ਦੁਨੀਆਂ ਵਿੱਚ ਹਮੇਸ਼ਾਂ ਉਹ ਲੋਕ ਹੀ ਸਫਲ ਰਹਿੰਦੇ ਹਨ ਅਤੇ ਨਵੀਆਂ ਪੈੜਾਂ ਪਾਉਂਦੇ ਹਨ ਜੋ ਇਤਿਹਾਸ ਵਿੱਚ ਕੁੱਝ ਵੱਖਰਾ ਕਰਦੇ ਹਨ, ਇਤਿਹਾਸ ਨੂੰ ਸਾਂਭਦੇ ਹਨ ਅਤੇ ਇਤਿਹਾਸ ਦੀਆਂ ਇਨ੍ਹਾਂ ਮਾਣ-ਮੱਤੀਆਂ ਰਵਾਇਤਾਂ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਤੋਰਨ ਲਈ ਸਰਗਰਮ ਵੀ ਰਹਿੰਦੇ ਹਨ। ਦੁਆਬੇ ਦਾ ਹੀ ਨਹੀਂ, ਵਿਸ਼ਵ ਦੇ ਸਭ ਤੋਂ ਚਰਚਿਤ ਪਿੰਡਾਂ ਵਿੱਚ ਸ਼ਾਮਿਲ ਫਗਵਾੜਾ ਨੇੜੇ ਬਿਸਤ-ਦੁਆਬ ਨਹਿਰ ਦੇ ਕੰਢੇ ਸਥਿਤ ਪਿੰਡ ਦੁਸਾਂਝ ਕਲਾਂ ਨੂੰ ਵਸਾਉਣ ਵਾਲੇ ਅਤੇ ਇਸ ਪਿੰਡ ਦੀ ਜੂਹ ਨੂੰ ਵਧਾਉਣ ਵਾਲੇ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹਨ, ਜੋ ਨਵੇਂ ਇਤਿਹਾਸ ਸਿਰਜਦੇ ਹਨ, ਇਤਿਹਾਸ ਸੰਭਾਲਦੇ ਹਨ ਅਤੇ ਇਸ ਨੂੰ ਪੀੜ੍ਹੀ-ਦਰ-ਪੀੜ੍ਹੀ ਅੱਗੇ ਫੈਲਾਉਂਦੇ ਵੀ ਹਨ। ਦੁਸਾਂਝ ਕਲਾਂ ਦੀ ਮਾਣ-ਮੱਤੀ ਅਧਿਆਪਕ ਅਤੇ ਸਾਹਿਤਕ ਜੋੜੀ ਪਿੰ੍ਰਸੀਪਲ ਗਿਆਨ ਸਿੰਘ ਦੁਸਾਂਝ ਅਤੇ ਪਿੰ੍ਰਸੀਪਲ ਚਰਨਜੀਤ ਕੌਰ ਦੁਸਾਂਝ ਨੇ ਪਿੰਡ ਦੁਸਾਂਝ ਕਲਾਂ ਸਬੰਧੀ ਇੱਕ ਵਿਸਥਾਰਤ ਕਿਤਾਬ 'ਦੁਸਾਂਝ ਕਲਾਂ ਦਾ ਮਾਣ-ਮੱਤਾ ਇਤਿਹਾਸ' ਲਿਖੀ ਹੈ। ਪਿੰਡ ਦੁਸਾਂਝ ਕਲਾਂ ਦੇ ਵੱਸਣ ਤੋਂ ਲੈ ਕੇ ਅੱਜ ਤੱਕ ਦੇ ਵਿਸਥਾਰ ਸਬੰਧੀ ਇਸ 366 ਪੰਨਿਆਂ ਦੀ ਇਸ ਪੁਸਤਕ ਵਿੱਚ ਬਹੁਤ ਹੀ ਵਿਲੱਖਣ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ। ਜਿਸ ਦਿਲਚਸਪ ਤਰੀਕੇ ਨਾਲ ਇਹ ਕਿਤਾਬ ਪਿੰਡ ਅਤੇ ਪਿੰਡ ਦੀਆਂ ਸਖਸ਼ੀਅਤਾਂ ਬਾਰੇ ਜਾਣਕਾਰੀ ਦਿੰਦੀ ਹੈ, ਉਸ ਸ਼ੈਲੀ ਵਿੱਚੋਂ ਪਿੰ੍ਰਸੀਪਲ ਗਿਆਨ ਸਿੰਘ ਦੁਸਾਂਝ ਅਤੇ ਪਿੰ੍ਰਸੀਪਲ ਚਰਨਜੀਤ ਕੌਰ ਦੁਸਾਂਝ ਦੇ ਵਿਸ਼ਾਲ ਗਿਆਨ ਭੰਡਾਰ ਅਤੇ ਉਸ ਨੂੰ ਪੇਸ਼ ਕਰਨ ਨੂੰ ਲੈ ਕੇ ਇਨ੍ਹਾਂ ਦੀ ਸਖਸ਼ੀ ਵਿਸ਼ਾਲਤਾ ਵੀ ਉਭਰ ਕੇ ਸਾਹਮਣੇ ਆ ਰਹੀ ਹੈ। ਕਿਤਾਬ ਵਿੱਚ ਪਿੰਡ ਦੁਸਾਂਝ ਕਲਾਂ ਦੇ ਵਡੇਰੇ ਬਾਬਾ ਸੰਗ ਜੀ ਤੋਂ ਲੈ ਕੇ ਮੌਜੂਦਾ ਸਮੇਂ ਦੀਆਂ ਪਿੰਡ ਦੁਸਾਂਝ ਕਲਾਂ ਦੀਆਂ ਚਰਚਿਤ ਸਖਸ਼ੀਅਤਾਂ ਦੇ ਨਾਲ-ਨਾਲ ਇਸ ਪਿੰਡ ਦਾ ਦੇਸ਼ ਅਤੇ ਵਿਦੇਸ਼ਾਂ ਵਿੱਚ ਨਾਂ ਚਮਕਾਉਣ ਲਈ ਕਿਸੇ ਵੀ ਤਰੀਕੇ ਨਾਲ ਸਬੰਧ ਰੱਖਦੀਆਂ ਸਖਸ਼ੀਅਤਾਂ ਦਾ ਜ਼ਿਕਰ ਕਰਦਿਆਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਭਾਰਤੀ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੱਲੀਆਂ ਧਾਰਮਿਕ, ਸਿਆਸੀ, ਸਮਾਜਿਕ ਅਤੇ ਵਿੱਦਿਅਕ ਖੇਤਰ ਦੀਆਂ ਸਾਰੀਆਂ ਲਹਿਰਾਂ ਵਿੱਚ ਪਿੰਡ ਦੁਸਾਂਝ ਕਲਾਂ ਦੇ ਯੋਗਦਾਨ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਹੈ। ਜਿਸ ਤਰੀਕੇ ਨਾਲ ਇਤਿਹਾਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਖਸ਼ੀਅਤਾਂ ਅਤੇ ਲਹਿਰਾਂ ਦਾ ਸਲੀਕੇਵਾਰ ਜ਼ਿਕਰ ਕੀਤਾ ਗਿਆ ਹੈ, ਉਸ ਨੂੰ ਦੇਖਦਿਆਂ ਇਹ ਕਿਤਾਬ ਸਿਰਫ ਦੁਸਾਂਝ ਕਲਾਂ ਬਾਰੇ ਜਾਣਨ ਵਾਲੇ ਲੋਕਾਂ ਲਈ ਹੀ ਜ਼ਰੂਰੀ ਨਹੀਂ, ਸਗੋਂ ਜੋ ਭਾਰਤ ਅਤੇ ਭਾਰਤ ਵਾਸੀਆਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਖੋਜ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਇਹ ਕਿਤਾਬ ਕੁੱਜੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਦਸਤਾਵੇਜ਼ ਹੈ। ਵਿਸ਼ਵ ਵਿੱਚ ਚਰਚਿਤ ਪਿੰਡ ਦੁਸਾਂਝ ਕਲਾਂ ਦੇ ਸ. ਅਮਰ ਸਿੰਘ ਦੁਸਾਂਝ ਬਾਨੀ ਰੋਜ਼ਾਨਾ ਅਕਾਲੀ ਪੱਤ੍ਰਿਕਾ, ਸ੍ਰੀ ਉਜਲ ਸਿੰਘ ਦੁਸਾਂਝ ਪ੍ਰੀਮੀਅਰ ਬ੍ਰਿਟਿਸ਼ ਕੋਲੰਬੀਆ, ਸਾਇੰਸਦਾਨ ਡਾ. ਦੀਪਕ ਸਿੰਘ ਦੁਸਾਂਝ, ਡਾ. ਜਸਵੀਰ ਕੌਰ ਦੁਸਾਂਝ, ਵਿਸ਼ਵ ਦੇ ਪ੍ਰਮੁੱਖ ਸਾਹਿਤਕਾਰਾਂ ਵਿੱਚ ਸ਼ਾਮਿਲ ਅਤੇ ਸਫਲ ਕਿਸਾਨ ਡਾ. ਮਹਿੰਦਰ ਸਿੰਘ ਦੁਸਾਂਝ, ਡਾ. ਸੋਹਣ ਸਿੰਘ ਦੁਸਾਂਝ, ਡਾ. ਜਸਬੀਰ ਸਿੰਘ ਦੁਸਾਂਝ ਸੰਪਾਦਕ ਹਰਕਾਰਾ, ਸ਼ਾਇਰ ਕਸ਼ਮੀਰ ਸਿੰਘ ਮਾਹੀ, ਜੋਗਿੰਦਰ ਸਿੰਘ ਮਤਵਾਲਾ, ਕਵੀ ਨਾਜਰ ਸਿੰਘ ਤਰਸ, ਗਿਆਨੀ ਗੁਰਦਰਸ਼ਨ ਸਿੰਘ ਦੁਸਾਂਝ, ਸੰਤ ਬਾਬਾ ਪ੍ਰੀਤਮ ਸਿੰਘ ਕਾਰ ਸੇਵਾ ਵਾਲੇ, ਮਾਸਟਰ ਮਲੂਕ ਰਾਮ ਦੁਸਾਂਝ, ਕਂੈਬਰਿਜ਼ ਯੂਨੀਵਰਸਿਟੀ ਦੇ ਡਾ. ਜਗਜੀਤ ਸਿੰਘ ਦੁਸਾਂਝ, ਪੰਜਾਬੀ ਸੰਗੀਤ ਰਾਹੀਂ ਵਿਸ਼ਵ ਵਿੱਚ ਛਾਏ ਦਲਜੀਤ ਸਿੰਘ ਦੁਸਾਂਝ ਤੋਂ ਇਲਾਵਾ ਅੱਜ ਪੰਜਾਬੀ ਸਾਹਿਤ ਖੇਤਰ ਵਿੱਚ ਲਿਖਤਾਂ ਅਤੇ ਸਰਗਰਮੀਆਂ ਰਾਹੀਂ ਨਵੀਆਂ ਪੈੜਾਂ ਪਾ ਰਹੇ ਸੁਸ਼ੀਲ ਦੁਸਾਂਝ ਦੇ ਨਾਮ ਨਾਲ ਪਿੰਡ ਦੇ ਛੋਟੇ ਤੋਂ ਛੋਟੇ ਅਹੁਦੇ 'ਤੇ ਰਹਿ ਕੇ ਪਿੰਡ ਦੀ ਸ਼ਾਨ ਵਧਾਉਣ ਵਾਲੇ ਵੱਡੇ ਕੰਮ ਕਰਨ ਵਾਲਿਆਂ ਦਾ ਜ਼ਿਕਰ ਇਸ ਕਿਤਾਬ ਵਿੱਚ ਬਹੁਤ ਹੀ ਸਤਿਕਾਰਤ ਤਰੀਕੇ ਨਾਲ ਕੀਤਾ ਗਿਆ ਹੈ। ਇਸ ਪਿੰਡ ਦੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਅਤੇ ਸੱਭਿਆਚਾਰਕ ਖੇਤਰ ਵਿੱਚ ਦੇਣਦਾਰੀਆਂ ਦਾ ਜ਼ਿਕਰ ਕਰਨ ਦੇ ਨਾਲ-ਨਾਲ ਪਿੰਡ ਦੇ ਇਤਿਹਾਸ, ਪਿੰਡ ਦੀਆਂ ਨਿਵੇਕਲੀ ਪਹਿਚਾਣ ਵਾਲੀਆਂ ਇਥੋਂ ਤੱਕ ਕਿ ਖੂਹਾਂ ਅਤੇ ਖੂਹੀਆਂ ਦਾ ਜ਼ਿਕਰ ਕਰਦਿਆਂ ਪਿੰਡ ਦੇ ਵਿਕਾਸ ਤੋਂ ਲੈ ਕੇ ਇਲਾਕੇ ਦੇ ਵਿਕਾਸ ਨੂੰ ਮਹੱਤਵ ਪੂਰਨ ਤਰੀਕੇ ਨਾਲ ਉਭਾਰਿਆ ਗਿਆ ਹੈ। ਕਿਤਾਬ ਵਿੱਚ ਪਿੰਡ ਦੇ ਸਿਆਣੇ ਲੋਕਾਂ ਵੱਲੋਂ ਕੀਤੀਆਂ ਚੰਗੀਆਂ ਗੱਲਾਂ ਦੇ ਨਾਲ-ਨਾਲ ਕੀਤੀਆਂ ਗਈਆਂ ਉਨ੍ਹਾਂ ਗਲਤੀਆਂ ਨੂੰ ਵੀ ਲਿਖਿਆ ਗਿਆ ਹੈ, ਜਿਨ੍ਹਾਂ ਦੀ ਸਜਾ ਅੱਜ ਪਿੰਡ ਦੇ ਲੋਕ ਅਤੇ ਇਲਾਕਾ ਨਿਵਾਸੀ ਭੁਗਤ ਰਹੇ ਹਨ। ਉਦਾਹਰਣ ਦੇ ਤੌਰ 'ਤੇ ਫਗਵਾੜਾ ਤੋਂ ਬੰਗਾ ਨਵਾਂ ਸ਼ਹਿਰ ਨੂੰ ਜਾਣ ਵਾਲੀ ਰੇਲ ਲਾਈਨ ਅਤੇ ਮੁੱਖ ਸੜਕ ਜੋ ਹੁਣ ਕੌਮੀ ਮਾਰਗ ਬਣ ਗਈ ਹੈ, ਅੰਗਰੇਜ਼ਾਂ ਦੇ ਸਮੇਂ ਦੌਰਾਨ ਇਸ ਨੂੰ ਬਣਾਉਣ ਦਾ ਸਰਵੇ ਪਿੰਡ ਦੁਸਾਂਝ ਕਲਾਂ ਦੀਆਂ ਜ਼ਮੀਨਾਂ ਵਿੱਚੋਂ ਹੋਇਆ ਸੀ। ਉਸ ਸਮੇਂ ਅਧਿਕਾਰੀ ਸਰਵੇ ਕਰਨ ਆਏ ਤਾਂ ਪਿੰਡ ਦੇ ਲੋਕਾਂ ਨੇ ਇਹ ਕਹਿੰਦਿਆਂ ਜ਼ਮੀਨ ਦੇਣ ਤੋਂ ਨਾਂਹ ਕਰ ਦਿੱਤੀ ਕਿ ਇਥੋਂ ਦੀ ਬੱਸਾਂ-ਰੇਲਾਂ ਲੰਘਣਗੀਆਂ ਤਾਂ ਸਾਡੇ ਬੱਚੇ ਥੱਲੇ ਆ ਕੇ ਮਰ ਜਾਇਆ ਕਰਨਗੇ। ਇਸ ਦੌਰਾਨ ਕੁੱਝ ਲੋਕਾਂ ਨੇ ਰੇਲਵੇ ਲਾਈਨ ਅਤੇ ਸੜਕ ਦੇ ਇਲਾਕੇ ਨੂੰ ਲਾਭ ਦੱਸਣੇ ਚਾਹੇ ਤਾਂ ਉਨ੍ਹਾਂ ਨੂੰ ਸੁਣਨ ਤੋਂ ਨਾਂਹ ਕਰ ਦਿੱਤੀ ਗਈ। ਬਾਅਦ ਵਿੱਚ ਜਦੋਂ ਇਹ ਰੇਲਵੇ ਲਾਈਨ ਅਤੇ ਸੜਕ ਮੰਡਾਲੀ ਅਤੇ ਮੇਹਲੀ ਪਿੰਡ ਦੀਆਂ ਜ਼ਮੀਨਾਂ ਵਿੱਚ ਬਣ ਗਈ ਤਾਂ ਇਥੋਂ ਤੁਰ ਕੇ ਦੂਰ ਬੱਸ ਅਤੇ ਰੇਲ ਫੜ੍ਹਨ ਵਾਲੇ ਲੋਕ ਆਪਣੇ ਇਲਾਕੇ ਵਿੱਚੋਂ ਸੜਕ ਅਤੇ ਰੇਲਵੇ ਲਾਈਨ ਦਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਕੋਸਦੇ ਜਾਂਦੇ ਅਤੇ ਆਉਂਦੇ। ਕਿਤਾਬ ਵਿੱਚ ਹਰ ਧਰਮ, ਹਰ ਜਾਤ ਦੇ ਕੰਮ-ਕਾਜ ਅਤੇ ਬਾਜ਼ਾਰ ਵਿਵਸਥਾ ਨੂੰ ਵੀ ਵਧੀਆ ਤਰੀਕੇ ਨਾਲ ਥਾਂ ਦਿੱਤੀ ਗਈ ਹੈ। ਇਹ ਕਿਤਾਬ ਪਿੰਡ ਦੁਸਾਂਝ ਕਲਾਂ ਦੇ ਪਰਿਵਾਰਕ ਵਡੇਰੇ ਬਾਬਾ ਸੰਗ ਜੀ ਨੂੰ ਸਮਰਪਿਤ ਕੀਤੇ ਜਾਣ ਦੇ ਨਾਲ-ਨਾਲ ਗਿਆਨੀ ਗੁਰਦਰਸ਼ਨ ਸਿੰਘ ਦੁਸਾਂਝ, ਸਰਦਾਰਨੀ ਸੁਰਜੀਤ ਕੌਰ ਜਵੰਦਾ, ਸਰਦਾਰਨੀ ਕਰਮ ਕੌਰ ਦੁਸਾਂਝ ਦੀਆਂ ਨਿੱਘੀਆਂ ਯਾਦਾਂ ਨੂੰ ਸਮਰਪਿਤ ਕੀਤੀ ਗਈ ਹੈ। ਕਿਤਾਬ ਤਿਆਰ ਕਰਨ ਲਈ ਉਪਿੰਦਰ ਸਿੰਘ ਗਰੇਵਾਲ, ਗਗਨਦੀਪ ਕੌਰ ਗਰੇਵਾਲ, ਐਮਰਿਨ ਕੌਰ ਗਰੇਵਾਲ ਅਤੇ ਅਵੀਰ ਸਿੰਘ ਗਰੇਵਾਲ (ਯੂ.ਕੇ. ਨਿਵਾਸੀ) ਦਾ ਪ੍ਰਮੁੱਖ ਯੋਗਦਾਨ ਹੈ। ਦੇਸ਼-ਵਿਦੇਸ਼ ਦੇ ਸਮੂਹ ਪੇਂਡੂ ਵਿਕਾਸ ਦੀ ਚਾਹਤ ਰੱਖਣ ਵਾਲੇ ਲੋਕਾਂ ਨੂੰ ਅਤੇ ਇਤਿਹਾਸ, ਧਰਮ, ਰਾਜਨੀਤੀ ਅਤੇ ਸਮਾਜ ਸੁਧਾਰ ਦੇ ਖੇਤਰ ਵਿੱਚ ਉਠੀਆਂ ਲਹਿਰਾਂ ਬਾਰੇ ਜਾਣਨ ਦੇ ਇਛੁੱਕ ਲੋਕਾਂ ਨੂੰ ਇਹ ਕਿਤਾਬ ਜ਼ਰੂਰ ਪੜ੍ਹਣੀ ਚਾਹੀਦੀ ਹੈ। ਪੰਜਆਬ ਪ੍ਰਕਾਸ਼ਨ ਜਲੰਧਰ ਵੱਲੋਂ ਬਹੁਤ ਹੀ ਮਿਹਨਤ ਨਾਲ ਵਧੀਆ ਕਾਗਜ ਉੱਪਰ ਤਿਆਰ ਕੀਤੀ ਇਹ ਕਿਤਾਬ ਇਤਿਹਾਸ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ।
-
ਹਰਪ੍ਰੀਤ ਸਿੰਘ ਲੇਹਿਲ, ਲੇਖਕ
harpreetsinghlehal@gmail.com
9814853861
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.