ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਰੋਲੀਨਾ ਦੀ ਗਵਰਨਰ ਪੰਜਾਬੀ ਮੂਲ ਦੀ ਨਿੱਕੀ ਹੈਲੀ ਰੰਧਾਵਾ ਨੂੰ ਯੂ.ਐਨ.ਉੁ. ਵਿੱਚ ਅਮਰੀਕਾ ਦੀ ਰਾਜਦੂਤ ਨਿਯੁਕਤ ਕਰ ਦਿੱਤਾ ਹੈ। ਉਹ ਅਮਰੀਕਾ ਵੱਲੋਂ ਇਸ ਅਹੁਦੇ 'ਤੇ ਬਿਰਾਜਮਾਨ ਹੋਣ ਵਾਲੀ ਪਹਿਲੀ ਔਰਤ ਅਤੇ ਭਾਰਤੀ ਹੈ। ਉਸ ਦੇ ਕੈਰੀਅਰ ਨਾਲ ਕਈ ਪਹਿਲਾਂ ਜੁੜੀਆਂ ਹੋਈਆਂ ਹਨ। ਉਹ ਕਿਸੇ ਅਮਰੀਕੀ ਸੂਬੇ ਦੀ ਗਵਰਨਰ ਬਣਨ ਵਾਲੀ ਵੀ ਪਹਿਲੀ ਪੰਜਾਬਣ-ਭਾਰਤੀ ਔਰਤ ਸੀ। ਅਮਰੀਕਾ ਦੇ ਸੂਬੇ ਕੈਰੋਲੀਨਾ ਦੀ ਦੋ ਵਾਰ ਗਵਰਨਰ ਬਣਨ ਵਾਲੀ ਨਿੱਕੀ ਹੈਲੀ ਰੰਧਾਵਾ ਤਰਨ ਤਾਰਨ ਜ਼ਿਲ•ੇ ਦੇ ਪਿੰਡ ਪੰਡੋਰੀ ਰਣ ਸਿੰਘ ਦੀ ਮੂਲ ਨਿਵਾਸੀ ਹੈ। ਤਰਨ ਤਾਰਨ ਜਿਲ•ੇ ਦੇ ਥਾਣਾ ਝਬਾਲ ਹੇਠ ਪੰਡੋਰੀ ਰਣ ਸਿੰਘ ਸਮੇਤ ਪੰਜ ਅਜਿਹੇ ਪਿੰਡ ਹਨ, ਜਿਹਨਾ ਨੂੰ ਪੰਜ ਪੰਡੋਰੀਆਂ ਕਿਹਾ ਜਾਂਦਾ ਹੈ, ਪੰਡੋਰੀ ਸਿੱਧਵਾਂ, ਪੰਡੋਰੀ ਹਸਣ, ਪੰਡੋਰੀ ਰਹਿਮਾਣਾ, ਪੰਡੋਰੀ ਰਣ ਸਿੰਘ ਤੇ ਪੰਡੋਰੀ ਤਖਤ ਮੱਲ। ਪੰਡੋਰੀ ਸਿੱਧਵਾਂ ਵਿੱਚ ਸਿੱਧੂ ਗੋਤ ਦੇ ਜੱਟਾਂ ਦੀ ਬਹੁ ਗਿਣਤੀ ਹੈ ਤੇ ਬਾਕੀ ਚਾਰੇ ਪੰਡੋਰੀਆਂ ਵਿੱਚ ਰੰਧਾਵਿਆਂ ਦੀ।
ਨਿੱਕੀ ਹੈਲੇ ਦੇ ਦਾਦਾ ਜੀ ਸਵਰਗਵਾਸੀ ਸ. ਗੁਰਚਰਨ ਸਿੰਘ ਰੰਧਾਵਾ ਪਿੰਡ ਦੇ ਸਿਰਕੱਢ ਵਿਅਕਤੀ ਸਨ। ਉਹ ਫੌਜ ਵਿੱਚੋਂ ਬਤੌਰ ਕੈਪਟਨ ਰਿਟਾਇਰ ਹੋਏ ਸਨ ਤੇ ਕਈ ਸਾਲ ਪਿੰਡ ਦੇ ਸਰਪੰਚ ਰਹੇ। ਕੈਪਟਨ ਗੁਰਚਰਨ ਸਿੰਘ ਦੇ ਦੋ ਲੜਕੇ ਸਨ, ਨਿੱਕੀ ਹੈਲੇ ਦੇ ਪਿਤਾ ਅਜੀਤ ਸਿੰਘ ਰੰਧਾਵਾ ਅਤੇ ਤਾਇਆ ਸੂਬੇਦਾਰ ਪ੍ਰੀਤਮ ਸਿੰਘ। ਕੈਪਟਨ ਗੁਰਚਰਨ ਸਿੰਘ ਕੋਲ ਕੋਈ ਜਿਆਦਾ ਜ਼ਮੀਨ ਨਹੀਂ ਸੀ, ਪਰ ਉਹਨਾਂ ਨੇ ਆਪਣੇ ਪਰਿਵਾਰ ਨੂੰ ਪੜ•ਾਉਣ ਲਿਖਾਉਣ ਤੇ ਬਹੁਤ ਜ਼ੋਰ ਦਿੱਤਾ। ਨਿੱਕੀ ਹੈਲੀ ਦੇ ਪਿਤਾ ਅਜੀਤ ਸਿੰਘ ਦੀ ਮੁੱਢਲੀ ਪੜ•ਾਈ ਪੰਡੋਰੀ ਰਣ ਸਿੰਘ ਦੇ ਸਰਕਾਰੀ ਸਕੂਲ ਵਿੱਚ ਹੋਈ ਸੀ। ਉਹ ਪੜ•ਨ ਲਿਖਣ ਵਿੱਚ ਬਹੁਤ ਹੁਸ਼ਿਆਰ ਸਨ। ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮ.ਐਸ.ਸੀ. ਐਗਰੀਕਲਚਰ ਕਰਨ ਤੋਂ ਬਾਅਦ ਉਹ ਪੀ.ਐੱਚ.ਡੀ. ਕਰਨ ਲਈ ਅਮਰੀਕਾ ਚਲੇ ਗਏ ਤੇ ਉਥੇ ਹੀ ਸੈੱਟ ਹੋ ਗਏ। ਨਿੱਕੀ ਹੈਲੇ ਦਾ ਜਨਮ 20 ਜਨਵਰੀ 1972 ਨੂੰ ਦੱਖਣੀ ਕੈਰੋਲੀਨਾ ਦੇ ਸ਼ਹਿਰ ਬਾਮਬਰਗ ਵਿੱਚ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਰਾਜ ਕੌਰ ਹੈ ਤੇ ਦੋ ਭਰਾ ਮਿਟੀ ਤੇ ਚਰਨ ਰੰਧਾਵਾ ਹਨ ਅਤੇ ਇੱਕ ਛੋਟੀ ਭੈਣ ਸਿਮਰਨ ਹੈ। ਨਿੱਕੀ ਹੈਲੇ ਨੇ ਮੁਢਲੀ ਪੜ•ਾਈ ਔਰੇਂਜਬਰਗ ਸਕੂਲ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਸ ਨੇ ਕਲੈਮਸਨ ਯੂਨੀਵਰਸਿਟੀ ਤੋਂ ਅਕਾਊਟਿੰਗ ਵਿੱਚ ਬੀ.ਐਸ. ਦੀ ਡਿਗਰੀ ਹਾਸਲ ਕੀਤੀ। ਨਿੱਕੀ ਹੈਲੇ ਦਾ ਭਰਾ ਮਿਟੀ ਅਮਰੀਕਨ ਫੌਜ ਵਿੱਚ ਅਫਸਰ ਸੀ ਤੇ ਵੀਹ ਸਾਲ ਸਰਗਰਮ ਨੌਕਰੀ ਕਰਨ ਤੋਂ ਬਾਅਦ ਰਿਟਾਇਰ ਹੋ ਚੁੱਕਾ ਹੈ। ਨਿੱਕੀ ਦਾ ਵਿਆਹ 1996 ਵਿੱਚ ਮਾਈਕਲ ਹੈਲੀ ਨਾਲ ਹੋਇਆ। ਮਾਈਕਲ ਵੀ ਅਮਰੀਕਨ ਫੌਜ ਵਿੱਚ ਅਫਸਰ ਸੀ ਤੇ ਇਕ ਸਾਲ ਅਫਗਾਨਿਸਤਾਨ ਵਿੱਚ ਡਿਊਟੀ ਕਰ ਚੁੱਕਿਆ ਹੈ। ਉਸ ਦੇ ਦੋ ਬੱਚੇ, ਬੇਟੀ ਰੇਨਾ ਅਤੇ ਬੇਟਾ ਨਲਿਨ ਹਨ। ਸਰਗਰਮ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਚਾਰਟਰਡ ਅਕਾਊਂਟੈਂਟ ਸੀ।
ਪੜ•ਾਈ ਲਿਖਾਈ ਮੁਕੰਮਲ ਕਰਨ ਤੋਂ ਬਾਅਦ ਨਿੱਕੀ ਨੇ ਆਪਣੀ ਮਾਂ ਦੇ ਰੈਡੀਮੇਡ ਕੱਪੜਿਆਂ ਦੇ ਵਪਾਰ ਵਿੱਚ ਹੱਥ ਵੰਡਾਉਣਾ ਸ਼ੁਰੂ ਕਰ ਦਿੱਤਾ। ਉਸ ਦੀ ਮਿਹਨਤ ਅਤੇ ਲਗਨ ਕਾਰਨ ਕੱਪੜਿਆਂ ਦੀ ਇਸ ਛੋਟੀ ਜਿਹੀ ਫਰਮ ਨੇ ਬਹੁਤ ਤਰੱਕੀ ਕੀਤੀ ਤੇ ਮਾਰਕੀਟ ਵਿੱਚ ਲੱਖਾਂ ਡਾਲਰਾਂ ਦੀ ਟਰਨ ਉਵਰ ਵਾਲੀ ਕੰਪਨੀ ਬਣ ਕੇ ਉਭਰੀ। ਪਰ ਹੌਲੀ ਹੌਲੀ ਨਿੱਕੀ ਦਾ ਧਿਆਨ ਰਾਜਨੀਤੀ ਵੱਲ ਹੋ ਗਿਆ। ਉਹ ਸਥਾਨਿਕ ਪੱਧਰ 'ਤੇ ਸਰਗਰਮ ਸਿਆਸਤ ਵਿੱਚ ਹਿੱਸਾ ਲੈਣ ਲੱਗ ਪਈ। ਉਹ ਕਈ ਸਮਾਜ ਸੇਵਕ ਸੰਸਥਾਵਾਂ ਨਾਲ ਜੁੜ ਗਈ ਤੇ ਲੋਕ ਭਲਾਈ ਦੇ ਕੰਮ ਕਰਨ ਲੱਗੀ। ਸਮਾਜ ਭਲਾਈ ਦੇ ਕੰਮਾਂ ਕਰਕੇ ਉਸ ਨੂੰ ਕਈ ਮਾਨ ਸਨਮਾਨ ਪ੍ਰਾਪਤ ਹੋਏ। 2004 ਵਿੱਚ ਉਸ ਨੇ ਰਿਪਬਲੀਕਨ ਪਾਰਟੀ ਵੱਲੋਂ ਸਾਊਥ ਕਾਰੋਲੀਨਾ ਦੀ ਵਿਧਾਨ ਸਭਾ (ਹਾਊਸ ਆਫ ਰਿਪਰੇਜੈਂਟੇਟਿਵਸ) ਦੀ ਚੋਣ ਲੜਨ ਲਈ ਦਾਅਵਾ ਠੋਕ ਦਿੱਤਾ। ਅਮਰੀਕਾ ਵਿੱਚ ਕਿਸੇ ਪਾਰਟੀ ਦਾ ਟਿਕਟ ਪ੍ਰਾਪਤ ਕਰਨ ਲਈ ਉਮੀਦਵਾਰਾਂ ਦਾ ਪਹਿਲਾਂ ਪਾਰਟੀ ਦੇ ਅੰਦਰ ਮੁਕਾਬਲਾ ਹੁੰਦਾ ਹੈ। ਨਿੱਕੀ ਹੈਲੀ ਨੇ ਆਪਣੀ ਪਾਰਟੀ ਦੇ ਸਭ ਤੋਂ ਲੰਬਾ ਸਮਾਂ, 1975 ਤੋਂ ਲਗਤਾਰ ਵਿਧਾਇਕ ਚਲੇ ਆ ਰਹੇ ਲੈਰੀ ਕੂਨ ਨੂੰ ਪਛਾੜ ਕੇ ਟਿਕਟ ਹਾਸਲ ਕਰ ਲਈ। ਪਰ ਦੂਸਰੀਆਂ ਪਾਰਟੀਆਂ ਵੱਲੋਂ ਉਮੀਦਵਾਰ ਨਾ ਖੜ•ਾ ਕਰਨ ਕਾਰਨ ਉਹ ਅਸੈਂਬਲੀ ਲਈ ਬਿਨਾਂ ਮੁਕਾਬਲਾ ਚੁਣੀ ਗਈ ਤੇ ਸਾਊਥ ਕੈਰੋਲੀਨਾ ਦੀ ਵਿਧਾਨ ਸਭਾ ਵਾਸਤੇ ਚੁਣੀ ਜਾਣ ਵਾਲੀ ਵਾਲੀ ਪਹਿਲੀ ਭਾਰਤੀ-ਅਮਰੀਕਨ ਔਰਤ ਬਣ ਗਈ। 2006 ਵਿੱਚ ਉਹ ਦੁਬਾਰਾ ਬਿਨਾਂ ਮੁਕਾਬਲਾ ਚੁਣੀ ਗਈ। ਉਹ ਐਨੀ ਹਰਮਨਪਿਆਰੀ ਹੈ ਕਿ 2008 ਵਿੱਚ ਉਸ ਨੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਐਡਗਰ ਗੋਮੇਜ਼ ਨੂੰ 83%-17% ਦੇ ਵੱਡੇ ਫਰਕ ਨਾਲ ਹਰਾਇਆ।
14 ਮਈ 2009 ਨੂੰ ਨਿੱਕੀ ਹੈਲੀ ਨੇ ਸਾਊਥ ਕੈਰੋਲੀਨਾ ਦੇ ਗਵਰਨਰ ਦੀ ਚੋਣ ਲੜਨ ਦਾ ਐਲਾਨ ਕਰ ਦਿੱਤਾ। ਵਰਨਣਯੋਗ ਹੈ ਕਿ ਸਾਊਥ ਕੈਰੋਲੀਨਾ ਸੂਬੇ ਵਿੱਚ ਭਾਰਤੀਆਂ ਦੀ ਵਸੋਂ ਨਾਂਹ ਦੇ ਬਰਾਬਰ ਹੈ। 2 ਨਵੰਬਰ 2010 ਨੂੰ ਹੋਈ ਇਲੈਕਸ਼ਨ ਵਿੱਚ ਉਸ ਨੇ ਰਿਪਬਲੀਕਨ ਪਾਰਟੀ ਵੱਲੋਂ ਚੋਣ ਲੜ ਕੇ ਡੈਮੋਕਰੇਟਿਕ ਪਾਰਟੀ ਦੇ ਵਿੰਸੈਂਟ ਸ਼ੀਨ ਨੂੰ ਕਰੜੇ ਮੁਕਾਬਲੇ ਵਿੱਚ ਹਰਾਇਆ। ਨਿੱਕੀ ਹੈਲੀ ਨੂੰ ਕੁੱਲ ਪੋਲ ਹੋਈਆਂ ਵੋਟਾਂ ਦਾ 51% 'ਤੇ ਸ਼ੀਨ ਨੂੰ 47% ਵੋਟਾਂ ਮਿਲੀਆਂ। 2014 ਵਿੱਚ ਨਿੱਕੀ ਹੈਲੇ ਨੇ ਦੁਬਾਰਾ ਗਵਰਨਰ ਦੀ ਚੋਣ ਲੜੀ। 4 ਨਵੰਬਰ 2014 ਨੂੰ ਹੋਈ ਚੋਣ ਵਿੱਚ ਉਸ ਨੇ ਪੁਰਾਣੇ ਵਿਰੋਧੀ ਡੈਮੋਕਰੇਟ ਵਿੰਸੈਂਟ ਸ਼ੀਨ ਨੂੰ 41.3% ਦੇ ਮੁਕਾਬਲੇ 55.9% ਵੋਟਾਂ ਲੈ ਕੇ ਅਸਾਨੀ ਨਾਲ ਹਰਾ ਦਿੱਤਾ। ਜੇ ਉਹ ਯੂ.ਐਨ.ਉ. ਦੇ ਰਾਜਦੂਤ ਲਈ ਨਾ ਚੁਣੀ ਜਾਂਦੀ ਤਾਂ ਉਸ ਨੇ ਜਨਵਰੀ 2019 ਤੱਕ ਗਵਰਨਰ ਦੇ ਅਹੁਦੇ ਤੇ ਰਹਿਣਾ ਸੀ। ਇਲੈਕਸ਼ਨ ਦੋਰਾਨ ਵਿਰੋਧੀਆਂ ਨੇ ਸਿੱਖ ਹੋਣ ਕਾਰਨ ਨਿੱਕੀ ਹੈਲੇ 'ਤੇ ਅਨੇਕਾਂ ਜ਼ੁਬਾਨੀ ਨਸਲੀ ਹਮਲੇ ਕੀਤੇ। ਉਸ ਨੂੰ ਰੈਗਹੈੱਡ (ਸਿਰ 'ਤੇ ਲੀਰਾਂ ਬੰਨਣ• ਵਾਲਾ) ਤੱਕ ਕਿਹਾ ਗਿਆ। ਇਹ ਸ਼ਬਦ ਅਮਰੀਕਾ ਵਿੱਚ ਨਫਰਤ ਨਾਲ ਅਰਬੀ ਮੁਸਲਮਾਨਾਂ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਉਸ 'ਤੇ ਵਿਆਹ ਉਪਰੰਤ ਗੈਰ ਮਰਦਾਂ ਨਾਲ ਸਬੰਧ ਰੱਖਣ ਵਰਗੇ ਘਟੀਆ ਵੀ ਇਲਜ਼ਾਮ ਲਗਾਏ ਗਏ ਪਰ ਕੁਝ ਵੀ ਸਾਬਤ ਨਾ ਹੋ ਸਕਿਆ।
ਨਿੱਕੀ ਹੈਲੇ ਰਿਪਬਲੀਕਨ ਪਾਰਟੀ ਵੱਲੋਂ ਸਾਊਥ ਕੈਰੋਲੀਨਾ ਦੀ ਲਗਾਤਾਰ ਦੂਸਰੀ ਵਾਰ ਗਵਰਨਰ ਚੁਣੀ ਗਈ ਸੀ ਤੇ ਉਹ 116ਵੀਂ ਗਵਰਨਰ ਸੀ। ਉਸ ਨੂੰ ਇਹ ਮਾਣ ਹਾਸਲ ਹੈ ਕਿ ਉਹ ਸਾਊਥ ਕੈਰੋਲੀਨਾ ਦੀ ਗਵਰਨਰ ਬਣਨ ਵਾਲੀ ਪਹਿਲੀ ਮਹਿਲਾ ਅਤੇ ਭਾਰਤੀ ਮੂਲ ਦੀ ਹੈ। 42 ਸਾਲ ਦੀ ਉਮਰ ਵਿੱਚ ਇਸ ਵੇਲੇ ਉਹ ਅਮਰੀਕਾ ਦੀ ਸਭ ਤੋਂ ਛੋਟੀ ਉਮਰ ਦੀ ਗਵਰਨਰ ਹੈ। ਉਸ ਤੋਂ ਇਲਾਵਾ ਭਾਰਤੀ ਮੂਲ ਦੇ ਦੂਸਰੇ ਗਵਰਨਰ ਲੂਸੀਆਨਾ ਤੋਂ ਬੌਬੀ ਜਿੰਦਲ ਹਨ। ਉਸ ਨੇ ਅਮਰੀਕਾ ਦੇ ਕਿਸੇ ਸੂਬੇ ਵਿੱਚ ਪਹਿਲੀ ਭਾਰਤੀ ਮਹਿਲਾ ਗਵਰਨਰ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। 3-4 ਸਾਲ ਪਹਿਲਾਂ ਉਹ 40 ਸਾਲ ਦੇ ਵਕਫੇ ਤੋਂ ਬਾਅਦ ਪੰਜਾਬ ਆਈ ਸੀ। ਪੰਜਾਬ ਵਿੱਚ ਉਸ ਨੂੰ ਅਥਾਹ ਪਿਆਰ ਤੇ ਸਤਿਕਾਰ ਮਿਲਿਆ ਹੈ। ਉਸ ਨੇ ਸਾਰੇ ਸੰਸਾਰ ਵਿੱਚ ਪੰਜਾਬ ਅਤੇ ਭਾਰਤ ਦਾ ਨਾਮ ਉੱਚਾ ਕੀਤਾ ਹੈ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.