ਚੰਡੀਗੜ੍ਹ: ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਅਹੁਦੇਦਾਰਾਂ, ਕਾਰਜਕਾਰਨੀ ਅਤੇ ਵਿਸ਼ੇਸ਼ ਨਿਮੰਤਰਤ ਮੈਂਬਰਾਂ ਦੀ ਪਲੇਠੀ ਮੀਟਿੰਗ ਵਿਚ ਸਭਾ ਵਲੋਂ ਅਗਲੇ ਤਿੰਨ ਮਹੀਨਿਆਂ ਲਈ ਕੀਤੇ ਜਾਣ ਵਾਲੇ ਸਾਹਿਤਕ ਅਤੇ ਜਥੇਬੰਦਕ ਕਾਰਜ ਉਲੀਕੇ ਗਏ ਹਨ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ, ਉੱਘੇ ਵਿਦਵਾਨ ਡਾ. ਤੇਜਵੰਤ ਗਿੱਲ, ਕਵੀ ਦਰਸ਼ਨ ਬੁੱਟਰ, ਗੁਰਨਾਮ ਕੰਵਰ ਅਤੇ ਮੱਖਣ ਕੁਹਾੜ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਦੀ ਕਾਰਵਾਈ ਪ੍ਰੈੱਸ ਨੂੰ ਜਾਰੀ ਕਰਦਿਆਂ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਦਸਿਆ ਕਿ ਕੇਂਦਰੀ ਸਭਾ ਨਾਲ ਜੁੜੀਆਂ 148 ਸਥਾਨਕ ਸਭਾਵਾਂ ਨੂੰ ਸਰਗਰਮ ਕਰਨ ਲਈ ਇਨ੍ਹਾਂ ਦੇ ਪ੍ਰਧਾਨਾਂ, ਜਨਰਲ ਸਕੱਤਰਾਂ ਅਤੇ ਨੁਮਾਇੰਦਿਆਂ ਦੀ ਇਕ ਵਰਕਸ਼ਾਪ ਦਸੰਬਰ ਮਹੀਨੇ ਜਲੰਧਰ ਵਿਚ ਕੀਤੇ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੀਤੇ ਜਾਣ ਵਾਲੇ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਜਨਵਰੀ 2017 ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿਚ ਮਾਰਕਸਵਾਦ ਅਤੇ ਅੰਬੇਦਕਰਵਾਦ 'ਤੇ ਆਧਾਰਤ ਇਕ ਸੈਮੀਨਾਰ ਕਰਵਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ, ਇਸ ਦੇ ਕਨਵੀਨਰ ਡਾ. ਤੇਜਵੰਤ ਗਿੱਲ ਨੂੰ ਬਣਾਇਆ ਗਿਆ ਹੈ। ਫ਼ਰਵਰੀ 2017 ਵਿਚ ਪੰਜਾਬੀ ਨਾਟਕ ਉੱਪਰ ਸੈਮੀਨਾਰ ਅਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਕਰਵਾਈਆਂ ਜਾਣਗੀਆਂ। ਇਸ ਦੋ ਦਿਨਾ ਸਮਾਗਮ ਦੇ ਕਨਵੀਨਰ ਕੇਵਲ ਧਾਲੀਵਾਲ ਅਤੇ ਡਾ. ਸਾਹਿਬ ਸਿੰਘ ਨੂੰ ਲਾਇਆ ਗਿਆ ਹੈ। ਸੁਸ਼ੀਲ ਦੁਸਾਂਝ ਨੇ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਬਚਾਉ ਮੋਰਚੇ ਵਲੋਂ ਸਾਂਝੇ ਤੌਰ 'ਤੇ 21 ਫ਼ਰਵਰੀ ਨੂੰ ਚੰਡੀਗੜ੍ਹ ਵਿਚ ਧਰਨਾ ਲਾਉਣ ਅਤੇ ਵੱਡੇ ਲੇਖਕਾਂ ਵਲੋਂ ਸੰਕੇਤਕ ਗ੍ਰਿਫ਼ਤਾਰੀਆਂ ਦੇਣ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਉਨ੍ਹਾਂ ਅੱਗੇ ਦਸਿਆ ਕਿ ਜਲੰਧਰ ਜ਼ਿਲ੍ਹੇ ਦੇ ਪ੍ਰਸਿੱਧ ਕਸਬੇ ਜੰਡਿਆਲਾ ਮੰਜਕੀ ਵਿਖੇ ਲੋਕ ਸਾਹਿਤ ਅਤੇ ਕਲਾ ਮੇਲਾ ਕਰਵਾਏ ਜਾਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ, ਇਸ ਦੀ ਮਿਤੀ ਦਾ ਐਲਾਨ ਜਲਦ ਹੀ ਕਰ ਦਿਤਾ ਜਾਵੇਗਾ। ਇਸ ਤੋਂ ਇਲਾਵਾ ਕੇਂਦਰੀ ਸਭਾ ਆਪਣੇ ਨਾਲ ਜੁੜੀਆਂ ਸਥਾਨਕ ਸਭਾਵਾਂ ਨਾਲ ਮਿਲ ਕੇ ਮਿਆਰੀ ਕਿਤਾਬਾਂ ਉਤੇ ਗੋਸ਼ਟੀਆਂ/ਸੈਮੀਨਾਰ ਕਰਵਾਏਗੀ। ਕਿਤਾਬਾਂ ਦੀ ਚੋਣ ਕਰਨ ਲਈ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਨਾਲ ਡਾ. ਸੁਖਦੇਵ ਸਿੰਘ ਸਿਰਸਾ, ਦਰਸ਼ਨ ਬੁੱਟਰ ਅਤੇ ਡਾ. ਸੁਰਜੀਤ ਬਰਾੜ ਦੀ ਕਮੇਟੀ ਬਣਾਈ ਗਈ।
ਮੀਟਿੰਗ ਵਿਚ ਸਰਬ ਸੰਮਤੀ ਨਾਲ ਕੁੱਝ ਮਹੱਤਵਪੂਰਨ ਮਤੇ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਰਾਹੀਂ ਮੰਗ ਕੀਤੀ ਗਈ ਕਿ ਪੰਜਾਬ ਵਿਚ ਹਰ ਤਰ੍ਹਾਂ ਦੀ ਸਿਖਿਆ ਦਾ ਮਾਧਿਅਮ ਪੰਜਾਬੀ ਭਾਸ਼ਾ ਹੋਵੇ, ਪੰਜਾਬੀ ਭਾਸ਼ਾ ਨੂੰ ਦਫ਼ਤਰੀ ਅਤੇ ਅਦਾਲਤੀ ਭਾਸ਼ਾ ਬਣਾਇਆ ਜਾਵੇ, ਪੰਜਾਬੀ ਭਾਸ਼ਾ ਲਈ ਇਕ ਟ੍ਰਿਬਿਊਨਲ ਬਣਾਇਆ ਜਾਵੇ ਜੋ ਪੰਜਾਬੀ ਨਾ ਲਾਗੂ ਕਰਨ ਵਾਲੀਆਂ ਸ਼ਿਕਾਇਤਾਂ ਅਤੇ ਹੋਰ ਲੋੜੀਂਦੇ ਮਸਲੇ ਹੱਲ ਕਰੇ, ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਸ਼ਾਸਨਿਕ ਭਾਸ਼ਾ ਬਣਾਇਆ ਜਾਵੇ, ਹਰਿਆਣਾ ਵਿਚ ਪੰਜਾਬੀ ਭਾਸ਼ਾ ਦੇ ਦੂਜੇ ਦਰਜੇ ਨੂੰ ਵਿਹਾਰਕ ਜਾਮਾ ਪਹਿਨਾਇਆ ਜਾਵੇ ਅਤੇ ਪੰਜਾਬੀ ਵਿਚ ਕੰਮ ਨਾ ਕਰਨ ਵਾਲੇ ਮੁਲਾਜ਼ਮਾਂ ਅਤੇ ਅਫ਼ਸਰਾਂ ਨੂੰ ਸਜ਼ਾ ਦੇਣ ਲਈ ਪੰਜਾਬ ਰਾਜ ਭਾਸ਼ਾ ਐਕਟ ਵਿਚ ਸਖ਼ਤ ਸਜ਼ਾ ਦੀ ਧਾਰਾ ਪਾਈ ਜਾਵੇ। ਇਕ ਹੋਰ ਮਹੱਤਵਪੂਰਨ ਮਤੇ ਰਾਹੀਂ ਭਾਰਤੀ ਚੋਣ ਕਮਿਸ਼ਨ ਕੋਲੋਂ ਮੰਗ ਕੀਤੀ ਗਈ ਕਿ ਹਰ ਸਿਆਸੀ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਾਇਰੇ ਵਿਚ ਲਿਆਂਦਾ ਜਾਵੇ ਤਾਂ ਜੋ ਲੋਕ ਸਬੰਧਤ ਪਾਰਟੀ ਉਤੇ ਉਨ੍ਹਾਂ ਵਲੋਂ ਕੀਤੇ ਗਏ ਵਾਅਦੇ ਲਾਗੂ ਕਰਨ ਲਈ ਦਬਾਅ ਪਾ ਸਕਣ ਤੇ ਜੇ ਵਾਅਦੇ ਪੂਰੇ ਨਾ ਕੀਤੇ ਜਾਣ ਤਾਂ ਕਾਨੂੰਨੀ ਕਾਰਵਾਈ ਹੋ ਸਕੇ।
ਮੀਟਿੰਗ ਵਿਚ ਚੁਣੇ ਗਏ ਅਹੁਦੇਦਾਰਾਂ ਦੇ ਕੰਮ ਦੀ ਵੰਡ ਵੀ ਕੀਤੀ ਗਈ। ਕੰਮ ਵੰਡ ਮੁਤਾਬਕ ਕੇਂਦਰੀ ਸਭਾ ਦੇ ਦਫ਼ਤਰ ਸਕੱਤਰ ਵਜੋਂ ਕਰਮ ਸਿੰਘ ਵਕੀਲ, ਵਿੱਤ ਸਕੱਤਰ ਡਾ. ਹਰਵਿੰਦਰ ਸਿੰਘ ਸਿਰਸਾ ਅਤੇ ਪ੍ਰਚਾਰ ਸਕੱਤਰ ਵਜੋਂ ਵਰਗਿਸ ਸਲਾਮਤ ਕੰਮ ਕਰਨਗੇ। ਮੀਟਿੰਗ ਵਿਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਸਾਹਿਤ ਸਭਾਵਾਂ ਦਾ ਕੰਮ ਦੇਖਣ ਅਤੇ ਸਰਗਰਮੀ ਵਧਾਉਣ ਲਈ ਜ਼ੋਨ ਇੰਚਾਰਜ ਵੀ ਲਾਏ ਗਏ ਜਿਸ ਵਿਚ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਸਕੱਤਰ ਅਰਤਿੰਦਰ ਸੰਧੂ ਨੂੰ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਦਾ ਕੰਮ ਸੌਂਪਿਆ ਗਿਆ। ਮੀਤ ਪ੍ਰਧਾਨ ਸੁਰਿੰਦਰਪ੍ਰੀਤ ਘਣੀਆ, ਬਠਿੰਡਾ, ਫ਼ਰੀਦਕੋਟ, ਸੰਗਰੂਰ, ਬਰਨਾਲਾ ਅਤੇ ਪਟਿਆਲਾ ਜ਼ਿਲ੍ਹਿਆਂ ਦੀਆਂ ਸਭਾਵਾਂ ਦਾ ਕੰਮਕਾਰ ਵੇਖਣਗੇ। ਮੀਤ ਪ੍ਰਧਾਨ ਜਸਪਾਲ ਮਾਨਖੇੜਾ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਫ਼ਿਰੋਜ਼ਪੁਰ ਅਤੇ ਮੁਕਤਸਰ ਜ਼ਿਲ੍ਹਿਆਂ ਦੀਆਂ ਸਭਾਵਾਂ ਦਾ ਕੰਮਕਾਰ ਵੇਖਣਗੇ। ਮੀਤ ਪ੍ਰਧਾਨ ਜਸਵੀਰ ਝੱਜ ਲੁਧਿਆਣਾ, ਫ਼ਤਹਿਗੜ੍ਹ ਸਾਹਿਬ ਅਤੇ ਮੋਗਾ ਜ਼ਿਲ੍ਹਿਆਂ ਦੇ ਇੰਚਾਰਜ ਹੋਣਗੇ। ਮੀਤ ਪ੍ਰਧਾਨ ਸੂਬਾ ਸੁਰਿੰਦਰ ਕੌਰ ਖਰਲ ਅਤੇ ਕਾਰਜਕਾਰਨੀ ਮੈਂਬਰ ਡਾ. ਗੁਰਮੇਲ ਸਿੰਘ, ਰੋਪੜ, ਮੋਹਾਲੀ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੀਆਂ ਸਭਾਵਾਂ ਦਾ ਕੰਮਕਾਰ ਵੇਖਣਗੇ। ਜਦਕਿ ਸਮੁੱਚੇ ਚੰਡੀਗੜ੍ਹ ਦਾ ਕੰਮ ਡਾ. ਸਰਬਜੀਤ ਸਿੰਘ ਤੇ ਸੁਸ਼ੀਲ ਦੁਸਾਂਝ ਨੂੰ ਸੌਂਪਿਆ ਗਿਆ। ਮੀਟਿੰਗ ਨੇ ਇਕ ਹੋਰ ਅਹਿਮ ਫ਼ੈਸਲਾ ਕਰਦਿਆਂ ਕੇਂਦਰੀ ਸਭਾ ਦਾ ਬੁਲੇਟਿਨ 'ਪੰਜਾਬੀ ਲੇਖਕ' ਹਰ ਤਿੰਨ ਮਹੀਨੇ ਬਾਅਦ ਲਗਾਤਾਰ ਛਾਪਣ ਦਾ ਫ਼ੈਸਲਾ ਵੀ ਕੀਤਾ। ਪੰਜਾਬੀ ਲੇਖਕ ਦੇ ਸੰਪਾਦਕ ਵਜੋਂ ਡਾ. ਗੁਰਮੇਲ ਸਿੰਘ ਚੰਡੀਗੜ੍ਹ ਨੂੰ ਨਾਮਜ਼ਦ ਕੀਤਾ ਗਿਆ। ਸਭਾ ਦੀ ਇਹ ਪਲੇਠੀ ਮੀਟਿੰਗ ਬੇਹੱਦ ਕਾਮਯਾਬ ਰਹੀ ਅਤੇ ਪੰਜਾਹ ਦੇ ਕਰੀਬ ਚੁਣੇ ਗਏ ਅਹੁਦੇਦਾਰਾਂ ਨੂੰ ਇਸ ਮੀਟਿੰਗ ਵਿਚ ਭਾਗ ਲਿਆ।
-
ਸੁਸ਼ੀਲ ਦੁਸਾਂਝ, ਲੇਖਕ
sanjhahun@gmail.com
9888799870
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.