ਖ਼ਬਰ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੀ ਨੋਟਬੰਦੀ ਦੈ ਫੈਸਲੇ ਖਿਲਾਫ਼ ਦੇਸ਼ ਭਰ 'ਚ 90 ਰੈਲੀਆਂ ਕਰਨਗੇ।ਨੋਟਬੰਦੀ ਦੇ 11ਵੇਂ ਦਿਨ ਵੀ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਬੈਂਕਾਂ 'ਚ ਮਾਰੋ ਮਾਰੀ ਹੋਈ ਪਈ ਹੈ, ਏ.ਟੀ.ਐਮ. ਦੇ ਬਾਹਰ ਨਕਦੀ ਲੈਣ ਲਈ ਭੀੜਾਂ ਲੱਗੀਆਂ ਹੋਈਆਂ ਹਨ। ਨਕਦੀ ਦੀ ਕਮੀ ਕਾਰਨ ਲੋਕਾਂ 'ਚ ਰੋਸ ਹੈ।ਬੁੱਢੇ, ਠੇਰੇ, ਜੁਆਨ, ਨਵ-ਵਿਆਹੇ ਜੋੜੇ ਕਤਾਰਾਂ 'ਚ ਖੜੇ ਪੈਸੇ ਲਈ ਉਡੀਕਾਂ ਕਰੀ ਜਾ ਰਹੇ ਹਨ। ਇਸੇ ਦੌਰਾਨ ਖ਼ਬਰਾਂ ਆ ਰਹੀਆਂ ਹਨ ਕਿ ਨੋਟਾਂ ਦੀ ਕਾਲਾਬਾਜ਼ਾਰੀ ਕਰਨ ਵਾਲੇ ਗ੍ਰੋਹ ਸਰਗਰਮ ਹਨ ਅਤੇ ਲੁਧਿਆਣਾ ਪੁਲਿਸਨੇ 45 ਲੱਖ ਦੀ ਨਕਦੀ ਇਕ ਸਵਰਨਕਾਰ ਦੇ ਕਰਿੰਦੇ ਤੋਂ ਬਰਾਮਦ ਕੀਤੀ ਹੈ ਅਤੇ ਭਾਜਪਾ ਦੇ ਇਕ ਮੰਤਰੀ ਦੀ ਕਾਰ ਵਿਚੋਂ 91.50 ਲੱਖ ਰੁਪਏ ਦੇ ਪੁਰਾਣੇ ਨੋਟ ਪੁਲਿਸ ਨੇ ਫੜੇ ਹਨ।
ਹਿੰਦੋਸਤਾਨ ਦਾ ਇਕ ਰਾਜਾ ਸੀ ਮੁਹੰਮਦ-ਬਿਨ-ਤੁਗਲਕ। ਪੜਿਆ ਲਿਖਿਆ ਬੇਵਕੂਫ਼ ਬਾਦਸ਼ਾਹ। ਉਹਨੂੰ ਇਸ ਗੱਲ ਦਾ ਮਾਣ ਹੋ ਗਿਆ ਕਿ ਉਹ 'ਹੱਦੋਂ ਵੱਧ ਸਿਆਣਾ' ਹੈ। ਉਹਨੇ ਮੂਰਖ਼ਤਾ ਭਰੀਆਂ ਸਕੀਮਾਂ ਬਣਾਈਆਂ, ਉਹਨਾਂ ਨੂੰਲਾਗੂ ਕਰਨ ਲਈ ਸਖ਼ਤੀ ਵਰਤੀ। ਕਹਿੰਦੇ ਹਨ ਕਿ ਉਹਨੇ ਦਿੱਲੀ ਨੂੰ ਸਾੜ ਦੇਣ ਅਤੇ ਸਾਰੇ ਨਾਗਰਿਕਾਂ ਨੂੰ ਦੌਲਤਾਬਾਦ ਜਾਣ ਦਾ ਹੁਕਮ ਦਿੱਤਾ। ਲੋਕਾਂ ਦੇ ਕਾਰੋਬਾਰ ਉਜੜ ਗਏ, ਬੜੀਆਂ ਕਠਿਨਾਈਆਂ ਦਾ ਸਾਹਮਣਾ ਕਰਨਾਪਿਆ। ਲੋਕਾਂ 'ਚ ਵਿਦਰੋਹ ਉਠ ਪਏ। ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਉਸਨੇ ਦਿੱਲੀ ਨੂੰ ਮੁੜ ਰਾਜਧਾਨੀ ਬਣਾ ਕੇ ਲੋਕਾਂ ਨੂੰ ਵਾਪਿਸ ਆਉਣ ਦਾ ਹੁਕਮ ਸੁਣਾਇਆ। ਯਾਤਰਾ ਕਰਦੇ, ਰਾਜੇ ਦਾ ਹੁਕਮ ਮੰਨਦੇ ਵੱਡੀਗਿਣਤੀ ਲੋਕ ਮਾਰੇ ਗਏ। ਕਹਿੰਦੇ ਨੇ ''ਹੱਦੋ ਵੱਧ ਸਿਆਣਪ ਵੀ ਬੰਦੇ ਨੂੰ ਲੈ ਬੈਠਦੀ ਆ'' ਜਾਪਦਾ ਸਾਡੇ ਅਜੋਕੇ ਹਾਕਮਾਂ ਨੂੰ ਵੀ ਆਪਣੀ ਸਿਆਣਪ ਦਾ ਵਹਿਮ ਹੋ ਗਿਆ ਹੈ ਕਿ ਉਹ ਦੇਸ਼ 'ਚੋਂ ਕਾਲਾ ਧਨ ਤੇ ਭ੍ਰਿਸ਼ਟਾਚਾਰ ਨੋਟਬੰਦੀਨਾਲ ਖਤਮ ਕਰ ਦੇਣਗੇ। ਉਹ ਭਾਈ ਦੇਸ਼ ਦੇ ਹਾਕਮਾਂ ਨੇ ਅਫੀਮ ਵਾਂਗਰ ਭ੍ਰਿਸ਼ਟਾਚਾਰ ਦਾ ਸੰਚਾਰ ਲੋਕਾਂ ਦੇ ਕਣ-ਕਣ ਕੀਤਾ ਹੋਇਆ। ਕਾਲਾ ਧਨ ਜਾਂ ਹੋਵੇ ਗੋਰਾ ਧਨ, ਇਹਦੇ ਬਿਨਾਂ ਭਾਈ ਭੁਖੇ ਢਿੱਡ ਦਾ ਨਹੀਓਂ ਗੁਜ਼ਾਰਾ ਅਤੇਸਰਦਾ ਭਾਈ ਮੋਦੀ ਦਾ ਵੀ ਨਹੀਂ, ਕੇਜਰੀਵਾਲ ਦਾ ਵੀ ਨਹੀਂ ਭਾਵੇਂ ਉਹ ਲੱਖ ਰੈਲੀਆਂ ਕਰੇ, ਚੋਣ ਜਮਲੇ ਲਾਵੇ ਤੇ ਲੋਕਾਂ ਨੂੰ ਭਰਮਾ ਵਿਚ ਪਾਵੇ। ਮੋਦੀ ਨੇ ਤਾਂ ਭਾਈ ਆਪਣੇ ਅਡਾਨੀਆਂ, ਅੰਬਾਨੀਆਂ ਵਰਗੇ ਕਾਰਪੋਰੇਟੀਆਂ ਨੂੰ ਬੈਂਕਾਂਵਿਚੋਂ ਦਿੱਤੇ 5 ਲੱਖ ਕਰੋੜ ਦੇ ਕਰਜ਼ੇ ਦਾ ਪ੍ਰਬੰਧ ਕਰਨਾ ਸੀ, ਉਹਨੇ ਬੈਂਕਾਂ ਨੂੰ ਸਾਹ ਦੁਆਉਣ ਲਈ 15 ਲੱਖ ਕਰੋੜ ਦੇ ਨੋਟ ਪਾ ਦਿੱਤੇ ਗੰਗਾ ਮਈਆ ਦੀ ਗੋਦ 'ਚ, ਹੁਣ ਭਾਈ ਲੱਖ ਕੇਜਰੀਵਾਲ ਰੋਂਦਾ ਕੁਰਲਾਉਂਦਾ ਫਿਰੇ। ਭਾਈਗੰਗਾ ਗਈਆਂ ਹੱਡੀਆਂ ਮੁੜ ਵਾਪਿਸ ਨਹੀਂ ਜੇ ਆਉਂਦੀਆਂ।
ਆਪਣੇ ਲਹੂ 'ਚ ਆਪੇ ਡੁੱਬ ਡੁੱਬ ਮਰਦੇ ਹਾਂ
ਖ਼ਬਰ ਹੈ ਕਿ ਭਾਰਤ ਦੇ ਕਾਨੂੰਨ ਤਲਾਕ ਨੂੰ ਬਹੁਤਾ ਉਤਸ਼ਾਹਤ ਨਹੀਂ ਕਰਦੇ। ਸਾਲ 2001 ਦੀ ਜਨ-ਗਣਨਾ ਵਿਚ ਜੀਵਨ ਸਾਥੀ ਤੋਂ ਅਲੱਗ ਹੋ ਚੁੱਕੇ ਲੋਕਾਂ ਦੀ ਸੰਖਿਆ ਅਸਲ ਵਿਚ ਤਲਾਕ ਹੋ ਚੁੱਕੇ ਲੋਕਾਂ ਦੀ ਤੁਲਨਾ ਵਿਚਤਿੰਨ ਗੁਣਾ ਹੈ। ਜਾਣੀ ਤਲਾਕ ਦੇ ਘੱਟ ਅੰਕੜਿਆਂ ਤੋਂ ਇਹ ਨਹੀਂ ਮੰਨ ਲੈਣਾ ਚਾਹੀਦਾ ਕਿ ਭਾਰਤ ਵਿਚ ਪਤੀ-ਪਤਨੀ ਦੇ ਅਲੱਗ ਹੋਣ ਦੀ ਪ੍ਰਵਿਰਤੀ ਘੱਟ ਹੈ। ਇਥੋਂ ਦਾ ਕਾਨੂੰਨ ਤਲਾਕ ਦੇ ਕਾਰਣਾਂ ਵਿਚ ਪਤੀ ਦੀਆਂ ਕਰਤੂਤਾਂ,ਕੋਹੜ, ਅਧਿਆਤਮ ਦੀ ਦੁਨੀਆਂ 'ਚ ਚਲੇ ਜਾਣ ਕਾਰਨ ਸੰਸਾਰਿਕ ਸਬੰਧਾਂ 'ਚ ਰੁਚੀ ਨਾ ਰੱਖਣਾ ਦੱਸਦਾ ਹੈ। ਪਰ ਹਿੰਦੋਸਤਾਨੀ ਅਦਾਲਤਾਂ ਦੇ ਜੱਜ ਮੰਨਦੇ ਹਨ ਕਿ ਤਲਾਕ ਦੇ ਲਈ ਕੋਈ ਮਾਣਕ ਤਹਿ ਨਹੀਂ ਕੀਤੇ ਜਾ ਸਕਦੇ।
ਇਥੇ ਆਪਣੇ ਦੇਸ਼ 'ਚ ਭਾਈ ਵਿਆਹ ਦੇ ਕਾਇਦੇ ਹੀ ਕੋਈ ਨਹੀਂ। ਬੁੱਢੇ ਨਾਲ ਜੁਆਨ ਕੁੜੀ ਨਰੜ ਦਿੱਤੀ ਜਾਂਦੀ ਆ ਤੇ ਪੈਸੇ ਵਾਲੇ ਲੰਗੇ-ਲੂਲੇ ਨਾਲ ਸੁਰਖ ਭਾਅ ਮਾਰਦੀ ਹੁੰਦੜਹੇਲ ਕੁੜੀ। ਵਿਦੇਸ਼ੋਂ ਆਇਆ ਚਹੁੰ ਨਿਆਣਿਆਂ ਦਾਪਿਉ ਪਿਛਲੀ ਨੂੰ ਛੱਡ ਕੇ ਨਵੀਂ 18 ਸਾਲਾਂ ਵਿਹਾਂਦੜ ਨਾਲ ਲਾਵਾਂ ਲੈਣੋਂ ਦਰੇਗ ਨਹੀਂ ਕਰਦਾ ਤੇ ਵਿਚਾਰੀ ਜਵਾਨ ਹਾਨ ਕੁੜੀ ਆਪ ਤੇ ਆਪਣੇ ਮਾਪਿਆਂ ਲਈ ਜਹਾਜ਼ ਦੇ ਹੂਟੇ ਤਿਆਰ ਕਰਨ ਲਈ ਆਪਣੀਆਂ ਇਛਾਵਾਂ ਮਾਰ ਬੁੱਢੇਦੇ ਲੜ ਲੱਗ ਤੁਰਦੀ ਆ। ਸਹੁਰੇ ਘਰ ਜਾ ਕੇ ਭਾਵੇਂ ਡਾਂਗ-ਸੋਟਾ ਚੱਲੇ, ਪਰ ਮਾਪਿਆਂ ਦੀ ਆਖੀ ਹੋਈ, 'ਕੁੜੀਏ ਸਹੁਰਿਓਂ ਰੁਸ ਕੇ ਨਾ ਆਈ, ਤੇਰੀ ਅਰਥੀ ਹੀ ਆਵੇ।' ਵਿਚਾਰੀਆਂ ਮਾਂ ਬਣਦੀਆਂ, ਦਾਦੀ ਮਾਂ ਬਣਦੀਆਂ, ਪੜੋਤੇਪੜੋਤੀਆਂ ਵਾਲੀਆਂ ਬਣਦੀਆਂ ਪਰ ਮਰੀਆਂ ਵੀ ਖੱਫਣ ਪੇਕਿਓਂ ਉਡੀਕਦੀਆਂ। ਕਈ ਬਾਬੇ ਆਪਣੀਆਂ ਡਾਹਢੀਆਂ ਦੀਆਂ ਗੱਲਾਂ, ਗਾਲਾਂ ਸੁਣ ਸੁਣ, ਜੋੜੀਆਂ ਜੱਗ ਥੋੜੀਆਂ ਨਰੜ ਬਥੇਰੇ ਵਾਲੀ ਕਹਾਵਤ ਸੱਚ ਕਰਦਿਆਂ ਉਮਰਲੰਘਾ ਦਿੰਦੇ ਆ, ਪਰ ਮੂੰਹੋਂ ਰਤਾ ਨਹੀਂ ਕੂੰਦੇ ਤਲਾਕ ਲੈਣ ਦੀ ਗੱਲ ਤਾਂ ਬਹੁਤ ਦੂਰ ਆ। ਉਹ ਤਾਂ ਬੱਸ ਕਵੀ ਦੀਆਂ ਸਤਰਾਂ ''ਕਿੱਦਾਂ ਦੱਸੀਏ ਸ਼ਾਮ ਢਲੇ ਕੀ ਕਰਦੇ ਆਂ, ਆਪਣੇ ਲਹੂ 'ਚ ਆਪੇ ਡੁੱਬ ਡੁੱਬ ਮਰਦੇ ਆਂ'' ਗੁਣਗੁਣਾਉਂਦੇਆ ਬਸ।
ਵਾਈਟ ਹਾਊਸ ਦੇ ਬੂਹੇ 'ਤੇ
ਖ਼ਬਰ ਹੈ ਕਿ ਸੀਨੀਅਰ ਡੈਮੋਕ੍ਰੈਟਿਕ ਸਾਂਸਦਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਯੋਜਨਾ ਦੀ ਨਿੰਦਾ ਕੀਤੀ ਹੈ, ਜਿਸ 'ਚ ਮੁਸਲਮ ਬਹੁਗਿਣਤੀ ਵਾਲੇ ਦੇਸ਼ਾਂਤੋਂ ਆਏ ਲੋਕਾਂ ਦੀਆਂ ਸੂਚਨਾਵਾਂ ਦਾ ਡਾਟਾਬੇਸ ਤਿਆਰ ਕੀਤਾ ਜਾਵੇਗਾ। ਅਮਰੀਕਾ 'ਚ ਵਰਲਡ ਟਰੇਡ ਸੈਂਟਰ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਨੈਸ਼ਨਲ ਸਕਿਉਰਿਟੀ ਐਂਟੀ-ਐਗਜ਼ਿਟ ਰਜਿਸਟ੍ਰੇਸ਼ਨ ਸਿਸਟਮ ਲਾਗੂ ਕੀਤਾਗਿਆ ਸੀ। ਭਾਰਤੀ ਮੂਲ ਦੀ ਮਹਿਲਾ ਸਾਂਸਦ ਕਮਲਾ ਹੈਰਿਸ ਨੇ ਟਰੰਪ ਤੇ ਭੇਦ-ਭਾਵ ਵਾਲੀਆਂ ਨੀਤੀਆਂ ਲਾਗੂ ਕਰਨ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਕਿ ਸਮਾਜ ਟਰੰਪ ਦੀਆਂ ਨੀਤੀਆਂ ਬਰਦਾਸ਼ਤ ਨਹੀਂ ਕਰੇਗਾ। ਟਰੰਪ ਨੇਜ਼ਬਰਦਸਤੀ ਅਮਰੀਕਾ 'ਚ ਵੜੇ ਲੋਕਾਂ ਨੂੰ ਜਾਂ ਅਪਰਾਧੀ ਪਿਛੋਕੜ ਵਾਲੇ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਵਾਰਨਿੰਗ ਹੁਣੇ ਤੋਂ ਹੀ ਦੇ ਦਿੱਤੀ ਹੈ।
ਟਰੰਪ ਆ ਭਾਈ ਬਣ ਰਿਹਾ ਜਗਤ ਥਾਣੇਦਾਰ, ਵੱਡਾ ਲੱਠਮਾਰ, ਵੱਡੀ ਚਾਬਕ ਵਾਲਾ, ਤੋਪਾਂ, ਗੋਲਿਆਂ, ਬੰਬਾਂ ਦਾ ਸਰਦਾਰ! ਦੇਸ਼ 'ਚ ਕਿਸੇ ਨੂੰ ਰੱਖੇ, ਕਿਸੇ ਨੂੰ ਕੱਢੇ, ਉਹ ਆ ਮਿਲਾਂ, ਉਦਯੋਗਾਂ, ਖਾਣਾਂ, ਇਮਾਰਤਾਂ ਦਾ ਮਾਲਕ,ਜਿਹਨੂੰ ਪਹਿਲਾਂ ਸੀ ਸਿਰਫ਼ ਪੈਸੇ ਦਾ ਗਰੂਰ, ਹੁਣ ਉਹ ਹੋ ਗਿਆ ਆ ਭਾਈ ਸਿਆਸਤ, ਤਾਕਤ ਦੇ ਨਸ਼ੇ 'ਚ ਮਗਰੂਰ!
ਉਂਜ ਵੀ ਵਾਈਟ ਹਾਊਸ ਦੇ ਬੂਹੇ 'ਤੇ ਉਹੀ ਵੜਦਾ ਆ ਜਿਹੜਾ ਦਿਲ 'ਚੋਂ ਦਰਦ ਕੱਢ ਕੇ ਕਬਰਸਤਾਨ 'ਚ ਦਫਨ ਕਰਦਾ ਆ! ਵਾਈਟ ਹਾਊਸ ਦੇ ਬੂਹੇ ਭਾਈ ਉਸੇ ਬੰਦੇ ਲਈ ਖੁਲਦੇ ਆ, ਜਿਹੜਾ ਰਿਸ਼ਤੇ, ਨਾਤੇ, ਮਿੱਤਰਤਾ,ਭਾਈਬੰਦੀ, ਮਿਲਵਰਤਨ, ਨਿਮਰਤਾ, ਪਿਆਰ, ਮੁਹੱਬਤ ਜਿਹੇ ਸ਼ਬਦ ਆਪਣੀ ਜ਼ਿੰਦਗੀ 'ਚੋਂ ਮਨਫ਼ੀ ਕਰਦਾ ਆ!
ਵਾਈਟ ਹਾਊਸ, ਵਾਈਟ ਬਲੱਡ (ਸਫੈਦ ਖ਼ੂਨ) ਦੋਵੇਂ ਮਿੱਤਰ ਨੇ ! ਜਦੋਂ ਬੰਦੇ ਦਾ ਖ਼ੂਨ ਹੀ ਸਫੈਦ ਹੋ ਗਏ ਉਹ ਪੱਥਰ ਹੀ ਤਾਂ ਰਹਿ ਜਾਂਦਾ, ਹੈ ਕਿ ਨਾ?
ਕੁਝ ਕੰਮ ਅਗਲੀ ਸਰਕਾਰ ਕਰੂ
ਕਬਰ ਹੈ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਦੇ ਮਨੋਰਥ ਨਾਲ ਪਿੰਡਾਂ ਅਤੇ ਸ਼ਹਿਰਾਂ 'ਚ ਬਣਾਏ ਸੇਵਾ ਕੇਂਦਰਾਂ ਦੀ ਉਸਾਰੀ 'ਚ ਹੋਈ ਘਪਲੇਬਾਜ਼ੀ ਦੀ ਜਾਂਚ ਪੰਜਾਬ ਸਰਕਾਰ ਨੇ ਠੰਢੇ ਬਸਤੇ 'ਚ ਪਾ ਦਿੱਤੀ ਹੈ। ਲੋਕਨਿਰਮਾਣ ਮੰਤਰੀ ਵੱਲੋਂ ਬਣਾਈ ਜਾਂਚ ਕਮੇਟੀ ਨੇ ਅਜੇ 'ਸੇਰ ਵਿਚੋਂ ਪੂਣੀ ਵੀ ਨਹੀਂ ਕੱਤੀ' ਸੀ ਭਾਵ ਜਾਂਚ ਦਾ ਕੰਮ ਸ਼ੁਰੂ ਵੀ ਨਹੀਂ ਸੀ ਹੋਇਆ। ਵਿਧਾਨ ਸਭਾ ਚੋਣਾਂ ਐਨ ਸਿਰ ਤੇ ਆਉਣ ਕਾਰਨ ਪੰਜਾਬ ਸਰਕਾਰ ਨੇ ਇਸ ਮੁੱਦੇ ਨੂੰਠੰਡੇ ਬਸਤੇ 'ਚ ਪਾ ਦਿੱਤਾ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਇਨਂ ਕੇਂਦਰਾਂ ਦੀ ਉਸਾਰੀ 'ਚ ਘਪਲੇਬਾਜ਼ੀ ਦੀ ਜਨਤਕ ਤੌਰ ਤੇ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਮਹਿਕਮੇ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆਸੀ।
10 ਸਾਲ ਹੋ ਚਲੇ ਆ ਸਰਕਾਰ ਨੂੰ ਕੰਮ ਕਰਦਿਆਂ। ਵਾਹਵਾ ਥੱਕ ਗਈ ਆ ਸਰਕਾਰ। ਉਪਰੋਂ ਕਾਲੇ ਚਿੱਟੇ ਧਨ ਤੇ ਨੋਟਬੰਦੀ ਦੇ ਚੱਕਰ ਨੇ ਅਤੇ ਆਹ ਮੁਫ਼ਤ ਦੇ ਪੰਗੇ ਐਸ.ਵਾਈ.ਐਲ. ਵਾਲੇ ਪਾਣੀਆਂ ਨੇ ਉਹਦੇ ਲਈ ਰੱਫੜ ਖੜਾਕੀਤਾ ਹੋਇਆ। ਨਾ ਦਿਨੇ ਸੌਂਦੀ ਆ ਸਰਕਾਰ, ਨਾ ਰਾਤੀਂ ਸੌਂਦੀ ਆ ਸਰਕਾਰ! ਬੱਸ ਕੰਮ ਕਰਦੀ ਤੁਰੀ ਜਾਂਦੀ ਆ ਸਰਕਾਰ। ਇਸ ਕਰਕੇ ਥੱਕ ਗਈ ਆ ਸਰਕਾਰ!
ਉਂਜ ਭਾਈ ਸੜਕ ਬਣਾਉਣੀ ਹੋਵੇ ਜਾਂ ਸਰਕਾਰੀ ਇਮਾਰਤ, ਠੇਕੇਦਾਰ ਅੱਧੋ-ਅੱਧ ਸੁਆਹਾ ਕਰਦਾ। ਹੇਠਲੇ ਦਫਤਰੀ ਤੋਂ ਲੈ ਕੇ ਉਪਰਲੇ ਮੰਤਰੀ ਤੱਕ ਹਿੱਸਾ-ਪੱਤੀ ਗਿਣਨਾ ਗੱਟਣਾ ਪੈਂਦਾ। ਕੰਮ ਹੁੰਦਾ ਆ ਦਸ ਕਰੋੜ ਦਾ, ਪਹਿਲਾਂਹੀ ਦੂਣਾ ਤੀਣਾ ਐਸਟੀਮੇਟ ਲਾਉਣਾ ਪੈਂਦਾ। ਵੰਡ-ਵੰਡਾਈ ਦਾ ਕੋਈ ਰੌਲਾ-ਗੌਲਾ ਨਾ ਰਹੇ ਪਹਿਲਾਂ ਹੀ ਕਮਿਸ਼ਨਾਂ ਤਹਿ ਆ। ਰੁਪਈਏ 'ਚੋਂ ਪਾਈ ਚਪਰਾਸੀ ਨੂੰ, ਧੇਲਾ ਕਲਰਕ ਨੂੰ, ਆਨਾ ਉਵਰਸੀਅਰ ਇੰਜੀਨੀਅਰ ਨੂੰ, ਦੁਆਨੀਭਾਈ ਉਪਰਲੇ ਅਫ਼ਸਰਾਂ ਨੇਤਾਵਾਂ ਨੂੰ। ਰੌਲਾ ਹੀ ਕੋਈ ਨਹੀਂ। ਆਹ ਭਾਈ ਸੇਵਾ ਕੇਂਦਰ 'ਰਾਜ ਨਹੀਂ ਸੇਵਾ' ਵਾਲੀ ਸਰਕਾਰ ਨੇ ਲੋਕਾਂ ਦੀਆਂ ਜੇਬਾਂ 'ਚੋਂ ਸੇਵਾ ਲੈਣ ਲਈ ਬਣਾਏ ਆ। ਚੋਣਾਂ ਆ ਗਈਆਂ ਆ, ਹਿੱਸੇ ਪੱਤੀ 'ਚ ਲੈਣ 'ਚਕੋਈ ਘਾਲਾ-ਮਾਲਾ ਹੋ ਗਿਆ ਹੋਊ, ਠੇਕੇਦਾਰ ਤੋਂ ਵਿਰੋਧੀ ਧਿਰ ਵਾਲਿਆਂ ਮੰਗ ਲਿਆ ਹੋਊ, ਉਸ ਵਿਚਾਰੇ ਨੇ ਆਪਣੀ ਕਮਾਈ 'ਚੋਂ ਥੋੜਾ ਦੇਣਾ, ਘਟੀਆ, ਘੱਟ ਸੀਮਿੰਟ ਰੇਤਾ ਲਾ ਦਿੱਤਾ ਹੋਊ ਜਾਂ ਚਲਦਾ ਮਾਲ ਖਰੀਦ ਲਿਆ ਹੋਊ।ਕਾਹਦੀ ਕਾਹਲੀ ਆ ਜਾਂਚ ਦੀ, ਕੁਝ ਕੰਮ ਅਗਲੀ ਸਰਕਾਰ ਕਰੂ, ਸਾਰੇ ਕੰਮਾਂ ਦਾ ਠੇਕਾ ਇਸੇ ਸਰਕਾਰ ਨੇ ਥੋੜਾ ਲਿਆ ਹੋਇਐ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
• ਵਿਸ਼ਵ ਭਰ ਦੇ 0.2 ਫੀਸਦੀ ਲੋਕ ਨਸ਼ਿਆਂ ਦੇ ਆਦੀ ਹਨ, ਜਦੋਂ ਕਿ ਭਾਰਤ ਵਿਚ ਇਹ ਔਸਤ 0.7 ਫੀਸਦੀ ਹੈ।
• ਭਾਰਤ ਵਿਚ 2.5 ਕਰੋੜ ਲੋਕ ਤੰਬਾਕੂ ਅਤੇ ਸਿਗਰਟਨੋਸ਼ੀ ਕਾਰਨ ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹਨ।
ਇਕ ਵਿਚਾਰ
ਜਦੋਂ ਲੋਕ ਡਰਨ ਲੱਗਦੇ ਹਨ ਤਾਂ ਨਫ਼ਰਤ ਕਰਨ ਲਈ ਕਿਸੇ ਦੂਜੇ ਨੂੰ ਲੱਭਦੇ ਹਨ।
-ਹੈਨਰੀ ਲੂਇਸ ਗੇਟਸ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.