੱਧ ਲੋਕ ਕੈਂਸਰ ਨਾਲ ਪੀੜਤ ਹਨ। ਅਨੇਕਾਂ ਗਰੀਬ ਲੋਕ ਇਲਾਜ ਤੋਂ ਬਿਨਾਂ ਹੀ ਇਸ ਬੀਮਾਰੀ ਨਾਲ ਮਰ ਰਹੇ ਹਨ।
ਪੰਜਾਬ, ਪੰਜਾਬ, ਨਹੀਂ ਰਿਹਾ ਕਬਰਿਸਤਾਨ ਬਣ ਚੁੱਕਾ ਆ। ਕਿਧਰੇ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਆ, ਕਿਧਰੇ ਬੇਰੁਜ਼ਗਾਰੀ ਦੇ ਪੀੜਤ ਆ ਲੋਕ। ਕਿਧਰੇ ਕੈਂਸਰ ਨਾਲ ਮਰ ਰਹੇ ਆ, ਕਿਧਰੇ ਦਾਜ ਦਹੇਜ ਦੀ ਬਲੀ ਚੜਾ ਦਿੱਤਾ ਜਾ ਰਹੇ ਆ ਲੋੜ। ਕਿਧਰੇ ਮਾਇਆ ਅਤੇ ਘਰੇਲੂ ਤੰਗੀ ਤੁਰਸ਼ੀਨਾਲ ਖੁਦਕੁਸ਼ੀਆਂ ਕਰ ਰਹੇ ਆ, ਕਿਧਰੇ ਘਰੋਂ ਬੇਘਰ ਹੋ ਨੰਗੇ ਪੈਰੀਂ ਮਾਰੂਥਲਾਂ, ਰੇਗਿਸਤਾਨਾਂ ਸਮੁੰਦਰੀ ਰਾਹਾਂ 'ਚ ਰੋਟੀ-ਰੋਜ਼ੀ ਲਈ ਖੋਹਜਲ ਰਹੇ ਆ ਲੋਕ। ਪੰਜਾਬ ਤਾਂ ਭਾਈ ਹੁਣ ਦਰਦਾਂ, ਦੁਖਾਂ, ਮੁਸੀਬਤਾਂ, ਔਖਿਆਈਆਂ, ਤੰਗੀਆਂ-ਤੁਰਸ਼ੀਆਂ ਦੀ ਵਾਟ ਹੰਡਾ ਰਿਹਾ ਆ ਤੇ ਕਬਰਿਸਤਾਨਾਂ ਦੇ ਮੋਢੇਲੱਗ 'ਮੈਂ ਦਰਦ ਕਹਾਣੀ ਰਾਤਾਂ ਦੀ, ਇਹਨੂੰ ਕੋਈ ਸਵੇਰਾ ਕੀ ਜਾਣੇ?' ਦੇ ਸੋਗ/ਬੋਲ ਗਾ ਕੇ ਬੱਸ ਵਕਤ ਲੰਘਾ ਰਿਹੈ!
ਇਹ ਗਰਾਂ ਦੋਸਤਾ ਸਾਨੂੰ ਤੇਰੇ ਬਿਨਾਂ
ਖ਼ਬਰ ਹੈ ਕਿ ਨੋਟਬੰਦੀ ਕਾਰਨ ਦੇਸ਼ ਦੇ ਲੋਕਾਂ ਦੀਆਂ ਦੁਸ਼ਵਾਰੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ, ਪਰ ਸਰਕਾਰ ਵੱਲੋਂ ਲੋਕਾਂ ਨੂੰ ਧਰਵਾਸੇ ਦਿੱਤੇ ਜਾ ਰਹੇ ਹਨ। ਨੋਟਬੰਦੀ ਤੋਂ ਬਾਅਦ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਕਿ ਹੁਣ ਸਰਕਾਰ ਘਰਾਂ 'ਚ ਰੱਖਿਆ ਸੋਨਾ ਵੀ ਜਬਤ ਕਰ ਸਕਦੀਹੈ ਅਤੇ ਨੋਟਬੰਦੀ ਤੋਂ ਬਾਅਦ ਹੁਣ ਸੋਨਾਬੰਦੀ ਵੀ ਕਰ ਸਕਦੀ ਹੈ ਪਰ ਹਾਲ ਦੀ ਘੜੀ ਸਰਕਾਰ ਨੇ ਕਿਹਾ ਕਿ ਆਮਦਨ ਐਲਾਨਣ ਵਾਲੇ ਲੋਕ ਜੋ ਸੋਨੇ ਦੀ ਖਰੀਦੋ-ਫਰੋਖਤ ਕਰਦੇ ਹਨ ਤਾਂ ਉਸ 'ਤੇ ਟੈਕਸ ਨਹੀਂ ਲੱਗੇਗਾ। ਪੁਸ਼ਤੈਨੀ ਗਹਿਣਿਆਂ ਅਤੇ ਸੋਨੇ 'ਤੇ ਵੀ ਕੋਈ ਟੈਕਸ ਨਹੀਂ ਲੱਗੇਗਾ।
ਨੋਟਬੰਦੀ, ਸੋਨਾਬੰਦੀ, ਨਲਬੰਦੀ, ਨਸਬੰਦੀ, ਨਜ਼ਰਬੰਦੀ, ਭਾਈ ਸਰਕਾਰ ਦੇ ਅਧਿਕਾਰ ਆ! ਉਹ ਸਰਕਾਰ ਹੀ ਕਹਾਦੀ, ਜਿਹੜੀ ਹੱਥ ਡੰਡਾ ਫੜ ਲੋਕਾਂ ਨੂੰ ਡਰਾਵੇ ਨਾ, ਸੜਕਾਂ 'ਤੇ ਦੁੜਾਵੇ ਨਾ, ਕੋਠੜੀਆਂ 'ਚ ਬੰਦ ਕਰ ਲੋਕਾਂ ਦੇ ਅੜਾਹਟ ਕਢਾਵੇ ਨਾ। ਇਕ ਸਮੇਂ ਇਕ ਸਰਕਾਰ ਆਈ, ਉਹਨੇਜ਼ਬਰਦਸਤੀ ਨਲਬੰਦੀ, ਨਸਬੰਦੀ ਅਤੇ ਫਿਰ ਨਜ਼ਰਬੰਦੀ ਚਲਾਈ ਅਤੇ ਡੰਡਾ ਖੜਕਾਇਆ ਅਤੇ ਆਹ ਹੁਣ ਵਾਲੀ ਸਰਕਾਰ ਦੀ ਨੋਟਬੰਦੀ ਨੇ ਤਾਂ ਭਾਈ ਲੋਕਾਂ ਨੂੰ ਵਾਹਵਾ ਹੀ ਰੁਲਾਇਆ, ਕਈਆਂ ਨੂੰ ਸਦਾ ਦੀ ਨੀਂਦੇ ਸੁਲਾਇਆ, ਕਈਆਂ ਨੂੰ ਮੰਜਿਆਂ ਤੇ ਲੰਮੇ ਪਾਇਆ! ਸਰਕਾਰ ਦੀ ਕ੍ਰਿਪਾ ਨਾਲ ਚਿੱਟੇਚਿੱਟੇ ਨੋਟ, ਕਾਲੇ ਕਾਲੇ ਨੋਟ ਬਣ ਗਏ ਅਤੇ ਹੁਣ ਬੇਬੇ ਸੰਤੋ ਦੀਆਂ ਸੁਨਿਹਰੀ ਮੁਰਕੀਆਂ ਵੀ ਜਾਪਦਾ ਕਾਲੀਆਂ ਕਰਨੀਆਂ ਪੈਣੀਆਂ ਜਾਂ ਭੜੋਲਿਆਂ 'ਚ ਲੁਕੋ ਕੇ, ਭੁੱਬਲ 'ਚ ਦੱਬ ਕੇ ਨੀਲੀਆਂ ਕਰਨੀਆਂ ਪੈਣੀਆਂ। ਵੇਖੋ ਨਾ ਸਮੇਂ ਨੂੰ ਕੀ ਵਗ ਪੈ ਗਈ ਆ, ਕੀ ਲੋਹੜਾ ਆ ਗਿਆ, ਨੋਟਾਂ ਬਿਨਾਂ ਇਕ ਹੱਥਦੂਜੇ ਨੂੰ ਪਛਾਣਦਾ ਹੀ ਨਹੀਂ। ਜਾਨਣ ਵਾਲਾ ਦੂਜੇ ਬੰਦੇ ਨੂੰ ਕਹਿਣ ਲੱਗ ਪਿਆ ਆ ਮੈਂ ਤਾਂ ਤੈਨੂੰ ਜਾਣਦਾ ਹੀ ਨਹੀਂ, ਸਿਆਣਦਾ ਹੀ ਨਹੀਂ। ਗੱਲ ਤਾਂ ਭਾਈ ਇਹ ਆ, ਪੈਸੇ ਬਿਨਾਂ ''ਇਹ ਗਰਾਂ ਦੋਸਤਾ ਸਾਨੂੰ ਮੂਲ ਫਬਦਾ ਨਹੀਂ, ਸੋਹਣਾ ਲੱਗਦਾ ਨਹੀਂ।''
ਮੇਰੀ ਮੰਜ਼ਿਲ ਹੀਰ ਸਿਆਲਾਂ ਦੀ
ਖ਼ਬਰ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਕ ਸ਼ਾਨਦਾਰ ਵਿਅਕਤੀ ਹੈ ਅਤੇ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈ। ਚੋਣ ਪ੍ਰਚਾਰ 'ਚ ਹੀ ਨਹੀਂ ਸਗੋਂ ਵਰਿਆਂ ਤੋਂ ਟਰੰਪ ਪਾਕਿਸਤਾਨ ਦੀ ਨਿੰਦਾ ਕਰਦਾ ਆ ਰਿਹਾ ਹੈ।ਉਸਨੇ ਪਾਕਿਸਤਾਨ ਨੂੰ ਅੱਤਵਾਦ ਦਾ ਗੜ ਕਰਾਰ ਦਿੱਤਾ ਸੀ ਪਰ ਹੁਣ ਉਸ ਨੇ ਪਾਕਿਸਤਾਨ ਨੂੰ ਇਕ ਸ਼ਾਨਦਾਰ ਦੇਸ਼ ਕਰਾਰ ਦਿੰਦਿਆਂ ਉਸਦੇ ਲੋਕਾਂ ਨੂੰ ਬੇਹੱਦ ਸਮਝਦਾਰ ਕਿਹਾ ਹੈ। ਟਰੰਪ ਦਾ ਇਹ ਬਿਆਨ ਖਾਸ ਕਰਕੇ ਉਸ ਵੇਲੇ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਮਾਹੌਲ ਬਹੁਤਗਰਮ ਹੈ ਅਤੇ ਦੋਹਾਂ ਗੁਆਂਢੀ ਦੇਸ਼ਾਂ ਦੇ ਰਿਸ਼ਤੇ ਦਿਨ-ਬ-ਦਿਨ ਵਿਗੜੇ ਆ ਰਹੇ ਹਨ, ਬਹੁਤ ਮਹੱਤਵਪੂਰਨ ਹੈ।
ਦੁਨੀਆਂ ਦੇ ਥਾਣੇਦਾਰ ਟਰੰਪ ਨੇ ਤਾਂ ਭਾਈ ਹਥਿਆਰ ਵੇਚਣੇ ਆ ਅਤੇ ਦੁਨੀਆਂ 'ਚ ਮੰਡੀਆਂ ਕਾਇਮ ਕਰਕੇ ਆਪਣੇ ਵੱਡਿਆਂ ਦੀਆਂ ਝੋਲੀਆਂ ਭਰਨੀਆਂ ਆ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸ਼ਾ ਪੀਵੇ। ਟਰੰਪ ਦੀ ਮੰਜ਼ਿਲ ਤਾਂ ਪੈਸਾ ਆ, ਧੰਨ, ਸੋਨਾ, ਜਵਾਹਰਰਾਤ, ਉਹਨੂੰ ਕੀ ਭਾਅ ਭਾੜਾਇਸ ਗੱਲੋਂ ਕਿ ਕੋਈ ਜੀਅ ਰਿਹਾ ਜਾਂ ਮਰ ਰਿਹਾ, ਤੜਫ ਰਿਹਾ ਜਾਂ ਰੀਂਗ ਰਿਹਾ, ਰੋ ਰਿਹਾ ਜਾਂ ਕੁਰਲਾ ਰਿਹਾ, ਵੱਡਿਆਂ ਦੀਆਂ ਵੱਡੀਆਂ ਗੱਲਾਂ। ਹਾਥੀ ਕੇ ਦਾਂਤ ਖਾਣੇ ਕੋ ਔਰ ਦਿਖਾਣੇ ਕੋ ਔਰ ਤੇ ਟਰੰਪ ਦੀ ਮੰਜ਼ਿਲ ਕੌਣ ਜਾਣੇ। 'ਮੇਰੀ ਮੰਜ਼ਿਲ ਹੀਰ ਸਿਆਲਾਂ ਦੀ, ਗੋਰਖ ਦਾ ਡੇਰਾ ਕੀ ਜਾਣੇ।' ਤਦੇ ਤਾਂਭਾਈ ਇਕ ਪਾਸੇ ਆਂਹਦਾ ਆ, ਸਾਬਾਸ਼ ਮੋਦੀ ਤੇ ਦੂਜੇ ਪਾਸੇ ਆਂਹਦਾ ਆ ਬਾਲਾ ਸ਼ਰੀਫ ਆ ਨਵਾਜ਼ ਸ਼ਰੀਫ਼।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਸਾਲ 2009 ਤੋਂ 2014 ਦੇ ਵਿਚਕਾਰ ਦੇਸ਼ ਭਰ ਵਿਚ ਚਾਰ ਲੱਖ ਤੋਂ ਜ਼ਿਆਦਾ ਵਿਰੋਧ ਪ੍ਰਦਰਸ਼ਨ ਹੋਏ, ਭਾਵ ਪ੍ਰਤੀ ਦਿਨ ਔਸਤਨ 200 ਵਿਰੋਧ ਪ੍ਰਦਰਸ਼ਨ। ਤਾਮਿਲਨਾਡੂ ਵਿਚ 1,09,546 ਅਤੇ ਪੰਜਾਬ ਵਿਚ 40,513 ਵਿਰੋਧ ਪ੍ਰਦਰਸ਼ਨ ਇਨਾਂ ਪੰਜਾਂ ਸਾਲਾਂ ਵਿਚ ਹੋਏ। ਇਨਾਂ ਪ੍ਰਦਰਸ਼ਨਾਂ ਵਿਚਸਰਕਾਰੀ ਕਰਮਚਾਰੀ ਸੰਗਠਨ, ਵਿਦਿਆਰਥੀ, ਮਜ਼ਦੂਰਾਂ, ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਸ਼ਾਮਲ ਹਨ।
ਇੱਕ ਵਿਚਾਰ
ਸੱਚੀ ਬਰਾਬਰੀ ਦਾ ਅਰਥ ਹੈ ਸਾਰੀਆਂ ਜਾਤਾਂ, ਲਿੰਗ, ਧਰਮਾਂ ਦੇ ਲੋਕਾਂ ਨੂੰ ਜਵਾਬਦੇਹ ਬਨਾਉਣਾ। – ਮੋਨਿਕਾ ਕਰਾਉਲੀ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.