ਖਾਲਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਜੋ ਨਿਰੋਲ, ਸ਼ੁੱਧ, ਮਿਲਾਵਟ ਰਹਿਤ ਫ਼ਾਰਸੀ ਭਾਸ਼ਾ ਵਿਚ ਉਸ ਜ਼ਮੀਨ ਜਾਂ ਇਲਾਕੇ ਨੂੰ ਵੀ ਖਾਲਸਾ ਕਿਹਾ ਜਾਂਦਾ ਹੈ ਜੋ ਸਿਧੀ ਬਾਦਸ਼ਾਹ ਦੀ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਸਾਧਕਾਂ ਲਈ, ਜੋ ਪ੍ਰੇਮ ਅਰਾਧਨਾ ਰਾਹੀਂ ਸਿੱਧਾ ਪਰਮਾਤਮਾਂ ਨਾਲ ਜੁੜਦੇ ਹਨ ਬਾਰੇ ਭਗਤ ਕਬੀਰ ਜੀ ਕਹਿੰਦੇ ਹਨ:
ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ£ (ਪੰਨਾ 654)
ਇਸ ਸ਼ਬਦ ਦੀ ਵਰਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਇਕ ਹੁਕਮਨਾਮੇ ਵਿਚ ਪੂਰਬ ਦੀ ਸੰਗਤ (ਗੁਰੂ ਕਾ ਖਾਲਸਾ) ਲਈ ਕੀਤੀ ਹੈ। ਏਸੇ ਤਰ•ਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਟਨੇ ਦੀ ਸੰਗਤ ਨੂੰ ਆਪਣੇ ਇਕ ਹੁਕਮਨਾਮੇ ਵਿਚ ਖਾਲਸੇ ਨਾਲ ਸੰਬੋਧਨ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਦੀ ਪਵਿਤਰ ਪਰੰਪਰਾ ਰਾਹੀਂ ਆਪਣੇ ਪਿਆਰਿਆ ਨੂੰ ਖਾਲਸਾ ਬਨਾਇਆ। (ਵਿਸ਼ਵ ਸਿੱਖ ਕੋਸ਼ ਪੰਨਾ 547)
ਇਸੇ ਤਰ•ਾਂ ਸੰਸਕ੍ਰਿਤ ਦੇ ਪਥ ਸ਼ਬਦ ਤੋਂ ਬਣੇ ਪੰਥ ਸ਼ਬਦ ਦੀ ਵਰਤੋਂ ਪੰਜਾਬੀ ਅਤੇ ਸਿੱਖ ਸਾਹਿਤ ਵਿਚ ਦੋ ਅਰਥਾਂ ਵਿਚ ਹੋਈ ਹੈ। ਇਕ ਮਾਰਗ ਰਸਤੇ ਲਈ ਦੂਜਾ ਵਿਸੇਸ਼ ਧਾਰਮਿਕ ਸਮਾਜ ਲਈ। ਇਸ ਸ਼ਬਦ ਦੀ ਵਰਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਤੇ ਬਾਅਦ ਵਿਚ ਵੀ ਹੁੰਦੀ ਰਹੀ ਹੈ। ਗੋਰਖ ਪੰਥ ਅਤੇ ਕਬੀਰ ਪੰਥ ਇਸੇ ਅਰਥ ਦੇ ਸੂਚਕ ਹਨ। ਖਾਲਸੇ ਦੀ ਸਿਰਜਨਾ ਤੋਂ ਪਹਿਲਾਂ ਨਾਨਕ ਪੰਥੀ ਸ਼ਬਦ ਵਰਤਿਆ ਜਾਂਦਾ ਰਿਹਾ ਹੈ। ਭੱਟਾਂ ਦੇ ਸਵੱਈਆਂ ਵਿਚ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਮਤ ਨੂੰ 'ਉਤਮ ਪੰਥ' ਕਿਹਾ ਗਿਆ ਹੈ:
ਇਕ ਉਤਮ ਪੰਥ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ£
ਭਾਈ ਗੁਰਦਾਸ ਜੀ ਨੇ ਇਸ ਨੂੰ ਨਿਰਮਲ ਪੰਥ ਕਿਹਾ ਹੈ:
ਮਾਰਿਆ ਸਿਕਾ ਜਗਤਿ ਵਿਚ ਨਾਨਕ ਨਿਰਮਲ ਪੰਥ ਚਲਾਇਆ£ (1/45)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਬਾਕੀ ਧਰਮਾਂ ਤੋਂ ਵੱਖ ਕਰ ਕੇ ਤੀਸਰਾ ਪੰਥ ਬਣਾ ਦਿੱਤਾ। ਅੰਮ੍ਰਿਤ ਸੰਚਾਰ ਦੁਆਰਾ ਸੰਗਤ ਨੂੰ ਖਾਲਸਾ ਐਲਾਨ ਦਿੱਤਾ। ਇਸ ਤਰ•ਾਂ ਖਾਲਸਾ ਪੰਥ ਸਾਹਮਣੇ ਆ ਗਿਆ।
ਅੱਜ ਅਸੀਂ ਸਾਰੇ ਖਾਲਸਾ ਪੰਥ ਦੇ ਅਨੁਯਾਈ ਕਹਾਉਣ ਵਾਲੇ 21ਵੀਂ ਸਦੀ ਦਾ ਦੂਜਾ ਦਹਾਕਾ ਵੀ ਪਾਰ ਕਰਨ ਵਾਲੇ ਹਾਂ। ਖ਼ਾਲਸੇ ਦੀ ਸਿਰਜਣਾ ਤੋਂ ਲੈ ਕੇ ਸਿੰਘਾਂ ਨੇ ਕਈ ਪੜਾਅ ਪਾਰ ਕੀਤੇ ਹਨ। ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦੀ ਇਹ ਜੁਝਾਰੂ ਕੌਮ ਨੇ ਸੰਸਾਰ ਪੱਧਰ 'ਤੇ ਆਪਣਾ ਨਾਮ ਚਮਕਾਇਆ ਹੈ। ਪਰ ਮਸ਼ੀਨੀਕਰਨ ਦੇ ਆਧੁਨਿਕ ਯੁੱਗ ਵਿੱਚ ਗੁਜ਼ਰਦਿਆਂ ਵੀ ਅਸੀਂ ਪਛਾਂਹ ਖਿੱਚੂ ਸੋਚ ਧਾਰਨ ਤੋਂ ਮੁਕਤ ਨਹੀਂ ਹੋ ਰਹੇ। ਅੱਜ ਵੀ ਕੌਮ ਵਿੱਚ ਕੌਮੀ ਮਸਲਿਆਂ ਦੀ ਪ੍ਰਾਪਤੀ ਲਈ ਇਕਸਾਰਤਾ ਇਕਸੁਰਤਾ ਨਹੀਂ ਹੈ।ਖਿਚਾ ਧੂਹੀ ਤੇ ਇਲਜ਼ਾਮਬਾਜ਼ੀ ਵਿੱਚ ਅਸੀਂ ਮੂਹਰੀ ਭੂਮਿਕਾ ਨਿਭਾਅ ਰਹੇ ਹਾਂ। ਮਿਲ ਬੈਠ ਕੇ ਵਿਚਾਰ ਕਰਨ ਦੀ ਪ੍ਰੰਪਰਾ ਖ਼ਤਮ ਹੋ ਰਹੀ ਹੈ।
ਸਰਬੱਤ ਖ਼ਾਲਸਾ ਸ਼ਬਦ ਸਮੁੱਚੀ ਸਿੱਖ ਕੌਮ ਜਾਂ ਪੰਥ ਦੇ ਵਾਚਕ ਵਜੋਂ 18ਵੀਂ ਸਦੀ ਵਿੱਚ ਵਰਤਿਆ ਜਾਣ ਲੱਗਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਉੱਤੇ ਮੁਗਲ ਸਰਕਾਰ ਵੱਲੋਂ ਜ਼ੁਲਮ ਆਰੰਭ ਕਰ ਦਿੱਤੇ ਗਏ। ਆਪਣੇ ਆਪ ਨੂੰ ਬਚਾਉਣ ਲਈ ਸਿੰਘ ਵੱਡੇ ਨਿੱਕੇ ਜਥਿਆਂ ਦੇ ਰੂਪ ਵਿੱਚ ਜੰਗਲਾਂ, ਛੰਭਾਂ, ਮਾਰੂਥਲਾਂ ਅਤੇ ਪਰਬਤਾਂ ਵਿੱਚ ਲੁਕ-ਛਿਪ ਕੇ ਸਮਾਂ ਬਤੀਤ ਕਰਨ ਲੱਗ ਗਏ। ਪਰ ਇਨ•ਾਂ ਲਈ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ ਉਤੇ ਅੰਮ੍ਰਿਤਸਰ ਪੁੱਜਣ ਦਾ ਦਸਤੂਰ ਜਾਰੀ ਰਿਹਾ।
ਸਰਬੱਤ ਖ਼ਾਲਸਾ ਦੀ ਇਕੱਤਰਤਾ 1723 ਈ: ਦੀ ਦੀਵਾਲੀ ਸਮੇਂ ਹੋਣ ਦਾ ਇਤਿਹਾਸ ਵਿਚ ਜ਼ਿਕਰ ਮਿਲਦਾ ਹੈ। ਇਸ ਸਮੇਂ ਭਾਈ ਮਨੀ ਸਿੰਘ ਜੀ ਨੇ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿਚ ਉੱਠ ਖਲੋਤੇ ਵਿਵਾਦ ਦਾ ਨਿਪਟਾਰਾ ਕੀਤਾ ਸੀ। ਇਸੇ ਤਰ•ਾਂ ਸਰਬੱਤ ਖ਼ਾਲਸਾ ਦਾ ਦੂਜਾ ਇਕੱਠ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਤੋਂ ਬਾਅਦ ਹੋਇਆ ਜਿਸ ਵਿਚ ਤਿੰਨ ਮਹੱਤਵਪੂਰਨ ਫੈਸਲੇ ਕੀਤੇ ਗਏ। ਫਿਰ ਤੀਜੀ ਇਕੱਤਰਤਾ 1733 ਈ. ਵਿਚ ਹੋਈ ਜਿਸ ਵਿਚ ਲਾਹੌਰ ਦੇ ਸੂਬੇ ਵੱਲੋਂ ਭੇਜੀ ਜਗੀਰ (ਖਿਲਤ) ਪ੍ਰਵਾਨ ਕੀਤੀ ਗਈ ਸੀ।
ਸਰਬੱਤ ਖ਼ਾਲਸਾ ਦਾ ਮਹੱਤਵਪੂਰਨ ਇਕੱਠ 1748 ਈ: ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਵਿੱਚ ਹੋਇਆ। ਇਸ ਵਿੱਚ ਸਿੱਖ ਜਥਿਆਂ ਨੂੰ 11 ਮਿਸਲਾਂ ਵਿੱਚ ਵੰਡਿਆ ਗਿਆ। ਇਸ ਤੋਂ ਬਾਅਦ ਬਾਹਰਲੇ ਹਮਲੇ ਘੱਟਦੇ ਗਏ ਅਤੇ ਸਿੱਖ ਮਿਸਲਾਂ ਆਪੋ ਆਪਣੀਆਂ ਰਿਆਸਤਾਂ ਅਤੇ ਜਗੀਰਾਂ ਬਣਾ ਕੇ ਸਥਾਪਿਤ ਹੁੰਦੀਆਂ ਗਈਆਂ। ਇਲਾਕਿਆਂ ਦੀ ਖਿੱਚ-ਧੂਹ ਨਾਲ ਮਿਸਲਾਂ ਵਿੱਚ ਆਪਸੀ ਪਰਸਪਰ ਪਿਆਰ ਤੇ ਮਿਲਵਰਤਣ ਘਟਦਾ ਗਿਆ। ਇਹ ਮਿਸਲਾਂ ਅਜਿਹੇ ਸਰਬੱਤ ਖ਼ਾਲਸੇ ਅਖਵਾਉਣ ਵਾਲੇ ਇਕੱਠਾਂ ਵਿੱਚ ਸ਼ਾਮਲ ਹੋਣ ਤੋਂ ਗੁਰੇਜ਼ ਕਰਨ ਲੱਗ ਪਈਆਂ। ਜਦ ਸਰਬੱਤ ਖ਼ਾਲਸਾ ਬੁਲਾਇਆ ਜਾਂਦਾ ਤਾਂ ਮਿਸਲਾਂ ਦੇ ਸਰਦਾਰ, ਮੁਖੀ ਜਾਂ ਉਨ•ਾਂ ਦੇ ਪ੍ਰਤੀਨਿਧ ਹੀ ਸ਼ਾਮਲ ਹੁੰਦੇ।
ਮਹਾਰਾਜਾ ਰਣਜੀਤ ਸਿੰਘ ਦੁਆਰਾ ਸ਼ਕਤੀ ਹਾਸਲ ਕਰਨ 'ਤੇ 'ਸਰਬੱਤ ਖ਼ਾਲਸਾ' ਦਾ ਸੰਕਲਪ ਪੇਤਲਾ ਪੈ ਗਿਆ ਅਤੇ ਉਸ ਤੋਂ ਬਾਅਦ ਇਸ ਦਾ ਮਹੱਤਵ ਹੀ ਨਾ ਰਿਹਾ। ਏਨੇ ਲੰਮੇ ਸਮੇਂ ਵਿੱਚ ਮੁੜ ਕੋਈ 'ਸਰਬੱਤ ਖ਼ਾਲਸਾ' ਇਕੱਠ ਨਹੀਂ ਹੋਇਆ। ਸਿੱਖ ਕੌਮ ਦਾ ਸ਼ਕਤੀਸ਼ਾਲੀ ਹੋਣਾ, ਫਿਰ ਕੌਮੀ ਨਿਸ਼ਾਨਿਆਂ ਅਤੇ ਮੁੱਦਿਆਂ ਬਾਰੇ ਘੇਸਲ ਵਟ ਹੋ ਜਾਣਾ ਤਾਂ ਨਹੀਂ?
ਬਾਅਦ ਵਿੱਚ ਵੀ ਸਮੇਂ-ਸਮੇਂ ਸਰਬੱਤ ਖ਼ਾਲਸਾ ਇਕੱਠ ਸੱਦਣ ਦੀ ਅਵਾਜ਼ ਉਠਦੀ ਰਹੀ ਹੈ। ਖ਼ਾਸ ਕਰਕੇ ਫੌਜੀ ਹਮਲੇ ਦੇ ਅੱਗੇ-ਪਿੱਛੇ। ਪਰ ਸਿੱਖ ਜਗਤ ਵਿੱਚ ਪੰਥ ਨੂੰ ਦਰਪੇਸ਼ ਮਸਲਿਆਂ ਦੇ ਸਮਾਧਾਨ ਬਾਰੇ ਸਰਬ ਸੰਮਤੀ ਨਾ ਹੋਣ ਕਾਰਨ ਅਜਿਹੇ ਯਤਨ ਨਿਸਫਲ ਹੀ ਰਹੇ ਹਨ। ਸਰਬੱਤ ਖ਼ਾਲਸਾ ਇਕੱਠ ਕੌਣ ਸੱਦੇ, ਇਹ ਅਧਿਕਾਰ ਕਿਸ ਕੋਲ ਹਨ। ਸਰਬੱਤ ਖ਼ਾਲਸਾ ਦੀ ਥਾਂ ਪੁਰ ਸਿੰਘ ਕਨਵੈਨਸ਼ਨ, ਸਿੱਖ ਸੰਮੇਲਨ, ਸਿੱਖਾਂ ਦੀ ਇਕੱਤਰਤਾ ਆਦਿ ਕਿਉਂ ਨਹੀਂ?
'ਸਰਬੱਤ ਖ਼ਾਲਸਾ' ਇਕੱਠ ਸੱਦੇ ਜਾਣ ਸਬੰਧੀ ਅੱਜ ਕੱਲ ਵਿਵਾਦ ਦਾ ਚਰਚਾ ਬਣਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਪੱਖ ਇਹ ਹੈ ਕਿ ਉਨ•ਾਂ ਵੱਲੋਂ ਪ੍ਰਵਾਨਿਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਸਰਬੱਤ ਖ਼ਾਲਸਾ ਬੁਲਾ ਸਕਦੇ ਹਨ। ਕੁਝ ਸੱਜਣਾਂ ਦਾ ਇਹ ਖਿਆਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਾਲਸਾ ਪੰਥ ਦੇ ਵੋਟਾਂ ਨਾਲ ਚੁਣੀ ਹੋਈ ਪ੍ਰਤੀਨਿਧ ਧਾਰਮਿਕ ਤੇ ਸ਼੍ਰੋਮਣੀ ਸਿੱਖ ਸੰਸਥਾ ਹੈ, ਇਸ ਲਈ ਇਸ ਨੂੰ ਸਰਬੱਤ ਖ਼ਾਲਸਾ ਸਮਝਿਆ ਜਾਣਾ ਚਾਹੀਦਾ ਹੈ। ਇਸ ਲਈ ਬਜ਼ੁਰਗਾਂ ਤੋਂ ਸੁਣੇ ਵਿਚਾਰਾਂ ਅਤੇ ਪੁਰਾਤਨ ਇਤਿਹਾਸ ਨੂੰ ਵਾਚਣ ਤੋਂ ਅਨੁਭਵ ਕੀਤੇ ਸਿੱਟਿਆਂ ਤੇ ਅੱਜ ਗੁਰੂ ਪੰਥ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਯਤਨ ਕਰ ਰਿਹਾ ਹਾਂ। ਮੈਂ ਆਸ ਰੱਖਦਾ ਹਾਂ ਕਿ ਵਿਦਵਾਨ ਸੱਜਣ ਇਨ•ਾਂ ਤੇ ਵਿਚਾਰ ਕਰਕੇ ਆਪਣੇ ਸ਼ੁਭ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਰੋਸ਼ਨੀ ਦਾ ਰਾਹ ਦਿਖਾਉਣ ਲਈ ਕ੍ਰਿਪਾਲਤਾ ਕਰਨਗੇ।
ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਖ਼ਾਲਸਾ ਰਾਜ ਕਾਇਮ ਹੋਣ ਤੀਕ ਖ਼ਾਲਸਾ ਜੀ ਨੂੰ ਬੇਅੰਤ ਕੁਰਬਾਨੀਆਂ ਕਰਨੀਆਂ ਪਈਆਂ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲਾਂ ਨੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਆਪਣੀ ਪੂਰੀ ਵਾਹ ਲਾਈ। ਖ਼ਾਲਸਾ ਜੀ ਨੇ ਜੰਗਲਾਂ ਵਿੱਚ ਬਸੇਰਾ ਕੀਤਾ, ਕੰਦ ਮੂਲ ਖਾ ਕੇ ਗੁਜ਼ਾਰਾ ਕੀਤਾ ਤੇ ਅਨੇਕਾਂ ਜੰਗਾਂ, ਯੁੱਧਾਂ ਉਪਰੰਤ 12 ਮਿਸਲਾਂ ਬਣੀਆਂ। ਇਨ•ਾਂ ਮਿਸਲਾਂ ਵਿੱਚ ਵੀ ਆਪੋ ਵਿੱਚ ਖਿਚਾ ਤਾਣੀ ਰਹੀ। ਪੁਰਾਤਨ ਮਰਯਾਦਾ ਨੂੰ ਕਾਇਮ ਰੱਖਦਿਆਂ ਖ਼ਾਲਸਾ ਜੀ ਹਰ ਸਾਲ ਵੈਸਾਖੀ ਅਤੇ ਦੀਵਾਲੀ ਸਮੇਂ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਦਰਸ਼ਨ, ਇਸ਼ਨਾਨ ਕਰਨ ਲਈ ਆ ਜੁੜਦੇ। ਮਿਸਲਾਂ ਦੇ ਸਰਦਾਰ ਤੇ ਉਨ•ਾਂ ਦੇ ਫੌਜੀ ਬਹਾਦਰ ਆਪਣੇ ਸ਼ਸਤਰ ਸ੍ਰੀ ਹਰਿਮੰਦਰ ਸਾਹਿਬ ਦੇ ਚੁਫੇਰੇ ਬਣੇ ਆਪੋ-ਆਪਣੇ ਬੁੰਗਿਆਂ ਵਿੱਚ ਟਿਕਾ ਕੇ ਆਪਣੇ ਵਿੱਚੋਂ ਸਭ ਵੈਰ ਵਿਰੋਧ ਤਿਆਗ ਕੇ ਸ੍ਰੀ ਹਰਿਮੰਦਰ ਸਾਹਿਬ ਸੀਸ ਨਿਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਆ ਇਕੱਠੇ ਹੁੰਦੇ। ਆਖਦੇ ਹਨ ਕਿ ਮਿਸਲਾਂ ਦੇ ਸਿਰਕਰਦਾ ਜਥੇਦਾਰ ਤੇ ਗਿਣਤੀ ਦੇ ਪ੍ਰਤੀਨਿਧ ਇਕੱਤਰ ਹੋ ਕੇ ਪੰਥਕ ਮਾਮਲਿਆਂ 'ਤੇ ਵਿਚਾਰ ਕਰਨ ਉਪਰੰਤ ਜਿੰਨਾਂ-ਜਿੰਨਾਂ ਫੈਸਲਿਆਂ ਤੇ ਸਰਬ-ਸੰਮਤੀ ਕਰਦੇ ਉਸ ਨੂੰ ਗੁਰਮਤਾ ਦਾ ਰੂਪ ਦੇ ਕੇ 'ਗੁਰਮਤਾ' ਹਾਜ਼ਰ ਸੰਗਤ ਨੂੰ ਸੁਣਾ ਦਿੰਦੇ। ਇਸ ਇਕੱਠ ਨੂੰ ਸਰਬੱਤ ਖ਼ਾਲਸਾ ਅਤੇ ਫੈਸਲੇ ਨੂੰ ਗੁਰਮਤਾ ਕਿਹਾ ਜਾਂਦਾ। ਉਸ ਸਮੇਂ ਖ਼ਾਲਸਾ ਜੀ ਵਿਸ਼ੇਸ਼ ਤੌਰ 'ਤੇ ਪੰਜਾਬ ਤੇ ਬੀਕਾਨੇਰ ਦੇ ਜੰਗਲਾਂ ਵਿੱਚ ਵਿਸ਼ਰਾਮ ਰੱਖਦੇ ਸਨ ਅਤੇ ਉਸ ਸਮੇਂ ਦੇ ਜਥੇ ਤੇ ਮਿਸਲਾਂ ਦੇ ਪ੍ਰਤੀਨਿਧ ਇਕੱਠੇ ਹੋ ਕੇ ਇਕ ਸਰਬੱਤ ਖ਼ਾਲਸੇ ਦੇ ਰੂਪ ਵਿੱਚ ਗੁਰੂ ਆਸ਼ੇ ਅਨੁਸਾਰ ਫੈਸਲਾ ਲੈਂਦੇ ਸਨ। ਇਹ ਸਿਲਸਿਲਾ ਖ਼ਾਲਸਾ ਰਾਜ ਕਾਇਮ ਹੋਣ ਉਪਰੰਤ ਬੰਦ ਹੋ ਗਿਆ।
ਗੁਰਦੁਆਰਾ ਸੁਧਾਰ ਲਹਿਰ ਦੇ ਸਮੇਂ ਜਾਂ ਉਸ ਤੋਂ ਉਪਰੰਤ ਵੀ ਕਦੇ ਸਰਬੱਤ ਖ਼ਾਲਸਾ ਨਹੀਂ ਬੁਲਾਇਆ ਗਿਆ। ਅਕਾਲੀ ਲਹਿਰ ਤੋਂ 1980 ਤੀਕ ਦੇ ਇਤਿਹਾਸ ਅਤੇ ਵਾਕਫੀਅਤ ਤੇ ਨਜ਼ਰ ਮਾਰੀਏ ਤਾਂ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਸਮੇਂ ਦੇ ਪੰਥਕ ਲੀਡਰਾਂ ਨੇ ਸਰਬੱਤ ਖ਼ਾਲਸਾ ਬੁਲਾਉਣ ਲਈ ਕਦੇ ਉਪਰਾਲਾ ਨਹੀਂ ਸੀ ਕੀਤਾ ਬਲਕਿ ਬਾਬਾ ਖੜਕ ਸਿੰਘ, ਜਿੰਨਾਂ ਨੂੰ ਪੰਥ ਦੇ ਬੇਤਾਜ ਬਾਦਸ਼ਾਹ ਵੀ ਕਿਹਾ ਜਾਂਦਾ ਸੀ ਅਤੇ ਜਿਨ•ਾਂ ਨੇ ਅਕਾਲੀ ਲਹਿਰ ਤੇ ਦੇਸ਼ ਦੀ ਆਜ਼ਾਦੀ ਵਾਸਤੇ ਆਪਣੀ ਸ਼ਾਹੀ ਠਾਠ-ਬਾਠ ਅਤੇ ਰਾਜਸੀ ਖਾਨਦਾਨੀ ਪਰੰਪਰਾਵਾਂ ਨੂੰ ਤਲਾਜਲੀ ਦੇ ਕੇ ਆਪਣੀ ਉਮਰ ਦਾ ਬਹੁਤ ਲੰਬਾ ਸਮਾਂ ਅੰਗਰੇਜ਼ ਸਰਕਾਰ ਦੀਆਂ ਜੇਲ•ਾਂ ਵਿੱਚ ਤਸ਼ੱਦਦ ਸਹਿ ਕੇ ਗੁਜ਼ਾਰਿਆ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੀ ਹੈਸੀਅਤ ਵਿੱਚ ਕਦੇ ਸਰਬੱਤ ਖ਼ਾਲਸਾ ਨਹੀਂ ਸੱਦਿਆ ਤੇ ਨਾ ਹੀ ਉਨ•ਾਂ ਦੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਜਿਹਾ ਇਕੱਠ ਸੱਦਿਆ। ਬਾਬਾ ਖੜਕ ਸਿੰਘ ਤੋਂੇ ਪਿੱਛੇ ਤਕਰੀਬਨ 50 ਸਾਲ ਮਾਸਟਰ ਤਾਰਾ ਸਿੰਘ ਜਿਸ ਨੂੰ ਸੰਗਤ ਨੇ ਪੰਥ ਰਤਨ ਦੇ ਖਿਤਾਬ ਨਾਲ ਨਿਵਾਜਿਆ ਕੌਮੀ ਲੀਡਰ ਰਹੇ ਅਤੇ ਇਨ•ਾਂ ਦੇ ਪਿੱਛੋਂ ਸੰਤ ਫ਼ਤਿਹ ਸਿੰਘ ਨੇ ਕੌੰਮ ਦੀ ਵਾਗਡੋਰ ਸੰਭਾਲੀ। ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੇ ਸਮੇਂ ਬਹੁਤ ਪੰਥਕ ਮਾਮਲੇ ਅਜਿਹੇ ਆਉਂਦੇ ਰਹੇ ਜਿਨ•ਾਂ ਲਈ ਵਿਸ਼ਾਲ ਪੰਥਕ ਇਕੱਠ ਬੁਲਾਉਣ ਦੀ ਲੋੜ ਪੈਂਦੀ ਰਹੀ। ਇਨ•ਾਂ ਦੇ ਸਮੇਂ ਵਿੱਚ ਪੰਥਕ ਮਾਮਲਿਆਂ ਸਬੰਧੀ ਬੁਲਾਏ ਜਾਂਦੇ ਇਕੱਠਾਂ ਨੂੰ 'ਆਲ ਇੰਡੀਆ ਪੰਥਕ ਕਨਵੈਨਸ਼ਨ' ਅਰਥਾਤ 'ਸਰਬ ਸੰਸਾਰ ਸਿੱਖ ਜਗਤ ਕਨਵੈਨਸ਼ਨ' ਦਾ ਨਾਮ ਦਿੱਤਾ ਜਾਂਦਾ ਰਿਹਾ। ਪ੍ਰੰਤੂ ਸਰਬੱਤ ਖ਼ਾਲਸਾ ਨਹੀਂ ਕਿਹਾ ਜਾਂਦਾ ਸੀ। ਇਥੇ ਇਹ ਲਿਖਣਾ ਵੀ ਯੋਗ ਸਮਝਦਾ ਹਾਂ ਕਿ ਅਕਾਲੀ ਲਹਿਰ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਕਾਮਯਾਬ ਕਰਨ ਲਈ ਸਮੂਹ ਪੰਥਕ ਜਥੇਬੰਦੀਆਂ ਦੀ ਇਕ ਮੀਟਿੰਗ 15 ਨਵੰਬਰ 1920 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੋਈ ਸੀ। ਜਿਸ ਵਿੱਚ ਦੀਰਘ ਵਿਚਾਰਾਂ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਸੀ। ਜਿਸ ਦਾ ਇਜਲਾਸ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ 12 ਦਸੰਬਰ 1920 ਨੂੰ ਹੋਇਆ ਸੀ ਅਤੇ ਸਰਬ ਸੰਮਤੀ ਨਾਲ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਆਦਿ ਚੁਣੇ ਗਏ ਸਨ। ਇਸ ਇਕੱਠ ਨੂੰ ਵੀ ਸਰਬੱਤ ਖ਼ਾਲਸਾ ਦਾ ਨਾਮ ਨਹੀਂ ਦਿਤਾ ਗਿਆ, ਹਾਲਾਂ ਕਿ ਉਸ ਵਿੱਚ ਸਮੂੰਹ ਸਿੱਖ ਸੰਪਰਦਾਵਾਂ ਦੇ ਪ੍ਰਤੀਨਿਧ ਅਤੇ ਸਿੰਘ ਸਭਾਵਾਂ ਸ਼ਾਮਲ ਹੋਈਆਂ ਸਨ।
ਮਾਸਟਰ ਤਾਰਾ ਸਿੰਘ ਤੇ ਸੰਤ ਫਤਿਹ ਸਿੰਘ ਦੇ ਸਮੇਂ ਜੋ ਹਿੰਦ ਪੱਧਰ ਤੇ ਸੰਸਾਰ ਪੱਧਰ ਦੀਆਂ ਕਨਵੈਨਸ਼ਨਾਂ ਹੁੰਦੀਆਂ ਰਹੀਆਂ, ਉਨ•ਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵੱਲੋਂ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਸਤਖਤਾਂ ਹੇਠ ਸਮੁੰਹ ਸਿੱਖ ਸੰਪਰਦਾਵਾਂ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ, ਚੀਫ਼ ਖ਼ਾਲਸਾ ਦੀਵਾਨ, ਸਿੰਘ ਸਭਾਵਾਂ, ਅਕਾਲੀ ਜੱਥਿਆਂ, ਪੰਥਕ ਐਮ.ਪੀਜ਼ ਅਤੇ ਐਮ.ਐਲ.ਏਜ਼., ਸਿੱਖ ਡਾਕਟਰਾਂ, ਵਕੀਲਾਂ, ਮਿਊਂਸੀਪਲ ਕਮਿਸ਼ਨਰਾਂ, ਇੰਜੀਨੀਅਰਾਂ, ਵਿਉਪਾਰੀਆਂ, ਬੁਧੀਜੀਵੀਆਂ, ਪ੍ਰਿੰਸੀਪਲਾਂ, ਪ੍ਰੋਫੈਸਰ ਸਾਹਿਬਾਨ ਅਤੇ ਸਿੱਖ ਅਧਿਆਪਕਾਂ ਆਦਿ ਨੂੰ ਬਕਾਇਦਾ ਸੱਦੇ ਪੱਤਰ ਭੇਜੇ ਜਾਂਦੇ ਸਨ ਅਤੇ ਕਨਵੈਨਸ਼ਨ ਵਾਲੇ ਦਿਨ ਵੱਖੋ-ਵੱਖਰੇ ਮੇਜ਼ਾਂ ਤੇ ਰਜਿਸਟਰ ਰੱਖ ਕੇ ਆਏ ਸੱਜਣਾਂ ਦੀ ਹਾਜ਼ਰੀ ਲਵਾਈ ਜਾਂਦੀ ਸੀ।
ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਬਲਿਊ ਸਟਾਰ ਆਪ੍ਰੇਸ਼ਨ ਰਾਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੇਂਦਰ ਸਰਕਾਰ ਦੀ ਫ਼ੌਜ਼ ਭੇਜ ਕੇ ਢਾਹਿਆ ਜਾਣਾ ਤੇ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਪਿੱਛੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਕੇਂਦਰੀ ਸਰਕਾਰ ਦੀ ਸ਼ਹਿ 'ਤੇ ਨਿਹੰਗ ਮੁਖੀ ਬਾਬਾ ਸੰਤਾ ਸਿੰਘ ਨੂੰ ਸੋਂਪਣ ਲਈ ਕਾਂਗਰਸੀਆਂ ਨੇ ਆਪਣੇ ਪਿੱਠੂਆਂ ਦਾ ਇਕ ਇਕੱਠ 11 ਅਗਸਤ 1984 ਨੂੰ ਬੁਰਜ ਬਾਬਾ ਫੂਲਾ ਸਿੰਘ ਜੀ ਅੰਮ੍ਰਿਤਸਰ ਵਿਖੇ ਬੁਲਾਇਆ ਅਤੇ ਉਸ ਨੂੰ ਸਰਬੱਤ ਖ਼ਾਲਸਾ ਦਾ ਨਾਮ ਦਿੱਤਾ ਗਿਆ, ਜੋ ਸਿੱਖੀ ਮਰਯਾਦਾ ਅਨੁਸਾਰ ਨਹੀਂ ਸੀ ਅਤੇ ਪੰਥਕ ਹਲਕਿਆਂ ਵੱਲੋਂ ਉਸ ਨੂੰ ਸਰਬੱਤ ਖ਼ਾਲਸਾ ਨਹੀਂ ਮੰਨਿਆ ਗਿਆ। ਇਸ ਕਥਿਤ ਸਰਬੱਤ ਖ਼ਾਲਸੇ ਤੇ ਪੰਥ ਵਿੱਚ ਦੁਬਾਰਾ ਸਰਬੱਤ ਖ਼ਾਲਸਾ ਬੁਲਾਏ ਜਾਣ ਲੱਗ ਪਏ ਅਤੇ ਇਨ•ਾਂ ਨੂੰ ਵੀ ਉਸ ਢੰਗ ਨਾਲ ਕੋਈ ਬਕਾਇਦਾ ਸੱਦਾ ਪੱਤਰ ਜਾਰੀ ਕਰਕੇ ਅਤੇ ਹਾਜ਼ਰੀਆਂ ਲਵਾ ਕੇ ਨਹੀਂ ਕੀਤਾ ਜਾਂਦਾ ਰਿਹਾ। ਇਸ ਸਮੇਂ ਪੰਥ ਅੰਦਰ ਰੋਲ਼-ਘਚੋਲਾ ਰਿਹਾ ਹੈ। ਸਿੱਖ ਸੰਸਥਾਵਾਂ ਅੰਦਰ ਸੰਨ• ਲਗਾਉਣ ਲਈ ਕੇਂਦਰ ਸਰਕਾਰ ਨੇ ਏਜੰਸੀਆਂ ਰਾਹੀਂ ਨਕਾਬਪੋਸ਼ ਸਿੱਖ ਇਨ•ਾਂ ਵਿਚ ਸ਼ਾਮਲ ਕੀਤੇ। ਲੰਮਾ ਸਮਾਂ ਭਰਾ ਮਾਰੂ ਜੰਗ ਦਾ ਦੌਰ ਰਿਹਾ। ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਫੌਜੀ ਤੇ ਗੈਰ ਫੌਜੀ ਫੋਰਸਾਂ ਕੱਢਣ ਲਈ 2 ਸਤੰਬਰ 1984 ਨੂੰ ਸਰਬ ਸੰਸਾਰ ਸਿੱਖ ਸੰਮੇਲਨ ਬੁਲਾਇਆ। ਇਸ ਇਕੱਠ ਨੂੰ ਵੀ ਸਰਬੱਤ ਖਾਲਸਾ ਦਾ ਨਾਂ ਨਹੀਂ ਦਿੱਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 24-25 ਸਤੰਬਰ 1995 ਨੂੰ ਵਿਸ਼ਵ ਸਿੱਖ ਸੰਮੇਲਨ ਕੀਤਾ ਗਿਆ, ਜਿਸ ਵਿਚ ਦੇਸ਼-ਵਿਦੇਸ਼ ਤੋਂ ਸਿੱਖ ਸ਼ਾਮਲ ਹੋਏ। ਇਸ ਨੂੰ ਵੀ ਸਰਬੱਤ ਖਾਲਸੇ ਦੇ ਨਾਂ ਨਾਲ ਨਹੀਂ ਸੱਦਿਆ ਗਿਆ। ਇਸ ਕਰਕੇ ਅਜਿਹੇ ਦੀਵਾਨਾਂ ਜਾਂ ਇਕੱਠਾਂ ਨੂੰ ਸਰਬੱਤ ਖ਼ਾਲਸਾ ਨਾਮ ਦੇਣਾ ਪੁਰਾਤਨ ਮਰਯਾਦਾ ਅਨੁਸਾਰ ਠੀਕ ਨਹੀਂ ਸੀ ਸਮਝਿਆ ਜਾ ਸਕਦਾ। ਖ਼ਾਲਸਾ ਰਾਜ ਤੋਂ ਪਹਿਲਾਂ ਸਿੰਘ ਪੰਜਾਬ ਤੇ ਬੀਕਾਨੇਰ ਦੇ ਜੰਗਲਾਂ ਵਿੱਚ ਰਹਿੰਦੇ ਸਨ। ਅੱਜ ਕਲ ਸਾਰੇ ਸੰਸਾਰ ਵਿੱਚ ਸਿੱਖ ਫੈਲੇ ਹੋਏ ਹਨ ਅਤੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਦੀਆਂ ਧਾਰਮਿਕ, ਵਿਦਿਅਕ ਤੇ ਰਾਜਸੀ ਜਥੇਬੰਦੀਆਂ ਬਹੁਤ ਸ਼ਾਨਦਾਰ ਸੇਵਾ ਨਿਭਾ ਰਹੀਆਂ ਹਨ। ਇਨ•ਾਂ ਸਭਨਾਂ ਨੂੰ ਸਰਬੱਤ ਖ਼ਾਲਸਾ ਵਿੱਚ ਸੱਦਣਾ ਸੰਭਵ ਨਹੀਂ ਜਾਪਦਾ, ਇਸੇ ਲਈ ਕਿਸੇ ਵੱਲੋਂ ਇਲਾਕਾ ਵਾਰ ਖ਼ਾਲਸਾ ਜੀ ਨੂੰ ਸੱਦ ਕੇ ਉਸ ਨੂੰ ਸਰਬੱਤ ਖ਼ਾਲਸਾ ਦਾ ਨਾਮ ਦੇਣਾ ਉਚਿਤ ਪ੍ਰਤੀਤ ਨਹੀਂ ਹੁੰਦਾ। ਏਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਧਾਨਕ ਕਲਾਵਾ ਸੰਸਾਰ ਪੱਧਰ 'ਤੇ ਕਰਨਾ ਪਵੇਗਾ। ਕਮੇਟੀ ਦੇ ਜਨਰਲ ਹਾਊਸ ਵਿੱਚ ਬਹੁਗਿਣਤੀ ਵਿੱਚ ਵੱਸਦੇ ਦੇਸ਼ਾਂ ਦੇ ਨੁਮਾਇੰਦੇ ਜਿਵੇਂ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਪਾਕਿਸਤਾਨ ਆਦਿ ਵਿਦੇਸ਼ਾਂ ਤੇ ਭਾਰਤ ਦੇ ਬਾਕੀ ਸੂਬਿਆਂ ਤੋਂ ਨੁਮਾਇੰਦਗੀ ਲਾਜ਼ਮੀ ਬਨਾਉਣੀ ਪਵੇਗੀ।
ਅੱਜ ਲੀਡਰਾਂ ਦੀ ਸੋਚ ਆਪਣੀ ਹੋਂਦ ਨੂੰ ਕਾਇਮ ਰੱਖਣ ਤੱਕ ਹੀ ਸੀਮਤ ਹੈ। ਇਸ ਲਈ ਮੇਰੀ ਤੁਛ ਬੁੱਧੀ ਅਨੁਸਾਰ ਬੇਨਤੀ ਹੈ ਕਿ ਜੇ ਪੰਥਕ ਇਕੱਠ ਸੱਦਣੇ ਹੋਣ ਤੇ ਦੇਸ਼ ਪੱਧਰ ਜਾਂ ਸੰਸਾਰ ਪੱਧਰ ਤੇ 'ਕਨਵੈਨਸ਼ਨਾਂ' ਦੇ ਨਾਮ ਦੇ ਕੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਲਿਸਟ ਮੁਤਾਬਿਕ ਬਕਾਇਦਾ ਸੱਦੇ ਪੱਤਰ ਭੇਜ ਕੇ ਅਤੇ ਆਏ ਪ੍ਰਤੀਨਿਧਾਂ ਦੀ ਹਾਜ਼ਰੀ ਲਵਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਹੀ ਸੱਦੇ ਜਾਣੇ ਯੋਗ ਹੋ ਸਕਦੇ ਹਨ। ਜੇ ਅੱਡੋ-ਅੱਡ ਸੰਸਥਾਵਾਂ ਜਾਂ ਵਿਅਕਤੀਗਤ ਰੂਪ ਵਿੱਚ ਸੱਦੇ ਸਮਾਗਮਾਂ ਨੂੰ ਸਰਬੱਤ ਖ਼ਾਲਸੇ ਦੇ ਨਾਂ ਦਿੱਤੇ ਗਏ ਤਾਂ ਇਹ ਕੇਵਲ ਭਰਾ ਮਾਰੂ ਕਾਰਵਾਈਆਂ ਦੇ ਭਾਗੀ ਬਣਨਗੇ।
ਅੰਤ ਵਿੱਚ ਮੈਂ ਉਨ•ਾਂ ਸੱਜਣਾਂ ਨੂੰ ਪੰਥਕ ਪ੍ਰੰਪਰਾਵਾਂ ਅਤੇ ਸੰਸਥਾਵਾਂ ਦੀ ਹੋਂਦ ਬਾਰੇ ਜੋ ਬਜ਼ੁਰਗਾਂ ਵੱਲੋਂ ਮਹਾਨ ਕੁਰਬਾਨੀਆਂ ਕਰ ਕੇ ਕਾਇਮ ਕੀਤੀਆਂ ਗਈਆਂ ਸਨ, ਨੂੰ ਕਾਇਮ ਰੱਖਣ ਦੀ ਅਪੀਲ ਕਰਦਾ ਹਾਂ ਕਿ ਸਰਬੱਤ ਖ਼ਾਲਸਾ ਦੇ ਨਾਮ ਹੇਠ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕਰਨ। ਮਾਸਟਰ ਤਾਰਾ ਸਿੰਘ ਕਿਹਾ ਕਰਦੇ ਸਨ ਕਿ 'ਜੇ ਕਿਸੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੋਵੇ ਤਾਂ ਉਸ ਗ੍ਰੰਥੀ ਨੂੰ ਬਦਲੋ ਗੁਰਦੁਆਰਾ ਸਾਹਿਬ ਢਾਉਣ ਵਾਲੇ ਪਾਸੇ ਨਾ ਪਵੋ।' ਮੈਂ ਇਹ ਨੁਕਤਾ ਪੰਥਕ ਵਿਦਵਾਨਾਂ ਤੇ ਧਾਰਮਿਕ ਹਸਤੀਆਂ ਤੇ ਸੰਪਰਦਾਵਾਂ ਦੇ ਵਿਚਾਰ ਅਧੀਨ ਲਿਆਉਣ ਦਾ ਹੀਲਾ ਇਸ ਲਈ ਕੀਤਾ ਹੈ ਤਾਂ ਜੋ ਕਿਸੇ ਨਤੀਜੇ ਤੇ ਪਹੁੰਚਿਆ ਜਾ ਸਕੇ। ਜੇ ਤਜ਼ਵੀਜ ਵਿੱਚ ਕਿਸੇ ਪ੍ਰਕਾਰ ਦੀ ਤਰੁੱਟੀ ਪੈ ਜਾਵੇ ਤਾਂ ਉਸ ਲਈ ਮੈਂ ਪਹਿਲਾਂ ਹੀ ਸਿੱਖ ਸੰਗਤਾਂ ਪਾਸੋਂ ਖਿਮਾਂ ਦੀ ਜਾਚਨਾ ਕਰਦਾ ਹਾਂ।
-
ਦਿਲਜੀਤ ਸਿੰਘ 'ਬੇਦੀ, ਲੇਖਕ
dsbedisgpc@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.