ਖ਼ਬਰ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਫੋਟੋਆਂ ਅਤੇ ਬਿਆਨਾਂ ਉੱਤੇ ਅਧਾਰਤ ਇਕ ਵਿਗਿਆਪਨ ਅਖ਼ਬਾਰਾਂ ਲਈ ਜਾਰੀ ਕੀਤਾ ਗਿਆ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਪਾਣੀਆਂ ਦੇ ਮੁੱਦੇ ਉਤੇ ਸਾਂਸਦ ਅਸਤੀਫੇ ਦੇਣ ਵਾਲੇ ਸਾਂਸਦ ਅਮਰਿੰਦਰ ਸਿੰਘ ਨੇ 8 ਅਪ੍ਰੈਲ 1982 ਨੂੰ ਕਪੂਰੀ 'ਚ ਐਸ.ਵਾਈ.ਐਲ. ਨਹਿਰ ਦਾ ਨੀਂਹ ਪੱਥਰ ਰੱਖਣ ਦਾ ਸਵਾਗਤ ਕੀਤਾ ਸੀ ਅਤੇ ਪਾਣੀ ਦੀ ਇਕ ਵੀ ਬੂੰਦ ਹਰਿਆਣਾ ਨੂੰ ਨਾ ਦੇਣ ਦੀਆਂ ਟਾਹਰਾਂ ਮਾਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ 20 ਫਰਵਰੀ 1978 ਨੂੰ ਐਸ.ਵਾਈ.ਐਲ. ਨਹਿਰ ਲਈ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਸੀ। ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ ਕਿ ਦੋਵਾਂ ਨੇ ਦਿੱਤਾ ਪੰਜਾਬ ਨੂੰ ਧੋਖਾ, ਹੁਣ ਸਬਕ ਸਿਖਾਓ ਇਨਾਂ ਨੂੰ।
ਪਹਿਲਾਂ ਗੋਰਿਆਂ ਵੱਢਿਆ ਪੰਜਾਬ ਅਤੇ ਪਾਣੀ ਖੋਹ ਲਿਆ ਪਾਕਿਸਤਾਨੀਆਂ । ਫਿਰ ਕੁਰਸੀ-ਚੱਕਰ ਨੇ ਪੰਜਾਬ ਦੇ ਪਾਣੀ ਖੋਹੇ ਤੇ ਰਾਜਸਥਾਨ, ਦਿੱਲੀ, ਹਰਿਆਣਾ ਦੀ ਝੋਲੀ ਜਾ ਚਾੜੇ ਲਾਲ ਕਿਲੇ ਵਾਲੀ ਸਰਕਾਰ ਨੇ। ਰਹਿੰਦਾ-ਖੂੰਹਦਾ ਪਾਣੀ, ਆਪਣਿਆਂ ਯਾਰਾਂ ਨੂੰ ਭੇਂਟ ਕਰਤਾ ਅਤੇ ਪੰਜਾਬੀ ਵਿਲਕਦੇ, ਰੋਂਦੇ, ਖੱਲਾਂ-ਖੂੰਜਿਆਂ'ਚ ਡੁਸਕਦੇ 'ਅਦਾਲਤੀ ਚਾੜਤੇ' । ਉਨਾਂ ਅਦਾਲਤੀ ਜਿਥੇ ਇਨਸਾਫ਼ ਮੰਗਦੇ ਬਿਰਖ ਵੀ ਬੁੱਢੇ ਹੋ ਜਾਂਦੇ ਆ।
ਇੰਜ ਝਲ-ਝਲ ਕਰਦਾ, ਛਲ-ਛਲ ਕਰਦਾ, ਵਲ-ਵਲ ਕਰਦਾ ਸਾਫ਼ ਸੁਥਰਾ ਪੰਜਾਂ ਆਬਾਂ ਦਾ ਪਾਣੀ ਭਾਈ ਰਾਜਨੀਤੀ ਦੀ ਭੇਂਟ ਚੜ ਗਿਆ ਤੇ ਜ਼ਮੀਨ ਦੀ ਕੁੱਖ ਵਿਚਲਾ ਪਾਣੀ ਦੇਸ਼ ਦੀ ਕਣਕ, ਝੋਨੇ ਦੀ ਸਫਲ ਦੀ ਲੋੜ ਨੇ ਸੁੜਾਕ ਲਿਆ ਅਤੇ ਨਾਲ ਹੀ ਸੁੜਾਕ ਲਿਆ ਪੰਜਾਬ ਦਾ ਰੋਂਦਾ, ਹੱਕਾਂ ਲਈ ਕੂਕਦਾ ਕਿਸਾਨ। ਟਾਹਰਾਂ ਮਾਰੋ, ਜਾਂ ਦੁਹੱਥੜੀ ਪਿੱਟੋ! ਨਾਹਰੇ ਮਾਰੋ ਜਾਂ ਬੜਕਾਂ ਮਾਰੋ! ਪਾਣੀ ਤਾਂ ਹੱਥੋਂ ਤਿਲਕ ਗਿਆ, ਬੁੱਕਾਂ 'ਚੋਂ ਛਲਕ ਗਿਆ ਤੇ ਲੰਘਿਆ ਪਾਣੀ ਕਦੇ ਵੀ ਹੱਥ ਨਾ ਆਵੇ! ਉਂਜ ਭਾਈ ਗੱਲ ਤਾਂ ਕੁਰਸੀ ਦੀ ਆ ਪਾਣੀਆਂ 'ਚ ਮਧਾਣੀ ਫੇਰ ਕੇ ਦੇਖੋ ਕੀਹਦੇ ਹੱਥ ਆਉਂਦੀ ਆ?
ਮਾਏ ਨੀ ਮੇਰਾ ਲੌਂਗ ਗੁਆਚਾ
ਖ਼ਬਰ ਹੈ ਕਿ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ 'ਤੇ ਪਾਬੰਦੀ ਦੇ ਫੈਸਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਾਲੇ ਧਨ ਖਿਲਾਫ਼ ਹੋਰ ਜ਼ਿਆਦਾ ਕਦਮ ਉਠਾਏ ਜਾਣ ਦੇ ਸੰਕੇਤ ਦਿੱਤੇ ਹਨ। ਮੋਦੀ ਨੇ ਕਿਹਾ ਕਿ ਕਾਲੇ ਧਨ ਦੀ ਜਾਂਚ ਕਰਵਾਈ ਜਾਏਗੀ ਤੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਪਰ ਇਮਾਨਦਾਰ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਏਗੀ। ਉਨਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਚੁੱਕੇ ਗਏ ਕਦਮਾਂ ਨਾਲ 1.25 ਲੱਖ ਕਰੋੜ ਕਾਲਾ ਧਨ ਬਾਹਰ ਆਇਆ ਹੈ।
ਮਾਈ ਮੋਹਨੋ, ਬਹੁਤ ਹੀ ਉਦਾਸ ਹੈ। ਕੌਡੀ ਕੌਡੀ ਜੋੜ ਕੇ 'ਗਾਂਧੀ ਵਾਲੇ ਨੋਟ' ਧੀ ਦੇ ਵਿਆਹ ਲਈ ਇਕੱਠੇ ਕੀਤੇ ਸਨ, ਸਭ ਰੁੜ-ਪੁੜ ਗਏ। ਬੈਂਕ ਖਾਤਾ ਮਾਈ ਮੋਹਨੋ ਕਿਥੋਂ ਲਿਆਵੇ? ਬੈਂਕ ਦੀਆਂ ਲੈਨਾਂ 'ਚ ਖੜ ਕੇ 'ਲਾਲ ਕਿਲੇ ਵਾਲਾ' ਦੋ ਹਜ਼ਾਰੀ ਨੋਟ ਕਿਥੋਂ ਲਿਆਵੇ? ਆਹ ਛੜੇ-ਛਟਾਕ ਮੋਦੀ ਨੂੰ ਭਲਾ ਕੀ ਸੁੱਝੀ, ਲੋਕਾਂ ਦੇ ਚੁਲੇ, ਸੰਦੂਕ ਫਰੋਲਣ ਲੱਗ ਪਿਆ, ਕੁੱਪਾਂ 'ਚੋਂ ਪੈਸੇ ਟੋਹਲਣ ਲੱਗ ਪਿਆ। ਪਤਾ ਨਹੀਂ ਇਹ ਸਫੈਦ ਪੋਸ਼ ਅਖ਼ਬਾਰਾਂ ਕਿਉਂ ਨਹੀਂ ਪੜਦਾ, ਜਿਹੜੀਆਂ ਲਿਖਦੀਆਂ ਆ ਦੇਸ਼ 'ਚ ਨਕਦੀ ਚੂਰ-ਭੂਰ ਤਾਂ ਕੁਲ ਧੰਨ ਦਾ 6% ਆ। ਅਸਲੀ ਕਾਲਾ ਧਨ ਤਾਂ ਨੇਤਾ ਜੀ, ਐਕਟਰ ਜੀ, ਤਸਕਰ ਜੀ, ਵੱਡੀ ਵਿਉਪਾਰੀ ਜੀ,ਕਾਰਪੋਰੇਟੀਏ ਜੀ ਲੁਕੋਈ ਬੈਠੇ ਆ। ਆਹ ਮੋਦੀ ਨੇ ਠਾਹ ਬੰਬ ਮਾਰਿਆ ਤੇ ਲੋਕੀਂ ਬੈਂਕਾਂ 'ਚ ਤੁਰੇ ਫਿਰਦੇ ਆ, ਦਲਾਲਾਂ ਦੇ ਗੇੜੇ ਕੱਢੀ ਜਾਂਦੇ ਆ, ਏ.ਟੀ.ਐਮ. 'ਚ ਘੁੰਮਣ ਲ ਮਜਬੂਰ ਹੋ ਗਏ ਆ ਤੇ ਮੋਦੀ ਦੀ ਆਪਣੀ 2000 ਦਾ ਨੋਟ ਜਾਰੀ ਕਰਨ ਵਾਲੀ ਰਿਜ਼ਰਵ ਬੈਂਕ ਆਹਦੀ ਆ ਕਿ 40 ਸਾਲਾਂ 'ਚ ਭਾਰਤੀਆਂ ਦਾ 170ਖਰਬ ਰੁਪਈਆ ਵਿਦੇਸ਼ੀ ਬੈਂਕਾਂ ਦਾ ਸ਼ਿੰਗਾਰ ਬਣ ਚੁੱਕਾ ਆ। ਆਹ ਪਿਛਲੇ ਦਿਨੀਂ ਉਹਦੇ ਯਾਰਾਂ ਬੇਲੀਆਂ ਅਡਾਨੀ, ਅੰਬਾਨੀ 60 ਹਜ਼ਾਰ ਕਰੋੜ ਦਾ ਘੁਟਾਲਾ ਕੋਲੇ ਦੇ ਆਦਲ-ਬਦਲ 'ਚ ਕਰ ਦਿੱਤਾ ਆ। ਇਹੋ ਜਿਹੇ ਮੋਦੀ ਦੇ 20% ਲੋਕ ਦੇਸ਼ ਦੀ 84% ਜਾਇਦਾਦ ਦੇ ਮਾਲਕ ਆ, ਬਾਕੀਆਂ ਦੇ ਝੁੱਗੇ 'ਚ ਭਾਈ ਲਿਸ਼ਕਾਉਣ ਨੂੰ ਇਕ ਲੌਂਗ ਹੀ ਸੀ, ਉਹ ਵੀ ਭਾਈ ਮਾਈ ਮੋਹਨੋ ਦੀ ਬਹੂ-ਰਾਣੀ ਆਂਹਦੀ ਆ, 'ਮੋਏ ਮੋਦੀ' ਨੇ ਖੋਹ ਲਿਆ ਤੇ ਉਹ ਬਾਵਰੀ ਹੋਈ ਆਂਹਦੀ ਫਿਰਦੀ ਆ ''. ਮਾਏ ਨੀ ਮੇਰਾ ਲੌਂਗ ਗੁਆਚਾ ਡਰਦੀ ਆਖ ਨਹੀਂ ਸਕਦੀ, ਛੜੇ ਮੋਦੀ ਨੇ ਖੋਹ ਲਿਆ।
ਰਾਜੇ ਦੀ ਚਾਬਕ
ਖ਼ਬਰ ਹੈ ਕਿ ਸੰਯੁਕਤ ਰਾਸ਼ਟਰ ਦੀ ਬਾਲ ਕਲਿਆਣ ਸੰਸਥਾ ਯੂਨੀਸੈਫ ਨੇ ਕਿਹਾ ਹੈ ਕਿ ਭਾਰਤ ਦੀ ਰਾਜਧਾਨੀ ਵਿਚ ਧੁੰਦ ਅਤੇ ਇਸਦਾ ਪ੍ਰਤੀਕੂਲ ਪ੍ਰਭਾਵ ਨਾਗਰਿਕਾਂ ਦੇ ਰੋਜ਼ਾਨਾ ਜੀਵਨ ਉਤੇ ਪੈ ਰਿਹਾ ਹੈ। ਧੁੰਦ ਦਿੱਲੀ ਦੀ ਆਮ ਸਮੱਸਿਆ ਬਣ ਗਈ ਹੈ। ਦਿੱਲੀ ਦੇ ਬੱਚਿਆਂ ਨੂੰ ਸਾਹ ਲੈਣ ਦੀ ਤਕਲੀਫ ਹੋ ਰਹੀ ਹੈ। ਦਿੱਲੀ ਦੀ ਸਥਿਤੀ ਵਿਸ਼ਵ ਦੇ ਲਈ ਖਤਰੇ ਦੀ ਘੰਟੀ ਹੈ। ਸ਼ਹਿਰ ਦੇ 5000 ਸਕੂਲਾਂ ਨੂੰ ਬੰਦ ਕਰਨਾ ਪਿਆ। ਰਾਜਧਾਨੀ ਦੇ ਬਹੁਤੇ ਹਿੱਸਿਆਂ ਵਿਚ ਪ੍ਰਤੀ ਘਣਮੀਟਰ ਵਾਯੂ ਵਿਚ ਖਤਰਨਾਕ ਤੱਤਾਂ ਦਾ ਵਾਯੂ ਪ੍ਰਦੂਸ਼ਨ ਸਤਰ 999 ਮਾਈਕਰੋਗ੍ਰਾਮ ਤੱਕ ਪਹੁੰਚ ਗਿਆ ਸੀ ਜੋ ਕਿ ਸੁਰੱਖਿਆ ਮਾਣਕਾਂ ਦੇ ਮੁਕਾਬਲੇ 15 ਤੋਂ17 ਗੁਣਾਂ ਜ਼ਿਆਦਾ ਹੈ।
ਬਹੁਤ ਤਕੜੇ ਆ ਦਿੱਲੀ ਦੇ ਲੋਕ ਭਾਈ! ਉਥੇ ਵੱਡੇ-ਵੱਡੇ ਧੁਨੰਤਰ ਵਸਦੇ ਆ। ਰਾਜੇ-ਮਹਾਰਾਜੇ! ਪੂੰਜੀਪਤੀ-ਬਲੈਕੀਏ! ਜਮਾਂਖੋਰ-ਭ੍ਰਿਸ਼ਟਾਚਾਰੀ! ਨੇਤਾ ਲੋਕ-ਕਾਰਪੋਰੇਟੀਏ! ਉਹ ਸਰੀਆ ਹਜ਼ਮ ਕਰ ਜਾਂਦੇ ਆ। ਉਹ ਕੋਲਾ ਖਾਂਦੇ ਆ, ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦੇਂਦੇ। ਸੀਮਿੰਟ ਦਾ ਤਾਂ ਉਹ ਨਾਸ਼ਤਾ ਕਰਦੇ ਆ। ਆਹ ਵੇਖੋ 500 ਤੇ 1000 ਦੇ ਗਾਂਧੀ ਦੀ ਫੋਟੋ ਵਾਲੇ ਨੋਟਾਂ ਦਾ ਉਹਨਾਂ ਧੂ ਨਹੀਂ ਕੱਢਿਆ, ਦੇਸ਼ ਦੇ ਲੋਕ ਮਾਰੇ-ਮਾਰੇ ਫਿਰਦੇ ਆ ਉਹ ਅਰਾਮ ਫਰਮਾ ਰਹੇ ਆ-ਮੋਦੀ ਦੇ ਗੁਣ ਗਾ ਰਹੇ ਆ। ਉਨਾਂ ਦੀ ਦੇਖੋ-ਦੇਖੀ ਭਾਈ ਦਿੱਲੀ ਦੇ ਲੋਕ ਉਨਾਂ ਵਰਗੇ ਹੋ ਗਏ ਆ। ਸੀਮਿੰਟ, ਕੋਲਾ, ਸਰੀਆ, ਨੋਟ ਖਾਣ ਵਾਲਿਆਂ ਨੂੰ ਦੇਖ-ਦੇਖ ਉਨਾਂ ਦੇ ਹਾਜ਼ਮੇ ਵੀ ਉਹੋ ਜਿਹੇ ਹੋ ਗਏ ਆ, ਤਦੇ ਨਾ ਉਨਾਂ ਨੂੰ ਦਿੱਲੀ ਦਾ ਗੰਦਾ ਪਾਣੀ ਕੁਝ ਕਹਿੰਦਾ, ਨਾ ਦਿੱਲੀ ਦੀ ਪ੍ਰਦੂਸ਼ਿਤ ਹਵਾ! ਹਾਜ਼ਮਾ ਦਰੁਸਤ! ਫੇਫੜੇ ਕਾਲੇ, ਕਾਲੇ ਧਨ ਵਰਗੇ ਪਰ ਸਰੀਰ ਆ ਭਾਈ ਉਨਾਂ ਦਾ ਚਿੱਟਾ ਦੁੱਧ! ਦੁਨੀਆਂ ਦੇ ਲੋਕ ਦਿੱਲੀ ਵਾਲਿਆਂ ਦਾ ਲੱਖ ਫਿਕਰ ਕਰਨ, ਉਹ ਤਾਂ ਭਾਈ 'ਰਾਜਿਆ' ਦੀ ਰਜ਼ਾ 'ਚ ਰਾਜ਼ੀ ਆ। ਮੋਦੀ-ਕੇਜਰੀ ਲੱਖ ਕੁਸ਼ਤੀਆਂ ਕਰਨ, ਆਪਸ 'ਚ ਲੜਨ-ਭਿੜਨ, ਗਾਲਾਂ ਕੱਢਣ, ਇਕ ਗੱਲ 'ਚ ਬੱਸ ਇਕੋ ਆ ਲੋਕ ਜਾਣ ਢੱਠੇ ਖੂਹ'ਚ,ਯਾਰਾਂ ਦਾ ਰਾਝਾਂ ਰਾਜੀ ਚਾਹੀਦਾ।
ਹਥ 'ਚ ਚਾਬਕ ਚਾਹੀਦੀ ਆ। ਭਾਵੇਂ ਉਹ ਭਾਈ ਜੀਊਂਦੇ ਮੁਰਦਿਆਂ ਇਨਸਾਨਾਂ ਉਤੇ ਹੀ ਚੱਲਣ ਵਾਲੀ ਕਿਉਂ ਨਾ ਹੋਵੇ?
ਐਨਾ ਕੁ ਕਾਫੀ ਚੰਗਾ
ਖ਼ਬਰ ਹੈ ਪੰਜਾਬ ਦੇ ਖਿਡਾਰੀਆਂ ਦੀ ਦਿਹਾੜੀ ਦੀ ਖੁਰਾਕ ਰਾਸ਼ੀ ਇਕ ਵਾਰ ਮੁੜ 100 ਰੁਪਏ ਪ੍ਰਤੀ ਦਿਨ ਕਰ ਦਿੱਤੀ ਗਈ ਹੈ। ਸਾਲ 2012 'ਚ ਇਹ ਡਾਈਟ ਰਾਸ਼ੀ 60 ਰੁਪਏ ਤੋਂ 100 ਰੁਪਏ ਕੀਤੀ ਗਈ ਸੀ, ਪਰ ਫਿਰ ਇਹ ਘਟਾ ਕੇ 50 ਰੁਪਏ ਕਰ ਦਿੱਤੀ ਗਈ ਸੀ। ਮਨਮਰਜ਼ੀ ਵਾਲੇ ਇਸ ਫੈਸਲੇ ਉਤੇ ਪੰਜਾਬ ਹਰਿਆਣਾ ਹਾਈਕੋਰਟ 'ਚ ਰਿੱਟ ਹੋਈ, ਜਿਸਨੂੰ ਪੰਜਾਬ ਸਰਕਾਰ ਦੇ ਖੇਡ ਨਿਰਦੇਸ਼ਨ ਨੇ ਹਲਫਨਾਮਾ ਦੇ ਕੇ ਆਖਿਆ ਕਿ ਡਾਈਟ ਰਾਸ਼ੀ 100 ਰੁਪਏ ਪ੍ਰਤੀ ਖਿਡਾਰੀ ਕਰ ਦਿੱਤੀ ਗਈ ਹੈ।
ਵਾਹ! ਜੀ ਵਾਹ! ਸਾਡੇ ਪਹਿਲਵਾਨ ਛੰਨਿਆਂ ਦੇ ਛੰਨੇ ਘਿਉ ਪੀ ਜਾਂਦੇ ਸਨ, ਮਟਕੀਆਂ ਦੀਆਂ ਮਟਕੀਆਂ ਦੁੱਧ ਡਕਾਰ ਜਾਂਦੇ ਸਨ ਅਤੇ ਮੁੜ ਦੁਨੀਆਂ 'ਚ ਆਪਣੀ ਤਾਕਤ ਦੀ ਮੋਹੜੀ ਗੱਡਿਆ ਕਰਦੇ ਸਨ! ਵੱਡੇ ਪੱਟ, ਲਿਸ਼ਕਵੇ ਡੌਲੇ, ਚਮਕਦੀਆਂ ਪਿੰਨੀਆਂ, ਭਖਵਾਂ ਜੁੱਸਾ ਪੰਜਾਬੀਆਂ ਦੀ ਸ਼ਾਨ ਸੀ! ਹੁਣ ਵਾਲੇ ਜੁੱਸੇ ਲਈ ਤਾਂ ਭਾਈ 100 ਰੁਪਈਆ ਕਾਫੀ ਆ, ਇਹਦੇ ਵਿਚ ਕੱਪੀ ਕੁ ਦੁੱਧ, 2 ਅੰਡੇ, 2 ਕੇਲੇ, ਰਤਾ ਮਸਾਂ ਮੂੰਹ ਨੂੰ ਲਾਉਣ ਯੋਗਾ ਪਨੀਰ, ਦੋ ਕੁ ਫੁਲਕੀਆਂ, ਦੋ ਕੁ ਚਮਚੇ ਦਹੀਂ ਤਾਂ ਆ ਹੀ ਜਾਊ, ਬਾਕੀ ਹਵਾ ਖਾ ਕੇ ਕਰ ਲਉ ਭਾਈ ਜਵਾਨ ਛੈਲ-ਛਬੀਲਾ ਪੰਜਾਬ ਦਾ! ਉਹਨੇ ਕਿਹੜਾ ਕੋਈ ਮੈਡਲ ਜਿੱਤਣਾ, ਹੋਸਟਲ ਦੇ ਕਮਰੇ 'ਚ ਬੈਠ ਮੰਜਾ ਹੀ ਤੋੜਨਾ, ਇਹ ਸੋਚ ਕੇ ਸਰਕਾਰ ਭਾਈ ਖਿਡਾਰੀਆਂ ਦਾ ਖਿਆਲ ਰੱਖਦੀ ਆ। ਉਂਜ ਭਾਈ ਜੁਆਨ ਜ਼ਿਆਦਾ ਤਕੜੇ ਹੋ ਗਏ ਤਾਂ ਗੁਆਂਢੀਆਂ ਦਾ ਸਿਰ ਹੀ ਪਾੜਨਗੇ। ਇਹਦੇ ਨਾਲੋਂ ਤਾਂ ਅਸੀਂ ਦੋ ਸਾਡੇ ਦੋ ਵਾਂਗਰ, ਘੱਟ ਖਾਉ, ਘੱਟ ਖੁਆਉ ਅਤੇ ਬੱਸ ਆਪਣੇ ਜੋਗੇ ਹੀ ਰਹਿ ਜਾਉ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ!
• ਇਕ ਪਾਸੇ ਭਾਰਤ ਦੇਸ਼ ਦੇ 20 ਕਰੋੜ ਲੋਕ ਨਿੱਤ ਭੁਖੇ ਸੌਂਦੇ ਹਨ, ਦੂਜੇ ਪਾਸੇ ਮੁੰਬਈ ਵਿਚ ਸਮੁੰਦਰੀ ਤੱਟ ਉਤੇ ਸਰਕਾਰ ਵੱਲੋਂ ਛਤਰਪਤੀ ਸ਼ਿਵਾ ਜੀ ਦਾ190 ਮੀਟਰ ਉੱਚਾ ਬੁੱਤ 3600 ਕਰੋੜ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ।
• ਗਰੀਬ ਭਾਰਤ ਵਿਚ 70.82 ਅਰਬ ਡਾਲਰ ਕਾਲਾ ਧੰਨ ਹੈ, ਜਦਕਿ ਚੀਨ ਕੋਲ 260.57 ਅਰਬ ਡਾਲਰ ਅਤੇ ਅਮਰੀਕਾ ਕੋਲ 626.46 ਅਰਬ ਡਾਲਰ ਕਾਲਾ ਧੰਨ ਹੈ। ਇਹ ਕਾਲਾ ਧਨ ਤਸਕਰੀ, ਨਸ਼ਿਆਂ ਦੇ ਕਾਰੋਬਾਰ ਅਤੇ ਹਥਿਆਰ ਸਮੇਤ ਹੋਰ ਗੈਰ ਕਾਨੂੰਨੀ ਕਾਰੋਬਾਰ ਲਈ ਵਰਤਿਆ ਜਾਂਦਾ ਹੈ।
ਇਕ ਵਿਚਾਰ
ਹਵਾ, ਪਾਣੀ, ਜੰਗਲ ਅਤੇ ਜੰਗਲੀ ਜੀਵਾਂ ਦੀ ਰੱਖਿਆ ਅਸਲ ਵਿਚ ਮਨੁੱਖ ਦੀ ਰੱਖਿਆ ਕਰਨਾ ਹੈ। ਸਟੀਵਰਟ ਉਡਾਲ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.