ਅੱਜ ਦੇ ਰੋਜ਼ਾਨਾ ਜੀਵਨ ਉੱਤੇ ਜੇ ਝਾਤੀ ਮਾਰੀਏ ਤਾਂ ਕਿੰਨੇ ਹੀ ਰੋਸ ਧਰਨੇ, ਭੁੱਖ ਹੜਤਾਲਾਂ, ਰੈਲੀਆਂ ਆਦਿ ਵੇਖ ਸਕਦੇ ਹਾਂ । ਪਰ ਸ਼ਾਇਦ ਹੀ ਕੋਈ ਦਿਨ ਖਾਲੀ ਜਾਂਦਾ ਹੋਵੇ, ਜਿਸ ਦਿਨ ਕਿਸਾਨਾਂ, ਅਧਿਆਪਕਾਂ, ਮਜ਼ਦੂਰਾਂ, ਨਰਸਾਂ, ਬੁੇਰੁਜ਼ਗਾਰਾਂ ਜਾਂ ਇਹੋ ਜਿਹੇ ਹੋਰ ਲੋਕਾਂ ਨੂੰ ਜਿਹੜੇ ਆਪਣੇ ਹੱਕਾਂ ਲਈ ਲੜ ਰਹੇ ਹਨ, ਨੂੰ ਪੁਲਿਸ ਤਸ਼ੱਦਦ ਦਾ ਸਾਹਮਣਾ ਨਾ ਕਰਨਾ ਪੈਂਦਾ ਹੋਵੇ । ਰੋਜ਼ਾਨਾ ਹੀ ਪੁਲਿਸ ਵੱਲੋਂ ਇਨ੍ਹਾਂ ਲੋਕਾਂ ਦਾ ਕੁਟਾਪਾ ਚਾੜ੍ਹਿਆ ਜਾਂਦਾ ਹੈ । ਇਨ੍ਹਾਂ ਦੀ ਪੁਲਿਸ ਤੋਂ ਕੁੱਟ ਖਾਂਦਿਆ ਅਤੇ ਜਲ ਤੋਪਾਂ ਦਾ ਸਾਹਮਣਾ ਕਰਦਿਆਂ ਦੀਆਂ ਤਸਵੀਰਾਂ ਰੋਜ਼ਾਨਾ ਅਖਬਾਰਾਂ ਵਿੱਚ ਛਪਦੀਆਂ ਹਨ ਅਤੇ ਸ਼ੋਸ਼ਲ ਮੀਡੀਆ ਵਿੱਚ ਵਾਇਰਲ ਹੋ ਜਾਂਦੀਆਂ ਹਨ ।
ਇਸ ਤਰ੍ਹਾਂ ਨਹੀਂ ਹੈ ਕਿ ਸਿਰਫ ਹੁਣ ਦੀ ਸਰਕਾਰ ਹੀ ਏਦਾਂ ਕਰ ਰਹੀ ਹੈ, ਇਸਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਵੀ ਇੰਝ ਹੀ ਕੀਤਾ ਸੀ ਤੇ ਆਉਣ ਵਾਲੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਹੀ ਕਰਨਗੀਆਂ । ਸਰਕਾਰਾਂ ਬਦਲਣ ਨਾਲ ਆਮ ਲੋਕਾਂ ਦੀ ਕਿਸਮਤ ਨਹੀਂ ਬਦਲ ਸਕਦੀ । ਸਰਕਾਰਾਂ ਬਦਲਣ ਨਾਲ ਸਿਰਫ ਹੁਕਮਰਾਨਾਂ ਦਾ ਚਿਹਰਾ ਹੀ ਬਦਲਦਾ ਹੈ, ਸੋਚ ਤਾਂ ਲੋਕਾਂ ਨੂੰ ਦਬਾ ਕੇ ਰੱਖਣ ਦੀ ਹੀ ਰਹਿੰਦੀ ਹੈ ।
ਜਦੋਂ ਤੱਕ ਕੋਈ ਪਾਰਟੀ ਵਿਰੋਧੀ ਧਿਰ ਵਿੱਚ ਹੁੰਦੀ ਹੈ ਤਾਂ ਉਸਦੇ ਮੈਂਬਰ ਇਨ੍ਹਾਂ ਰੋਸ ਮੁਜ਼ਾਹਰਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ । ਵਿਰੋਧੀ ਧਿਰ ਦੇ ਆਗੂ ਇਨ੍ਹਾਂ ਧਰਨਿਆਂ ਵਿੱਚ ਜ਼ੋਰਦਾਰ ਭਾਸ਼ਣ ਦਿੰਦੇ ਹਨ । ਵੇਖੋ ਭਾਸ਼ਣ ਦਾ ਇੱਕ ਨਮੂਨਾ," ਸੱਤਾ ਧਿਰ ਜੋ ਕੁਝ ਕਰ ਰਹੀ ਹੈ ਇਹ ਬਿਲਕੁਲ ਵੀ ਠੀਕ ਨਹੀਂ ਹੈ । ਇਹ ਗਰੀਬਾਂ ਨਾਲ ਧੱਕਾ ਕਰਨ ਵਾਲੀ ਜ਼ਾਲਮ ਸਰਕਾਰ ਹੈ । ਇਸਨੂੰ ਬਦਲਣ ਦੀ ਲੋੜ ਹੈ । ਜਦੋਂ ਤੱਕ ਇਸ ਸਰਕਾਰ ਨੂੰ ਬਦਲਿਆ ਨਹੀਂ ਜਾਵੇਗਾ ਉਦੋਂ ਤੱਕ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਸਕੇਗਾ । ਤੁਸੀਂ ਸਾਨੂੰ ਸੱਤਾ ਵਿੱਚ ਲੈ ਕੇ ਆਵੋ ਅਸੀਂ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਾਂਗੇ । " ਪਰ ਜਦੋਂ ਇਹ ਪਾਰਟੀ ਸੱਤਾ ਵਿੱਚ ਆ ਜਾਂਦੀ ਹੈ ਤਾਂ ਇਹ ਵੀ ਆਮ ਲੋਕਾਂ ਤੋਂ ਬੇਮੁੱਖ ਹੋ ਜਾਂਦੀ ਹੈ । ਹੁਣ ਸੱਤਾ ਧਿਰ ਤੋਂ ਵਿਰੋਧੀ ਧਿਰ ਬਣੀ ਪਾਰਟੀ ਆਮ ਲੋਕਾਂ ਵਿੱਚ ਵਿਚਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਨਵੀਂ ਬਣੀ ਸੱਤਾ ਧਿਰ ਨੂੰ ਲੋਕਾਂ ਅੱਗੇ ਨਿੰਦਣਾ ਸ਼ੁਰੂ ਕਰ ਦਿੰਦੀ ਹੈ । ਪਰ ਆਮ ਲੋਕਾਂ ਦੀ ਸਥਿਤੀ ਪਹਿਲਾਂ ਵਾਲੀ ਹੀ ਰਹਿੰਦੀ ਹੈ । ਉਨ੍ਹਾਂ ਦੀ ਸੁਣਵਾਈ ਕਿਤੇ ਵੀ ਨਹੀਂ ਹੈ, ਭਾਵੇਂ ਕਿੰਨੀਆਂ ਹੀ ਸਰਕਾਰਾਂ ਬਦਲ ਜਾਣ ।
ਲੋਕਾਂ ਦਾ ਇਹ ਸੋਚਣਾ ਗਲਤ ਹੈ ਕਿ ਸ਼ਾਇਦ ਸਰਕਾਰ ਬਦਲਣ ਨਾਲ ਉਨ੍ਹਾਂ ਦੀ ਕਿਸਮਤ ਬਦਲ ਜਾਵੇਗੀ । ਪਰ ਅਫਸੋਸ ਏਦਾਂ ਨਹੀਂ ਹੁੰਦਾ । ਜਿਸ ਤਰ੍ਹਾਂ ਪਹਿਲਾਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਭਾਈ-ਭਤੀਜਾਵਾਦ ਚੱਲਦਾ ਸੀ, ਹੁਣ ਵੀ ਚੱਲ ਰਿਹਾ ਹੈ ਅਤੇ ਚੱਲਦਾ ਰਹੇਗਾ । ਸਰਕਾਰਾਂ ਬਦਲਣ ਨਾਲ ਫਾਇਦਾ ਤਾਂ ਸਿਰਫ ਉੱਚ ਵਰਗ, ਅਮੀਰ ਘਰਾਣਿਆਂ ਅਤੇ ਵੱਡੀਆਂ ਕੰਪਨੀਆਂ ਵਾਲਿਆਂ ਨੂੰ ਹੀ ਹੁੰਦਾ ਹੈ । ਕਿਉਂਕਿ ਇਹ ਲੋਕ ਹਰ ਪਾਰਟੀ ਨੂੰ ਚੋਣ ਫੰਡ ਦੇ ਨਾਂ ਤੇ ਮੋਟੀਆਂ ਰਕਮਾਂ ਦਿੰਦੇ ਹਨ । ਇਨ੍ਹਾਂ ਫੰਡਾਂ ਦੀ ਸਹਾਇਤਾ ਨਾਲ ਹੀ ਚੋਣਾਂ ਲੜੀਆਂ ਜਾਂਦੀਆਂ ਹਨ । ਵੋਟਰਾਂ ਦੀਆਂ ਵੋਟਾਂ ਖਰੀਦੀਆਂ ਜਾਂਦੀਆਂ ਹਨ । ਨਸ਼ੇ ਸਪਲਾਈ ਕੀਤੇ ਜਾਂਦੇ ਹਨ । ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ਬਣਾਉਣ ਲਈ ਐਮ.ਐਲ.ਏਜ਼. ਦੀ ਖਰੀਦੋ ਫਰੋਖਤ ਵੀ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਪੈਸੇ ਨਾਲ ਹੀ ਹੁੰਦੀ ਹੈ ।ਚੋਣਾਂ ਤੋਂ ਬਾਅਦ ਫਿਰ ਇਹ ਬਿਜ਼ਨਸਮੈਨ ਸਰਕਾਰ ਤੋਂ ਵੱਡੀਆਂ ਰਿਆਇਤਾਂ ਲੈਂਦੇ ਹਨ । ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਸਸਤੇ ਭਾਅ ਤੇ ਖਰੀਦ ਕੇ ਦੇਣ ਲਈ ਸਰਕਾਰਾਂ ਨੂੰ ਮਜ਼ਬੂਰ ਕਰਦੇ ਹਨ । ਗੱਲ ਕੀ, ਉਹ ਆਪਣੇ ਲਈ ਹਰ ਫਾਇਦਾ ਕਰਵਾ ਲੈਂਦੇ ਹਨ । ਪਰ ਸਰਕਾਰ ਵੱਲੋਂ ਆਮ ਵਰਗ ਲਈ ਕੋਈ ਵੀ ਭਲਾਈ ਸਕੀਮ ਠੀਕ ਢੰਗ ਨਾਲ ਲਾਗੂ ਨਹੀਂ ਕੀਤੀ ਜਾਂਦੀ ।
ਸਾਡੇ ਦੇਸ਼ ਦੀ ਰਾਜਨੀਤਕ ਸਥਿਤੀ ਹੀ ਅਜਿਹੀ ਹੈ ਕਿ ਇੱਥੇ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਕੋਈ ਸੂਬਾ ਸਰਕਾਰ, ਤੀਜੇ ਬਦਲ ਦੀ ਘਾਟ ਹਮੇਸ਼ਾਂ ਰਹੀ ਹੈ । ਪਹਿਲੀ ਤੋਂ ਬਾਅਦ ਦੂਜੀ, ਦੂਜੀ ਤੋਂ ਫੇਰ ਪਹਿਲੀ । ਇਹ ਫਸਲੀ ਚੱਕਰ ਹੁਣ ਤੱਕ ਏਦਾਂ ਹੀ ਚਲਦਾ ਰਿਹਾ ਹੈ । ਭਾਵੇਂ ਇੱਕਾ ਦੁੱਕਾ ਥਾਵਾਂ ਤੇ ਲੋਕਾਂ ਦੇ ਗੁੱਸੇ ਨੇ ਬਦਲਾਅ ਲਿਆ ਕੇ ਤੀਜੀ ਧਿਰ ਨੂੰ ਵੀ ਸਰਕਾਰ ਚਲਾਉਣ ਦਾ ਮੌਕਾ ਦਿੱਤਾ ਪਰ ਸੱਤਾ ਵਿੱਚ ਆਉਂਦੇ ਹੀ ਉਹ ਧਿਰ ਵੀ ਹਾਕਮ ਜਮਾਤ ਬਣ ਕੇ ਲੋਕਾਂ ਦੇ ਮੁਦਿਆਂ ਤੋਂ ਦੂਰ ਹੁੰਦੀ ਗਈ ਅਤੇ ਲੋਕ ਫਿਰ ਆਪਣੇ ਆਪ ਨੂੰ ਵੱਧ ਠੱਗੇ ਹੋਏ ਮਹਿਸੂਸ ਕਰਦੇ ਨਜ਼ਰ ਆਏ । ਅਜੋਕੀ ਸਥਿਤੀ ਕਾਰਨ ਹੀ ਭਾਰਤ ਵਿੱਚ ਆਮ ਲੋਕਾਂ ਦਾ ਹੁਣ ਤੱਕ ਭਲਾ ਨਹੀਂ ਹੋ ਸਕਿਆ । ਭਾਰਤ ਵਿੱਚ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਅਨੇਕਾਂ ਹੋਰ ਅਜਿਹੀਆਂ ਸਮੱਸਿਆਵਾਂ ਉਵੇਂ ਹੀ ਖੜ੍ਹੀਆਂ ਹਨ, ਜਿਵੇਂ ਦੇਸ਼ ਆਜ਼ਾਦ ਹੋਣ ਵੇਲੇ ਸਨ । ਇਸਦਾ ਕਾਰਨ ਇਹ ਹੈ ਕਿ ਹੁਣ ਤੱਕ ਆਈਆਂ ਸਰਕਾਰਾਂ ਨੇ ਸਿਰਫ 10-15 ਫੀਸਦੀ ਲੋਕਾਂ ਨੂੰ ਹੀ ਲਾਭ ਪਹੁੰਚਾਇਆ ਹੈ, 80-85 ਫੀਸਦੀ ਲੋਕਾਂ ਦੀ ਕਿਸਮਤ ਬਦਲਣ ਲਈ ਜਾਂ ਇਨ੍ਹਾਂ ਨੂੰ ਗਰੀਬੀ ਦੀ ਦਲਦਲ 'ਚੋਂ ਕੱਢਣ ਲਈ ਤਾਂ ਕਿਸੇ ਸਰਕਾਰ ਨੇ ਕਦੇ ਸੋਚਿਆ ਹੀ ਨਹੀਂ । ਆਮ ਲੋਕਾਂ ਦੀ ਯਾਦ ਤਾਂ ਸਰਕਾਰਾਂ ਨੂੰ ਆਪਣੇ ਕਾਰਜਕਾਲ ਦੇ ਆਖਰੀ ਵਰ੍ਹੇ ਵਿੱਚ ਹੀ ਆਉਂਦੀ ਹੈ, ਉਹ ਵੀ ਸਿਰਫ ਵੋਟਾਂ ਲਈ ।
ਇੱਥੇ ਤਾਂ ਇੱਕ ਪਾਰਟੀ ਧਰਮ ਦੇ ਨਾਂ ਤੇ ਲੁੱਟਦੀ ਹੈ ਅਤੇ ਦੂਜੀ ਧਰਮ ਨਿਰਪੱਖ ਹੋਣ ਦਾਅਵਾ ਕਰਕੇ ਤੇ ਤੀਜੀ ਕ੍ਰਾਂਤੀ ਦੇ ਸੁਫਨੇ ਵਿਖਾ ਕੇ । ਇਹ ਪਾਰਟੀਆਂ ਇੱਕੋ ਜਿਹੀਆਂ ਹੀ ਹਨ, ਫਰਕ ਹੈ ਤਾਂ ਸਿਰਫ ਪਾਰਟੀ ਦੇ ਚੋਣ ਨਿਸ਼ਾਨ ਦਾ । ਏਜੰਡਾ ਇੱਕੋ ਹੀ ਹੈ 'ਪਾੜ੍ਹੋ ਤੇ ਰਾਜ ਕਰੋ' । ਅੰਤ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਸ ਦੇਸ਼ ਵਿੱਚ ਆਮ ਜਨਤਾ ਤਾਂ ਸਿਰਫ ਲੁੱਟਣ ਅਤੇ ਕੁੱਟਣ ਲਈ ਹੀ ਰਹਿ ਗਈ ਹੈ । ਇਸ ਲਈ ਆਮ ਲੋਕ ਸਰਕਾਰ ਬਦਲਣ ਨਾਲ ਆਪਣੀ ਕਿਸਮਤ ਬਦਲ ਜਾਣ ਦੀ ਆਸ ਨਾ ਰੱਖਣ ।
-
ਨਵਨੀਤ ਅਨਾਇਤਪੁਰੀ, ਲੇਖਕ
navi09900@gmail.com
8146600020
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.