ਡਾ.ਦਰਸ਼ਨ ਵੱਲੋਂ ਪੰਜਾਬੀ ਦੇ ਬਹੁਪੱਖੀ ਲੇਖਕ ਕਿਰਪਾਲ ਕਜ਼ਾਕ ਦੇ ਸਾਹਿਤਕ, ਪਰਿਵਾਰਿਕ ਅਤੇ ਨਿੱਜੀ ਜੀਵਨ ਬਾਰੇ 7 ਵਿਅਕਤੀਆਂ ਵੱਲੋਂ ਕੀਤੀਆਂ ਮੁਲਾਕਾਤਾਂ 'ਤੇ ਅਧਾਰਤ ਪੁਸਤਕ ''ਸਾਹਿਤ ਤੇ ਸੰਬਾਦ'' ਪ੍ਰਕਾਸ਼ਤ ਕਰਵਾਕੇ ਉਭਰਦੇ ਲੇਖਕਾਂ ਲਈ ਮਾਰਗ ਦਰਸ਼ਨ ਕੀਤਾ ਹੈ ਕਿਉਂਕਿ ਕਿਰਪਾਲ ਕਜ਼ਾਕ ਦਾ ਸਾਹਿਤਕ ਜੀਵਨ ਉਨ੍ਹਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦਾ ਹੈ। ਪੰਜਾਬੀ ਸਾਹਿਤ ਵਿਚ ਸੰਬਾਦ ਕਰਨ ਅਤੇ ਖਾਸ ਤੌਰ ਤੇ ਸੰਬਾਦ ਕਰਕੇ ਲਿਖਣ ਦੀ ਪਰੰਪਰਾ ਦੀ ਘਾਟ ਹੈ, ਜੀਵਨੀ ਵਿਚ ਤਾਂ ਬਿਲਕੁਲ ਹੀ ਨਹੀਂ, ਜਿਹੜੀ ਇਸ ਪੁਸਤਕ ਨੇ ਪੂਰੀ ਕਰ ਦਿੱਤੀ ਹੈ। ਇਹ ਪੁਸਤਕ ਉਭਰ ਰਹੇ ਲੇਖਕਾਂ ਲਈ ਸੰਜੀਵਨੀ ਬੂਟੀ ਦਾ ਕੰਮ ਕਰੇਗੀ। ਜੇਕਰ ਇਸ ਪੁਸਤਕ ਨੂੰ ਕਿਰਪਾਲ ਕਜ਼ਾਕ ਦੀ ਵਿਲੱਖਣ ਜੀਵਨੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਸਵੈ ਜੀਵਨੀ ਵਿਚ ਕਈ ਵਾਰੀ ਲੇਖਕ ਆਪਣੇ ਬਾਰੇ ਆਪ ਅਸਲੀਅਤ ਲਿਖਣ ਤੋਂ ਝਿਜਕ ਜਾਂਦਾ ਹੈ। ਜੀਵਨੀ ਵਿਚ ਵੀ ਆਮ ਤੌਰ ਤੇ ਕਿਸੇ ਵਿਅਕਤੀ ਬਾਰੇ ਕੋਈ ਦੂਜਾ ਵਿਅਕਤੀ ਆਪਣੀ ਜਾਣਕਾਰੀ ਅਨੁਸਾਰ ਲਿਖ ਦਿੰਦਾ ਹੈ ਪ੍ਰੰਤੂ ਇਸ ਪੁਸਤਕ ਦੇ ਤੱਥ ਸਾਰੇ ਸਹੀ ਹਨ ਕਿਉਂਕਿ ਮੁਲਾਕਾਤਾਂ ਵਿਚ ਜਿਸ ਵਿਅਕਤੀ ਦੀ ਜੀਵਨੀ ਲਿਖੀ ਗਈ ਹੈ, ਉਸਨੇ ਸਾਰੇ ਸਵਾਲਾਂ ਦੇ ਜਵਾਬ ਬੇਬਾਕੀ ਨਾਲ ਦਿੱਤੇ ਹਨ। ਆਮ ਤੌਰ ਤੇ ਮੁਲਾਕਾਤੀ ਅਜਿਹੇ ਸਵਾਲ ਵੀ ਕਰ ਦਿੰਦਾ ਹੈ, ਜਿਸ ਬਾਰੇ ਲੇਖਕ ਆਪ ਨਹੀਂ ਲਿਖਣਾ ਚਾਹੁੰਦਾ ਹੁੰਦਾ। ਜੀਵਨੀਕਾਰ ਤੋੜ ਮਰੋੜਕੇ ਜਾਣਕਾਰੀ ਲਿਖ ਦਿੰਦਾ ਹੈ ਜੋ ਕਿ ਨੈਤਿਕ ਤੌਰ ਤੇ ਉਸ ਵਿਅਕਤੀ ਨਾਲ ਧੋਖਾ ਹੁੰਦਾ ਹੈ। ਕਿਰਪਾਲ ਕਜ਼ਾਕ ਦਾ ਤਾਂ ਸਾਰਾ ਹੀ ਜੀਵਨ ਜਦੋਜਹਿਦ ਵਿਚ ਗੁਜਰਿਆ ਹੈ। ਕਦੀਂ ਪਰਿਵਾਰਿਕ ਅਤੇ ਕਦੀਂ ਵਿਤੀ ਸਮੱਸਿਆਵਾਂ ਵਿਚ ਉਲਝਿਆ ਰਿਹਾ ਹੈ। ਇਸ ਪੁਸਤਕ ਦੀ ਇਹੋ ਖਾਸੀਅਤ ਹੈ ਕਿ ਨਵੇਂ ਲੇਖਕ ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਦਾ ਸਾਹਮਣਾ ਕਰਦਿਆਂ ਲਿਖਣ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਸ ਪੁਸਤਕ ਵਿਚਲੀਆਂ ਮੁਲਾਕਾਤਾਂ ਪੜ੍ਹਕੇ ਇਹ ਮਹਿਸੂਸ ਹੁੰਦਾ ਹੈ ਕਿ ਜੇਕਰ ਲੇਖਕ ਵਿਚ ਕਾਬਲੀਅਤ, ਸਿਰੜ੍ਹ, ਸਿਦਕ, ਲਗਨ, ਅਤੇ ਦ੍ਰਿੜ੍ਹਤਾ ਹੋਵੇ ਤਾਂ ਉਹ ਸਾਹਿਤ ਦੇ ਹਰ ਰੂਪ ਵਿਚ ਰਚਨਾ ਕਰ ਸਕਦਾ ਹੈ। ਕਿਰਪਾਲ ਕਜ਼ਾਕ ਤਾਂ ਮੁਢਲੇ ਤੌਰ ਤੇ ਕਹਾਣੀਕਾਰ ਸੀ ਪ੍ਰੰਤੂ ਉਹ ਖੋਜ, ਕਬੀਲਿਆਂ, ਨਾਵਲ, ਨਾਟਕ, ਰੇਖਾ ਚਿੱਤਰ ਅਤੇ ਫਿਲਮਾਂ ਦੀਆਂ ਕਹਾਣੀਆਂ, ਡਾਇਲਾਗ ਅਤੇ ਸਕਰਿਪਟ ਲਿਖਣ ਵਿਚ ਮੋਹਰੀ ਸਾਬਤ ਹੋਇਆ ਹੈ। ਹਾਲਾਂ ਕਿ ਉਸਨੇ ਕਿਤਾਬੀ ਸਿੱਖਿਆ ਵੀ ਬਹੁਤੀ ਪ੍ਰਾਪਤ ਨਹੀਂ ਕੀਤੀ ਪ੍ਰੰਤੂ ਉਸਦਾ ਜ਼ਿੰਦਗੀ ਦਾ ਤਜਰਬਾ ਹੀ ਉਸਨੂੰ ਮੁਹਾਰਤ ਦੇ ਗਿਆ। ਉਸ ਦੀਆਂ ਰਚਨਾਵਾਂ ਤੋਂ ਲੇਖਕ ਬਹੁਤ ਜ਼ਿਆਦਾ ਪੜਿਆ ਲਿਖਿਆ ਅਤੇ ਗੁੜ੍ਹਿਆ ਜਾਪਦਾ ਹੈ। ਸਾਹਿਤ ਦੇ ਜਿਸ ਵੀ ਰੂਪ ਵਿਚ ਉਹ ਲਿਖਦਾ ਹੈ ਕਮਾਲ ਕਰੀ ਜਾਂਦਾ ਹੈ। ਸ਼ਬਦਕੋਸ਼ ਵਰਗੇ ਵਿਸ਼ੇ ਬਾਰੇ ਵੀ ਉਸਦੀ ਪਕੜ ਕਮਾਲ ਦੀ ਹੈ ਹਾਲਾਂਕਿ ਇਹ ਵਿਸ਼ਾ ਤਕਨੀਕੀ ਕਿਸਮ ਦਾ ਹੈ। ਨਵੇਂ ਲੇਖਕਾਂ ਨੂੰ ਉਸ ਦੀ ਜੀਵਨੀ ਤੋਂ ਸਬਕ ਮਿਲਦਾ ਹੈ ਕਿ ਲੇਖਕ ਦੀ ਨਿੱਜੀ ਹਿੰਮਤ, ਮਿਹਨਤ ਅਤੇ ਕੁਝ ਕਰ ਗੁਜਰਨ ਦੀ ਇੱਛਾ ਸ਼ਕਤੀ ਅਸੰਭਵ ਨੂੰ ਸੰਭਵ ਬਣਾ ਸਕਦੀ ਹੈ। ਉਸਦੀਆਂ ਮੁਲਾਕਾਤਾਂ ਤੋਂ ਇਹ ਵੀ ਸ਼ਪੱਸ਼ਟ ਹੁੰਦਾ ਹੈ ਕਿ ਲੋੜ ਕਿਸੇ ਵੀ ਨਿਸ਼ਾਨੇ ਦੀ ਪੂਰਤੀ ਵਿਚ ਵਡਮੁਲਾ ਯੋਗਦਾਨ ਪਾਉਂਦੀ ਹੈ। ਲੇਖਕ ਉਪਰ ਉਸਦੇ ਪਰਿਵਾਰਿਕ ਜੀਵਨ ਅਤੇ ਵਾਤਾਵਰਨ ਦਾ ਵੀ ਗਹਿਰਾ ਪ੍ਰਭਾਵ ਪੈਂਦਾ ਹੈ। ਲੇਖਕ ਅਨੁਸਾਰ ਤੰਗੀ ਤਰੁਸ਼ੀਆਂ ਤੋਂ ਵੀ ਕੁਝ ਨਾ ਕੁਝ ਗ੍ਰਹਿਣ ਕੀਤਾ ਜਾ ਸਕਦਾ ਹੈ, ਜੇਕਰ ਲੇਖਕ ਇਸ ਤਜਰਬੇ ਨੂੰ ਸਿਰਜਣਾ ਦਾ ਆਧਾਰ ਬਣਾ ਲਵੇ। ਕਜ਼ਾਕ ਅਨੁਸਾਰ ਚੰਗੀਆਂ ਪੁਸਤਕਾਂ ਪੜ੍ਹਨ ਨਾਲ ਵੀ ਲਿਖਣ ਪ੍ਰਕ੍ਰਿਆ ਸਾਰਥਿਕ ਹੋ ਸਕਦੀ ਹੈ। ਕੰਮ ਭਾਵੇਂ ਕਿਤਨਾ ਵੀ ਔਖਾ ਹੋਵੇ ਜੇਕਰ ਕਰਨ ਦੀ ਇੱਛਾ ਸ਼ਕਤੀ ਅਤੇ ਦ੍ਰਿੜ੍ਹ ਇਰਾਦਾ ਹੋਵੇ। ਕਜ਼ਾਕ ਦਾ ਤਜਰਬਾ ਦੱਸਦਾ ਹੈ ਕਿ ਹਰ ਕੰਮ ਹੱਥੀਂ ਕਰਨਾ ਸਿੱਖਣਾ ਚਾਹੀਦਾ ਹੈ। ਲਿਖਣ ਸਮੇਂ ਕਿਸੇ ਹੋਰ ਲੇਖਕ ਦੀ ਨਕਲ ਨਹੀਂ ਮਾਰਨੀ ਚਾਹੀਦੀ ਸਗੋਂ ਵਧੀਆ ਰਚਨਾਵਾਂ ਤੋਂ ਪ੍ਰੇਰਨਾ ਲੈਣੀ ਜ਼ਰੂਰੀ ਹੈ। ਲੇਖਕ ਬਣਨ ਲਈ ਸ਼ਾਰਟ ਕੱਟ ਨਾ ਵਰਤੋ। ਲਗਾਤਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸਹਿਜ ਨਾਲ ਲਿਖਿਆ ਜਾਵੇ। ਆਪਣੀ ਈਗੋ ਤਿਆਗਣ ਨਾਲ ਪਰਪੱਕਤਾ ਆਉਂਦੀ ਹੈ। ਸ਼ਾਗਿਰਦੀ ਦਾ ਲਾਭ ਹੁੰਦਾ ਹੈ, ਬਸ਼ਰਤੇ ਕੁਝ ਸਿੱਖਣ ਦੀ ਚਾਹਤ ਹੋਵੇ। ਖੋਜੀ ਕੰਮ ਲਈ ਮਨ ਮਾਰਕੇ ਕੰਮ ਕਰਨਾ ਪੈਂਦਾ ਹੈ। ਇਨ੍ਹਾਂ ਮੁਲਾਕਾਤਾਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਕਿਰਪਾਲ ਕਜ਼ਾਕ ਦੀ ਵਿਚਾਰਧਾਰਾ ਹੈ ਕਿ ਬਹੁਤ ਥੋੜ੍ਹੀ ਮਾਤਰਾ ਵਿਚ ਲਿਖਣਾ ਚਾਹੀਦਾ ਹੈ ਪ੍ਰੰਤੂ ਜੋ ਲਿਖਿਆ ਜਾਵੇ ਵਜ੍ਤਨਦਾਰ ਹੋਵੇ। ਹਰ ਰਚਨਾ ਲਿਖਣ ਤੋਂ ਬਾਅਦ ਕਈ ਵਾਰੀ ਪੜ੍ਹਕੇ ਦਰੁਸਤੀ ਕੀਤੀ ਜਾਵੇ ਅਤੇ ਫਿਰ ਚੰਗੇ ਲੇਖਕਾਂ ਦੀ ਰਾਏ ਲਈ ਜਾਵੇ, ਉਨ੍ਹਾਂ ਦੀ ਰਾਏ ਦਾ ਗੁੱਸਾ ਨਾ ਕੀਤਾ ਜਾਵੇ ਸਗੋਂ ਦਿੱਤੇ ਸੁਝਾਅ ਮੁਤਾਬਕ ਤਬਦੀਲੀ ਕੀਤੀ ਜਾਵੇ। ਹਮੇਸ਼ਾ ਸਿਖਾਂਦਰੂ ਬਣਕੇ ਰਹਿਣਾ ਚਾਹੀਦਾ ਹੈ। ਜਿਸ ਲੇਖਕ ਤੋਂ ਰਾਏ ਲੈਣੀ ਹੈ ਉਸਦਾ ਕਿਰਦਾਰ ਵੀ ਵਜ਼ਨਦਾਰ ਹੋਵੇ। ਆਮ ਤੌਰ ਤੇ ਲੇਖਕ ਸਹੀ ਰਾਏ ਨਹੀਂ ਦਿੰਦੇ ਕਿਉਂਕਿ ਉਹ ਇਹ ਨਹੀਂ ਚਾਹੁੰਦੇ ਕਿ ਕੋਈ ਲੇਖਕ ਉਸ ਤੋਂ ਅੱਗੇ ਨਿਕਲ ਜਾਵੇ। ਜੁਗਾੜਬਾਜੀ ਤੋਂ ਪ੍ਰਹੇਜ ਕੀਤਾ ਜਾਵੇ। ਕੋਈ ਸਾਹਿਤਕਾਰ ਮਾਰਗ ਦਰਸ਼ਕ ਜ਼ਰੂਰ ਬਣਾਉਣਾ ਚਾਹੀਦਾ ਹੈ। ਰਚਨਾ ਦੇ ਸਿਰਲੇਖ ਪੜ੍ਹਕੇ ਹੀ ਪਤਾ ਨਾ ਲੱਗੇ ਕਿ ਰਚਨਾ ਵਿਚ ਕੀ ਮੈਟਰ ਹੈ। ਜੇ ਇਹ ਪਤਾ ਲੱਗ ਜਾਵੇ ਤਾਂ ਪਾਠਕ ਸਾਰੀ ਰਚਨਾ ਨੂੰ ਪੜ੍ਹੇਗਾ ਨਹੀਂ। ਉਤਸੁਕਤਾ ਬਣੀ ਰਹਿਣੀ ਚਾਹੀਦੀ ਹੈ। ਜੇਕਰ ਚੰਗੀਆਂ ਰਚਨਾਵਾਂ ਲਿਖੋਗੇ ਤਾਂ ਵਿਰੋਧ ਹੋਵੇਗਾ ਹੀ, ਵਿਰੋਧ ਤੋਂ ਘਬਰਾਉਣਾ ਨਹੀਂ। ਦੂਜੇ ਲੇਖਕਾਂ ਦੇ ਨੁਕਸ ਵੀ ਨਹੀਂ ਕੱਢਣੇ ਚਾਹੀਦੇ। ਜੀਵਨੀ ਵਿਚ ਸਚਾਈ ਹੋਵੇ, ਆਪਣੇ ਅੰਦਰ ਝਾਤੀ ਮਾਰਕੇ ਲਿਖੀ ਜਾਵੇ। ਸਾਹਿਤ ਸਭਾਵਾਂ ਵਿਚ ਪ੍ਰਸੰਸਾ ਹੀ ਹੁੰਦੀ ਹੈ ਜੋ ਲੇਖਕ ਲਈ ਖ਼ਤਰੇ ਦੀ ਘੰਟੀ ਹੈ। ਸੰਬਾਦ ਸਹੀ ਹੋਣਾ ਚਾਹੀਦਾ। ਪ੍ਰਸੰਸਾ ਲੇਖਕ ਦੀ ਲਿਖਣ ਪ੍ਰਕ੍ਰਿਆ ਨੂੰ ਕਮਜ਼ੋਰ ਕਰਦੀ ਹੈ। ਆਮ ਤੌਰ ਤੇ ਲੇਖਕਾਂ ਨੂੰ ਜਾਤਾਂ ਬਰਾਦਰੀਆਂ ਦੇ ਲੇਖਕ ਕਿਹਾ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ। ਜਾਤਾਂ ਬਰਾਦਰੀਆਂ ਵਾਲੇ ਲੇਖਕ ਉਲਾਰ ਹੋ ਕੇ ਲਿਖਦੇ ਹਨ। ਦੂਜੀਆਂ ਜਾਤਾਂ ਵਾਲੇ ਲੇਖਕ ਸਹੀ ਲਿਖ ਸਕਦੇ ਹਨ। ਇਸ ਪੁਸਤਕ ਵਿਚ ਕਥਾ ਪ੍ਰਵਾਹ ਠੀਕ ਚਲਦਾ ਹੈ। ਦਿਲਚਸਪੀ ਵੀ ਬਣੀ ਰਹਿੰਦੀ ਹੈ। ਕਜ਼ਾਕ ਅਨੁਸਾਰ ਲੇਖਕ ਦੀ ਸ਼ੈਲੀ ਵਾਰਤਾਕਾਰ ਲਈ ਕਾਵਿਕ ਹੋਣੀ ਚਾਹੀਦੀ ਹੈ। ਉਸ ਅਨੁਸਾਰ ਲੋਕ ਅਜੇ ਵੀ ਵਹਿਮਾ ਭਰਮਾ ਦੇ ਜਾਲ ਵਿਚ ਗ੍ਰਸੇ ਹੋਏ ਹਨ, ਇਹ ਪੁਸਤਕ ਵਹਿਮਾ ਭਰਮਾ ਦੇ ਜੰਜਾਲ ਵਿਚੋਂ ਨਿਕਲਣ ਦਾ ਵੀ ਸੰਦੇਸ਼ ਦਿੰਦੀ ਹੈ। ਚੰਗਾ ਹੋਵੇ ਜੇਕਰ ਲੇਖਕ ਨੂੰ ਹੋਰ ਭਾਸ਼ਾਵਾਂ ਦਾ ਗਿਆਨ ਹੋਵੇ ਤੇ ਉਨ੍ਹਾਂ ਦਾ ਸਾਹਿਤ ਵੀ ਪੜ੍ਹ ਸਕੇ। ਜ਼ਿੰਦਗੀ ਦੀਆਂ ਤਲਖ਼ ਸਚਾਈਆਂ ਨੂੰ ਸਾਹਿਤਕ ਰੂਪ ਦੇ ਕੇ ਲਿਖਿਆ ਜਾ ਸਕਦਾ ਹੈ ਪ੍ਰੰਤੂ ਵਿਖਾਵੇ ਲਈ ਨਹੀਂ ਲਿਖਣਾ ਚਾਹੀਦਾ। ਸਾਹਿਤਕਾਰ ਪ੍ਰੈਕਟੀਕਲ ਕਿਸਮ ਦਾ ਵਿਅਕਤੀ ਹੋਣਾ ਚਾਹੀਦਾ ਹੈ। ਪੁਸਤਕ ਪ੍ਰਕਾਸ਼ਤ ਕਰਨ ਤੋਂ ਪਹਿਲਾਂ ਪੂਰੀ ਵਿਚਾਰ ਚਰਚਾ ਹੋਵੇ ਬਾਅਦ ਵਿਚ ਪ੍ਰਕਾਸ਼ਕ ਦਾ ਕੰਮ ਹੈ ਗੋਸ਼ਟੀਆਂ ਕਰਵਾਉਣ ਦਾ। ਨਵੇਂ ਲੇਖਕ ਆਪਣੇ ਕੋਲੋਂ ਖਰਚਾ ਕਰਕੇ ਪੁਸਤਕਾਂ ਪ੍ਰਕਾਸਤ ਕਰਵਾਉਂਦੇ ਅਤੇ ਆਪ ਹੀ ਗੋਸ਼ਟੀਆਂ ਕਰਵਾਉਂਦੇ ਹਨ, ਜੋ ਕਿ ਸਾਹਿਤਕ ਅਪ੍ਰਾਧ ਬਣ ਜਾਂਦਾ ਹੈ। ਚੰਗਾ ਹੁੰਦਾ ਜੇਕਰ ਸੰਪਾਦਿਕਾ ਇਨ੍ਹਾਂ ਮੁਲਾਕਾਤਾਂ ਦੀ ਵੀ ਸੰਪਾਦਨਾ ਕਰ ਦਿੰਦੀ, ਜਿਸਦੀ ਅਣਹੋਂਦ ਕਰਕੇ ਪੁਸਤਕ ਵਿਚ ਦੁਹਰਾਓ ਕਾਫੀ ਜ਼ਿਆਦਾ ਹੈ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਬਹੁਤ ਸਾਰੀਆਂ ਨਵੀਂਆਂ ਦਿਸ਼ਾਵਾਂ ਦਿੰਦੀ ਹੈ ਤਾਂ ਜੋ ਕਚਘਰੜ ਸਾਹਿ ਰਚਣ ਦੀ ਪ੍ਰਕ੍ਰਿਆ ਨੂੰ ਠੱਲ ਪਾਈ ਜਾ ਸਕੇ। ਕਜ਼ਾਕ ਦੀਆਂ ਮੁਲਾਕਾਤਾਂ ਵਿਚੋਂ ਨਵੇਂ ਲੇਖਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਇਸ ਲਈ ਇਹ ਪੁਸਤਕ ਪਕ੍ਰਾਸ਼ਤ ਕਰਕੇ ਡਾ.ਦਰਸ਼ਨ ਨੇ ਉਭਰਦੇ ਲੇਖਕਾਂ ਲਈ ਚੰਗਾ ਉਦਮ ਕੀਤਾ ਹੈ ਪ੍ਰੰਤੂ ਕਿਰਪਾਲ ਕਜ਼ਾਕ ਦੀ ਜ਼ਿੰਦਗੀ ਦੇ ਅਜੇ ਵੀ ਕਈ ਪਹਿਲੂ ਜਾਨਣ ਦੀ ਲੋੜ ਹੈ। ਜਿਨ੍ਹਾਂ ਬਾਰੇ ਜਾਂ ਤਾਂ ਮੁਲਾਕਾਤੀਆਂ ਨੇ ਪੁਛਿਆ ਨਹੀਂ ਜਾਂ ਫਿਰ ਕਿਰਪਾਲ ਕਜ਼ਾਕ ਖ਼ਾਮਖਾਹ ਦੇ ਵਾਦਵਿਵਾਦ ਪੈਦਾ ਹੋਣ ਕਰਕੇ ਛੁਪਾ ਗਿਆ ਹੈ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
9417813072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.