ਕਿਵੇਂ ਪਾਉਂਦੇ ਨੇ ਅਮਰੀਕਨ ਲੋਕ ਆਪਣੀਆਂ ਵੋਟਾਂ .. ?
ਅਮਰੀਕਨਾਂ ਨੂੰ ਵੀ ਇਤਬਾਰ ਨਹੀਂ ਆਪਣੀਆਂ ਵੋਟਿੰਗ ਮਸ਼ੀਨਾਂ 'ਤੇ .. ?
ਬੈਲਟ ਪੇਪਰ ਵੀ ਵਰਤਦੇ ਨੇ ਮਸ਼ੀਨਾਂ ਦੇ ਨਾਲ
" ਵੋਟਾਂ ਅਸੀਂ ਵੀ ਭਾਵੇਂ ਮਸ਼ੀਨਾਂ ਰਾਹੀਂ ਹੀ ਪਾਉਂਦੇ ਹਾਂ , ਪਰ ਪੂਰਾ ਇਤਬਾਰ ਮਸ਼ੀਨਾਂ ਤੇ ਅਜੇ ਵੀ ਨਹੀਂ ਕਰਦੇ . ਅਸੀਂ ਦੋਵੇਂ ਹੀ ਵਰਤਦੇ ਹਾਂ , ਇਲੈਕਟ੍ਰਾਨਿਕ ਮਸ਼ੀਨਾਂ ਵੀ ਅਤੇ ਬੈਲਟ ਪੇਪਰ ਵੀ . ਜੇ ਕੀਤੇ ਰੌਲਾ ਪੈ ਜਾਵੇ ਤਾਂ ਬੈਲਟ ਪੇਪਰ ਰਿਕਾਰਡ ਸਾਹਮਣੇ ਹੁੰਦੈ , " ਇਹ ਕਹਿਣਾ ਸੀ ਮੇਰੇ ਇੱਕ ਅਮਰੀਕਾ ਵਸੇ ਦੋਸਤ ਜਸਬੀਰ ਸਹੋਤਾ ਦਾ . ਉਸ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਚੋਣ ਅਤੇ ਬਾਕੀ ਚੋਣਾਂ ਲਈ ਆਪਣੇ ਪਸੰਦ ਦੇ ਉਮੀਦਵਾਰ ਦੇ ਨਾਂਅ 'ਤੇ ਟਿੱਕ ਮਾਰਕ ਵੋਟ ਪਰਚੀ ( ਬੈਲਟ ਪੇਪਰ ) ਤੇ ਕਰੀਦਾ ਹੈ ਪਰ ਇਸ ਬੈਲਟ ਪੇਪਰ ਨੂੰ ਪਾਉਂਦੇ ਮਸ਼ੀਨ ਵਿਚ ਹਾਂ . ਵੋਟਾਂ ਦੀ ਗਿਣਤੀ ਮਸ਼ੀਨਾਂ ਹੀ ਕਰਦਿਆਂ ਨੇ ਪਰ ਬੈਲਟ ਪੇਪਰ ਵੀ ਰਿਕਾਰਡ ਵਿਚ ਰਹਿੰਦੇ ਨੇ .
ਡੇਟਰੋਇਟ ਨੇੜਲੇ ਕੈਂਟਨ ਸ਼ਹਿਰ ਵਿਚ ਆਪਣੀ ਫੇਰੀ ਦੌਰਾਨ ਮੈਂ ਸਰਸਰੀ ਹੀ ਪੁੱਛਿਆ ਸੀ ਕਿ ਉਹ ਵੋਟ ਕਿਵੇਂ ਪਾਉਂਦੇ ਨੇ .ਉਹ ਇੱਕ ਵੱਡਾ ਸਾਰਾ ਪੀਲੇ ਰੰਗ ਦਾ ਲਿਫ਼ਾਫ਼ਾ ਚੁੱਕ ਲਿਆਇਆ ਤੇ ਦੱਸਿਆ ਕਿ ਉਸਦਾ ਬੈਲਟ ਪੇਪਰ ਹੈ . ਬੰਦ ਲਿਫ਼ਾਫ਼ੇ ਵਿਚ ਇਹ ਉਨ੍ਹਾਂ ਨੂੰ ਘਰ ਵਿਚ ਮਿਲ ਗਿਆ ਹੈ . ਜਿਸ ਨੇ ਪੋਲਿੰਗ ਬੂਥ ਤੇ ਜਾ ਕੇ ਵੋਟ ਨਹੀਂ ਪਾਉਣੀ ਉਹ ਇਸ ਬੈਲਟ ਪੇਪਰ ਤੇ ਆਪਣੀ ਮਰਜ਼ੀ ਦੇ ਉਮੀਦਵਾਰਾਂ ' ਤੇ ਟਿੱਕ ਮਾਰਕ ਕਰਕੇ 8 ਨਵੰਬਰ ਤੋਂ ਪਹਿਲਾਂ ਵੀ ਵੋਟ ਪਾ ਸਕਦਾ ਹੈ .
ਮੈਂ ਦੇਖਿਆ ਉਸ ਬੈਲਟ ਪੇਪਰ 'ਤੇ ਰਾਸ਼ਟਰਪਤੀ ਤੋਂ ਬਿਨਾਂ ਅਮਰੀਕੀ ਕਾਂਗਰਸ ਅਤੇ ਹੋ ਵੱਖ ਅਦਾਰਿਆਂ ਦੇ ਉਮੀਦਵਾਰਾਂ ਦੇ ਨਾਮ ਵੀ ਸਨ ਭਾਵ ਇਹ ਸਾਰੀਆਂ ਚੋਣਾਂ ਇੱਕੋ ਸਮੇਂ ਹੀ ਹੁੰਦੀਆਂ ਨੇ . 8 ਨਵੰਬਰ ਨੂੰ ਸਿਰਫ਼ ਰਾਸ਼ਟਰਪਤੀ ਦੀ ਚੋਣ ਲਈ ਵੋਟਾਂ ਨਹੀਂ ਪੈ ਰਹੀਆਂ ਸਗੋਂ ਸਗੋਂ ਲੋਕਲ , ਸੂਬਾਈ ਅਤੇ ਨੈਸ਼ਨਲ ਪੱਧਰ ਦੇ ਬਾਕੀ ਅਦਾਰਿਆਂ ਲਈ ਵੀ ਵੋਟਾਂ ਕਾਠੀਆਂ ਹੀ ਪੈ ਰਹੀਆਂ ਨੇ .
ਪਿਛਲੇ ਮਹੀਨੇ ਆਪਣੀ ਅਮਰੀਕਾ ਕੈਨੇਡਾ ਦੀ ਫੇਰੀ ਦੌਰਾਨ ਮੈਂ ਅਮਰੀਕਾ ਵਿਚ ਅਕਤੂਬਰ ਦੇ ਦੂਜੇ ਹਫ਼ਤੇ ਉਨ੍ਹਾਂ ਦਿਨਾਂ ਵਿਚ ਸੀ ਜਦੋਂ ਟਰੰਪ ਵੱਲੋਂ ਔਰਤਾਂ ਦੇ ਸੈਕਸ ਬਾਰੇ ਕੀਤੀਆਂ ਟਿੱਪਣੀਆਂ ਹੀ ਚੋਣ ਮੁਹਿੰਮ ਤੇ ਹਾਵੀ ਸਨ . ਮੈਂ ਦੇਖਿਆ ਕਿ ਪੂਰੇ ਦੋ ਹਫ਼ਤੇ ਸੈਕਸ ਅਤੇ ਸੈਕਸ ਨਾਲ ਸਬੰਧਤ ਮੁੱਦੇ ਹੀ ਦੂਣੀਆਂ ਦੇ ਸਭ ਤੋਂ ਤਾਕਤਵਰ ਸਰਮਾਏਦਾਰ ਮੁਲਕ ਦੇ ਸਭ ਤੋਂ ਸਿਖਰ ਦੇ ਅਹੁਦੇ ਲਈ ਚੋਣ ਮੁਹਿੰਮ ਸੈਕਸ ਦੀ ਭੇਂਟ ਚੜ੍ਹੀ ਹੋਈ ਸੀ .
ਉਂਜ ਵੀ ਇਸ ਵਾਰ ਟਰੰਪ ਅਤੇ ਹਿਲੇਰੀ ਕਲਿੰਟਨ ਵਿਚਕਾਰ ਚੋਣ ਮੁਕਾਬਲੇ ਦੌਰਾਨ ਲਗਭਗ ਸਾਡੇ ਮੁਲਕ ਇੰਡੀਆ ਵਾਂਗ ਹੀ ਉਹ ਇੱਕ-ਦੂਜੇ ਦੇ ਪੋਤੜੇ ਫਰੋਲਦੇ ਰਹੇ , ਇੱਕ ਦੂਜੇ ਦੀ ਕਿਰਦਾਰਕੁਸ਼ੀ ਕਰਦੇ ਰਹੇ ਅਤੇ ਚੋਣ ਮੁਹਿੰਮ ਦਾ ਇੱਕ ਵੱਡਾ ਹਿੱਸਾ ਜ਼ਾਤੀ ਇਲਜ਼ਾਮ ਬਾਜ਼ੀ ਦੀ ਭੇਟ ਚੜ੍ਹਿਆ ਰਿਹਾ . ਸਾਰੀ ਦੁਨੀਆਂ ਦੀਆਂ ਦੀਆਂ ਨਜ਼ਰਾਂ 8 ਨਵੰਬਰ ਨੂੰ ਹੋ ਰਹੀ ਯੂ ਐਸ ਪ੍ਰੈਜ਼ੀਡੈਂਟ ਦੀ ਚੋਣ ਤੇ ਲੱਗੀਆਂ ਹੋਈਆਂ ਨੇ , ਨਤੀਜਾ ਕੁਝ ਵੀ ਹੋਵੇ ਪਰ ਚੋਣ ਮੁਹਿੰਮ ਵਿਚ ਜੋ ਕੁਝ ਹੋਇਆ ਇਸ ਨੇ ਦਿਖਾ ਦਿੱਤਾ ਹੈ ਕਿ ਸਭ ਤੋਂ ਵੱਧ ਸਭਿਅਕ ਮੰਨੇ ਜਾਂਦੇ ਮੁਲਕ ਵਿਚ ਵੀ ਖ਼ਾਸ ਹਾਲਤਾਂ ਵਿਚ ਮਨੁੱਖ ਦਾ ਬੁਨਿਆਦੀ ਸੁਭਾਅ ਅਤੇ ਵਿਹਾਰ ਉਹੋ ਜਿਹਾ ਹੀ ਹੋ ਸਕਦਾ ਹੈ ਜੋ ਕਿਸੇ ਪਛੜੇ ਜਾਂ ਘੱਟ ਸਭਿਅਕ ਮੰਨੇ ਜਾਂਦੇ ਸਮਾਜ ਜਾਂ ਦੇਸ਼ ਵਿਚ ਹੋ ਸਕਦਾ ਹੈ . ਬੰਦੇ ਦੀ ਬੁਨਿਆਦੀ ਫ਼ਿਤਰਤ ਉਹੋ ਜਿਹੀ ਹੀ ਹੋ ਸਕਦੀ ਹੈ .
ਬਲਜੀਤ ਬੱਲੀ
08-11-2016
08 ਨਵੰਬਰ , 2016
-
ਬਲਜੀਤ ਬੱਲੀ, ਸੰਪਾਦਕ
tirshinazar@gmail.com
9915177722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.