ਸਾਰੇ ਦੇਸ਼ ਵਿੱਚ ਨੋਟ ਬੰਦੀ ਕਾਰਨ ਤਰਥੱਲੀ ਮੱਚੀ ਪਈ ਹੈ। ਕੋਈ ਸਰਕਾਰ ਦੀ ਜੈ ਜੈਕਾਰ ਕਰ ਰਿਹਾ ਹੈ ਤੇ ਕੋਈ ਪਾਣੀ ਪੀ ਪੀ ਕੇ ਕੋਸ ਰਿਹਾ ਹੈ। ਕਈ ਵਿਚਾਰੇ ਪੌਸ਼ ਕਲੋਨੀਆਂ, ਨਹਿਰਾਂ, ਗੰਦੇ ਨਾਲਿਆਂ ਅਤੇ ਕੂੜੇ ਦੇ ਢੇਰਾਂ ਦੀ ਯਾਤਰਾ ਕਰ ਰਹੇ ਹਨ ਕਿ ਸ਼ਾਇਦ ਕਿਸੇ ਧੰਨਾ ਸੇਠ ਦੇ ਸੁੱਟੇ ਹੋਏ 2-4 ਕਰੋੜ ਦੇ ਪੁਰਾਣੇ ਨੋਟ ਹੱਥ ਆ ਜਾਣ। ਕਈ ਤਾਂ ਗੁਆਂਢੀਆਂ 'ਤੇ ਰੋਅਬ ਪਾਉਣ ਲਈ ਅੱਧੀ ਰਾਤ ਨੂੰ ਅਖਬਾਰਾਂ ਸਾੜ ਦੇਂਦੇ ਹਨ ਕਿ ਲੋਕ ਸਮਝਣ ਨੋਟ ਸਾੜੇ ਹਨ। ਪਰ ਭਾਰਤ ਵਾਸੀਆਂ ਦੇ ਇੱਕ ਵਿਲੱਖਣ “ਗੁਣ” ਨੇ ਇਹ ਪਰੇਸ਼ਾਨੀ ਕਾਫੀ ਹੱਦ ਤੱਕ ਘੱਟ ਕਰ ਦਿੱਤੀ ਹੈ। ਉਹ ਗੁਣ ਹੈ ਆਪਣੀ ਖੁਸ਼ੀ ਵਿੱਚ ਘੱਟ ਅਤੇ ਦੂਸਰਿਆਂ ਨੂੰ ਦੁਖੀ ਵੇਖ ਕੇ ਜਿਆਦਾ ਖੁਸ਼ ਹੋਣਾ। ਹਰ ਕੋਈ ਜਾਣ ਕੇ ਦੂਸਰੇ ਨੂੰ ਪੁੱਛਦਾ ਹੈ, “ਫਿਰ! ਕੀ ਬਣਿਆ ਤੇਰੇ ਨੋਟਾਂ ਦਾ?” ਅਗਲਾ ਵੀ ਚਾਹੇ ਨੋਟ ਸਾੜ ਕੇ ਤੁਰਿਆ ਆਉਂਦਾ ਹੋਵੇ, ਪੁੱਛਣ ਵਾਲੇ ਨੂੰ ਖੁਸ਼ ਨਹੀਂ ਹੋਣ ਦੇਣਾ ਚਾਹੁੰਦਾ, “ਕੀ ਬਣਨਾ ਸੀ? ਆਪਣੇ ਕੋਲ ਹੈ ਈ ਕੱਖ ਨੀ।” ਹਰ ਕੋਈ ਇਹ ਸੋਚ ਕੇ ਕੱਛਾਂ ਵਜਾ ਰਿਹਾ ਕਿ ਦੂਸਰੇ ਦਾ ਬੇੜਾ ਗਰਕ ਹੋ ਗਿਆ ਹੈ। ਗਰੀਬ ਸੋਚਦੇ ਹਨ ਕਿ ਸੇਠ ਰਗੜੇ ਗਏ। ਨੌਕਰ ਇਹ ਸੋਚ ਕੇ ਖੁਸ਼ ਹੈ ਕਿ ਟਾਈਮ ਸਿਰ ਤਨਖਾਹ ਨਹੀਂ ਸੀ ਦੇਂਦਾ, ਚੰਗਾ ਹੋਇਆ ਮਾਲਕ ਦਾ ਕਾਲਾ ਧੰਨ ਮਿੱਟੀ ਹੋ ਗਿਆ। ਮਰੀਜ਼ ਦੀ ਇਹ ਸੋਚ ਕੇ ਹੀ ਅੱਧੀ ਬਿਮਾਰੀ ਠੀਕ ਹੋ ਗਈ ਕਿ ਲੱਖਾਂ ਰੁ ਫੀਸ ਲੈ ਕੇ ਵੀ ਸਿੱਧੇ ਮੂੰਹ ਗੱਲ ਨਾ ਕਰਨ ਵਾਲੇ ਡਾਕਟਰ ਦੇ ਪੈਸੇ ਸਵਾਹ ਹੋ ਗਏ। ਕਲਰਕ ਸੋਚਦਾ ਹੈ ਕਿ ਸਾਹਬ ਦਾ ਭੱਠਾ ਬੈਠ ਗਿਆ। ਜਨਤਾ ਸੋਚਦੀ ਹੈ ਕਿ ਅਫਸਰ ਮਾਰੇ ਗਏ ਤੇ ਅਫਸਰ ਇਹ ਸੋਚ ਕੇ ਖੁਸ਼ ਹਨ ਕਿ ਲੀਡਰ ਮਾਰੇ ਗਏ। ਵਿਰੋਧੀ ਪਾਰਟੀ ਵਾਲੇ ਇਹ ਸੋਚ ਕੇ ਜਸ਼ਨ ਮਨਾ ਰਹੇ ਹਨ ਕਿ ਸਭ ਬਰਾਬਰ ਹੋ ਗਏ, ਮੰਤਰੀਆਂ ਦਾ ਕਾਲਾ ਧੰਨ ਬੋਰੀਆਂ ਵਿੱਚ ਭਰਿਆ ਭਰਾਇਆ ਰਹਿ ਗਿਆ। ਉਧਰ ਮੰਤਰੀ ਇਹ ਸੋਚ ਕੇ ਖੁਸ਼ ਹਨ ਕਿ ਹੁਣ ਵਿਰੋਧੀ ਕਿੱਥੋਂ ਲਿਆਉਣਗੇ ਇਲੈਕਸ਼ਨ ਲਈ ਪੈਸਾ?
ਗੋਹਲਵੜ ਪਿੰਡ ਦੇ ਝੰਡੇ ਅਮਲੀ ਦੀ ਖੁਸ਼ੀ ਦਾ ਅੱਜ ਕੋਈ ਕੋਈ ਹਿਸਾਬ ਹੀ ਨਹੀਂ ਸੀ। ਲੋਕਾਂ ਨੂੰ ਫਿਕਰਾਂ ਵਿੱਚ ਪਏ ਵੇਖ ਕੇ ਛੜਾ ਝੰਡਾ ਸੋਚ ਰਿਹਾ ਸੀ ਕਿ ਅੱਜ ਆਇਆ ਮਲੰਗਪੁਣੇ ਦਾ ਸਵਾਦ। ਪਰ ਸਿਆਪਾ ਇਹ ਪੈ ਗਿਆ ਕਿ ਉਸ ਦੀ ਭੁੱਕੀ ਖਤਮ ਹੋਣ ਵਾਲੀ ਸੀ, ਸਿਰਫ ਦੋ ਤਿੰਨ ਦਿਨ ਦਾ ਸਟਾਕ ਰਹਿ ਗਿਆ ਸੀ। ਭੁੱਕੀ ਖਰੀਦਣ ਲਈ ਬਚਾ ਕੇ ਰੱਖੇ 500-500 ਦੇ ਕਰਾਰੇ ਨੋਟ ਰਾਤੋ ਰਾਤ ਕਾਗਜ਼ ਦੇ ਟੁਕੜੇ ਬਣ ਗਏ। ਅਮਲੀ ਦੀ ਅਫੀਮ-ਭੁੱਕੀ ਖਤਮ ਹੋਣ ਵਾਲੀ ਹੋਵੇ ਤਾਂ ਚਾਰ ਦਿਨ ਪਹਿਲਾਂ ਹੀ ਨਸ਼ਾ ਹੋਣੋ ਹਟ ਜਾਂਦਾ ਹੈ। ਪਰ ਉਹ ਦਿਲੋਂ ਖੁਸ਼ ਸੀ ਕਿ ਚੰਗਾ ਹੋਇਆ ਸਾਰੇ ਭ੍ਰਿਸ਼ਟਾਚਾਰੀਆਂ ਦਾ ਕਾਲਾ ਧੰਨ ਇੱਕੋ ਝਟਕੇ ਖਤਮ ਹੋ ਗਿਆ, ਸਾਰੇ ਝੰਡੇ ਅਮਲੀ ਵਰਗੇ ਹੋ ਗਏ। ਉਸ ਦਾ ਦਿਲ ਦੇਸ਼ ਭਗਤੀ ਦੀ ਪਵਿੱਤਰ ਭਾਵਨਾ ਨਾਲ ਭਰ ਗਿਆ। ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜੋ ਚਾਹੇ ਬੈਂਕ ਜਾ ਕੇ 4000 ਰੁ. ਤੱਕ ਦੇ ਪੁਰਾਣੇ ਨੋਟ ਵਟਾ ਕੇ ਨਵੇਂ ਨੋਟ ਲੈ ਸਕਦਾ ਹੈ। ਝੰਡਾ ਅਮਲੀ ਵੀ ਖੁਸ਼ੀ ਖੁਸ਼ੀ ਜਾ ਕੇ ਕਤਾਰ ਵਿੱਚ ਲੱਗ ਗਿਆ ਕਿ ਪੰਦਰਾਂ ਮਿੰਟਾਂ ਵਿੱਚ ਵਿਹਲੇ ਹੋ ਜਾਣਾ ਹੈ। ਪਹਿਲੇ ਦਿਨ ਬੈਂਕ ਦੀ ਲਾਈਨ ਵਿੱਚ ਖੜਾ ਝੰਡਾ ਦਿਲ ਹੀ ਦਿਲ 'ਚ ਹੱਸਿਆ, “ਸਹੁੰ ਬਾਬੇ ਡਿਸਕੋ ਨਾਥ ਦੀ ਮਜ਼ਾ ਆ ਗਿਆ। ਰਾਤੋ ਰਾਤ ਸਾਰੇ ਇੱਕੋ ਜਿਹੇ ਹੋਗੇ। ਵੇਖ ਸਾਲਾ ਵਿਆਜੀਆਂ ਸ਼ਾਮੋ ਸ਼ਾਹ ਕਿਵੇਂ ਖੜ•ਾ ਨਿਮਾਣਾ ਜਿਹਾ ਬਣ ਕੇ। ਪਹਿਲਾਂ ਅੱਖ ਈ ਨਹੀਂ ਸੀ ਮਿਲਾਉਂਦਾ ਹੁੰਦਾ।” ਪਰ ਚੀਨ ਦੀ ਮਹਾਨ ਦੀਵਾਰ ਜਿੰਨੀ ਲੰਬੀ ਲਾਈਨ ਹੋਣ ਕਾਰਨ ਉਸ ਨੂੰ ਦੋ ਦਿਨ ਪੈਸੇ ਨਾ ਮਿਲੇ। ਤੀਸਰੇ ਦਿਨ ਉਸ ਨੇ ਸੋਚਿਆ, “ਹੱਦ ਹੋਗੀ। ਰੋਜ਼ ਮੇਰੀ ਵਾਰੀ ਆਉਣ ਤੱਕ ਪੈਸੇ ਖਤਮ ਹੋ ਜਾਂਦੇ ਆ। ਜੇ ਸਾਲਿਉ ਪੈਸੇ ਈ ਨਹੀਂ ਹੈਗੇ ਤਾਂ ਬਾਹਰ ਕਿਉਂ ਨਹੀਂ ਲਿਖ ਕੇ ਲਾਉਂਦੇ ਮਰਦੇ ਕਿ ਨਾ ਆਉ। ਪਰ ਕੋਈ ਗੱਲ ਨਹੀਂ, ਦੇਸ਼ ਦੀ ਭਲਾਈ ਖਾਤਰ ਸਭ ਸਹਿ ਲਵਾਂਗੇ। ਆਖਰ ਦੇਸ਼ ਭਗਤੀ ਵੀ ਕੋਈ ਚੀਜ ਹੁੰਦੀ ਐ।”
ਝੰਡੇ ਅਮਲੀ ਨੂੰ ਤੀਸਰੇ ਦਿਨ ਵੀ ਪੈਸੇ ਨਾ ਮਿਲੇ। ਭੁੱਕੀ ਦਾ ਖਾਲੀ ਹੁੰਦਾ ਜਾ ਰਿਹਾ ਲਿਫਾਫਾ ਵੇਖ ਕੇ ਉਸ ਦੇ ਦਿਲ ਨੂੰ ਹੌਲ ਪੈ ਰਹੇ ਸਨ। ਚੌਥੇ ਦਿਨ ਦੇਸ਼ ਭਗਤੀ ਦਾ ਬੁਖਾਰ ਕੁਝ ਲਹਿ ਗਿਆ, “ਚਾਰ ਘੰਟੇ ਹੋਗੇ ਖੜ•ੇ ਨੂੰ। ਲੋਕਾਂ ਵੀ ਭੂਤਨੀ ਦਿਆਂ ਨੇ ਸਾਰਾ ਟੱਬਰ ਲਾਈਨ ਵਿੱਚ ਲਾਇਅ ਹੋਇਆ। ਔਹ ਟਾਂਡੇ ਭੰਨਾਂ ਦਾ ਮੰਗੀ ਨੰਬਰਦਾਰਾਂ ਨੇ ਦਿਹਾੜੀ ਦੇ ਕੇ ਖੜਾ ਕੀਤਾ ਆ। ਦੂਸਰੇ ਦੀ ਚਿੰਤਾ ਈ ਨਹੀਂ ਕਿਸੇ ਨੂੰ।” ਪੰਜਵੇਂ ਦਿਨ ਤਾਂ ਅਮਲੀ ਮਰਨ ਵਾਲਾ ਹੋਇਆ ਪਿਆ ਸੀ, “ਹਾਏ ਰੱਬਾ ਕਲ• ਵੀ ਨਹੀਂ ਮਿਲਿਆ ਪੈਸਾ। ਹੁਣ ਤਾਂ ਕੋਈ ਉਧਾਰ ਵੀ ਨਹੀਂ ਦੇਂਦਾ। ਸਭ ਪੈਸੇ ਨੂੰ ਘੁੱਟ ਕੇ ਨਾਗ ਵਾਂਗ ਕੁੰਡਲੀ ਮਾਰੀ ਬੈਠੇ ਨੇ। ਸਰਕਾਰ ਕਹਿ ਰਹੀ ਆ ਕਿ ਨੋਟਾਂ ਦੀ ਕੋਈ ਕਮੀ ਨਹੀਂ ਹੈ। ਫਿਰ ਐਥੇ ਕਿਉਂ ਨਹੀਂ ਪਹੁੰਚ ਰਹੇ ਨੋਟ। ਇਹ ਸਾਲਾ ਪਾਕਿਸਤਾਨ ਆ? 500 ਤੇ 2000 ਦੇ ਨੋਟ ਮਰਨ ਤੋਂ ਬਾਅਦ ਵੇਖਾਂਗੇ?” ਛੇਵਾਂ ਦਿਨ, “ਹੱਦ ਹੋ ਗਈ ਭਾਈ। ਸਾਰੀ ਦੇਸ਼ ਭਗਤੀ ਦਾ ਠੇਕਾ ਮੈਂ ਈ ਲੈ ਰੱਖਿਆ। ਠੀਕ ਹੈ, ਸੁਧਾਰੋ ਦੇਸ਼ ਨੂੰ, ਮੈਂ ਕਿਹੜਾ ਰੋਕਿਆ। ਪਰ ਅਮਲੀਆਂ ਨੂੰ ਕਿਉਂ ਤੰਗ ਕਰ ਰਹੇ ਉ। ਇਹਨਾਂ ਲਈ ਵੱਖਰਾ ਕਾਊਂਟਰ ਈ ਬਣਾ ਦਿਉ।” ਆਖਰ ਰੋ ਪਿੱਟ ਕੇ ਸਤਵੇਂ ਦਿਨ ਅਮਲੀ ਦੀ ਵਾਰੀ ਆ ਈ ਗਈ। ਜਦੋਂ ਕੈਸ਼ੀਅਰ ਉਸ ਦੀ ਉਂਗਲ 'ਤੇ ਸਿਆਹੀ ਲਾਉਣ ਲੱਗਾ ਤਾਂ ਸੜਿਆ ਬਲਿਆ ਝੰਡਾ ਉਸ ਦੇ ਗਲ ਪੈ ਗਿਆ, “ਹੁਣ ਮੇਰੀ ਉਂਗਲ 'ਤੇ ਸਿਆਹੀ ਲਗਾਵੇਂਗਾ? ਤੇਰਾ ਕੀ ਮਤਲਬ ਮੈਂ ਕਿ ਮੈਂ ਰੋਜ਼ਾਨਾ ਆਉਂਦਾ? ਪੈਸੇ ਨਹੀਂ ਮਿਲੇ ਤਾਂ ਰੋਜ ਆਉਣਾ ਪਿਆ। ਮੈਂ ਕੋਈ ਚੋਰ, ਡਾਕੂ ਜਾਂ ਹਵਾਲਾ ਕਾਰੋਬਾਰੀ ਆਂ? ਐਸੀ ਤੈਸੀ ਹੋ ਗਈ ਮੇਰੀ ਛੇ ਦਿਨਾਂ ਦੀ ਲਾਈਨ ਵਿੱਚ ਖੜ• ਖੜ• ਕੇ। ਕਲ• ਨੂੰ ਕਹੇਂਗਾ ਉਂਗਲੀ 'ਤੇ ਸਿਆਹੀ ਲਗਾ ਕੇ ਨਹੀਂ ਸਰਨਾ, ਪੂਰਾ ਮੂੰਹ ਕਾਲਾ ਕਰਨਾ ਪੈਣਾ।” ਬੈਂਕ ਵਾਲਿਆਂ ਨਾਲ ਲੜ ਝਗੜ ਕੇ ਪ੍ਰਾਪਤ ਹੋਏ 2000 ਲੈ ਕੇ ਅਮਲੀ ਨੇ ਜੱਗੇ ਬਲੈਕੀਏ ਦੇ ਘਰ ਵੱਲ ਸ਼ੂਟ ਵੱਟ ਦਿੱਤੀ। ਅਮਲੀ ਉਸ ਦੇ ਘਰ ਸਾਹਮਣੇ ਹੀ ਗਸ਼ ਖਾ ਕੇ ਡਿੱਗ ਪਿਆ ਜਦੋਂ ਜੱਗੇ ਨੇ ਕਿਹਾ ਕਿ ਨਵੇਂ ਨੋਟ ਨਾ ਹੋਣ ਕਾਰਨ ਵੱਡੇ ਬਲੈਕੀਆਂ ਨੇ ਰਾਜਸਥਾਨ ਮੱਧ ਪ੍ਰਦੇਸ਼ ਤੋਂ ਉਧਾਰ ਭੁੱਕੀ ਭੇਜਣੀ ਬੰਦ ਕਰ ਦਿੱਤੀ ਹੈ, ਅਜੇ 2 ਮਹੀਨੇ ਨਹੀਂ ਆਉਂਦੀ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.