ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਦਾ ਇਤਿਹਾਸ ਇਸ ਗੱਲ ਦੀ ਸਾਖੀ ਭਰਦਾ ਹੈ ਕਿ ਇਸ ਸੰਸਥਾ ਨੇ ਹਰ ਔਖੀ, ਬਿਖ਼ਮ ਤੇ ਸੰਕਟ ਵਾਲੀ ਸਥਿਤੀ ਵਿਚ ਕੌਮ ਦੀਆਂ ਇੱਛਾਵਾਂ ਦੀ ਤਰਜ਼ਮਾਨੀ ਹੀ ਨਹੀਂ ਕੀਤੀ, ਸਗੋਂ ਯਾਦਗਾਰੀ ਅਗਵਾਈ ਦੇ ਕੇ ਕੌਮ ਦੀ ਚੜ੍ਹਦੀ ਕਲਾ ਲਈ ਲੋਕਤੰਤਰਿਕ ਢੰਗ ਨਾਲ ਲੜਾਈਆਂ ਵੀ ਲੜੀਆਂ ਤੇ ਬੇਨਜ਼ੀਰ ਜਿੱਤਾਂ ਵੀ ਪ੍ਰਾਪਤ ਕੀਤੀਆਂ।
ਇਸ ਸੰਸਥਾ ਨੂੰ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਚੰਨਣ ਸਿੰਘ, ਗਿਆਨੀ ਗਿਆਨ ਸਿੰਘ ਰਾੜੇਵਾਲ, ਜਥੇ. ਜਗਦੇਵ ਸਿੰਘ ਤਲਵੰਡੀ, ਜਥੇ. ਗੁਰਚਰਨ ਸਿੰਘ ਟੌਹੜਾ, ਬੀਬੀ ਜਗੀਰ ਕੌਰ, ਜਥੇ. ਅਵਤਾਰ ਸਿੰਘ ਵਰਗੇ ਕੱਦਵਾਰ ਦੂਰ-ਅੰਦੇਸ਼ ਤੇ ਸਿਦਕੀ ਸ਼ਖਸੀਅਤਾਂ ਦੀ ਸੇਵਾ ਪ੍ਰਾਪਤ ਰਹੀ ਹੈ ਜਿਨ੍ਹਾਂ ਨੇ ਸਿੱਖ ਗੌਰਵ ਨੂੰ ਨਵੀਆਂ ਸਿਖਰਾਂ ਪ੍ਰਦਾਨ ਕਰਨ ਲਈ ਪੂਰੀ ਤਨਦੇਹੀ ਨਾਲ ਸੇਵਾ ਕੀਤੀ। ਇਸੇ ਪਰੰਪਰਾ ਵਿਚ ਸ੍ਰ: ਕਿਰਪਾਲ ਸਿੰਘ ਬਡੂੰਗਰ ਦਾ ਨਾਂ ਆ ਜੁੜਦਾ ਹੈ। ਜਿਨ੍ਹਾਂ ਨੇ ਇਕ ਸਧਾਰਨ ਕਿਰਤੀ ਪਰਿਵਾਰ ਵਿੱਚੋਂ ਉੱਠ ਕੇ ਸਵੈ-ਸਾਧਨਾ ਨਾਲ ਉਚੇਰੀ ਵਿਦਿਆ ਪ੍ਰਾਪਤ ਕੀਤੀ ਅਤੇ ਆਪਣੇ ਸਿਰੜ, ਸਿਦਕ, ਇਮਾਨਦਾਰੀ, ਮਿਹਨਤ ਤੇ ਦੂਰ-ਦ੍ਰਿਸ਼ਟੀ ਨਾਲ ਨਿਰੰਤਰ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਹੋਏ ਹੁਣ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ 'ਤੇ ਸੁਸ਼ੋਭਿਤ ਹੋਏ ਹਨ। ਸ੍ਰ: ਕਿਰਪਾਲ ਸਿੰਘ ਬਡੂੰਗਰ ਪਹਿਲੇ ਅਜਿਹੇ ਪ੍ਰਧਾਨ ਹਨ ਜੋ ਪ੍ਰੌਫੈਸਰ ਵਰਗੀ ਉਚੇਰੀ ਸਿੱਖਿਆ ਪ੍ਰਾਪਤ ਪਦਵੀ 'ਤੇ ਰਹੇ ਅਤੇ ਵਿਦਿਆਰਥੀਆਂ ਦੇ ਜੀਵਨ ਦਰਸ਼ਨ ਦੀਆਂ ਗੁੰਝਲਾਂ ਨੂੰ ਖੋਲ੍ਹਣ ਲਈ ਵਿਊਂਤ ਤੇ ਜੁਗਤ ਨਾਲ ਪ੍ਰੀਚਿਤ ਕਰਾਉਂਦੇ ਰਹੇ। ਅਜਿਹੇ ਬੌਧਿਕ ਚਰਿੱਤਰ ਵਾਲੇ ਵਿਅਕਤੀ ਜਦੋਂ ਰਾਜਨੀਤੀ ਵਿੱਚ ਪ੍ਰਵੇਸ਼ ਕਰਦੇ ਹਨ ਅਤੇ ਆਪਣੇ ਸਾਊਪੁਣੇ, ਦੀਰਘ-ਦ੍ਰਿਸ਼ਟੀ ਕਰਕੇ ਇਸ ਰੁਤਬੇ ਲਈ ਸਤਿਕਾਰੇ ਜਾਂਦੇ ਹਨ, ਤਾਂ ਨਿਰਸੰਦੇਹ ਉਨ੍ਹਾਂ ਦੀ ਬਤੌਰ ਪ੍ਰਧਾਨ ਨਿਯੁਕਤੀ ਸ਼੍ਰੋਮਣੀ ਕਮੇਟੀ, ਸਿੱਖ ਸੰਸਾਰ ਅਤੇ ਇਸ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਤੇ ਵਰਤਾਰਿਆਂ ਲਈ ਲਾਭਕਾਰੀ ਸਿੱਧ ਹੋਣੀ ਸੁਭਾਵਿਕ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਵੇਲੇ ਕੇਵਲ ਸਿੱਖਾਂ ਦੇ ਧਾਰਮਿਕ ਮਸਲਿਆਂ ਤੀਕ ਹੀ ਸੀਮਤ ਨਹੀਂ ਸਗੋਂ ਇਹ ਵਿਸ਼ਵ ਵਿੱਚ ਵਸਦੀ ਸਮੁੱਚੀ ਕੌਮ ਦੀ ਨੁਮਾਇੰਦਾ ਜਮਾਤ ਹੈ। ਇਸ ਸੰਸਥਾ ਨੇ ਸਿੱਖਿਆ, ਖੋਜਕਾਰੀ, ਅਧਿਆਪਨ ਤੇ ਇਤਿਹਾਸਕਾਰੀ ਦੇ ਖੇਤਰ ਵਿੱਚ ਵੀ ਸ਼ਾਨਦਾਰ ਪ੍ਰੰਪਰਾਵਾਂ ਪਾਈਆਂ ਹਨ। ਸ੍ਰ: ਕਿਰਪਾਲ ਸਿੰਘ ਬਡੂੰਗਰ ਵਰਗੇ ਵਿਦਵਾਨ, ਚਿੰਤਕ, ਸਿਆਸੀ ਦਰਸ਼ਨ ਤੋਂ ਵਾਕਫ, ਨਿਵੇਕਲੀਆਂ ਲੀਹਾਂ ਪਾਉਣ ਦੀ ਇੱਛਾ ਰੱਖਣ ਵਾਲੇ ਅਤੇ ਪ੍ਰਭਾਵੀ ਕਰਮਯੋਗਤਾ ਦਾ ਪ੍ਰਦਰਸ਼ਨ ਕਰ ਚੁੱਕੇ ਤਜ਼ਰਬੇਕਾਰ ਵਿਅਕਤੀ ਲਈ ਨਵੇਂ ਦਿਸਹੱਦਿਆਂ ਨੂੰ ਜਨਮ ਦੇਣਾ ਕੁਦਰਤੀ ਹੈ।
ਮਾਤਾ ਪਿਤਾ ਦੇ ਪਰਿਵਾਰਕ ਧਾਰਮਿਕ ਮਾਹੌਲ ਨੇ ਸ੍ਰ: ਬਡੂੰਗਰ ਨੂੰ ਕਿਰਪਾਲੂ, ਦਿਆਲੂ, ਦੂਰਅੰਦੇਸ਼, ਮਿਲਣਸਾਰ ਵਾਲੇ ਸਾਰੇ ਗੁਣ ਦਿੱਤੇ। ਬੀ ਐਨ ਖਾਲਸਾ ਸਕੂਲ ਦੀ ਮੁੱਢਲੀ ਪੜ੍ਹਾਈ, ਗਿਆਨੀ, ਬੀ. ਏ. ਤੇ ਫਿਰ ਮਹਿੰਦਰਾ ਕਾਲਜ ਤੋਂ ਐਮ. ਏ. ਇੰਗਲਿਸ਼ ਕਰਦਿਆਂ ਵਿਦਿਆਰਥੀ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਉਹ ਵਿਦਿਆਰਥੀ ਲੀਡਰ ਵਜੋਂ ਉੱਭਰੇ। ਉਹ ਦਿਨ ਰਾਤ ਸਾਹਿਤ ਪੜ੍ਹਦੇ ਰਹੇ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਕ੍ਰਾਂਤੀਕਾਰੀ ਤਰੀਕੇ ਨਾਲ ਆਵਾਜ਼ ਉਠਾਉਂਦੇ ਰਹੇ। ਉਨ੍ਹਾਂ ਪਬਲਿਕ ਹੈਲਥ ਅਤੇ ਮਿਊਂਸਪਲ ਕਮੇਟੀ ਤੇ ਭਾਸ਼ਾ ਵਿਭਾਗ ਵਿਚ ਵੀ ਕੰਮ ਕੀਤਾ। ਉਹ ਹਾਇਰ ਸੈਕੰਡਰੀ ਸਕੂਲ ਲੋਪੋਕੇ ਵਿਖੇ ਲੈਕਚਰਾਰ ਨਿਯੁਕਤ ਹੋਏ ਅਤੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਪੜ੍ਹਾਉਂਦੇ ਰਹੇ। ਰਾਜਨੀਤਕ ਵਿਸ਼ਾਲਤਾ ਹੋਣ ਸਦਕਾ ਅਕਾਲੀ ਦਲ ਦਿਹਾਤੀ ਪਟਿਆਲਾ ਦੇ ਜਨਰਲ ਸਕੱਤਰ ਬਣੇ। ਐਮਰਜੈਂਸੀ ਮੋਰਚੇ ਸਮੇਂ ਵੱਡੇ ਜਥੇ ਦੀ ਅਗਵਾਈ ਵਿਚ ਉਨ੍ਹਾਂ ਜੇਲ੍ਹ ਯਾਤਰਾ ਵੀ ਕੀਤੀ। ਮੇਰਠ ਗੁਰਦੁਆਰੇ ਦੇ ਮੋਰਚੇ, ਕਪੂਰੀ ਮੋਰਚੇ, ਧਰਮ ਯੁੱਧ ਮੋਰਚੇ ਸਮੇਂ ਲੰਮਾ ਸਮਾਂ ਜੇਲ੍ਹ ਵਿਚ ਬੰਦ ਰਹੇ। ਸ੍ਰ: ਬਡੂੰਗਰ ਆਪਣੀ ਸੂਖਮਤਾ, ਸਹਿਜਤਾ ਸਦਕਾ ਸਿਰਮੌਰ ਕੱਦਾਵਰ ਆਗੂਆਂ ਵਿਚ ਸ਼ਾਮਲ ਹਨ।
1980 ਤੋਂ ਸਮਾਣਾ ਹਲਕੇ ਤੋਂ ਐਮ. ਐਲ. ਏ. ਦੀ ਚੋਣ ਲੜੀ। ਬਰਨਾਲਾ ਸਰਕਾਰ ਦੌਰਾਨ ਉਹ ਅਕਾਲੀ ਦਲ ਦੇ ਆਰਗੇਨਾਈਜ਼ਿੰਗ ਸੈਕਟਰੀ ਰਹੇ। ਪੰਥ ਦੀ ਇਕਜੁੱਟਤਾ ਤੇ ਚੜ੍ਹਦੀ ਕਲਾ ਲਈ ਉਨ੍ਹਾਂ ਅੰਦਰ ਹਮੇਸ਼ਾਂ ਖੁਸ਼ੀ ਭਰਪੂਰ ਚਾਓ ਰਿਹਾ ਹੈ। 1996 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ। ਉਸਾਰੂ ਕਾਰਜ ਸ਼ੈਲੀ ਸਦਕਾ ਬਾਦਲ ਸਰਕਾਰ ਨੇ ਓ. ਐਸ. ਡੀ. ਦਾ ਵਿਸ਼ੇਸ਼ ਅਹੁਦਾ ਦਿੱਤਾ ਤੇ ਹੁਣ ਉਹ ਆਪਣੇ ਸਾਊ ਸੁਬਾਅ, ਸਿਦਕ ਦਿਲੀ ਤੇ ਦੂਰ ਅੰਦੇਸ਼ੀ ਨੇਤਾ ਸਦਕਾ ਕੌਮ ਦੀ ਸਰਬਉੱਚ ਸੰਸਥਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ਨਾਲ ਸਤਿਕਾਰੇ ਗਏ ਹਨ। ਜ਼ਿਕਰਯੋਗ ਹੈ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਜਰਨੈਲ ਹੋਣ ਕਰਕੇ ਤੀਸਰੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਸਤਿਕਾਰਤ ਪਦ ਤੇ ਬਿਰਾਜਮਾਨ ਹੋਏ ਹਨ। ਉਹ 30 ਨਵੰਬਰ 2011 ਵਿਚ ਪਹਿਲੀ ਵਾਰ ਪ੍ਰਧਾਨ ਸ਼੍ਰੋਮਣੀ ਕਮੇਟੀ ਬਣੇ, ਫਿਰ 2002 ਵਿਚ ਪ੍ਰਧਾਨਗੀ ਸੰਭਾਲਣ ਉਪਰੰਤ ਜੁਲਾਈ 2003 ਤੀਕ ਇਸ ਅਹੁਦੇ 'ਤੇ ਰਹੇ। ਹੁਣ 5 ਨਵੰਬਰ 2016 ਨੂੰ ਮੁੜ ਇਸ ਪਦ 'ਤੇ ਸਰਬ-ਸੰਮਤੀ ਨਾਲ ਪ੍ਰਧਾਨਗੀ ਪਦ ਲਈ ਚੁਣੇ ਗਏ ਹਨ।
ਪੰਥਕ, ਗੈਰ-ਪੰਥਕ, ਸਿਆਸੀ, ਗੈਰ-ਸਿਆਸੀ, ਸਾਹਿਤਕ, ਵਪਾਰਕ, ਵਿੱਦਿਅਕ, ਸਮਾਜਿਕ, ਸੱਭਿਆਚਾਰਕ ਅਤੇ ਗੁਰੂ ਘਰ ਨਾਲ ਪਿਆਰ ਰੱਖਣ ਵਾਲੇ ਅਨੇਕਾਂ ਵਿਅਕਤੀਆਂ, ਵਰਗਾਂ ਤੇ ਸੰਸਥਾਵਾਂ ਨੇ ਉਨ੍ਹਾਂ ਦੀ ਨਿਯੁਕਤੀ 'ਤੇ ਵੱਡੀ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਸਮਾਚਾਰ ਪੱਤਰਾਂ ਵਿੱਚ ਉਨ੍ਹਾਂ ਦੀ ਸਖਸ਼ੀਅਤ ਕਾਰਗੁਜ਼ਾਰੀ, ਕਾਰਜਵਿਧੀ ਅਤੇ ਦ੍ਰਿਸ਼ਟੀਕੋਣ ਬਾਰੇ ਭਰਪੂਰ ਚਰਚਾ ਹੈ। ਇਹ ਚਰਚਾ ਸ੍ਰ: ਬਡੂੰਗਰ ਦੀ ਜਰਖੇਜ਼ ਸਖਸ਼ੀਅਤ ਦੀ ਹੂਬਹੂ ਤਰਜ਼ਮਾਨੀ ਕਰਦੀ ਹੈ। ਦਲੀਲ ਨਾਲ ਮੋਹ ਲੈਣ ਵਾਲੀ ਉਨ੍ਹਾਂ ਦੀ ਮਿੱਠਬੋਲੜੀ ਸਖਸ਼ੀਅਤ ਨੇ ਵਿਰੋਧੀਆਂ ਨੂੰ ਵੀ ਆਪਣੇ ਬਣਾ ਲੈਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਉਹ ਵਿਵਾਦ ਰਹਿਤ ਵੱਡੇ ਚਰਿੱਤਰ ਵਾਲੇ ਵਿਅਕਤੀ ਹਨ ਅਤੇ ਉਹ ਕਥਿਤ ਵਿਵਾਦਾਂ ਨੂੰ ਅਭੂਰ ਕਰਕੇ ਸ਼੍ਰੋਮਣੀ ਕਮੇਟੀ ਦੇ ਬਿੰਬ ਨੂੰ ਵਧੇਰੇ ਪ੍ਰਕਾਸ਼ਮਾਨ ਕਰਨ ਲਈ ਸਹਾਈ ਸਿੱਧ ਹੋਣਗੇ। ਅੰਤ੍ਰਿੰਗ ਕਮੇਟੀ ਦੀ ਪਹਿਲੀ ਹੀ ਇਕੱਤਰਤਾ ਸਮੇਂ ਉਨ੍ਹਾਂ ਅਜਿਹੀ ਹੀ ਦਰਿਆ ਦਿਲੀ ਦਾ ਸਬੂਤ ਦਿੱਤਾ ਤੇ ਪਿਛਲੇ ਵਿਵਾਦਤ ਮੁੱਦਿਆਂ ਨੂੰ ਸਰਲਤਾ ਨਾਲ ਪ੍ਰਵਾਨ ਕੀਤਾ। ਇਸ ਲਈ ਭਵਿੱਖ ਵਿੱਚ ਸਾਨੂੰ ਅਜਿਹੀ ਯੋਜਨਾਬੰਦੀ ਦੀ ਆਸ ਕਰਨੀ ਚਾਹੀਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਅਤੇ ਸਿੱਖਾਂ ਦੇ ਹਿੱਤਾਂ ਲਈ ਧਾਰਮਿਕ ਦ੍ਰਿਸ਼ਟੀ ਤੋਂ ਇਕ ਸਾਰਥਿਕ ਪੁਲ ਦਾ ਕੰਮ ਕਰ ਸਕਦੀ ਹੋਵੇ। ਵਿਸ਼ਵ ਭਰ ਦੇ ਸਿੱਖਾਂ ਦੀ ਇਸ ਮਹਾਨ ਸੰਸਥਾ ਦੇ ਅੰਕ-ਸੱਭਿਆਚਾਰ ਨੂੰ ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਨ ਲਈ ਅਤੇ ਨਵੀਆਂ ਨੀਤੀਆਂ ਦੇ ਨਿਰਧਾਰਨ ਅਤੇ ਸਿੱਖੀ ਪ੍ਰਚਾਰ-ਪ੍ਰਸਾਰ ਦੇ ਬੋਲ-ਬਾਲੇ ਦੀ ਵਿਉਂਤਬੰਦੀ ਕਰਨ, ਮੁਲਾਜ਼ਮਾਂ ਲਈ ਟ੍ਰੇਨਿੰਗ ਕਾਲਜ ਅਤੇ ਕੌਮਾਂਤਰੀ ਸਿੱਖ ਮਸਲਿਆਂ ਦੇ ਮੁੱਦੇ ਹੱਥ ਵਿਚ ਲਏ ਹਨ। ਉਨ੍ਹਾਂ ਵੱਲੋਂ ਦਿੱਤੇ ਗਏ ਇਹ ਸੰਕੇਤ ਤੇ ਆਦੇਸ਼ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਕਾਰਜਵਿਧੀ ਵਿੱਚ ਪਰਿਵਰਤਨ ਤੇ ਸੋਧਾਂ ਦੀਆਂ ਸੰਭਾਵਨਾਵਾਂ ਪੈਦਾ ਹੋਣਗੀਆਂ। ਵਰਤਮਾਨ ਸਮੇਂ ਵਿੱਚ ਸੰਸਾਰ ਭਰ ਦੇ ਧਰਮਾਂ, ਗਿਆਨ-ਵਿਗਿਆਨ, ਸੰਚਾਰ ਤੇ ਮਸ਼ੀਨ ਤੋਂ ਕਈ ਤਰ੍ਹਾਂ ਦੀਆਂ ਤਾਂਤਰਿਕ ਤੇ ਮਕਾਨਕੀ ਚੁਣੌਤੀਆਂ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ। ਨਿਸਚੈ ਹੀ ਨਵੀਂ ਪੀੜ੍ਹੀ ਨੂੰ ਧਰਮ ਨਾਲ ਜੋੜੀ ਰੱਖਣ ਲਈ ਅਤੇ ਇੱਛਾ ਵਰਤਾਰਿਆਂ ਦਾ ਅਕਾਦਮਿਕ ਜਵਾਬ ਸਿਰਜਣ ਲਈ ਪ੍ਰੋ: ਬਡੂੰਗਰ ਜਿਹੇ ਪ੍ਰਬੁੱਧ ਵਿਦਵਾਨ ਦੀ ਅਗਵਾਈ ਤੇ ਕਾਰਜ ਯੋਜਨਾ ਸਾਰਥਿਕ ਸਿੱਟੇ ਪ੍ਰਸਤੁਤ ਕਰੇਗੀ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
na
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.