5 ਦਸੰਬਰ ਨੂੰ ਇੱਕ ਦੁਖਦਾਈ ਘਟਨਾ ਦੌਰਾਨ ਬਠਿੰਡਾ ਦੇ ਇੱਕ ਵਿਆਹ ਸਮਾਗਮ ਵਿੱਚ ਇੱਕ ਬੇਵਕੂਫ ਸ਼ਰਾਬੀ ਆਦਮੀ ਵੱਲੋਂ ਗੋਲੀ ਚਲਾਉਣ ਕਾਰਨ ਆਰਕੈਸਟਰਾ ਵਾਲੀ ਇੱਕ ਬੇਕਸੂਰ ਲੜਕੀ ਮਾਰੀ ਗਈ। ਲੜਕੀ ਦੀ ਬੇਵਕਤੀ ਮੌਤ ਕਾਰਨ ਉਸ ਦਾ ਪਰਿਵਾਰ ਤਾਂ ਆਰਥਿਕ ਸੰਕਟ ਵਿੱਚ ਆ ਹੀ ਜਾਵੇਗਾ ਨਾਲ ਦੋ ਚਾਰ ਸੌ ਦੀ ਮੁਫਤ ਦੀ ਸ਼ਰਾਬ ਪੀ ਕੇ ਫੁਕਰੀ ਮਾਰਨ ਵਾਲਾ ਉਹ ਵਿਅਕਤੀ ਵੀ 10-15 ਸਾਲਾਂ ਲਈ ਜੇਲ• ਵਿੱਚ ਸੜੇਗਾ। ਪੰਜਾਬ ਵਿੱਚ ਵਿਆਹਾਂ ਦੇ ਸੀਜ਼ਨ ਦੌਰਾਨ ਹਰ ਦੂਸਰੇ ਚੌਥੇ ਹਫਤੇ ਅਜਿਹੀ ਖਬਰ ਸੁਣਨ ਨੂੰ ਮਿਲ ਜਾਂਦੀ ਹੈ। ਮੈਂ ਆਪਣੀ ਨੌਕਰੀ ਦੌਰਾਨ ਮੈਂ ਕਦੇ ਵੀ ਇਹ ਨਹੀਂ ਵੇਖਿਆ ਕਿ ਕਿਸੇ ਲਾਇਸੈਂਸੀ ਹਥਿਆਰ ਵਾਲੇ ਨੇ ਹੋਰ ਤਾਂ ਕਿਸੇ ਦੀ ਮਦਦ ਕਰਨੀ ਹੈ, ਆਪਣੇ ਘਰ ਆਏ ਡਾਕੂ, ਕਾਲੇ ਕੱਛੇ ਵਾਲੇ, ਲੁਟੇਰੇ ਜਾਂ ਚੋਰ ਨੂੰ ਗੋਲੀ ਮਾਰੀ ਹੋਵੇ। ਹਥਿਆਰਾਂ ਦੀ ਵਰਤੋਂ ਸਿਰਫ ਸ਼ੋਸ਼ੇਬਾਜ਼ੀ ਜਾਂ ਲੜਾਈ ਝਗੜਿਆਂ ਵਿੱਚ ਕੀਤੀ ਜਾਂਦੀ ਹੈ। ਮੈਂ ਅਨੇਕਾਂ ਅਜਿਹੇ ਕੇਸ ਵੇਖੇ ਹਨ ਕਿ ਲੁਟੇਰੇ ਘਰ ਲੁੱਟ ਕੇ ਲੈ ਗਏ ਤੇ ਰਾਈਫਲਾਂ ਪੇਟੀ ਵਿੱਚ ਰੱਖੀਆਂ ਰਹਿ ਗਈਆਂ। ਰਾਤ ਨੂੰ ਜਿਆਦਾਤਰ ਲੋਕਾਂ ਨੇ ਸ਼ਰਾਬ ਹੀ ਐਨੀ ਪੀਤੀ ਹੁੰਦੀ ਹੈ ਕਿ ਚੋਰ ਚਾਹੇ ਉਸ ਨੂੰ ਵੀ ਨਾਲ ਚੁੱਕ ਕੇ ਲੈ ਜਾਣ। ਹਥਿਆਰ ਇੱਕ ਕਮਰੇ ਵਿੱਚ ਪਏ ਹੁੰਦੇ ਹਨ ਤੇ ਗੋਲੀਆਂ ਦੂਸਰੇ ਕਮਰੇ ਦੀ ਕਿਸੇ ਪੇਟੀ ਵਿੱਚ ਸੰਭਾਲੀਆਂ ਹੁੰਦੀਆਂ ਹਨ।
ਗੋਲੀਆਂ ਚਲਾਉਣ ਦਾ ਰਿਵਾਜ ਪੰਜਾਬ ਵਿੱਚ ਬਹੁਤ ਪੁਰਾਣਾ ਹੈ। ਪੁਰਾਣੇ ਸਮੇਂ ਵਿੱਚ ਅਸਲ•ੇ ਵਾਲੇ ਵਿਅਕਤੀ ਨੂੰ ਚੋਰ ਡਾਕੂਆਂ ਤੋਂ ਬਚਾਅ ਲਈ ਜੰਝ ਦੇ ਨਾਲ ਲਿਜਾਇਆ ਜਾਂਦਾ ਸੀ। ਉਹ ਕਈ ਵਾਰ ਬਦਮਾਸ਼ਾਂ ਆਦਿ ਵਿੱਚ ਦਹਿਸ਼ਤ ਪਾਉਣ ਲਈ ਇੱਕ ਅੱਧ ਫਾਇਰ ਵੀ ਕੱਢ ਦੇਂਦਾ ਸੀ। ਪਰ ਅੱਜ ਕਲ• ਤਾਂ ਵਿਆਹ ਤੋਂ ਪਹਿਲਾਂ ਸਾਰੇ ਜਾਣੂ ਬੰਦਿਆਂ ਦੇ ਲਾਇਸੰਸਾਂ 'ਤੇ ਗੋਲੀਆਂ ਕਾਰਤੂਸ ਇਕੱਠੇ ਕੀਤੇ ਜਾਂਦੇ ਹਨ। ਅਸਲ•ੇ ਵਾਲੇ ਹਵਾਈ ਫਾਇਰ ਕਰਨ ਦੇ ਸ਼ੌਕੀਨ ਫੁਕਰਿਆਂ ਨੂੰ ਖਾਸ ਤੌਰ 'ਤੇ ਕਾਰਡ ਵੰਡੇ ਜਾਂਦੇ ਹਨ ਤੇ ਸਖਤ ਤਾਕੀਦ ਕੀਤੀ ਜਾਂਦੀ ਕਿ ਬਿਨਾਂ ਪਿਸਤੌਲ ਤੋਂ ਨਾ ਆਇਉ। ਪੰਜਾਬੀ ਮਾਨਸਿਕਤਾ ਕਿ ਵਿਆਹ ਕਿਹੜਾ ਵਾਰ ਵਾਰ ਹੋਣਾ ਹੈ, ਨੇ ਲੋਕਾਂ ਦਾ ਨਾਸ ਮਾਰ ਦਿੱਤਾ ਹੈ। ਉਹ ਗੱਲ ਅਲੱਗ ਹੈ ਕਿ ਅਜਿਹੇ ਵਿਆਹ ਦੀ ਰਿਸੈਪਸ਼ਨ ਕਈ ਵਾਰ ਥਾਣੇ ਦੀ ਹਵਾਲਾਤ ਵਿੱਚ ਹੁੰਦੀ ਹੈ। ਸੁਣਨ ਵਿੱਚ ਆਇਆ ਹੈ ਕਿ ਮੈਰਿਜ ਪੈਲੇਸ, ਘੋੜੀ, ਬੈਂਡ ਵਾਜੇ ਅਤੇ ਕੈਟਰਿੰਗ ਸਮੇਤ ਹੁਣ ਵਿਆਹ ਵਿੱਚ ਫਇਰ ਕਰਨ ਵਾਲਿਆ ਦੀ ਵੀ ਬੁਕਿੰਗ ਹੋਣ ਲੱਗ ਪਈ ਹੈ। ਜਿਹਨਾਂ ਦਾ ਕੋਈ ਦੋਸਤ ਰਿਸ਼ਤੇਦਾਰ ਲਾਇਸੈਂਸ ਵਾਲਾ ਨਹੀਂ, ਉਹ ਕਿਰਾਏ 'ਤੇ ਫਾਇਰ ਕਰਨ ਵਾਲੇ ਲੈ ਲੈਂਦੇ ਹਨ। ਗੋਲੀਆਂ ਦੇ ਹਿਸਾਬ ਪੇਮੈਂਟ ਕੀਤੀ ਜਾਂਦੀ ਹੈ। ਪੇਂਡੂ ਵਿਆਹਾਂ ਵਿੱਚ ਤਾਂ ਖਾਸ ਤੌਰ 'ਤੇ ਇਹ ਗੱਲ ਬਹੁਤ ਬੁਰੀ ਸਮਝੀ ਜਾਂਦੀ ਹੈ ਕਿ ਕੋਈ ਫਾਇਰ ਹੀ ਨਹੀਂ ਹੋਇਆ। ਜਿਹੜਾ ਮੈਰਿਜ ਪੈਲੇਸ ਵਾਲਾ ਫਾਇਰ ਕਰਨ ਤੋਂ ਸਖਤੀ ਨਾਲ ਰੋਕਦਾ ਹੈ, ਲੋਕ ਉਸ ਦਾ ਪੈਲੇਸ ਬੁੱਕ ਕਰਨ ਤੋਂ ਟਾਲਾ ਵੱਟਣ ਲੱਗ ਜਾਂਦੇ ਹਨ। ਉਹ ਵੀ “ਮੈਰਿਜ ਪੈਲੇਸ ਵਿੱਚ ਫਾਇਰ ਕਰਨਾ ਮਨ•ਾਂ ਹੈ” ਦਾ ਬੋਰਡ ਲਗਾ ਕੇ ਜ਼ਿੰਮੇਵਾਰੀ ਪੂਰੀ ਕਰ ਲੈਂਦੇ ਹਨ। ਜੇ ਕਿਤੇ ਪੁਲਿਸ ਵਾਲੇ ਦਖਲ ਅੰਦਾਜ਼ੀ ਕਰਨ ਤਾਂ ਸ਼ਰਾਬ ਨਾਲ ਅੰਨ•ੇ ਹੋਏ ਲੋਕ ਗਲ ਪੈਂਦੇ ਹਨ ਕਿ ਤੁਸੀਂ ਸਾਡਾ ਵਿਆਹ ਖਰਾਬ ਕਰ ਰਹੇ ਹੋ।
ਪੰਜਾਬ ਵਿੱਚ ਕਿਸੇ ਨੂੰ ਖੁਸ਼ ਕਰਨਾ ਹੋਵੇ ਤਾਂ ਉਸ ਨੂੰ ਲਾਇਸੰਸ ਬਣਾ ਕੇ ਦੇ ਦਿਉ। ਘਰ ਵਿੱਚ ਰੋਟੀ ਭਾਵੇਂ ਨਾ ਪੱਕਦੀ ਹੋਵੇ, ਹਥਿਆਰ ਜਰੂਰ ਚਾਹੀਦਾ ਹੈ। ਮੇਰੇ ਇੱਕ ਵਾਕਫ ਨੇ ਆਪਣਾ, ਲੜਕੇ ਦਾ ਤੇ ਆਪਣੀ ਪਤਨੀ ਦੇ, ਤਿੰਨ ਲਾਇਸੰਸ ਬਣਾ ਕੇ 9 ਹਥਿਆਰ ਖਰੀਦੇ ਹੋਏ ਹਨ। ਹੁਣ ਜਦੋਂ ਵਾਰ ਵਾਰ ਲਾਇਸੰਸ ਆਨਲਾਈਨ ਜਾਂ ਰੀਨਿਊ ਕਰਾਉਣੇ ਪੈਂਦੇ ਹਨ, ਸ਼ਕਲ ਵੇਖਣ ਵਾਲੀ ਹੁੰਦੀ ਹੈ। ਲੀਡਰਾਂ ਕੋਲ ਤੇ ਅਫਸਰਾਂ ਕੋਲ ਸਭ ਤੋਂ ਜਿਆਦਾ ਸਿਫਾਰਸ਼ਾਂ ਲਾਇਸੰਸ ਬਣਾਉਣ ਦੀਆਂ ਹੀ ਆਉਂਦੀਆਂ ਹਨ। ਅਸਲ•ਾ ਰੱਖਣਾ, ਸੰਭਾਲਣਾ ਅਤੇ ਚਲਾਉਣਾ ਬਹੁਤ ਨਾਜ਼ਕ ਕੰਮ ਹੈ। 90% ਲੋਕਾਂ ਨੂੰ ਹਥਿਆਰ ਖੋਲ•ਣੇ ਜੋੜਨੇ ਜਾਂ ਸਾਫ ਕਰਨੇ ਨਹੀਂ ਆਉਂਦੇ। ਪਿਸਤੌਲ ਨੂੰ ਬੁੱਕਲ ਦਾ ਹਥਿਆਰ ਕਿਹਾ ਜਾਂਦਾ ਹੈ ਜੋ ਆਤਮ ਰੱਖਿਆ ਲਈ ਕੱਪੜਿਆਂ ਦੇ ਥੱਲੇ ਛਿਪਾ ਕੇ ਪਹਿਨਿਆਂ ਜਾਣਾ ਚਾਹੀਦਾ ਹੈ। ਪਰ ਪਿਸਤੌਲ ਲੈਣ ਦਾ ਫਾਇਦਾ ਕੀ ਜੇ ਕਿਸੇ ਨੇ ਵੇਖਿਆ ਨਾ ਤਾਂ? ਜਾਣ ਬੁੱਝ ਕੇ ਪੈਂਟ ਦੀ ਬੈਲਟ ਵਿੱਚ ਹੋਲਸਟਰ ਲਗਾ ਕੇ ਪਹਿਨਿਆਂ ਜਾਂਦਾ ਹੈ। ਜੇ ਅਗਲਾ ਫਿਰ ਵੀ ਨਾ ਵੇਖੇ ਤਾਂ ਫਿਰ ਐਵੇਂ ਜਾਣ ਕੇ ਚੁਭਣ ਦੇ ਬਹਾਨੇ ਬਾਹਰ ਕੱਢ ਲਿਆ ਜਾਂਦਾ ਹੈ। ਜੇ ਕਿਸੇ ਚੋਰ ਲੁਟੇਰੇ ਨੇ ਹਮਲਾ ਕਰਨਾ ਹੋਵੇ ਤਾਂ ਉਸ ਨੂੰ ਦੁਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਕੋਲ ਪਿਸਤੌਲ ਹੈ। ਉਹ ਜੱਫਾ ਮਾਰ ਕੇ ਪਹਿਲਾਂ ਪਿਸਤੌਲ ਨੂੰ ਹੀ ਕਾਬੂ ਕਰੇਗਾ।
ਅੱਜ ਤੋਂ ਚਾਲੀ ਪੰਜਾਹ ਸਾਲ ਪਹਿਲਾਂ ਪਿੰਡਾਂ ਵਿੱਚ ਸਿਰਫ ਦੋ ਚਾਰ ਮੋਹਤਬਰ ਬੰਦਿਆਂ ਕੋਲ ਹੀ ਅਸਲ•ਾ ਹੁੰਦਾ ਸੀ। ਪਿਸਤੌਲ ਵਿਦੇਸ਼ੀ ਹੋਣ ਕਾਰਨ ਬਹੁਤ ਮਹਿੰਗੇ ਸਨ ਤੇ ਹਾਰੀ ਸਾਰੀ ਨਹੀਂ ਸੀ ਖਰੀਦ ਸਕਦਾ। ਪਰ ਮੁਸੀਬਤ ਉਦੋਂ ਸ਼ੁਰੂ ਹੋਈ ਜਦੋਂ ਸਰਕਾਰੀ ਕਾਨਪੁਰੀ ਦੇਸੀ ਪਿਸਤੌਲ ਬਣਨ ਲੱਗ ਪਏ। ਹੁਣ ਹਰ ਜਣਾ ਖਣਾ ਡੱਬ ਵਿੱਚ ਫਸਾਈ ਫਿਰਦਾ ਹੈ। ਹਰੇਕ ਨੌਜਵਾਨ ਬਾਲਗ ਹੁੰਦੇ ਸਾਰ ਹੀ ਲਾਇਸੰਸ ਬਣਾਉਣ ਵੱਲ ਭੱਜਦਾ ਹੈ। ਫਿਲਮਾਂ ਵੇਖ ਕੇ, ਵੀਡੀਉ ਗੇਮਾਂ ਖੇਡ ਕੇ ਅਤੇ ਪੰਜਾਬੀ ਗਾਇਕਾਂ ਦੇ ਜੱਟਵਾਦੀ ਗਾਣੇ ਸੁਣ ਕੇ ਜਵਾਨ ਹੋਈ ਇਸ ਪੀੜ•ੀ ਨੂੰ ਅਸਲੀਅਤ ਬਾਰੇ ਪਤਾ ਨਹੀਂ ਹੈ। ਜੇ ਕਿਸੇ ਦੀ ਗਲਤੀ ਨਾਲ ਵੀ ਗੋਲੀ ਵੱਜ ਕੇ ਮੌਤ ਹੋ ਜਾਵੇ ਤਾਂ ਸਮਝੋ ਗੋਲੀ ਮਾਰਨ ਵਾਲੇ ਦੀ ਜ਼ਿੰਦਗੀ ਬਰਬਾਦ। ਉਸ 'ਤੇ ਕਤਲ ਦਾ ਪਰਚਾ ਦਰਜ਼ ਹੁੰਦਾ ਹੈ। ਕਤਲ ਦੇ ਪਰਚੇ ਵਿੱਚ ਸੁਪਰੀਮ ਕੋਰਟ ਤੋਂ ਵੀ ਜ਼ਮਾਨਤ ਨਹੀਂ ਹੁੰਦੀ। ਜੇ ਸਜ਼ਾ ਹੋ ਗਈ ਤਾਂ ਸਾਰੀ ਉਮਰ ਜੇਲ• ਵਿੱਚ ਗਰਕ ਹੋ ਜਾਂਦੀ ਹੈ। ਦੋ ਮਿੰਟ ਦੀ ਫੁਕਰੀ ਤੇ ਦੋ ਚਾਰ ਸੌ ਦੀ ਮੁਫਤ ਦੀ ਪੀਤੀ ਸ਼ਰਾਬ 50-60 ਲੱਖ ਵਿੱਚ ਪੈਂਦੀ ਹੈ। ਪਿੱਛੋਂ ਘਰ ਵਾਲੇ ਥਾਣਿਆਂ ਅਦਾਲਤਾਂ ਵਿੱਚ ਧੱਕੇ ਖਾਂਦੇ ਫਿਰਦੇ ਹਨ। ਵਿਆਹਾਂ ਵਿੱਚ ਆਮ ਵੇਖਣ ਵਿੱਚ ਆਇਆ ਹੈ ਗੋਲੀਆਂ ਚੱਲਣੀਆਂ ਸ਼ੁਰੂ ਹੁੰਦੀਆਂ ਸਾਰ ਹੀ ਸਿਆਣੇ ਬੰਦੇ ਉੱਠ ਕੇ ਘਰਾਂ ਨੂੰ ਚੱਲ ਪੈਂਦੇ ਹਨ।
ਸਾਡੇ ਨਜ਼ਦੀਕੀ ਪਿੰਡ ਵਿੱਚ ਇੱਕ ਵਲੈਤੀਆਂ ਆਪਣੇ ਭਰਾ ਦਾ ਵਿਆਹ ਕਰਨ ਲਈ ਵਿਦੇਸ਼ੋਂ ਆਇਆ ਸੀ। ਉਸ ਨੇ ਆਪਣੇ ਸਾਰੇ ਦੋਸਤਾਂ ਨੂੰ ਬਰਾਤ ਵਿੱਚ ਹਥਿਆਰ ਨਾਲ ਲਿਆਉਣ ਦਾ ਹੁਕਮ ਜਾਰੀ ਕਰ ਦਿੱਤਾ। ਇਹ ਫੈਸਲਾ ਕੀਤਾ ਗਿਆ ਕਿ ਐਨੇ ਫਾਇਰ ਕਰਨੇ ਹਨ ਕਿ ਅੱਜ ਤੱਕ ਕਿਸੇ ਨੇ ਇਲਾਕੇ ਵਿੱਚ ਨਾ ਕੀਤੇ ਹੋਣ। ਜਦੋਂ ਮੁਫਤ ਦੀ ਸ਼ਰਾਬ ਡੱਫ ਕੇ ਨਿਸ਼ਾਨਚੀਆਂ ਨੇ ਫਾਇਰ ਖੋਲਿ•ਆ ਤਾਂ ਇੱਕ ਕਈ ਤਰਾਂ ਦੇ ਨਸ਼ਿਆਂ ਨਾਲ ਟੱਲੀ ਹੋਏ ਸੂਰਮੇ ਦਾ ਬਾਰਾਂ ਬੋਰ ਦਾ ਫਾਇਰ ਲਾੜਾ ਸਾਹਿਬ ਨੂੰ ਹੀ ਲੱਗ ਗਿਆ। ਵਿਆਹ ਵਿੱਚ ਬੀਅ ਦਾ ਲੇਖਾ ਪੈ ਗਿਆ। ਬਹੁਤ ਮੁਸ਼ਕਲ ਨਾਲ ਲਾੜੇ ਦੀ ਜਾਨ ਬਚੀ। ਸ਼ੁਕਰ ਹੈ ਕਿ ਲਾਵਾਂ ਫੇਰੇ ਹੋ ਗਏ ਸਨ ਨਹੀਂ ਤਾਂ ਵਿਆਹ ਵੀ ਵਿੱਚੇ ਰਹਿ ਜਾਣਾ ਸੀ। ਬਹੁਤ ਮੁਸ਼ਕਲ ਨਾਲ ਮਾਮਲਾ ਦਬਾਇਆ ਗਿਆ। ਰਾਤੋ ਰਾਤ ਦਿੱਲੀ ਤੋਂ ਐਮਰਜੈਂਸੀ ਟਿਕਟ ਲੈ ਕੇ ਭੱਜਾ ਵਲਾਇਤੀਆ ਅੱਜ ਤੱਕ ਵਾਪਸ ਨਹੀਂ ਆਇਆ। ਅਸਲ ਵਿੱਚ ਸ਼ਰਾਬੀ ਵਿਅਕਤੀ ਤਾਂ ਆਪਣਾ ਆਪ ਨਹੀਂ ਸੰਭਾਲ ਸਕਦਾ, ਹਥਿਆਰ ਉਸ ਨੇ ਕੀ ਸੰਭਾਲਣਾ ਹੈ।
ਹਥਿਆਰ ਆਦਮੀ ਦੀ ਆਤਮ ਰੱਖਿਆ ਲਈ ਹੁੰਦੇ ਹਨ, ਸ਼ੋਸ਼ੇਬਾਜ਼ੀ, ਹਵਾਈ ਫਾਇਰ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਨਹੀਂ। ਹਥਿਆਰ ਹਮੇਸ਼ਾਂ ਸਾਫ ਕਰ ਕੇ ਘਰ ਵਿੱਚ ਕਿਸੇ ਸੁਰੱਖਿਅਤ ਅਤੇ ਸੌਖਾਲੀ ਪਹੁੰਚ ਵਾਲੀ ਥਾਂ 'ਤੇ ਰੱਖਣੇ ਚਾਹੀਦੇ ਹਨ। ਬੱਚਿਆਂ ਵਿੱਚ ਹਥਿਆਰ ਪਕੜਨ ਦੀ ਬਹੁਤ ਖਿੱਚ ਹੁੰਦੀ ਹੈ, ਪਰ ਇਹ ਕੋਈ ਖਿਡੋਣਾ ਨਹੀਂ ਹਨ। ਕਦੀ ਵੀ ਭਰਿਆ ਹੋਇਆ ਹਥਿਆਰ ਬੱਚਿਆਂ ਨੂੰ ਨਹੀਂ ਪਕੜਾਉਣਾ ਚਾਹੀਦਾ। ਕਈ ਵਾਰ ਬੱਚੇ ਖੇਡ ਖੇਡ ਵਿੱਚ ਆਪਣੇ ਭੈਣ ਭਰਾ ਨੂੰ ਗੋਲੀ ਮਾਰ ਦੇਂਦੇ ਹਨ। ਜੇ ਜਿਆਦਾ ਸਮੇਂ ਲਈ ਘਰੋਂ ਬਾਹਰ ਜਾਣਾ ਹੋਵੇ ਤਾਂ ਹਥਿਆਰ ਨਜ਼ਦੀਕੀ ਥਾਣੇ ਜਾਂ ਗੰਨ ਹਾਊਸ ਵਿੱਚ ਜਮ•ਾਂ ਕਰਵਾ ਦੇਣਾ ਚਾਹੀਦਾ ਹੈ। ਰਾਤ ਨੂੰ ਸੌਣ ਲੱਗੇ ਗੋਲੀਆਂ ਅਤੇ ਹਥਿਆਰ ਪਹੁੰਚ ਵਿੱਚ ਹੋਣੇ ਚਾਹੀਦੇ ਹਨ। ਹਥਿਆਰ ਨੂੰ ਲਾਕ ਲੱਗਾ ਹੋਵੇ। ਕਦੇ ਵੀ ਨਸ਼ੇ ਦੀ ਐਨੀ ਵਰਤੋਂ ਨਹੀਂ ਕਰਨੀ ਚਾਹੀਦੀ ਕਿ ਹਥਿਆਰ ਚੁੱਕਣ ਜੋਗੀ ਹਿੰਮਤ ਹੀ ਨਾ ਰਹੇ।
ਕਹਿੰਦੇ ਹਨ ਕਿ ਕਿਸਮਤ ਮਾੜੀ ਹੋਵੇ ਤਾਂ ਖਾਲੀ ਵੀ ਚੱਲ ਜਾਂਦੀ ਹੈ। ਗੋਲੀ ਹਮੇਸ਼ਾਂ ਬੰਦੇ ਵੱਲ ਹੀ ਜਾਂਦੀ ਹੈ। ਸ਼ੋਸ਼ੇਬਾਜ਼ੀ ਕਰਨ ਦਾ ਕੋਈ ਫਾਇਦਾ ਨਹੀਂ ਹੈ। ਜੇ ਕਿਸੇ ਵਿਆਹ ਵਿੱਚ ਫਾਇਰ ਹੁੰਦੇ ਹਨ ਤਾਂ ਮੈਰਿਜ ਪੈਲੇਸ ਅਤੇ ਘਰ ਵਾਲੇ ਆਪਣੀ ਜ਼ਿੰਮੇਵਾਰੀ ਅਤੇ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ। ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਨਜ਼ਦੀਕੀ ਥਾਣੇ ਨੂੰ ਸੂਚਨਾ ਦੇਣ। ਸਿਰਫ ਇਹ ਲਿਖ ਦੇਣ ਨਾਲ ਕਿ ਮੈਰਿਜ ਪੈਲੇਸ ਵਿੱਚ ਫਇਰ ਕਰਨੇ ਮਨ•ਾ ਹਨ, ਜ਼ਿੰਮੇਵਾਰੀ ਤੋਂ ਨਹੀਂ ਭੱਜਿਆ ਜਾ ਸਕਦਾ।
-
ਬਲਰਾਜ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.