ਖ਼ਬਰ ਹੈ ਕਿ ਹਿੰਦੀ ਸਮਾਚਾਰ ਚੈਨਲ ਐਨ.ਡੀ.ਟੀ.ਵੀ. ਇੰਡੀਆ ਦੇ ਪ੍ਰਸਾਰਣ ਨੂੰ ਇੱਕ ਦਿਨ ਦੀ ਪਾਬੰਦੀ ਲਗਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਦੇ ਬਾਅਦ ਸਰਕਾਰ ਅਤੇ ਵਿਰੋਧੀ ਦਲਾਂ ਦੇ ਵਿੱਚ ਵਾਕ ਯੁੱਧ ਤੇਜ਼ ਹੋ ਗਿਆ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਵੈਂਕਟ ਨਾਇਡੂ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਦੇ ਹਿੱਤ ਵਿੱਚ ਇਹ ਫੈਸਲਾ ਲਿਆ ਗਿਆ ਹੈ, ਦੂਜੇ ਪਾਸੇ ਵਿਰੋਧੀ ਦਲ ਇਸਨੂੰ ਦੂਜੀ ਸੰਕਟਕਾਲੀਨ ਸਥਿਤੀ ਕਰਾਰ ਦੇ ਰਹੇ ਹਨ। ਸਰਕਾਰ ਨੇ ਕਿਹਾ ਕਿ ਇਸ ਟੀ.ਵੀ. ਚੈਨਲ ਉੱਤੇ ਪਾਬੰਦੀ ਦਾ ਫੈਸਲਾ ਕਿਸੇ ਇੱਕ ਨਿਯਮ ਜਾਂ ਸਿਧਾਂਤ ਦੇ ਆਧਾਰ ਉੱਤੇ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ 2008 ਵਿੱਚ 26/11 ਦੇ ਮੁੰਬਈ ਆਤੰਕੀ ਹਮਲੇ ਦੇ ਬਾਅਦ ਯੂ.ਪੀ.ਏ. ਵਲੋਂ ਜਾਰੀ ਐਡਵਾਈਜਰੀ ਦੇ ਆਧਾਰ ਉੱਤੇ ਸੁਰੱਖਿਆ ਹਿੱਤਾਂ ਦੇ ਮੱਦੇ ਨਜ਼ਰ ਟੀ.ਵੀ. ਚੈਨਲ, ਅਤੰਕ ਵਿਰੋਧੀ ਅਭਿਆਨ ਦਾ ਸਿੱਧਾ ਪ੍ਰਸਾਰਣ ਨਾ ਕਰਨ ਦੀ ਹਦਾਇਤ ਸੀ, ਜਿਸਦੀ ਉਲੰਘਣਾ ਹੋਈ ਹੈ। ਤਾਜ਼ਾ ਖ਼ਬਰ ਅਨੁਸਾਰ ਦੋ ਹੋਰ ਚੈਨਲਾਂ ਦਾ ਪ੍ਰਸਾਰਣ ਵੀ ਇੱਕ ਤੋਂ 9 ਦਿਨ ਬੰਦ ਕਰਨ ਦੇ ਹੁਕਮ ਹੋਏ ਹਨ।
ਸਰਕਾਰ ਵਿਰੁੱਧ ਜਦੋਂ ਵੀ ਕੋਈ ਸ਼ਬਦ ਬੋਲੂ, ਉਹਦੀਆਂ ਨੀਤੀਆਂ ਦੀ ਵਿਰੋਧਤਾ ਕਰੂ, ਉਹਦੇ ਪਰਦੇ ਖੋਲੂ ਤਾਂ ਭਾਈ ਸਰਕਾਰ ਚੁੱਪ ਕਰਕੇ ਕਿਉਂ ਬੈਠੂ ? ਇਹ ਚੈਨਲਾਂ ਵਾਲੇ ਬਾਤ ਦਾ ਬਤੰਗਰ ਬਣਾ ਦਿੰਦੇ ਆ, ਛੋਟੀ ਜਿਹੀ ਗੱਲ ਨੂੰ ਅਸਮਾਨੇ ਚੁੱਕ ਲੈਂਦੇ ਆ। ਰਤਾ ਮਾਸਾ ਕਿਧਰਿਉਂ ਕੰਨਸੋਅ ਲੱਗੀ ਨਹੀਂ ਕਿ ਬਸ ਹੋ ਜਾਂਦੇ ਆ ਸ਼ੁਰੂ। ਸਰਕਾਰ ਆਂਹਦੀ ਆ ਸੰਵਿਧਾਨ 'ਚ ਸਾਰਿਆਂ ਨੂੰ ਬੋਲਣ ਦੀ ਅਜ਼ਾਦੀ ਆ, ਪਰ ਭਾਈ ਇਹਦਾ ਮਤਲਬ ਇਹ ਤਾਂ ਨਹੀਂ ਨਾ ਕੋਈ ਰਾਜੇ ਨੂੰ ਉੱਠ ਕੇ ਸ਼ੀਸ਼ਾ ਦਿਖਾਉਣ ਤੁਰ ਪਏ। ਬੀਬੀ ਇੰਦਰਾ ਨੂੰ ਲੋਕਾਂ ਸ਼ੀਸ਼ਾ ਦਿਖਾਉਣਾ ਸ਼ੁਰੂ ਕੀਤਾ, ਤਾਂ ਉਹਨੇ ਨੇਤਾ ਜੇਲੀ ਤੁੰਨ ਦਿੱਤੇ ਸੀ,ਉਹਦੀ ਗੱਦੀ ਨੂੰ ਖਤਰਾ ਦਿਸਿਆ ਤਾਂ ਉਸ ਦੇਸ਼ 'ਚ ਸੰਕਟ ਕਾਲੀਨ ਹਾਲਤ ਲਾਗੂ ਕਰ ਦਿੱਤੇ ਸੀ, ਅਤੇ ਆਪਣੇ ਮੋਦੀ ਭਾਈ ਕਿਹੜੇ ਘੱਟ ਆ ? ''ਸਭ ਦਾ ਸਾਥ, ਸਭ ਕਾ ਵਿਕਾਸ'' ਤਾਂ ਕਹਿਣ ਦੀਆਂ ਗੱਲਾਂ ਨੇ। ਵਿਕਾਸ ਆਪਣਾ ਵਿਨਾਸ਼ ਵਿਰੋਧੀਆਂ ਦਾ। ਮਨ ਕੀ ਬਾਤ, ਆਪਣਿਆਂ ਦਾ ਸਾਥ, ਬਾਕੀ ਸਾਰੇ ਸਰਹੱਦੋਂ ਪਾਰ। ਆਹ ਤਾਂ ਭਾਈ ਚੈਨਲ ਨੂੰ ਇੱਕ ਦਿਨ ਬੰਦ ਕਰਨ ਦੀ ਹੀ ਗੱਲ ਆ, ਦੇਖੀਂ ਭਾਈ ਬਾਲਿਆ ਰੰਗ ਭਗਵਿਆਂ ਦੇ, ਇਥੇ ਤਾਂ ਭਾਈ ਸਭ ਪਾਸੇ ਇੱਕੋ ਰੰਗ ਦਿਖੂ ਅਤੇ ਇੱਕ ਪਾਰਟੀ, ਇਕੋ ਧੜਾ ਬਾਕੀ ਸਾਰਿਆਂ ਦੇ ਮਨ ਦੀ ਬਾਤ, ਮੂੰਹ 'ਤੇ ਚੇਪੀਆਂ ਲਗਾਕੇ ਕਰ ਦਿੱਤੀ ਜਾਊ ਬੰਦ, ਹੈ ਕਿ ਨਹੀਂ ? ਅੱਗੇ-ਅੱਗੇ ਦੇਖੀਂ ਬਾਲਿਆ ਤੂੰ ਰੰਗ ਮੋਦੀ ਸਰਕਾਰ ਦੇ।
ਮੋਤੀਆਂ ਵਾਲੀ ਸਰਕਾਰ
ਖ਼ਬਰ ਹੈ ਕਿ ਜਿਥੇ ਪਿਛਲੇ 13 ਦਿਨਾਂ ਤੋਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ਼ ਮੰਡੀ ਖੰਨਾ ਵਿੱਚ ਝੋਨੇ ਦੀ ਫਸਲ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨਾਂ ਤੇ ਆੜਤੀਆਂ ਵਿੱਚ ਗੁੱਸੇ ਦੀ ਲਹਿਰ ਹੈ ਉੱਥੇ ਦੂਜੇ ਪਾਸੇ ਖੰਨਾ ਮੰਡੀ 'ਚ ਝੋਨੇ ਦੀ ਆਮਦ ਦੇ ਸਾਰੇ ਰਿਕਾਰਡ ਟੁੱਟ ਜਾਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 8 ਨਵੰਬਰ ਤੱਕ ਵੀ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਅਦਾਇਗੀ ਨਾ ਕੀਤੀ ਗਈ ਤਾਂ ਵੱਡੀ ਗਿਣਤੀ 'ਚ ਕਿਸਾਨ ਸਰਕਾਰ ਫੂਡ ਸਪਲਾਈ ਦਫ਼ਤਰਾਂ ਦਾ ਘਿਰਾਊ ਕਰਨਗੇ।
ਮੋਤੀਆਂ ਵਾਲੀ ਸਰਕਾਰ ਉਰਫ਼ ਪੰਜਾਬ ਸਰਕਾਰ ਇਨਾਂ ਦਿਨਾਂ 'ਚ ਬੇਹੱਦ ਮਸਰੂਫ ਆ। ਯਾਦਗਾਰਾਂ ਸਥਾਪਤ ਕਰ ਰਹੀ ਆ, ਜੰਗੀ ਯੋਧਿਆਂ ਦੀਆਂ, ਅਜ਼ਾਦੀ ਘੁਲਾਟੀਆਂ ਦੀਆਂ ਅਤੇ ਬਹੁਤ ਸਾਰੀਆਂ ਸੜਕਾਂ ਇਮਾਰਤਾਂ ਦੇ ਨੀਂਹ ਪੰਥਰ ਰੱਖ ਰਹੀ ਆ। ਤਾਂ ਕੀ ਹੋਇਆ ਕਿਸਾਨ ਨਿੱਤ ਖੁਦਕੁਸ਼ੀਆਂ ਕਰ ਰਹੇ ਆ ? ਤਾਂ ਕੀ ਹੋਇਆ ਲੋਕ ਨਿੱਤ ''ਜੀਊਂਦੇ'' ਮਰ ਰਹੇ ਆ ? ਤਾਂ ਕੀ ਹੋਇਆ ਲੋਕਾਂ ਦੀਆਂ ਨਿੱਤ-ਪ੍ਰਤੀ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ? ਤਾਂ ਕੀ ਹੋਇਆ ਲੋਕ ਵਿਹਲੇ ਬੈਠੇ ਤਾਸ਼ ਦੀ ਬਾਜੀ ਲਾਕੇ ਸਮਾਂ ਬਿਤਾ ਰਹੇ ਆ ? ਤਾਂ ਕੀ ਹੋਇਆ ਕੁਝ ਚੌਧਰੀ ਮੁਲਾਜ਼ਮ ਆਪਣੇ ਦਫਤਰੀਂ ਬੈਠੇ, ਮ ੇਜ਼ਾਂ ਦੇ ਥੱਲਿਉਂ ਲਿਫਾਫੇ ਫੜ ਰਹੇ ਆ ਤੇ ਕੁਝ ਪਾਣੀ ਟੈਂਕੀਆਂ 'ਤੇ ਚੜ ਨੌਕਰੀਆਂ ਪੱਕੀਆਂ ਕਰਵਾਉਣ ਲਈ ਢਿੱਡੋਂ ਭੁਖੇ ਪੁਲਸੀ ਡਾਂਗਾਂ ਖਾ ਰਹੇ ਆ ? ਮੋਤੀਆਂ ਵਾਲੀ ਸਰਕਾਰ ਉਰਫ਼ ਪੰਜਾਬ ਸਰਕਾਰ ਵਿਹਲੀ ਹੋਵੇਗੀ, ਫਾਈਲਾਂ ਦੇਖੇਗੀ, ਕਿਸਾਨਾਂ ਲਈ ਪੈਸੇ ਜਾਰੀ ਕਰੇਗੀ, ਆੜਤੀਆਂ ਦੀਆਂ ਜੇਲਾਂ ਭਰੇਗੀ ਅਤੇ ਆੜਤੀ ਠੂੰਗਾ ਲਾਕੇ, ਕਿਸਾਨਾਂ ਤੋਂ ਪਹਿਲਾਂ ਹੀ ਲਗਾਏ ਅੰਗੂਠੇ ਦਿਖਾਕੇ, ਉਨਾਂ ਨੂੰ ਠੇਂਗਾ ਦਿਖਾ ਦੇਣਗੇ ਅਤੇ ਮੋਤੀਆਂ ਵਾਲੀ ਸਰਕਾਰ ਉਰਫ਼ ਪੰਜਾਬ ਸਰਕਾਰ ਇਤਮੀਨਾਨ ਨਾਲ ਕਿਸਾਨਾਂ, ਮੁਲਾਜ਼ਮਾਂ ਨੂੰ ਅਗਲੀ ਸਰਕਾਰ ਬਨਾਉਣ ਦਾ ਮੁੜ ਹੋਕਾ ਦੇਵੇਗੀ।
ਪਟਕੇ ਦੀ ਕੁਸ਼ਤੀ
ਖ਼ਬਰ ਹੈ ਕਿ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮਤੰਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਅੰਦਾਜ਼ ਵਿੱਚ ਵੰਗਾਰਿਆ ਹੈ। ਕੈਪਟਨ ਨੇ ਕਿਹਾ ਮੁੱਖ ਮੰਤਰੀ ਬਾਦਲ ਨੂੰ ਮੈਂ ਇਸ ਵਾਰ ਮੈਂ ਢਾਹ ਲੈਣਾ ਹੈ। ਉਨਾਂ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਨੂੰ ਬਹਿਸ ਦੀ ਚੁਣੌਤੀ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਹਿੰਦੀ ਚੈਨਲ ਐਨ.ਡੀ.ਟੀ.ਵੀ. ਮੋਦੀ ਸਰਕਾਰ ਬੰਦ ਕਰ ਰਹੀ ਹੈ, ਜੋ ਬਹੁਤ ਖਤਰਨਾਕ ਹੈ, ਅਤੇ ਬਾਦਲ ਸਰਕਾਰ ਪੰਜਾਬ 'ਚ ਮੀਡੀਆ ਨੂੰ ਦਬ ਰਹੀ ਹੈ। ਬਾਦਲ ਆਪਣੇ ਚੈਨਲ ਚਲਾ ਰਹੇ ਹਨ ਤੇ ਹੋਰਨਾਂ ਦੇ ਚੈਨਲ ਚੱਲਣ ਹੀ ਨਹੀਂ ਦਿੰਦੇ।
''ਪੱਤਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਆ'' ਤੋਂ ਡਰਦੇ ਨੇਤਾ, ਜਾਪਦਾ ''ਬਜ਼ੁਰਗੀ'' ਉਮਰੇ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਹੋ ਰਹੇ ਆ। ਵੱਡੀ ਸਰਕਾਰ ਲੋਕਾਂ ਤੋਂ ਹੋਰ ਇੱਕ ਵਾਰ ਸੇਵਾ ਦਾ ਮੌਕਾ ਮੰਗਕੇ ਆਪਣੀ ਉਮਰ 'ਚ ਦਸ ਸਾਲ ਦਾ ਵਾਧਾ ਮੰਗ ਰਹੀ ਆ ਅਤੇ ਬਾਬੇ ਬਾਦਲ ਦੇ ਕਾਂਗਰਸੀ ਸ਼ਗਿਰਦ ਕੈਪਟਨ ਬਾਬੇ ਬਾਦਲ ਨੂੰ ਚਿੱਤ ਕਰਨ ਦੀਆਂ ਗੱਲਾਂ ਚਟਕਾਰੇ ਲਾ ਲਾ ਕਰ ਰਹੇ ਆ। ਅਤੇ ਉੱਧਰੋਂ ਦਿਲੀਓਂ ਫੋਜਾਂ, ਲਾਮ ਲਸ਼ਕਰ ਲੈਕੇ ਪੰਜਾਬ ਕਬਜ਼ੇ 'ਚ ਕਰਨ ਦਾ ਖੁਆਬ ਵੇਖ ਕੇਜ਼ਰੀਵਾਲ ਦੋਹਾਂ ਨੂੰ ਸਬਕ ਸਿਖਾਉਣ ਲਈ ਮੈਦਾਨੇ ਆ ਚੜਿਆ ਹੋਇਆ। ਕੌਣ ਜਿੱਤੂ, ਕੋਣ ਹਾਰੂ, ਇਹ ਨਾ ਅੰਬਰੋਂ ਲੱਥਾ ਸਿੱਧੂ ਜਾਣਦਾ, ਨਾ ਛੋਟੇਪੁਰ, ਨਾ ਨਿੱਕੀਆਂ ਮੋਟੀਆਂ ਉਡਾਰੀਆਂ ਮਾਰਨ ਵਾਲਾ ਘੁੱਗੀ ਜਾਣਦਾ, ਨਾ ਟੋਟਕੇ ਸੁਣਾਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲਾ ਤੇ ਮੁੱਖਮੰਤਰੀ ਦੀ ਕੁਰਸੀ 'ਤੇ ਬੈਠਣ ਦੇ ਸ਼ੇਖਚਿਲੀ ਦੇ ਸੁਫਨੇ ਵੇਖਣ ਵਾਲਾ ਮਜ਼ਾਹੀਆ ਕਲਾਕਾਰ ਉਰਫ਼ ਸਿਆਸਤਦਾਨ ਭਗਵੰਤ ਮਾਨ! Êਪਰ ਇੱਕ ਗੱਲ ਪੱਕੀ ਆ ਭਾਈ, ਪੰਜਾਬ ਜਿੱਤੂ ਜਿਹੜਾ ਪੰਜਾਬੀਆਂ ਦੇ ਦਿਲ ਜਿਤੂ। ਪੰਜਾਬੀਆਂ ਨੂੰ ਜਿੱਤੂ, ਉਹੀ ਜਿਹੜਾ ਨੰਗੇ ਪੈਰੀਂ ਦਰ ਖੜਕਾਊ। ਜਿਤੂ ਉਹੀ ਜਿਹੜਾ ਟੂਣਕਵੇਂ ਬੋਲਾਂ ਨਾਲ ''ਜ਼ੋਰ ਲਗਾਦੇ ਹਈਸ਼ਾ'' ਆਖ ਕੇ ਲੋਕਾਂ ਦੇ ਅੰਗ-ਸੰਗ ਖੜੂ। ਪਟਕੇ ਦੀ ਕੁਸ਼ਤੀ ਢੋਲ ਦੇ ਡਗੇ 'ਤੇ ਹੋ ਗਈ ਆ।
ਬਸ ਹੋਰ ਨੀਂ
ਖ਼ਬਰ ਹੈ ਕਿ ਵਿਕਾਸ ਦੀ ਅੰਨੀ ਦੌੜ ਨਾਲ ਪੈਦਾ ਹੋਈਆਂ ਚੁਣੌਤੀਆਂ ਕਾਰਨ ਜੈਵਿਕ ਪ੍ਰਜਾਤੀਆਂ 'ਤੇ ਗੰਭੀਰ ਖ਼ਤਰਾ ਮੰਡਰਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨਾਲ ਨਜਿੱਠਣ ਲਈ ਦੁਨੀਆਂ ਭਰ ਦੇ ਵਿਗਿਆਨੀਆਂ, ਨੀਤੀ ਪਾੜਿਆਂ ਤੇ ਸਿੱਖਿਆ ਮਾਹਿਰਾਂ ਨੂੰ ਉਪਾਅ ਲੱਭਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਹੈ ਕਿ ਆਲਮੀ ਖੁਰਾਕ ਸੁਰੱਖਿਆ, ਪੌਸ਼ਟਿਕਤਾ, ਸਿਹਤ ਤੇ ਵਾਤਾਵਰਨ, ਸੁਰੱਖਿਆ ਲਈ ਜੈਵ ਵਿਭਿੰਨਤਾ ਦੀ ਸੰਭਾਲ ਦੀ ਚਰਚਾ ਅਹਿਮ ਹੋ ਗਈ ਹੈ। ਤਾਪਮਾਨ ਵਧਣ ਨਾਲ ਬੂਟਿਆਂ ਤੇ ਜੀਵਨ ਜੰਤੂਆਂ ਦੇ ਜੀਵਨ ਚੱਕਰ ਵਿੱਚ ਬਦਲਾਅ ਆ ਰਿਹਾਹੈ। ਇਸ ਕਾਰਨ ਰੋਜ਼ਾਨਾ 50 ਤੋਂ ਡੇਢ ਸੌ ਨਸਲਾਂ ਖ਼ਤਮ ਹੋ ਰਹੀਆਂ ਹਨ।
''ਆ ਬੈਲ ਮੁਝੇ ਮਾਰ'' ਦੀ ਵਿਰਤੀ ''ਜਾਨਵਰ ਰੂਪੀ ਮਨੁੱਖ'' 'ਤੇ ਭਾਰੂ ਹੋ ਗਈ ਹੋਈ ਹੈ। ਨਿੱਤ ਨਵੀਆਂ ਕੁਰੀਤੀਆਂ ਖੋਜ਼ਾਂ, ਐਸ਼ੋ ਆਰਾਮ ਤੇ ਪੈਸੇ ਦੀ ਹੋੜ ਨੇ ਮਨੁੱਖ ਦਾ ਲਹੂ ਸਫੈਦ ਕੀਤਾ ਹੋਇਆ। ਪਰਾਲੀ ਨੂੰ ਅੱਗ ਲਾਕੇ, ਗੈਸਾਂ ਦੇ ਭਰੇ ਗੁਬਾਰੇ ਆਪਣੇ ਦੁਆਲੇ ਫੈਲਾ ਮਨੁੱਖ ਆਪਣੀ ਮੌਤ ਨੂੰ ਆਪ ਸੱਦਾ ਦੇ ਰਿਹਾ ਤੇ ਕੁਰਬਲ ਕੁਰਬਲ ਕਰਦੇ ਮਿੱਤਰ ਪਸ਼ੂ, ਪੰਛੀਆਂ, ਕੀੜਿਆਂ ਮਕੌੜਿਆਂ ਦੀਆਂ ਲਾਸ਼ਾਂ ਚੌਗਿਰਦੇ 'ਚ ਵਿਛਾ ਕੇ ਆਪ ਵੀ ਜੀਊਂਦੀ ਜਾਗਦੀ ਲਾਸ਼ ਬਨਣ ਦਾ ਸਬੱਬ ਪੈਦਾ ਕਰ ਰਿਹੈ ? ਵੇਖੋ ਨਾ ਪਹਿਲਾਂ ਮਨੁੱਖ ਲਕੜਾਂ ਦੇ ਹਥਿਆਰਾਂ ਨਾਲ ਲੜਦਾ ਸੀ, ਫਿਰ ਲੋਹੇ ਦੇ ਭਾਲਿਆਂ, ਤਲਵਾਰਾਂ ਨਾਲ ਇੱਕ ਦੂਜੇ ਦੇ ਗਾਟੇ ਲਾਹੁਣ ਲੱਗ ਪਿਆ, ਜਾਨਵਰ ਖਾਣ ਦਾ ਸ਼ੌਕ ਤਾਂ ਉਹਨੂੰ ਮੁੱਢੋ ਹੀ ਸੀ। ਫਿਰ ਵੀ ਤ੍ਰਿਪਤੀ ਨਹੀਂ ਹੋਈ ਤਾਂ ਭਾਈ ਆਹ ਗੋਲੇ, ਬਰੂਦ, ਪ੍ਰਮਾਣੂ ਹਥਿਆਰ ਬਣਾਕੇ ਆਪ ਹੀ ''ਵੀਰਗਤੀ'' ਨੂੰ ਪ੍ਰਾਪਤ ਹੋਣ ਲਈ ਸਮਾਨ ਤਿਆਰ ਕਰੀ ਜਾ ਰਿਹਾ।
ਐ ਮਨੁੱਖ ! ਬੱਸ ਹੋਰ ਨੀਂ, ਨਹੀਂ ਤਾਂ ਆਉਣ ਵਾਲੀਆਂ ਨਸਲਾਂ ਸਮੇਤ ਜਾਨਵਰ ਮਨੁੱਖ ਜੀਵ ਨੂੰ ਧਿਤਕਾਰ ਪਾਉਣਗੇ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇਸ ਸਾਲ ਦੇ ਮਾਰਚ ਤੱਕ ਸਾਡੇ ਦੇਸ਼ ਦੀਆਂ ਅਦਾਲਤਾਂ ਵਿੱਚ 3.1 ਕਰੋੜ ਤੋਂ ਜ਼ਿਆਦਾ ਮਾਮਲੇ ਲੰਬਿਤ ਪਏ ਹਨ। ਸਾਲ 2015 ਦੇ ਅੰਤ ਤੱਕ ਦੇਸ਼ ਦੀਆਂ ਜੇਲਾਂ ਵਿੱਚ ਕੁਲ 4.19 ਲੱਖ ਕੈਦੀ ਸਨ, ਜਿਨਾਂ ਵਿੱਚ 2.82 ਲੱਖ ਕੈਦੀ ਵਿਚਾਰ ਅਧੀਨ ਸਨ। ਪੰਜਾਬ ਦੀਆਂ ਜੇਲਾਂ ਵਿੱਚ 47 ਹਜ਼ਾਰ ਤੋਂ ਵੱਧ ਕੈਦੀ ਹਨ, ਜਿਨਾਂ ਉੱਤੇ ਮੁਕੱਦਮੇ ਚੱਲ ਰਹੇ ਹਨ, ਜਿਨਾਂ ਦਾ ਲੰਮੇ ਸਮੇਂ ਤੋਂ ਨਿਪਟਾਰਾ ਨਹੀਂ ਹੋ ਰਿਹਾ।
ਇੱਕ ਵਿਚਾਰ
ਜੇਕਰ ਤੁਸੀਂ ਆਪਣੀਆਂ ਗਲਤੀਆਂ ਤੋਂ ਕੁਝ ਸਬਕ ਸਿੱਖਦੇ ਹੋ ਤਾਂ ਬੇਹਤਰ ਇਨਸਾਨ ਬਣੋਗੇ- ਬਿਲ ਕਲਿਟਨ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.