ਇਕ ਤੋਂ ਵਿਸਤਾਰ ਹੋਇਆ, ਇਸ ਵਿੱਚ ਹੁਣ ਸ਼ੱਕ ਦੀ ਗੁੰਜਾਇਸ਼ ਕਿੱਥੇ ਹੈ। ਧਰਮ ਤੋਂ ਲੈ ਕੇ ਸਾਇੰਸ ਤੱਕ ਇਸ ਗੱਲ ਦੀ ਪੁਸ਼ਟੀ ਵੀ ਕਰ ਚੁੱਕੇ ਹਨ। ''ਅਰਬਦ ਨਰਬਦ ਧੁੰਦੂਕਾਰਾ'' ਤੋਂ ਹੁਣ ਤੱਕ ਏਕ ਤੋਂ ਅਨੇਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਸਚਾਈ ਨੂੰ ਚੰਗੀ ਤਰਾਂ ਜਾਣਦੇ ਹੋਏ ਵੀ ਅਸੀਂ ਸਭ ਤੇਰੀ ਮੇਰੀ ਦੀ ਦੁਨੀਆ 'ਚ ਘਿਰੇ ਹੋਏ ਹਾਂ। ਹਰ ਰੋਜ਼ ਸਾਡੇ ਨਾਲ ਕੋਈ ਨਾ ਕੋਈ ਇਹੋ ਜਿਹਾ ਵਰਤਾਰਾ ਵਾਪਰਦਾ ਰਹਿੰਦਾ ਹੈ ਜਿਸ ਨਾਲ ਅਸੀਂ ਇਹ ਅਹਿਸਾਸ ਕਰ ਵੀ ਲੈਂਦੇ ਹਾਂ ਕਿ ਅਸੀਂ 'ਇਕ'ਹਾਂ ਪਰ ਫੇਰ ਵੀ ਦੁਨੀਆਦਾਰੀ ਇਸ ਕਦਰ ਪਲੀਤੀ ਗਈ ਕਿ ਇਕ ਢਿੱਡੋਂ ਜੰਮੇ ਵੀ ਅਲੱਗ-ਅਲੱਗ ਹੋਣ ਦਾ ਰਾਗ ਅਲਾਪ ਰਹੇ ਹਾਂ। ਜਿੰਨਾ ਮਰਜ਼ੀ ਹੱਦਾਂ ਬੰਨੇ ਖਿੱਚ ਲਈਏ। ''ਏਕਸ ਕੇ ਹਮ ਬਾਰਿਕ'' ਵਾਲੀ ਹੋਂਦ ਨੂੰ ਝੁਠਲਾ ਨਹੀਂ ਸਕਦੇ। ਹੁਣ ਗੱਲਆਉਂਦੀ ਹੈ ਕਿ ਜਦੋਂ ਅਸੀਂ ਇਕ ਦਾ ਹਿੱਸਾ ਹਾਂ ਤਾਂ ਕੁਝ ਨਾ ਕੁਝ ਸਮਾਨਤਾਵਾਂ ਤਾਂ ਹੋਣੀਆਂ ਲਾਜ਼ਮੀ ਹਨ।
ਕੁਝ ਵਕਤ ਪਹਿਲਾਂ ਇਕ ਇਹੋ-ਜਿਹੀ ਸਮਾਨਤਾ ਨੇ ਮੈਨੂੰ ਆਪਣੇ ਵੱਲ ਖਿੱਚਿਆ। ਜਦੋਂ ਮੈਂ ਇਕ ਗੋਰੇ ਪੀਟਰ ਦੇ ਘਰ 'ਚ ਲੱਗੀ ਹੋਈ ਇਕ ਤਸਵੀਰ ਦੇਖੀ, ਤਸਵੀਰ ਕਾਹਦੀ ਸੀ ਮੇਰਾ ਨਿਰਾ ਪੁਰਾ ਹੰਢਾਇਆ ਬਚਪਨ ਸੀ..
ਧੁੰਦਲੇ ਰੰਗ ਵਾਲੀ ਕੰਧ 'ਤੇ ਮੁਸਕਰਾਉਂਦੀ ਓਸ ਤਸਵੀਰ ਦੇ ਰੰਗ ਖਿੜ ਖਿੜ ਪੈ ਰਹੇ ਸੀ ਜਿਵੇਂ ਬਹਾਰ ਰੁੱਤੇ ਸੱਜਰੇ ਫੁੱਲ ਕਲੀਆਂ ਟਹਿਕ ਰਹੇ ਹੋਣ.... ਓਸ ਤਸਵੀਰ ਵਿੱਚ ਗਲੀ ਦੇ ਕੁਝ ਬੱਚੇ ਗੋਲ਼ੀਆਂ.... ਜਿਨ੍ਹਾਂ ਨੂੰ ਅਸੀਂ ਤੁਸੀਂ ਬੰਟੇ ਵੀ ਕਹਿੰਦੇ ਆਂ, ਖੇਡਰਹੇ ਸੀ.... ਤੇ ਕੁਝ ਉਨ੍ਹਾਂ ਦੁਆਲੇ ਝੁਰਮਟ ਬਣਾ ਕੇ ਦਰਸ਼ਕ ਬਣੇ ਗੋਲ਼ੀਆਂ 'ਤੇ ਟਿਕਦੀਆਂ ਨਿਸ਼ਾਨੇ ਮਿਥਦੀਆਂ ਉਂਗਲਾਂ ਨੂੰ ਨੀਝ ਨਾਲ ਦੇਖ ਰਹੇ ਸਨ। ਸੱਠ ਕੁ ਵਰ੍ਹਿਆਂ ਦੇ ਪੀਟਰ ਨੂੰ ਜਦੋਂ ਮੈਂ ਪੁੱਛਿਆ ਕਿ ਤੁਹਾਡੇ ਕਲਚਰ 'ਚ ਵੀ 'ਘੁੱਤੀ ਪਾ' ਖੇਡਣ ਦਾਰਿਵਾਜ ਸੀ? ਸਵਾਲ ਤਾਂ ਮੇਰਾ ਸਹਿਜ ਜਿਹਾ ਹੀ ਸੀ, ਪਰ ਜਿਵੇਂ ਮੈਂ ਪੀਟਰ ਦੀ ਦੁਖਦੀ ਰਗ ਤੇ ਹੱਥ ਧਰ ਦਿੱਤਾ ਹੋਵੇ। ਪੀਟਰ ਨੇ ਤਸਵੀਰ ਵੱਲ ਦੇਖਿਆ, ਤਾਂ ਉਸ ਦੀਆਂ ਅੱਖਾਂ ਛਿਣ ਭਰ ਵਿੱਚ ਅਤੀਤ ਦੇ ਚੋਅ 'ਚੋਂ ਪਾਣੀ ਭਰ ਲਿਆਈਆਂ। ਭਰੜਾਈ'ਵਾਜ ਨਾਲ ਕਹਿੰਦਾ-ਕਿੰਨੇ ਵਧੀਆ ਦਿਨ ਸਨ 'ਉਹ'! .. ਜਦੋਂ ਮੈਂ ਪਿਛਲੀ ਕੰਧ ਟੱਪ ਕੇ ਮਾਂ ਤੋਂ ਚੋਰੀ ਜੁਆਕਾਂ ਨਾਲ਼ ਗੋਲੀਆਂ ਖੇਡਣ ਚਲਾ ਜਾਂਦਾ ਸੀ। ਮੇਰੀ ਮਾਂ ਮੈਨੂੰ ਭਾਲਦੀ ਰਹਿੰਦੀ ਤੇ ਸਾਡਾ ਕੁੱਤਾ ਟਿਪਸੀ ਮੈਨੂੰ ਭਾਲਣ 'ਚ ਮੇਰੀ ਮਾਂ ਦੀ ਮਦਦਕਰਿਆ ਕਰਦਾ ਸੀ ਤੇ ਫੇਰ ਕਈ ਵਾਰ ਮੈਂ ਵਿਚਾਰੇ ਟਿਪਸੀ ਦੀ ਛਿੱਤਰ ਪਰੇਡ ਵੀ ਕਰ ਦਿੰਦਾ ਸੀ ਕਿ ਤੂੰ ਮਾਂ ਨੂੰ ਦੱਸਿਆ ਬਈ ਅਸੀਂ ਕਿਥੇ ਖੇਡ ਰਹੇ ਸਾਂ। ਪੀਟਰ ਦੀ ਇਹ ਗੱਲ ਮੁੱਕਦੇ-ਮੁੱਕਦੇ ਉਸ ਦੀਆਂ ਅੱਖਾਂ ਦਾ ਪਾਣੀ ਵੀ ਸੁੱਕ ਗਿਆ ਸੀ, ਉਮਰ ਦੇਤਕਾਜ਼ੇ ਨਾਲ ਮੁਰਝਾ ਰਹੇ ਚਿਹਰੇ ਤੇ ਕੇਰਾਂ ਤਾਂ ਰੌਣਕ ਜਿਹੀ ਖੇਡਣ ਲੱਗੀ.. ਮੈਂ ਕਿਤੇ ਗੁਆਚ ਜਿਹਾ ਗਿਆ ਸੀ.. ਪਰ ਪੀਟਰ ਦੇ ਬੋਲਾਂ ''ਹੇ ਮੈਨ ਤੂੰ ਰੋ ਰਿਹੈਂ?'' ਨੇ ਜਦੋਂ ਇਕ ਝਟਕੇ ਨਾਲ ਮੈਨੂੰ ਉਸ ਦੀ ਇਸ ਗੱਲਬਾਤ ਦੇ ਵਹਿਣ 'ਚੋਂ ਧੂਹ ਕੇ ਬਾਹਰਕੱਢਿਆ ਤਾਂ ਮੈਂ ਝੂਠ ਬੋਲ ਦਿੱਤਾ-ਕਿਹਾ ''ਨਹੀਂ ਤਾਂ।'' ਪਰ ਅੱਖਾਂ ਦਾ ਪਾਣੀ ਬਾਗ਼ੀ ਹੋ ਕੇ ਗੱਲਾਂ ਤੱਕ ਪਹੁੰਚ ਚੁੱਕਿਆ ਸੀ।
ਪੀਟਰ ਮੇਰੇ ਅੱਥਰੂਆਂ ਤੋਂ ਸ਼ਾਇਦ ਹੈਰਾਨ ਜਿਹਾ ਹੋਇਆ ਸੀ.. ਉਹ ਨੇ ਵਿਚਾਰਗੀ ਜਿਹੀ ਨਾਲ ਪੁੱਛਿਆ- “ਮੇਰੇ ਤੋਂ ਕੋਈ ਗ਼ਲਤੀ ਹੋ ਗਈ?.. ''ਤੇ ਮੇਰਾ ਜੁਆਬ ਉਡੀਕੇ ਬਿਨਾ ਆਂਹਦਾ- ''ਲੱਗਦੈ ਮੈਂ ਤੇਰੀ ਕੋਈ ਯਾਦ ਤਾਜ਼ਾ ਕਰਾ ਦਿੱਤੀ?''
ਮੇਰੀਆਂ ਅੱਖਾਂ ਮੂਹਰੇ ਉਹ ਦ੍ਰਿਸ਼ ਇਕ ਪਲ 'ਚ ਘੁੰਮ ਗਏ ਸਨ ਜਦੋਂ ਮੈਂ ਘਰਦਿਆਂ ਤੋਂ ਚੋਰੀ ਗੋਲ਼ੀਆਂ ਵਾਲੀ ਪੀਪੀ ਚੁੱਕ ਕੇ 'ਸੁਰਿੰਦਰ ਸੇਠ' ਦੀ ਦੁਕਾਨ ਮੂਹਰੇ ਖੇਡ ਰਹੇ ਜੁਆਕਾਂ ਨਾਲ਼ ਸਾਰਾ-ਸਾਰਾ ਦਿਨ ਖੇਡੀ ਜਾਣਾ। ਸਾਡੇ ਪਸੂ-ਡੰਗਰ ਸਾਂਭਣ ਵਾਲੇਪਾਲੀ ਨੇ ਮਾਂ ਨੂੰ ਦੱਸ ਦੇਣਾ ਤੇ ਮਾਂ ਨੇ ਕੰਨ ਤੋਂ ਫੜ ਕੇ ਘਰੇ ਲੈ ਆਉਣਾ ਤੇ ਫੇਰ ਜਿੰਨੀਆਂ ਕੁ ਮੇਰੇ ਪੈਣੀਆਂ, ਆਪਾਂ ਵੇਲਾ ਕੁਵੇਲਾ ਦੇਖ ਉਹ ਸਾਰੀਆਂ ਅੱਗੇ ਵਿਚਾਰੇ ਪਾਲੀ ਨੂੰ ਟਰਾਂਸਫ਼ਰ ਕਰ ਦੇਣੀਆਂ। ਮਾਂ ਤੋਂ ਕੁੱਟ ਖਾਂਦੇ ਨੇ ਬੱਸ ਇਹੀ ਕਹੀ ਜਾਣਾ-''ਬਈਜਦੋਂ ਕਬੀਲਦਾਰੀ ਮੇਰੇ ਹੱਥ ਆ ਗਈ ਨਾ, ਸਾਰਾ ਦਿਨ ਗੋਲ਼ੀਆਂ ਖੇਡਿਆ ਕਰੂੰ, ਹਟਾਇਓ ਫੇਰ....।''
ਤੇ ਹੁਣ ਪੀਟਰ ਮੇਰੇ ਵਹਿਣ 'ਚ ਵਹਿ ਤੁਰਿਆ ਸੀ। ਉਹਦਾ ਗੱਚ ਫੇਰ ਭਰ ਆਇਆ.. ਆਂਹਦਾ-''ਫੇਰ ਤੂੰ ਜਦੋਂ ਆਪਣੇ ਪੈਰਾਂ ਤੇ ਖੜ੍ਹਾ ਹੋਇਆ ਤਾਂ ਖ਼ੂਬ ਗੋਲ਼ੀਆਂ ਖੇਡਿਆ?'' ਉਹਦੇ ਸਵਾਲ 'ਚ ਵੀ ਤੇ ਉਹਦਿਆਂ ਅੱਥਰੂਆਂ ਨਾਲ ਭਰੀਆਂ ਨਜ਼ਰਾਂ ਵਿੱਚ ਵੀਸ਼ਰਾਰਤ ਝਲਕ ਰਹੀ ਸੀ।
ਮੈਂ ਸੰਭਲਦਿਆਂ ਕਿਹਾ, ''ਨਾ ਓਏ ਭਰਾਵਾ.... ਹੁਣ ਤਾਂ ਕਦੇ ਸੁਪਨੇ 'ਚ ਵੀ ਗੋਲ਼ੀਆਂ ਖੇਡਣ ਨੂੰ ਜੀਅ ਨਹੀਂ ਕੀਤਾ।'' ਪੀਟਰ ਨੇ ਮਿੱਠਾ ਜਿਹਾ ਨਹੋਰਾ ਮਾਰਿਆ, ਕਹਿੰਦਾ- ''ਸੋ ਤੂੰ ਉਨ੍ਹਾਂ ਦਿਨਾਂ ਨੂੰ ਵਿਸਾਰ ਗਿਐਂ ਤੇ ਲੱਗਦੈ ਚੇਤੇ ਵੀ ਨਹੀਂ ਰੱਖਣਾ ਚਾਹੁੰਦਾ?''
ਮੇਰੇ ਧੁਰ ਅੰਦਰੋਂ ਕੁਝ ਨਿਕਲਿਆ, ਖੌਰੇ ਹਉਕਾ ਹੋਣੈ.. .. ਮੈਂ ਕਿਹਾ- ''ਬੱਸ ਇੰਝ ਹੀ ਸਮਝ ਲੈ।'' ਉਹ ਕਹਿੰਦਾ- ''ਪਰ ਮੈਂ ਸਾਰੀ ਉਮਰ ਉਹ ਦਿਨ ਨਹੀਂ ਭੁੱਲਣਾ ਚਾਹੁੰਦਾ। ਅੱਜ ਵੀ ਕਦੇ-ਕਦੇ ਸੁਪਨੇ 'ਚ ਖੇਡ ਆਉਨਾਂ। ਇਸੇ ਲਈ ਇਹ ਤਸਵੀਰ ਲਾ ਰੱਖੀਹੈ ਕਿ ਕਿਤੇ 'ਉਹ' ਦਿਨ ਭੁੱਲ ਨਾ ਜਾਵਾਂ।''
ਫੇਰ ਪੀਟਰ ਨੂੰ ਮੇਰੇ ਨਾਲ ਤੇ ਮੈਨੂੰ ਪੀਟਰ ਨਾਲ ਦਿਖਾਵੇ ਲਈ ਸਾਂਝ ਦੀ ਲੋੜ ਹੀ ਨਾ ਪਈ, ਕੁਝ ਵੀ ਸਾਂਝਾ ਨਹੀਂ ਸੀ ਸਾਡਾ, ਨਾ ਜਨਮ ਭੂਮੀ-ਨਾ ਕਲਚਰ.... ਪਰ ਇਕ ਸਾਂਝ ਬਾਕੀ ਅਸਾਂਝਾਂ ਦੇ ਸਿਰ ਚੜ ਬੋਲ ਰਹੀ ਸੀ ਕਿ ਅਸੀਂ ਦੋਵੇਂ ਹੀ ਉਹ ਬੀਤੇਦਿਨ ਮੁੜ ਹੰਢਾਉਣਾ ਚਾਹੁੰਦੇ ਸਾਂ......
ਪੀਟਰ ਨੇ ਪਹਿਲ ਕਰਦਿਆਂ ਕਿਹਾ-''ਅੱਜ ਤੋਂ ਆਪਾਂ ਆੜੀ ਬਣ ਗਏ ਤੇ ਹੁਣ ਜਦੋਂ ਤੂੰ ਮੈਨੂੰ ਆਪਣੇ ਜਨਮ ਦਿਨ ਤੇ ਸੱਦੇਂਗਾ ਤਾਂ ਮੈਂ ਤੈਨੂੰ ਇਹੋ ਜਿਹੀ ਇੱਕ ਤਸਵੀਰ ਗਿਫ਼ਟ ਕਰਾਂਗਾ। ਮੈਨੂੰ ਇਹ ਫ਼ੋਟੋ ਮੇਰੀ ਮਾਂ ਨੇ ਮੇਰੇ ਇਕ ਜਨਮ ਦਿਨ ਤੇ ਦਿੱਤੀ ਸੀ ਤੇਨਾਲੇ ਆਪਣੇ ਅੰਤਲੇ ਦਿਨਾਂ 'ਚ ਉਹ ਮੈਨੂੰ ਕਿਹਾ ਕਰਦੀ ਸੀ ਕਿ ਜੇ ਸਰਕਾਰ ਗੋਲ਼ੀਆਂ ਖੇਡਣ ਦੇ ਮੁਕਾਬਲੇ ਕਰਾਉਂਦੀ ਹੁੰਦੀ ਤਾਂ ਮੇਰੇ ਪੁੱਤ ਨੇ ਆਸਟ੍ਰੇਲੀਆ ਦਾ ਚੈਂਪੀਅਨ ਹੋਣਾ ਸੀ।''
ਪੀਟਰ ਬਹੁਤ ਕੁਝ ਦੱਸ ਰਿਹਾ ਸੀ, ਤੇ ਮੈਂ ਵੀ ਓਥੇ ਠਹਿਰ ਜਾਣਾ ਚਾਹੁੰਦਾ ਸੀ, ਪਰ ਇਹ ਚੰਦਰਾ ਵਕਤ! ਕਿਥੇ ਕੁਝ ਠਹਿਰਨ ਦਿੰਦਾ.. ਮੈਨੂੰ ਕੰਮ ਨਿਬੇੜਨ ਦਾ ਚੇਤਾ ਆਇਆ, ਤੇ ਮੈਂ ਪੀਟਰ ਦੀ ਇਜਾਜ਼ਤ ਨਾਲ ਉਸ ਤਸਵੀਰ ਨੂੰ ਆਪਣੇ ਕੈਮਰੇ ਵਿੱਚਕੈਦ ਕਰ ਲਿਆ.... ਫੇਰ ਆਪਣਾ ਕੰਮ ਮੁਕਾਅ ਕੇ ਘਰ ਵਾਪਸ ਆਉਣ ਲੱਗਿਆ ਤਾਂ ਪੀਟਰ ਕਹਿੰਦਾ- “ਉਂਜ ਤਾਂ ਹੁਣ ਮੇਰਾ ਢਿੱਡ ਗੋਡਿਆਂ 'ਚ ਨਹੀਂ ਆਉਂਦਾ ਪਰ ਜੇ ਤੂੰ ਕਹੇਂ ਤਾਂ ਐਸ ਵੀਕ ਐਂਡ ਤੇ 'ਘੁੱਤੀ ਪਾ' ਖੇਡੀਏ?'' ਉਹਦੇ ਬੋਲਾਂ 'ਚ ਫੇਰ ਸ਼ਰਾਰਤਸੀ ਤੇ ਮੇਰਾ ਮਨ ਤਾਂ ਬੱਸ ਭਰਿਆ ਪਿਆ ਸੀ।
ਮੈਂ ਆਪਣੇ ਪਿਛਲੇ ਸੱਤ ਸਾਲਾਂ ਦੇ ਆਸਟ੍ਰੇਲੀਆ ਪਰਵਾਸ ਵਿਚ ਪਹਿਲੀ ਵਾਰ ਭਰੀਆਂ ਅੱਖਾਂ ਨਾਲ ਜੌਬ ਕੀਤੀ ਤੇ ਇਕ ਵੱਖਰਾ ਜਿਹਾ ਅਹਿਸਾਸ ਮਨ ਅੰਦਰ ਲੈ ਕੇ ਪੀਟਰ ਨੂੰ ਬਿਨਾਂ ਹਾਂ ਨਾਂਹ ਕਹੇ “ਇਕ ਦੀ ਉਪਜ'' ਹੋਣ ਬਾਰੇ ਸੋਚਦਾ ਘਰ ਪਰਤਆਇਆ, ਜਿੱਥੇ ਮੇਰੀਆਂ ਕਬੀਲਦਾਰੀਆਂ ਮੈਨੂੰ ਉਡੀਕ ਰਹੀਆਂ ਸਨ............
-
ਮਿੰਟੂ ਬਰਾੜ, ਲੇਖਕ
mintubrar@gmail.com
+61 434 289 905
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.