ਪਾਣੀਆਂ ਦਾ ਮੁੱਦਾ ਕਿ 'ਜੰਗ ਹਿੰਦ-ਪੰਜਾਬ'
ਗਜਿੰਦਰ ਸਿੰਘ, ਦਲ ਖਾਲਸਾ ।
11-11-2016
ਭਾਰਤੀ ਸੁਪਰੀਮ ਕੋਰਟ ਨੇ ਕੱਲ ਪੰਜਾਬ ਦੇ ਦਰਿਆਵਾਂ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਹੈ । ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਇਸ ਵਿਸ਼ੇ ਤੇ ਬਿਆਨ ਦੇਣ ਵਿੱਚ ਲੱਗੀਆਂ ਹੋਈਆਂ ਹਨ । ਪੰਜਾਬ ਲਈ ਕਿਹੜੀ ਪਾਰਟੀ ਕਿੰਨੀ ਕੂ ਸਮ੍ਰਪਿਤ ਹੈ, ਇਹ ਇਹਨਾਂ ਦੇ ਬੀਤੇ ਦੇ ਅਮਲਾਂ ਤੋਂ ਪਤਾ ਲੱਗ ਹੀ ਜਾਂਦਾ ਹੈ । ਇਸ ਵੇਲੇ ਤਾਂ ਸੱਭ ਦੇ ਬਿਆਨ ਅਤੇ ਅਸਤੀਫੇ ਕੇਵਲ ਆ ਰਹੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟਰਾਂ ਨੂੰ ਪ੍ਰਭਾਵਤ ਕਰਨ ਤੋਂ ਵੱਧ ਕੁੱਝ ਨਹੀਂ ਹਨ ।
ਸਿੱਖ/ਪੰਜਾਬੀ ਅਗਰ ਭਾਰਤੀ ਸੁਪਰੀਮ ਕੋਰਟ ਤੋਂ ਆਪਣੇ ਹੱਕ ਵਿੱਚ ਕਿਸੇ ਚੰਗੇ ਫੈਸਲੇ ਦੀ ਉਡੀਕ ਕਰ ਰਹੇ ਸਨ, ਤਾਂ ਮੈਂ ਕਹਾਂਗਾ ਕਿ ਠੀਕ ਨਹੀਂ ਸਨ ਕਰ ਰਹੇ ।
ਭਾਰਤੀ ਸਿਸਟਮ ਵਿੱਚ ਯਕੀਨ ਰੱਖ ਕੇ ਚੱਲਣ ਵਾਲੀਆਂ ਜਮਾਤਾਂ ਦੀ ਗੱਲ ਵੱਖਰੀ ਹੈ, ਉਹਨਾਂ ਦੀ ਸੋਚ ਵੱਖਰੀ ਹੈ, ਤੇ ਮਜਬੂਰੀਆਂ ਵੀ ਵੱਖਰੀਆਂ ਹਨ । ਉਹ ਇੱਕ ਹੋਰ ਅਪੀਲ ਤੋਂ ਵੱਧ ਕੀ ਕਰ ਸਕਦੇ ਹਨ, ਚਾਹੇ ਸੁਪਰੀਮ ਕੋਰਟ ਦੇ ਵੱਡੇ ਬੈਂਚ ਕੋਲ ਕਰਨ, ਜਾਂ ਭਾਰਤ ਦੇ ਪ੍ਰਧਾਨ ਕੋਲ ਕਰਨ । ਇਸ ਤੋਂ ਬਾਦ ਵੀ ਫੈਸਲਾ ਦਿੱਲੀ ਦੇ ਹੀ ਹੱਥ ਵਿੱਚ ਰਹੇਗਾ । ਇੱਕ ਵਾਰ ਚੋਣਾਂ ਹੋ ਗਈਆਂ, ਨਤੀਜੇ ਨਿਕਲ ਆਏ, ਫਿਰ ਇਹਨਾਂ ਸਿਆਸੀ ਜਮਾਤਾਂ ਦੇ ਗੱਲਾਂ ਕਰਨ ਦੇ ਢੰਗ ਵੀ ਬਦਲ ਜਾਣਗੇ ।
ਅਗਰ ਪੰਜਾਬ, ਆਪਣੇ ਆਪ ਨੂੰ ਦਿੱਲੀ ਸਾਮਰਾਜ ਦਾ ਇੱਕ ਹਿੱਸਾ ਮੰਨ ਕੇ ਚੱਲੇਗਾ, ਅਤੇ ਆਪਣੇ ਆਪ ਨੂੰ 'ਹਰਿਆਣਾ' ਦੇ ਬਰਾਬਰ ਰੱਖ ਕੇ ਦੇਖੇਗਾ, ਤਾਂ ਫਿਰ ਫੈਸਲਾ ਕਰਨ ਦੀ ਤਾਕਤ ਦਿੱਲੀ ਦੀ ਸੁਪਰੀਮ ਕੋਰਟ ਜਾਂ ਹਕੂਮੱਤ ਕੋਲ ਹੀ ਰਹੇਗੀ । ਅਗਰ ਪੰਜਾਬ ਆਪਣੇ ਆਪ ਵਿੱਚ ਆਜ਼ਾਦ ਜਾਂ ਆਜ਼ਾਦੀ ਦੇਸ਼ ਹੋਵੇਗਾ, ਤੇ ਆਪਣੇ ਆਪ ਨੂੰ ਭਾਰਤ ਦੇ ਬਰਾਬਰ ਇੱਕ ਧਿਰ ਬਣ ਕੇ ਚੱਲੇਗਾ ਤਾਂ, ਫਿਰ ਇਹਨਾਂ ਦੋਹਾਂ ਦੇਸ਼ਾਂ ਵਿੱਚ ਝਗੜਿਆਂ ਦੇ ਫੈਸਲੇ ਇੰਟਰਨੈਸ਼ਨਲ ਕਾਨੂੰਨਾਂ ਤਹਿਤ, ਇੰਟਰਨੈਸ਼ਨਲ ਅਦਾਲਤਾਂ ਕਰਨ ਗੀਆਂ ।
ਇਹ ਠੀਕ ਹੈ ਕਿ ਅੱਜ ਅਸੀਂ ਆਜ਼ਾਦ ਨਹੀਂ, ਪਰ ਆਜ਼ਾਦੀ ਲਈ ਸੰਘਰਸ਼-ਸ਼ੀਲ ਤਾਂ ਹਾਂ । ਆਜ਼ਾਦੀ ਪਸੰਦ ਜੱਥੇਬੰਦੀਆਂ ਲਈ ਪਾਣੀਆਂ ਦਾ ਮੁੱਦਾ, ਹਰਿਆਣੇ ਨਾਲ ਝਗੜੇ ਦਾ ਨਹੀਂ, ਭਾਰਤ ਨਾਲ ਲੜ੍ਹਾਈ ਦਾ ਹੈ, ਅਤੇ ਇਹ ਲੜ੍ਹਾਈ ਨਾਲ ਹੀ ਹੱਲ ਹੋਣ ਵਾਲਾ ਹੈ । ਖਾਲਿਸਤਾਨੀ ਜੁਝਾਰੂਆਂ ਨੇ ਪਹਿਲਾਂ ਵੀ ਹਰਿਆਣੇ ਨੂੰ ਜਾਣ ਵਾਲਾ ਪਾਣੀ ਤਾਕਤ ਨਾਲ ਹੀ ਰੋਕਿਆ ਸੀ, ਤੇ ਹੁਣ ਵੀ ਉਹਨਾਂ ਕੋਲ ਇਹੀ ਰਸਤਾ ਹੈ । ਹਾਂ, ਵਿਦੇਸ਼ਾਂ ਵਿੱਚ ਸਰਗਰਮ ਸਿੱਖ ਜੱਥੇਬੰਦੀਆਂ, ਸਿੱਖ ਫੈਡਰੈਸ਼ਨ ਅਤੇ ਸਿਖਸ ਫਾਰ ਜਸਟਿਸ ਨੂੰ ਚਾਹੀਦਾ ਹੈ ਕਿ ਉਹ ਆਜ਼ਾਦੀ ਲਈ ਭਾਰਤ ਖਿਲਾਫ ਲੜ੍ਹ ਰਹੇ ਪੰਜਾਬ ਦੇ ਪਾਣੀਆਂ ਦਾ ਕੇਸ ਆਲਮੀ ਅਦਾਲਤਾਂ ਕੋਲ ਲੈ ਕੇ ਜਾਣ ਦਾ ਕੋਈ ਰਸਤਾ ਕੱਢਣ ।
ਦੋਸਤੋ, ਇਸ ਨੁੰ ਹਰਿਆਣੇ ਅਤੇ ਪੰਜਾਬ ਦਾ ਮੁੱਦਾ ਨਾ ਸਮਝਿਆ ਜਾਵੇ, ਬਲਕਿ 'ਹਿੰਦ-ਪੰਜਾਬ' ਦੀ ਜੰਗ ਦਾ ਇੱਕ ਹਿੱਸਾ ਸਮਝਿਆ ਜਾਵੇ । ਅਸੀਂ ਇਹ ਜੰਗ ਹਰ ਫਰੰਟ ਤੇ ਲੜ੍ਹਨੀ ਹੈ, ਚਾਹੇ ਪਾਣੀਆਂ ਦਾ ਫਰੰਟ ਹੋਵੇ ਜਾਂ ਇਲਾਕਿਆਂ ਤੇ ਸਰਹੱਦਾਂ ਦਾ ।
ਜੰਗ ਹਿੰਦ ਪੰਜਾਬ ਦਾ ਧੁਰੋਂ ਆਉਂਦੈ, ਇਹ ਕੋਈ ਨਵੀਆਂ ਨਹੀਂ ਤਿਆਰੀਆਂ ਨੇ
ਤੱਕ ਸਕੇਂ ਸਰਕਾਰ ਤਾਂ ਤੱਕ ਲੈ ਤੂੰ, ਅੱਜ ਰੁੱਲਦੀਆਂ ਕਿਵੇਂ ਸਰਦਾਰੀਆਂ ਨੇ
….
ਜੰਗ ਹਿੰਦ ਪੰਜਾਬ ਦਾ ਮੁੜ੍ਹ ਹੋਸੀ, ਸਾਤੋਂ ਖੁਸੀਆਂ ਭਾਵੇਂ ਸਰਦਾਰੀਆਂ ਨੇ
ਉਦੋਂ ਤੱਕ ਨਹੀਂ ਜੰਗ ਇਹ ਖਤਮ ਹੋਣੀ, ਜੱਦ ਤੱਕ ਜਿੱਤਦੀਆਂ ਨਹੀਂ, ਜੋ ਹਾਰੀਆਂ ਨੇ ।
………………….
-
ਭਾਈ ਗਜਿੰਦਰ ਸਿੰਘ ਖਾਲਸਾ, ਦਲ ਖਾਲਸਾ ਦੇ ਬਾਨੀ
dalkhalsamail@gmail.com
1111111111
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.