ਅਲਾਦੀਨ ਵਾਲੇ ਚਿਰਾਗ ‘ਚੋਂ ਜਿੰਨ ਨਿੱਕਲਣ ਦੀਆਂ ਰੌਚਕ ਕਹਾਣੀਆਂ ਜਰੂਰ ਸੁਣੀਆਂ ਹੋਣਗੀਆਂ ਤੁਸੀਂ। ਚਿਰਾਗ ਨੂੰ ਰਗੜੋ ਤੇ ਹੂ ਹੂ ਹਾ ਹਾ ਹਾ ਕਰਦਾ ਵੱਡੀਆਂ ਵੱਡੀਆਂ ਤੱਕਲੇ ਵਰਗੀਆਂ ਮੁੱਛਾਂ ਵਾਲਾ ਤੇ ਮੱਟ ਜਿੱਡੇ ਢਿੱਡ ਵਾਲਾ ਜਿੰਨ ਰਗੜਨ ਵਾਲੇ ਅੱਗੇ ਬੀਬਾ ਰਾਣਾ ਬਣਿਆ ਖੜ੍ਹਾ ਹੋਵੇ। ਇਸ ਲਿਖਤ ਦਾ ਸਿਰਲੇਖ ਪੜ੍ਹ ਕੇ ਇੱਕ ਵਾਰ ਤੁਸੀਂ ਵੀ ਹੱਸੋਗੇ ਕਿ ਇਹ ਕੀ ਜੱਭਲੀ ਹੋਈ ਕਿ "ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!" ਡਫ਼ਲੀ ਨਾ ਹੋ ਗਈ, ਅਲਾਦੀਨ ਦਾ ਚਿਰਾਗ ਹੀ ਹੋ ਗਿਆ? ਕੋਈ ਸ਼ੱਕ ਨਹੀਂ ਕਿ ਜੇ ਡਫ਼ਲੀ ਨੂੰ ਸੱਚੀ ਸੁੱਚੀ ਨੀਅਤ ਨਾਲ, ਲੋਕ ਹਿਤਾਂ ਲਈ, ਸਮਾਜਿਕ ਬੇਹਤਰੀ ਲਈ ਵਜਾਇਆ ਜਾਵੇ ਤਾਂ ਬਹੁਤ ਕੁੱਝ ਦੇ ਸਕਦੀ ÔË¢
ਚੱਲੋ ਛੱਡੋ ਪਰ੍ਹੇ ਰੁੱਖੀਆਂ ਜਿਹੀਆਂ ਤੇ ਸਿਆਣੀਆਂ ਜਿਹੀਆਂ ਗੱਲਾਂ ਨੂੰ। ਆਓ ਇੱਕ ਨੁੱਕੜ ਨਾਟਕ ਦੀ ਗੱਲ ਕਰੀਏ। ਓਹ ਨੁੱਕੜ ਨਾਟਕ, ਜਿਸਨੂੰ ਪਰ੍ਹਿਆਂ, ਸੱਥਾਂ, ਗਲੀਆਂ, ਮੁਹੱਲਿਆਂ, ਸਕੂਲਾਂ, ਕਾਲਜਾਂ ‘ਚ ਖੇਡਣ ਵਾਲੇ ਕਲਾਕਾਰਾਂ ਅੱਗੇ ਹਾਈ ਫਾਈ ਕੁਆਲਿਟੀ ਦੇ ਮਾਈਕ ਨਹੀਂ ਲੱਗੇ ਹੁੰਦੇ ਸਗੋਂ ਕਲਾਕਾਰ ਖੁਦ ਹੀ ਉੱਚੀ ਉੱਚੀ ਸੰਘ ਪਾੜ ਕੇ ਦੂਰ ਦੂਰ ਬੈਠਿਆਂ ਦੇ ਕੰਨਾਂ ‘ਚ ਵੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ‘ਚ ਹੁੰਦੇ ਹਨ। ਇੱਕ ਅਖ਼ਾੜੇ ਦੌਰਾਨ ਗਾਉਂਦਾ ਗਾਇਕ ਤਾਂ ਰਿਕਾਰਡ ਕੀਤੀ ਸੀਡੀ ਲਾ ਕੇ ਸਿਰਫ਼ ਬੁੱਲ੍ਹ ਹਿਲਾ ਕੇ, ਬਾਂਦਰ ਟਪੂਸੀਆਂ ਮਾਰ ਕੇ ਮਨੋਰੰਜਨ ਦੇ ਨਾਂ ‘ਤੇ ਦੋ ਤਿੰਨ ਘੰਟਿਆਂ ਦੇ ਹਜਾਰਾਂ ਰੁਪਈਏ ਡੁੱਕ ਕੇ ਤੁਰਦਾ ਬਣਦੈ ਪਰ ਨੁੱਕੜ ਨਾਟਕ ਦੇ ਕਲਾਕਾਰ ਜੇ ਡਫ਼ਲੀ ਵੀ ਵਜਾਉਂਦੇ ਹਨ ਤਾਂ ਓਹ ਵੀ ਖੁਦ, ਜੇ ਗਾਉਂਦੇ ਹਨ ਤਾਂ ਓਹ ਵੀ ਖੁਦ। ਫਰਕ ਸਿਰਫ ਇਹੀ ਹੁੰਦੈ ਕਿ ਵੱਡੇ ਵੱਡੇ ਕਲਾਕਾਰਾਂ ਨੂੰ ਅਸੀਂ ਬੁੱਕ ਕਰਕੇ, ਲੇਲੜ੍ਹੀਆਂ ਕੱਢ ਕੱਢ ਮੰਗਵਾਉਂਦੇ ਹਾਂ। ਫਿਰ ਓਹ ਸਾਡੀਆਂ ਧੀਆਂ ਭੈਣਾਂ ਦੀ ਪੱਤ ਲੁੱਟਣ ਵਰਗੇ ਬੋਲ ਗਾ ਕੇ, ਸਾਡਾ ‘ਮਨੋਰੰਜਨ’ ਕਰਕੇ ਤੁਰਦੇ ਬਣਦੇ ਹਨ ਤੇ ਨੁੱਕੜ ਨਾਟਕ ਵਾਲੇ ਕਲਾਕਾਰਾਂ ਨੂੰ ਸੱਦਾ ਦੇ ਕੇ ਬੁਲਾਉਣਾ ਨਹੀਂ ਪੈਂਦਾ, ਉਹਨਾਂ ਨੂੰ ਸਾਈ ਦੇ ਕੇ ਬੁੱਕ ਨਹੀਂ ਕਰਨਾ ਪੈਂਦਾ। ਓਹ ਤਾਂ ਖੁਦ ਗਲੀਓ ਗਲੀਏ ਤੁਰੇ ਫਿਰਦੇ ਸਾਡੇ ਕੋਲ ਖੁਦ ਪਹੁੰਚਦੇ ਹਨ। ਸਾਡੇ ਕੋਲੋਂ 15-20 ਫੁੱਟ ਉੱਚੀ ਤੇ 30-40 ਫੁੱਟ ਦੂਰ ਵਾਲੀ ਸਟੇਜ ਤੋਂ ਗਾਇਕਾਂ/ਫਿਲਮਾਂ ਵਾਲਿਆਂ ਵਾਂਗ ਨਹੀਂ ਮਿਲਦੇ ਸਗੋਂ ਸਾਡੇ ਕੋਲ ਖੜ੍ਹ ਕੇ ਅਦਾਕਾਰੀ ਕਰਦੇ ਹਨ। ਲੋਕਾਂ ਦਾ ਇੱਕ ਘੇਰਾ ਬਣਦੈ, ਵਿਚਾਲੇ ਖੜ੍ਹੇ ਨੁੱਕੜ ਕਲਾਕਾਰ ਆਪਣੀ ਗੱਲ ਕਹਿੰਦੇ ਹਨ। ਅਖੀਰ ‘ਚ ਆਪਣੀ ਡਫ਼ਲੀ ਲੋਕਾਂ ਅੱਗੇ ਰੱਖ ਦਿੰਦੇ ਹਨ ਕਿ ਜੇ ਨਾਟਕ ਰਾਹੀਂ ਦਿੱਤਾ ਸੁਨੇਹਾ ਚੰਗਾ ਲੱਗਾ ਤਾਂ ਡਫ਼ਲੀ Ḕਚ ਤਿਲ ਫੁੱਲ ਭੇਟਾ ਰੱਖ ਸਕਦੇ ਹੋ ਨਹੀਂ ਤਾਂ "ਜੋਗੀ ਚਲਦੇ ਭਲੇ, ਨਗਰੀ ਵਸਦੀ ਭਲੀ।" ਇਹ ਓਹ ਕਲਾਕਾਰ ਹੁੰਦੇ ਹਨ ਜੋ ਸਮਾਜ ਨੂੰ ਦਿੰਦੇ ਬਹੁਤ ਕੁੱਝ ਹਨ ਪਰ ਆਪਣੇ ਲਈ ਬਹੁਤ ਥੋੜ੍ਹਾ, ਸਿਰਫ ਪੇਟ ਨੂੰ ਝੁਲਕਾ ਦੇਣ ਲਈ ਹੀ ਮੰਗਦੇ ਹਨ
ਇੱਕ ਅਜਿਹੇ ਹੀ ਨੁੱਕੜ ਨਾਟਕ ਵਾਲੇ ਕਲਾਕਾਰਾਂ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ, ਜਦੋਂ ਉਹ ਬਹੁਤ ਨਿੱਕੇ ਨਿੱਕੇ ਜਾਣੀਕਿ ਉਂਗਲਾਂ ਫੜ੍ਹ ਕੇ ਤੁਰਨ ਵਾਲੇ ਹੁੰਦੇ ਸਨ ਤੇ ਮੈਂ ਉਹਨਾਂ ਤੋਂ ਥੋੜ੍ਹਾ ਜਿਹਾ ਉਡਾਰ। ਉਹਨਾਂ ਨਿਆਣਿਆਂ ਨੇ ਮੋਗਾ ਬੱਸ ਅੱਡੇ ‘ਚ ਬਣੇ ਕਾਮਰੇਡ ਨਛੱਤਰ ਸਿੰਘ ਯਾਦਗਾਰੀ ਭਵਨ ਦੀਆਂ ਪੌੜੀਆਂ ਚੜ੍ਹੀਆਂ ਤਾਂ ਰੰਗਮੰਚ ਦੀ ਉਂਗਲ ਫੜ੍ਹ ਲਈ। ਕਾਮਰੇਡ ਜਗਰੂਪ ਸਿੰਘ ਤੇ ਤਰਕਸ਼ੀਲ ਆਗੂ ਗੁਰਮੇਲ ਮੋਗਾ ਦੀਆਂ ਮੱਤਾਂ ਸਲਾਹਾਂ ਨੇ ਉਹਨਾਂ ਨੂੰ ਲੋਕਾਈ ਦੀਆਂ ਸਮੱਸਿਆਵਾਂ, ਦੁੱਖਾਂ ਤਕਲੀਫ਼ਾਂ ਦੇ ਰੂਬਰੂ ਕਰਵਾਇਆ। ਵਿਸ਼ੇਸ਼ ਜਿਕਰ ਨਿੱਕੇ ਵੀਰ ਇੰਦਰਜੀਤ ਮੋਗਾ ਤੇ ਦੀਪ ਜਗਦੀਪ ਦਾ ਕਰਨਾ ਚਾਹਾਂਗਾ ਜਿਹਨਾਂ ਨੇ ਰੈੱਡ ਆਰਟਸ ਨਾਂ ਦਾ ਇੱਕ ਗਰੁੱਪ ਬਣਾ ਕੇ "ਆਖਿਰ ਕਦੋਂ ਤੱਕ?" ਨਾਂ ਦਾ ਨੁੱਕੜ ਨਾਟਕ ਤਿਆਰ ਕੀਤਾ। ਜਿਸਦੀ ਪਹਿਲੀ ਪੇਸ਼ਕਾਰੀ ਦਾ ਸਿਹਰਾ ਬੱਲੀ ਬਲਜੀਤ, ਜੀਵਨ ਰਾਹੀ ਤੇ ਦੀਪਕ ਬੱਧਨੀ ਸਿਰ ਬੱਝਦਾ ਹੈ ਜਿਹਨਾਂ ਨੇ ਮੁਕਤਸਰ ਵਿਖੇ ਲੋਕਾਂ ਨੂੰ ਕੀਲ੍ਹ ਕੇ ਰੱਖ ਦਿੱਤਾ ਸੀ। ਜਿੱਥੇ ਵੀ ਦੋ ਚਾਰ ਜਣੇਖੜ੍ਹੇ ਦਿਸੇ, ਓਥੇ ਹੀ ਨਾਟਕ ਦੀ ਪੇਸ਼ਕਾਰੀ ਸ਼ੁਰੂ। ਇੱਕ ਟੀਮ ਤੋਂ ਕਈ ਟੀਮਾਂ ਬਣ ਗਈਆਂ। ਹਾਸੇ ਵਾਲੀਆਂ ਗੱਲਾਂ, ਰੁਆਉਣ ਵਾਲੀਆਂ ਗੱਲਾਂ, ਗੀਤਾਂ ਦੇ ਬੋਲ ਹਾਜਰੀਨ ਨੂੰ ਅਹਿਸਾਸ ਕਰਵਾਉਂਦੇ ਜਿਵੇਂ ਕੋਈ ਫਿਲਮ ਖੁਦ ਚੱਲ ਕੇ ਸੱਥ ਵਿੱਚ ਆ ਗਈ ਹੋਵੇ। ਇਸ ਨਾਟਕ ਦੀਆਂ ਕਈ ਹਜਾਰ ਪੇਸ਼ਕਾਰੀਆਂ ਹੋ ਗਈਆਂ। ਕਲਾਕਾਰਾਂ ਦੀ ਕਲਾ ਇੰਨੀ ਨਿੱਖਰ ਗਈ ਕਿ ਸਮਾਜ ਨੂੰ ਕੁੱਝ ਦੇਣ ਬਦਲੇ ਸਮਾਜ ਨੇ ਵੀ ਉਹਨਾਂ ਨੂੰ ਦਿਲ ਖੋਲ੍ਹ ਕੇ ਦੇਣਾ ਸ਼ੁਰੂ ਕੀਤਾ। ਇੱਕ ਵਿੱਦਿਅਕ ਸੰਸਥਾ ਦੇ ਵਿਹੜੇ ‘ਚ ਨੁੱਕੜ ਨਾਟਕ ਦੀ ਪੇਸ਼ਕਾਰੀ ਹੋਈ। ਕਲਾਕਾਰਾਂ ਨੇ ਆਪਣੀ ਡਫ਼ਲੀ ਹਾਜਰ ਵਿਦਿਅਰਥੀਆਂ, ਅਧਿਆਪਕਾਂ ਅੱਗੇ ਰੱਖ ਦਿੱਤੀ। ਉਮੀਦ ਇਹੀ ਹੁੰਦੀ ਸੀ ਕਿ ਡਫ਼ਲੀ ਵਿੱਚੋਂ ਅਗਲੇ ਪਿੰਡ ਜਾਂ ਸ਼ਹਿਰ ਜਾਣ ਜੋਕਰਾ ਤੇਲ-ਪਾਣੀ ਖਰਚਾ ਜਰੂਰ ਨਿੱਕਲੂਗਾ। ਪਰ ਕਲਾਕਾਰ ਹੈਰਾਨ ਕਿ ਡਫ਼ਲੀ ਵਿੱਚੋਂ ਤਾਂ ਫਿਲਮ ਨਿੱਕਲ ਆਈ? ਹੁਣ ਤੁਸੀਂ ਪਾਠਕ ਦੋਸਤ ਵੀ ਹੈਰਾਨ ਹੋਵੋਗੇ ਕਿ ਇਹ ਕਿਹੜੀ ਜਾਦੂਗਰੀ ਹੋਈ? ਇਹ ਵੀ ਸੋਚੋਗੇ ਕਿ ਕਿਸੇ ਨੇ ਡਫ਼ਲੀ ਵਿੱਚ ਫਿਲਮ ਦੀ ਸੀਡੀ ਰੱਖ ਦਿੱਤੀ ਹੋਣੀ ਐ। ਬਿਲਕੁਲ ਨਹੀਂ, ਐਸਾ ਕੁੱਝ ਵੀ ਨਹੀਂ ਸਗੋਂ ਉਸ ਨੁੱਕੜ ਨਾਟਕ ਨੂੰ ਫਿਲਮ ਦਾ ਰੂਪ ਦੇਣ ਲਈ ਬਾਬਾ ਕੁੰਦਨ ਸਿੰਘ ਕਾਲਜ ਮੰਦਰ ਮੁਹਾਰ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧੂ ਨੇ 5 ਲੱਖ ਰੁਪਏ ਰੱਖ ਦਿੱਤੇ। ਉਹਨਾਂ ਨੇ ਭਾਂਪ ਲਿਆ ਸੀ ਕਿ ਇਹ ਕਲਾਕਾਰ ਲੋਕਾਂ ਦੀ ਬਿਹਤਰ ਜਿੰਦਗੀ ਲਈ ਬਾਤਾਂ ਪਾ ਰਹੇ ਹਨ, ਫਿਰ ਕਿਉਂ ਨਾ ਹੁੰਗਾਰਾ ਭਰਿਆ ਜਾਵੇ? ਕਲਾਕਾਰਾਂ ਨੇ ਆਪਣੇ ਖੰਭ ਤੋਲੇ, ਕਹਾਣੀ ਨੂੰ ਵਿਸਥਾਰ ਮਿਲਿਆ, ਕਲਾਕਾਰਾਂ ਨਾਲ ਰਾਬਤਾ ਹੋਇਆ, ਜੱਸੀ ਜਸਬੀਰ, ਕੰਵਰ ਗਰੇਵਾਲ, ਯੁਵਰਾਜ ਹੰਸ, ਹਰਸ਼ਦੀਪ ਕੌਰ, ਬਾਬਾ ਬੇਲੀ, ਗੁਰਜੀਤੀ ਜੀਤੀ ਵਰਗੇ ਗਾਇਕਾਂ ਨੇ ਬਿਨਾਂ ਧੇਲੀ ਲਏ ਵੀ ਗੀਤ ਗਾਉਣੇ ਮੰਨ ਲਏ। ਰੰਗਮੰਚ ਤੇ ਪੰਜਾਬੀ ਫਿਲਮਾਂ ਦੀ ਜਿੰਦਜਾਨ ਰਾਣਾ ਰਣਬੀਰ, ਗੁਰਚੇਤ ਚਿਤਰਕਾਰ, ਮਲਕੀਤ ਰੌਣੀ, ਅਨੀਤਾ ਮੀਤ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ ਸਮੇਤ ਨਾਮੀ ਕਲਾਕਾਰਾਂ ਨੇ ਵੀ ਅਦਾਕਾਰੀ ਕਰਨੀ ਮੰਨ ਲਈ। ਆਪਣੀ ਕਿਰਤ ਕਮਾਈ ਵਿੱਚੋਂ ਸੁਰਜੀਤ ਸਿੰਘ ਸਿੱਧੂ ਪਤਾ ਹੀ ਨਹੀਂ ਕਿੰਨੇ ਵਾਰ 5-5 ਲੱਖ ਰੁਪਏ ਪਾ ਕਰੋੜਾਂ ਰੁਪਏ ਨਾਲ ਬਣੀ ਇਸ ਫਿਲਮ ਦੇ ਪ੍ਰੋਡਿਊਸਰ ਬਣ ਕੇ ਨਾਲ ਖੜ੍ਹੇ। ਹੁਣ ਓਹ ਨੁੱਕੜ ਨਾਟਕ ਫਿਲਮ ਬਣਕੇ 25 ਨਵੰਬਰ ਨੂੰ ਸਾਡੀਆਂ ਬਰੂਹਾਂ ‘ਤੇ ਦਸਤਕ ਦੇਣ ਆ ਰਿਹੈ। ਕੋਈ ਵੇਲਾ ਸੀ ਜਦੋਂ ਗਰਮੀ ਸਰਦੀ ਦੀ ਪ੍ਰਵਾਹ ਨਾ ਕਰਦਿਆਂ ਨੁੱਕੜ ਕਲਾਕਾਰ ਸਾਡੇ ਕੋਲ ਚੱਲਕੇ ਆਪਣੀ ਗੱਲ ਸੁਨਾਉਣ ਆਉਂਦੇ ਸਨ, ਪਰ ਹੁਣ ਵੇਲਾ ਹੈ ਉਹਨਾਂ ਦੀ ਦੇਣ ਦਾ ਮੁੱਲ ਮੋੜਨ ਦਾ। ਜੇ ਅਸੀਂ ਮਾੜਿਆਂ ਨੂੰ ਭੰਡਦੇ ਨਹੀਂ ਥੱਕਦੇ ਤਾਂ ਸਾਡਾ ਫਰਜ਼ ਬਣਦੈ ਕਿ ਚੰਗਾ ਕਰਨ ਵਾਲਿਆਂ ਦੀ ਸਲਾਹੁਤਾ ਵੀ ਕੀਤੀ ਜਾਵੇ। ਆਓ, 25 ਨਵੰਬਰ ਨੂੰ ਆਪਣੇ ਨੇੜਲੇ ਸਿਨੇਮਾ ਘਰ ‘ਚ ਜਾ ਕੇ ਲੋਕਾਂ ਦੇ ਆਪਣੇ ਕਲਾਕਾਰਾਂ ਦੀ ਡਫ਼ਲੀ ‘ਚੋਂ ਨਿੱਕਲੀ ਫਿਲਮ ਨੂੰ ਬਣਦਾ ਪਿਆਰ ਦੇਈਏ। ਫਿਲਮ ਦਾ ਨਾਂ ਹੈ "ਪੰਜਾਬ 2016"। ਫਿਲਮ ਦੀ ਕਹਾਣੀ ਦਾ ਇੱਕ ਅੱਖਰ ਵੀ ਸਾਂਝਾ ਨਹੀਂ ਕਰਾਂਗਾ ਪਰ ਇਹ ਜਰੂਰ ਦੱਸਾਂਗਾ ਕਿ ਫਿਲਮ ਦੇ ਪੋਸਟਰ ਉੱਪਰ ਇੱਕ ਸਤਰ ਲਿਖੀ ਹੋਈ ਹੈ ਕਿ "ਅਰਥੀਆਂ ਚੁੱਕਣ ਨਾਲੋਂ ਚੰਗਾ ਹੈ ਕਿ ਜਿੰਮੇਵਾਰੀਆਂ ਚੁੱਕ ਲਓ।" ਜੇ ਇਸ ਸਤਰ ਨੂੰ ਪੜ੍ਹ ਕੇ ਵੀ ਫਿਲਮ ਦਾ ਵਿਸ਼ਾ ਵਸਤੂ ਖਾਨੇ ‘ਚ ਨਾ ਪਿਆ ਹੋਵੇ ਤਾਂ ਸਾਨੂੰ ਖੁਦ ਨੂੰ ਆਪਣੇ ਦਿਮਾਗਾਂ ‘ਤੇ ਤਰਸ ਖਾਣਾ ਪਵੇਗਾ।
ਤੁਹਾਡਾ ਆਪਣਾ,
ਮਨਦੀਪ ਖੁਰਮੀ ਹਿੰਮਤਪੁਰਾ {ਯੂ.ਕੇ.}
ਮੋ: 00447519112312
ਮੁੱਖ ਸੰਚਾਲਕ, "ਹਿੰਮਤਪੁਰਾ ਡੌਟ ਕੌਮ"
www.HIMMATPURA.com
{ਵਿਸ਼ਵ ਭਰ ਦੇ ਪੰਜਾਬੀ ਅਖ਼ਬਾਰਾਂ ਦਾ ਸੰਗ੍ਰਹਿ}
-
ਮਨਦੀਪ ਖੁਰਮੀ ਹਿੰਮਤਪੁਰਾ, ਲੇਖਕ
mandeepkhurmi4u@gmail.com
00447519112312
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.