ਇੱਥੇ ਲੰਡਨ ਸਥਿਤ ਬਰਤਾਨੀਆ ਸਰਕਾਰ ਦੇ ਵਿਦੇਸ਼ੀ ਅਤੇ ਰਾਸ਼ਟਰਮੰਡਲ ਮਾਮਲਿਆਂ ਦੇ ਵਿਭਾਗ ਵੱਲੋਂ ਜਾਰੀ ਕੀਤੇ ਇੱਕ ਬਿਆਨ ਅਨੁਸਾਰ ਪ੍ਰਧਾਨ ਮੰਤਰੀ, ਟਰੀਸਾ ਮੇਅ ਆਪਣੇ ਤਿੰਨ ਦਿਨਾਂ ਭਾਰਤੀ ਦੌਰੇ ਤੇ 6 ਨਵੰਬਰ ਨੂੰ ਨਵੀਂ ਦਿੱਲੀ ਪੁੱਜਣਗੇ, ਜਿਨ•ਾਂ ਦੇ ਨਾਲ ਅੰਤਰਰਾਸ਼ਟਰੀ ਵਪਾਰਕ ਵਿਭਾਗ ਦੇ ਮੰਤਰੀ, ਲੀਅਮ ਫੌਕਸ ਅਤੇ ਕਈ ਵਪਾਰਕ ਕੰਪਨੀਆਂ ਦੇ ਮੁਖੀ ਵੀ ਬਰਤਾਨਵੀ ਡੈਲੀਗੇਸ਼ਨ ਵਿਚ ਸ਼ਾਮਿਲ ਹੋਣਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 60-ਸਾਲਾ ਸ੍ਰੀਮਤੀ ਮੇਅ ਲਈ ਯੂਰਪੀ ਖ਼ਿੱਤੇ ਤੋਂ ਬਾਹਰ ਭਾਰਤ ਪਹਿਲਾ ਦੇਸ਼ ਹੈ, ਜਿੱਥੇ ਉਹ ਦੋ-ਦੇਸ਼ੀ ਗੱਲਬਾਤ ਕਰਨ ਜਾ ਰਹੇ ਹਨ। ਬਰਤਾਨਵੀ ਪ੍ਰਧਾਨ ਮੰਤਰੀ, ਸ੍ਰੀਮਤੀ ਮੇਅ, ਅਗਲੇ ਦਿਨ 7 ਨਵੰਬਰ ਨੂੰ ਨਵੀਂ ਦਿੱਲੀ ਦੇ ਲਲਿਤ ਹੋਟਲ ਵਿਖੇ ਤਕਨੀਕੀ ਖੇਤਰ ਅਤੇ ਉਦਯੋਗ ਬਾਰੇ ਦੋ ਦਿਨਾਂ ਭਾਰਤ-ਬਰਤਾਨਵੀ ਕਾਨਫ਼ਰੰਸ ਵਿਚ ਸ਼ਾਮਿਲ ਹੋਣਗੇ। ਉਸ ਤੋਂ ਬਾਅਦ ਭਾਰਤ ਅਤੇ ਬਰਤਾਨੀਆ ਦੇ ਪ੍ਰਤੀਨਿਧ ਦੋ-ਦੇਸ਼ੀ ਸਬੰਧਾਂ ਦੇ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੇਅ 8 ਨਵੰਬਰ ਨੂੰ ਮੁੰਬਈ ਦਾ ਦੌਰਾ ਕਰਨਗੇ।
ਬੀਤੀ ਜੂਨ ਵਿਚ ਕੌਮੀ ਰਾਏ-ਸ਼ੁਮਾਰੀ ਤੋਂ ਬਾਅਦ ਬਰਤਾਨੀਆ ਦੇ ਯੂਰਪੀ ਸੰਘ 'ਚੋਂ ਬਾਹਰ ਹੋਣ ਬਾਅਦ ਇਸ ਦੇਸ਼ ਨੂੰ ਅਨੇਕਾਂ ਰਾਜਨੀਤਕ ਅਤੇ ਆਰਥਿਕ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਬਾਰੇ ਇਸ ਲੇਖਕ ਵੱਲੋਂ ਵੱਖਰੇ-ਵੱਖਰੇ ਵਿਸ਼ਿਆਂ ਉੱਤੇ ਇਨ•ਾਂ ਹੀ ਕਾਲਮਾਂ ਵਿਚ ਲਗਾਤਾਰ ਪਹਿਲਾਂ ਵੀ ਵਿਚਾਰ ਕੀਤਾ ਗਿਆ ਹੈ। ਅੱਜ ਅਸੀਂ ਸਿਰਲੇਖ ਦੀਆਂ ਹੱਦਾਂ ਦੇ ਅੰਦਰ ਰਹਿੰਦੇ ਹੋਏ ਭਾਰਤ-ਬਰਤਾਨਵੀ ਵਪਾਰਕ ਸਬੰਧਾਂ ਅਤੇ ਇਨ•ਾਂ ਦੀ ਮਹੱਤਤਾ ਬਾਰੇ ਹੀ ਗੱਲ ਕਰਾਂਗੇ, ਕਿਉਂਕਿ ਇਸ ਬਰਤਾਨਵੀ ਸੰਕਟ ਵੇਲੇ ਯੂਰਪੀ ਸੰਘ ਤੋਂ ਬਾਹਰਲੇ ਵਿਕਸਤ ਅਤੇ ਵਿਕਾਸਸ਼ੀਲ ਜਿਹੜੇ 28 ਦੇਸ਼ਾਂ ਨੇ ਇਸ ਸਾਬਕਾ ਸਾਮਰਾਜੀ ਦੇਸ਼ ਨੂੰ ਵਪਾਰਿਕ ਸਹਿਯੋਗ ਦੀ ਪੇਸ਼ਕਸ਼ ਕੀਤੀ ਹੈ, ਉਨ•ਾਂ ਵਿਚ ਭਾਰਤ ਵੀ ਮੂਹਰਲੀ ਕਤਾਰ ਵਿਚ ਖੜ• ਕੇ ਆਪਣਾ ਹੱਥ ਵਧਾ ਰਿਹਾ ਹੈ।
ਵਪਾਰਕ ਸਹਿਯੋਗ ਵੇਲੇ ਹੁਣ ਭਾਰਤ-ਬਰਤਾਨਵੀ ਭਾਈਵਾਲੀ ਮੁੜ ਇੱਕ ਨਵੇਂ ਦੌਰ ਵਿਚ ਸ਼ਾਮਿਲ ਹੋਣ ਜਾ ਰਹੀ ਲੱਗਦੀ ਹੈ। ਹੁਣ ਫਿਰ ਓਹੀ ਦੋ ਦੇਸ਼ੀ ਸਬੰਧ ਉੱਭਰਨਗੇ ਜੋ ਬਰਤਾਨੀਆ ਦੀ ਹੀ ਸਾਬਕਾ ਸਾਮਰਾਜੀ ਬਸਤੀ ਭਾਰਤ ਵੱਲੋਂ 1951 ਦੀ ਗਣਤੰਤਰਤਾ ਤੋਂ ਲੈ ਕੇ 1972 ਤੱਕ ਭਾਰਤੀ ਕਾਮਿਆਂ ਨੇ ਬਰਤਾਨਵੀ ਉਦਯੋਗ ਦੇ ਨਾਲ-ਨਾਲ ਇੱਥੋਂ ਦੇ ਵਿੱਦਿਅਕ, ਸਿਹਤ ਅਤੇ ਆਵਾਜਾਈ ਖੇਤਰ ਵਿਚ ਆਪਣੀ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ ਹੈ। ਸੰਨ 1972 ਵਿਚ ਬਰਤਾਨੀਆ ਨੇ ਯੂਰਪੀ ਸੰਘ ਦੇ ਉਨ•ਾਂ ਦੇਸ਼ਾਂ ਦੇ ਮੁਖੀਆਂ ਨਾਲ ਵਪਾਰਕ ਗਲਵੱਕੜੀਆਂ ਪਾ ਕੇ 400 ਸਾਲਾਂ ਤੋਂ ਨਾਲ ਨਿਭ ਰਹੇ ਆਪਣੇ ਸਾਥੀ ਭਾਰਤ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਆਦਿ ਦੇਸ਼ਾਂ ਵੱਲ ਪਿੱਠ ਕਰ ਲਈ, ਜਿਨ•ਾਂ ਦੇ ਨਾਗਰਿਕਾਂ ਨੇ ਬਰਤਾਨੀਆ ਦੇ ਹੱਕ ਵਿਚ ਇਸ ਦੇ ਫ਼ੌਜੀਆਂ ਦੇ ਮੋਢੇ ਨਾਲ ਮੋਢੇ ਜੋੜ ਕੇ ਲੱਖਾਂ ਹੀ ਜਾਨਾਂ ਕੁਰਬਾਨ ਕੀਤੀਆਂ ਸਨ ਅਤੇ ਦੂਜੀ ਵੱਡੀ ਜੰਗ ਤੋਂ ਬਾਅਦ ਬਰਤਾਨੀਆ ਆਪਣੇ ਯੂਰਪੀ ਦੁਸ਼ਮਣਾਂ ਦੀ ਪਿੱਠਾਂ ਲਾ ਕੇ ਜਰਮਨੀ ਅਤੇ ਹੋਰ ਸਾਰੇ ਯੂਰਪ ਦਾ ਜੇਤੂ, ਸ਼ਕਤੀਸ਼ਾਲੀ ਅਤੇ ਅਮੀਰ ਦੇਸ਼ ਬਣਿਆ।
ਭਾਰਤ ਇਸ ਵੇਲੇ ਉਹ ਭਾਰਤ ਨਹੀਂ, ਜੋ 1757 ਤੋਂ ਲੈ ਕੇ 1947 ਤੱਕ ਦੀ ਲਾਹੌਰ ਵਿਚ ਲੁੱਟਣ ਅਤੇ ਅੰਮ੍ਰਿਤਸਰ 'ਚ ਕੁੱਟਣ ਵਾਲੀ ਇੱਕ ਬਰਤਾਨਵੀ ਬਸਤੀ ਸੀ। ਭਾਰਤ ਸੰਸਾਰ ਦੇ ਉਨ•ਾਂ ਵਿਕਾਸਸ਼ੀਲ ਦੇਸ਼ਾਂ ਵਿਚ ਪੁੱਜ ਚੁੱਕਾ ਹੈ, ਜੋ 1947 ਤੋਂ ਲੈ ਕੇ ਅੱਜ ਤੱਕ ਦਿਨ ਰਾਤ ਵਿੱਦਿਅਕ ਅਦਾਰਿਆਂ, ਹਸਪਤਾਲਾਂ, ਮੁੱਖ ਮਾਰਗਾਂ ਅਤੇ ਉਦਯੋਗਿਕ ਅਦਾਰਿਆਂ ਦੇ ਨਿਰਮਾਣ, ਉਸਾਰੀ ਅਤੇ ਵਿਕਾਸ ਲਈ ਪਿਛਲੇ 70 ਸਾਲ ਤੋਂ ਦਿਨ ਰਾਤ ਲੱਗਾ ਹੋਇਆ ਹੈ। ਬੀਤੇ ਇੱਕ ਵਰ•ੇ ਵਿਚ ਹੀ ਭਾਰਤੀਆਂ ਨੇ ਬਰਤਾਨੀਆ ਨਾਲ 94 ਹਜ਼ਾਰ ਕਰੋੜ ਰੁਪਏ ਦਾ ਦੋ-ਦੇਸ਼ੀ ਵਪਾਰ ਕੀਤਾ ਹੈ। ਭਾਰਤੀਆਂ ਵੱਲੋਂ ਭਾਰਤ ਵਿਚ ਵਿਕਾਸ ਦੇ ਨਾਲ-ਨਾਲ 1947 ਤੋਂ ਬਰਤਾਨੀਆ ਵਿਚਲੇ ਯੋਗਦਾਨ ਅਤੇ ਮਿਹਨਤਕਸ਼ ਭੂਮਿਕਾ ਵੱਲ ਗ਼ੌਰ ਫਰਮਾਓ, ਜੋ ਭਾਰਤ-ਬਰਤਾਨਵੀ ਵਪਾਰਿਕ ਭਾਈਵਾਲੀ ਦਾ ਸਬੂਤ ਹੈ।
ਬਰਤਾਨੀਆ ਵਿਚ ਭਾਰਤੀ ਭੂਮਿਕਾ : ਇਸ ਵੇਲੇ ਬਰਤਾਨੀਆ ਵਿਚ ਭਾਰਤੀ ਮੂਲ ਦੇ ਬਰਤਾਨਵੀ ਜਾਂ ਭਾਰਤੀ ਨਾਗਰਿਕਾਂ ਦੀ ਵਸੋਂ 16 ਲੱਖ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਬਰਤਾਨਵੀ ਸਮਾਜ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਬਰਤਾਨੀਆ ਦੇ ਰਾਜਨੀਤਕ, ਵਿੱਦਿਅਕ, ਸਭਿਆਚਾਰਕ ਅਤੇ ਸਮਾਜਕ ਖੇਤਰ ਵਿਚ ਭਾਰਤੀ ਇਸ ਬਹੁ-ਦੇਸ਼ੀ, ਬਹੁ-ਕੌਮੀ, ਬਹੁ-ਨਸਲੀ, ਬਹੁ-ਭਾਸ਼ੀ ਅਤੇ ਬਹੁ-ਧਰਮੀ ਲੋਕਰਾਜੀ ਸਮਾਜ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਰਹੇ ਹਨ। ਬਰਤਾਨੀਆ ਜਿੱਥੇ ਦੇ ਦੋਵੇਂ ਸੰਸਦੀ ਸਦਨਾਂ ਵਿਚ ਭਾਰਤੀਆਂ ਨੇ ਆਪਣੀ ਮਿਹਨਤ ਅਤੇ ਵਿਸ਼ਵਾਸ ਨਾਲ ਮਾਣਮੱਤੀਆਂ ਲਾਰਡ, ਬੈਰੋਨੈਸ, ਮੰਤਰੀ ਅਤੇ ਸਾਰੀਆਂ ਪਾਰਟੀਆਂ ਦੇ ਸਾਂਸਦ ਬਣ ਕੇ ਸਤਿਕਾਰ ਪ੍ਰਾਪਤ ਕੀਤਾ ਹੈ, ਉੱਥੇ ਵਿੱਦਿਅਕ ਅਤੇ ਵਪਾਰਿਕ ਖੇਤਰ ਵਿਚ ਹਰ ਵਿੱਦਿਅਕ ਅਦਾਰੇ ਅਤੇ ਹਰ ਬਾਜ਼ਾਰ ਜਾਂ ਉਦਯੋਗ ਵਿਚ ਭਾਰਤੀਆਂ ਨੇ ਆਪਣੀ ਸਤਿਕਾਰਯੋਗ ਥਾਂ ਹਾਸਿਲ ਕੀਤੀ ਹੋਈ ਹੈ। ਦੇਸ਼ ਦੇ ਸੈਂਕੜੇ ਮੇਅਰ, ਹਜ਼ਾਰਾਂ ਕੌਂਸਲਰ, ਡਾਕਟਰ, ਚਾਂਸਲਰ, ਵਾਈਸ ਚਾਂਸਲਰ, ਪ੍ਰਿੰਸੀਪਲ, ਅਧਿਆਪਕ ਅਤੇ ਵਕੀਲ ਥਾਂ-ਥਾਂ ਭਾਰਤੀ ਹੀ ਹਨ।
ਵਪਾਰਕ ਖੇਤਰ ਜਾਂ ਕਿਸੇ ਸ਼ਹਿਰ ਦੇ ਮੁੱਖ ਬਾਜ਼ਾਰ ਵੱਲ ਵੇਖੋ ਤਾਂ ਪਰਚੂਨ, ਥੋਕ ਦਾ ਵਪਾਰ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਲੰਡਨ, ਲੈਸਟਰ, ਗਰੇਵਜ਼ੈਂਡ, ਗਲਾਸਗੋ, ਬਰਮਿੰਘਮ, ਬਰੈਡਫੋਰਡ, ਡਰਬੀ, ਕਾਵੈਂਟਰੀ ਆਦਿ ਸ਼ਹਿਰਾਂ ਵਿਚ ਪਰਚੂਨ ਦੀਆਂ ਦੁਕਾਨਾਂ, ਹੋਟਲ ਅਤੇ ਰੈਸਟੋਰੈਂਟ ਭਾਰਤੀਆਂ ਦੇ ਹਨ।
ਬਰਤਾਨੀਆ ਵਿਚ ਭਾਰਤੀ ਮੀਡੀਆ : ਬਰਤਾਨੀਆ ਵਿਚ ਇਸ ਵੇਲੇ ਲਗਭਗ ਇੱਕ ਦਰਜਨ ਟੈਲੀਵਿਜ਼ਨ ਚੈਨਲ ਹਨ, ਜਿਨ•ਾਂ ਵਿਚੋਂ ਚਾਰ ਨਿਰੋਲ ਸਿੱਖ ਪਰਬਲ ਪੰਜਾਬੀ ਚੈਨਲ ਇੱਥੋਂ ਦੇ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕਾਂ ਦੇ ਹਨ, ਇਹ ਹਨ ਸਿੱਖ ਚੈਨਲ, ਸੰਗਤ ਟੀ.ਵੀ. ਚੈਨਲ, ਅਕਾਲ ਟੀ.ਵੀ. ਚੈਨਲ ਅਤੇ ਸਾਊਥਾਲ ਟੀ.ਵੀ. ਇਨ•ਾਂ ਤੋਂ ਬਿਨਾਂ ਜੋ ਭਾਰਤ ਵਿਚ ਸਥਾਪਤ ਅਤੇ ਇੱਥੇ ਉਨ•ਾਂ ਦੇ ਬਰਤਾਨਵੀ ਰਜਿਸਟਰਡ ਅਦਾਰੇ ਹਨ, ਉਨ•ਾਂ ਵਿਚ ਐਨ.ਡੀ.ਟੀ.ਵੀ., ਪੀ.ਟੀ.ਸੀ. ਪੰਜਾਬੀ, ਆਜ ਤੱਕ, ਜੀ ਪੰਜਾਬੀ ਟੀ.ਵੀ., ਏ.ਬੀ.ਪੀ. ਚੈਨਲ ਆਦਿ ਵਰਨਣਯੋਗ ਹਨ। ਭਾਰਤੀ ਰੇਡੀਉ ਸਟੇਸ਼ਨਾਂ ਵਿਚ ਪੰਜਾਬ ਰੇਡੀਉ, ਦੇਸੀ ਰੇਡੀਉ, ਕੋਹਿਨੂਰ ਰੇਡੀਉ, ਸਨਰਾਈਜ਼ ਰੇਡੀਉ, ਸੁੱਖ ਸਾਗਰ ਰੇਡੀਉ, ਸਬਰੰਗ ਰੇਡੀਉ ਆਦਿ। ਇਸੇ ਤਰ•ਾਂ ਲਗਭਗ 15 ਸਪਤਾਹਿਕ, ਮਾਸਿਕ ਅਤੇ ਤਿੰਨ ਮਾਸਿਕ ਅਖ਼ਬਾਰ ਇੱਥੇ ਤਿਆਰ ਹੁੰਦੇ, ਛਪਦੇ ਅਤੇ ਪ੍ਰਕਾਸ਼ਿਤ ਹੁੰਦੇ ਹਨ। ਇਨ•ਾਂ ਦੇ ਨਾਲ-ਨਾਲ ਬਰਤਾਨੀਆ ਦੇ ਅਖ਼ਬਾਰਾਂ ਵਿਚ ਭਾਰਤੀ ਸੰਪਾਦਕ, ਕਾਲਮਨਵੀਸ ਅਤੇ ਸਬ-ਐਡੀਟਰ ਭਾਰਤੀ ਵੇਖੇ ਜਾਂਦੇ ਹਨ।
ਬਰਤਾਨੀਆ ਵਿਚ ਭਾਰਤੀ ਕੰਪਨੀਆਂ : ਬਰਤਾਨੀਆ ਵਿਚ ਇਸ ਵੇਲੇ ਲਗਭਗ 700 ਭਾਰਤੀ ਕੰਪਨੀਆਂ ਦੇ ਬਰਤਾਨਵੀ ਜਾਂ ਯੂਰਪੀ ਦਫ਼ਤਰ ਹਨ, ਜੋ ਉਦਯੋਗਿਕ ਅਦਾਰਿਆਂ ਦੀਆਂ ਬਰਾਮਦਕਾਰੀ ਜਾਂ ਦਰਾਮਦਕਾਰੀ ਇਕਾਈਆਂ ਦੇ ਤੌਰ ਤੇ ਦੋ-ਦੇਸ਼ੀ ਜਾਂ ਬਹੁ-ਦੇਸ਼ੀ ਵਪਾਰ ਕਰ ਰਹੀਆਂ ਹਨ। ਇਨ•ਾਂ ਕੰਪਨੀਆਂ ਵਿਚ ਘੱਟੋ-ਘੱਟ 110, 000 ਬਰਤਾਨਵੀ ਕਾਮਿਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਦੱਸਿਆ ਗਿਆ ਹੈ। ਇਨ•ਾਂ ਕੰਪਨੀਆਂ ਦੇ ਪੀਟਰਬਰੋਅ, ਲੰਡਨ, ਬਰਮਿੰਘਮ, ਐਡਨਬਰਾ, ਸਾਊਥੈਂਪਟਨ ਅਤੇ ਮਾਨਚੈਸਟਰ ਆਦਿ ਸ਼ਹਿਰਾਂ ਵਿਚ ਦਫ਼ਤਰ ਹਨ ਅਤੇ ਇਨ•ਾਂ ਦੀਆਂ ਇੰਗਲੈਂਡ, ਸਕਾਟਲੈਂਡ ਅਤੇ ਵੇਲਜ ਵਿਚ ਉਦਯੋਗਿਕ ਸਥਾਪਤੀਆਂ ਹਨ।
ਭਾਰਤ ਵਿਚ ਬਰਤਾਨਵੀ ਕੰਪਨੀਆਂ : ਭਾਰਤ ਦੀ ਸੁਤੰਤਰਤਾ ਅਤੇ ਇਸ ਦੀ ਵਾਦ-ਵਿਵਾਦੀ ਵੰਡ ਦੇ ਨਾਲ-ਨਾਲ ਬਰਤਾਨੀਆ ਵਿਚ ਪੜੇ•, ਅਤੇ ਵਿਚਰਦੇ ਰਹੇ ਤਿੰਨ ਭਾਰਤੀ ਆਗੂਆਂ ਵੱਲੋਂ ਬਰਤਾਨਵੀ ਅਕਾਵਾਂ ਦੀ ਵੱਖੋ-ਵੱਖਰੀ ਝੋਲੀ ਚੁੱਕ ਸਰਗਰਮੀ ਵੇਲੇ ਭਾਰਤ-ਪਾਕਿਸਤਾਨ ਵਿਚੋਂ ਬਰਤਾਨੀਆ ਦੀ ਪੂਰਨ ਤੌਰ 'ਤੇ ਟਿੰਡ-ਫੌੜੀ ਨਹੀਂ ਸੀ ਚੁੱਕੀ ਗਈ। ਸੁਤੰਤਰਤਾ ਅਤੇ ਫਿਰ ਗਣਤੰਤਰਤਾ ਦੇ ਬਾਵਜੂਦ 5 ਬਰਤਾਨਵੀ ਕੰਪਨੀਆਂ ਕੌਮੀ ਪੱਧਰ 'ਤੇ ਭਾਰਤ ਵਿਚ ਸਥਾਪਤ ਅਤੇ ਵਪਾਰਕ ਤੌਰ ਤੇ ਸਰਗਰਮ ਰਹੀਆਂ। ਉਸ ਤੋਂ ਬਾਅਦ 2015 ਦੇ ਅਖੀਰ ਤੱਕ ਜਿਹੜੀਆਂ ਬਰਤਾਨਵੀ ਕੰਪਨੀਆਂ ਭਾਰਤ ਵਿਚ ਨਿਵੇਸ਼ਕ ਅਤੇ ਕਾਰਜਸ਼ੀਲ ਹਨ ਉਨ•ਾਂ ਵਿਚ ਬ੍ਰਿਟਿਸ਼ ਟੈਲੀਕਾਮ, ਮਾਰਕੋਨੀ, ਟੈਲੀਕਾਮ, ਰਿਉਟਰਜ, ਆਵੀਵਾ, ਕੇਰਨ ਐਨਰਜੀ, ਬਾਰਕਲੇਜ ਬੈਂਕ, ਐੱਚ.ਐੱਸ.ਬੀ.ਸੀ. ਬੈਂਕ, ਆਈ.ਸੀ.ਆਈ. ਇੰਡੀਆ, ਮਾਰਕਸ ਐਂਡ ਸਪੈਂਸਰ, ਟੈਸਕੋ, ਕੇਬਲ ਐਂਡ ਵਾਇਰਲੈਸ, ਜਾਨਸਨ ਮੈਥੀ, ਸਕੋਪ ਇੰਟਰਨੈਸ਼ਨਲ, ਯੂਨੀਲੀਵਰ, ਜੀ.ਐਸ. ਕੋ ਫਾਰਮਾਸਿਊਟੀਕਲ, ਬ੍ਰਿਟਿਸ਼ ਪੈਟਰੋਲੀਅਮ, ਸ਼ੈਲ ਇੰਡੀਆ, ਪੀ ਐਂਡ ਓ ਪੋਰਟਸ, ਲੌਜੀਕਾ ਸੀ.ਐਮ.ਜੀ. ਅਤੇ ਕੈਡਬਰੀ ਦੇ ਨਾਉਂ ਵਰਨਣਯੋਗ ਹਨ।
ਜਿਹੜੀਆਂ ਬਰਤਾਨਵੀ ਕੰਪਨੀਆਂ ਦੇ ਪ੍ਰਤੀਨਿਧ ਸ੍ਰੀਮਤੀ ਮੇਅ ਦੇ ਵਪਾਰਕ ਡੈਲੀਗੇਸ਼ਨ ਵਿਚ ਸ਼ਾਮਿਲ ਹਨ ਉਨ•ਾਂ ਵਿਚੋਂ ਵੇਲਜ਼ ਦੀ ਕਾਰਡਿਫ ਸਥਿਤ ਜੀਓ ਲਾਂਗ ਕੰਪਨੀ, ਇੰਗਲੈਂਡ ਸਥਿਤ ਟੌਰਫਟੈਕ, ਅਤੇ ਗਲੀਆਂ ਵਿਚ ਤਾਰ-ਰਹਿਤ ਰੌਸ਼ਨੀ ਦੀ ਜਗਤ ਪ੍ਰਸਿੱਧ ਕੰਪਨੀ, ਫਲੈਂਸਾ ਵਰਨਣਯੋਗ ਹਨ।
ਵਿਤਕਰੇ ਅਤੇ ਬੇਇਨਸਾਫ਼ੀਆਂ : ਜਿੱਥੇ ਟਰੀਸਾ ਮੇਅ ਦੀ ਨਰਿੰਦਰ ਮੋਦੀ ਨਾਲ ਦੋ-ਦੇਸ਼ੀ ਗੱਲਬਾਤ ਵੇਲੇ ਭਾਰਤ ਦੀਆਂ ਜੇਲ•ਾਂ ਵਿਚ ਬੰਦ ਬਰਤਾਨਵੀ ਨਾਗਰਿਕਾਂ ਦੇ ਪਰਿਵਾਰਾਂ ਨੇ ਉਨ•ਾਂ ਦਾ ਮਸਲਾ ਉਠਾਉਣ ਲਈ ਤਰਲੇ ਕੀਤੇ ਹਨ, ਉੱਥੇ ਉੱਚ ਵਿਦਿਆ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੇ ਅੰਕੜਿਆਂ ਨੂੰ ਆਵਾਸੀਆਂ ਦੇ ਅੰਕੜਿਆਂ ਨਾਲ ਨੱਥੀ ਨਾ ਕਰਨ ਦਾ ਮਸਲਾ ਜਲੰਧਰ ਦੇ ਜੰਮਪਲ ਅਤੇ ਲੇਬਰ ਪਾਰਟੀ ਦੇ ਬਰਤਾਨਵੀ ਸਾਂਸਦ, ਵਰਿੰਦਰ ਸ਼ਰਮਾ ਨੇ ਪ੍ਰਧਾਨ ਮੰਤਰੀ ਮੇਅ ਨੂੰ ਵਿਸ਼ੇਸ਼ ਖ਼ਤ ਲਿਖ ਕੇ ਤੁਰੰਤ ਵਿਚਾਰਨ ਲਈ ਉਠਾਇਆ ਹੈ। ਇਸ ਦੇ ਨਾਲ ਹੀ ਚੀਨੀ ਆਵਾਸੀਆਂ ਦੇ ਮੁਕਾਬਲੇ ਵੀਜ਼ਾ ਫ਼ੀਸ ਅਤੇ ਵੀਜ਼ਾ ਦੀ ਮਿਆਦ ਬਾਰੇ ਸਰਬ ਪਾਰਟੀ ਸੰਸਦੀ ਗਰੁੱਪ ਦੇ ਮੁਖੀ ਸ੍ਰੀ ਸ਼ਰਮਾ ਨੇ ਆਪਣੇ 28 ਅਕਤੂਬਰ ਦੇ ਇਸ ਖ਼ਤ ਵਿਚ ਬਰਤਾਨਵੀ ਗ੍ਰਹਿ ਵਿਭਾਗ ਦੀ ਬੇਇਨਸਾਫ਼ੀ ਅਤੇ ਵਿਤਕਰੇ ਤੋਂ ਪਰਦਾ ਉਠਾਇਆ ਹੈ। ਭਾਰਤੀ-ਬਰਤਾਨਵੀ ਡੈਲੀਗੇਸ਼ਨ ਭਾਰਤ ਵਿਚ ਵਿਦੇਸ਼ੀ ਦਖ਼ਲ ਜਾਂ ਪ੍ਰਭਾਵ ਕਾਰਨ ਭਾਰਤੀਆਂ ਦੀ ਸੁਰੱਖਿਆ ਅਤੇ ਦਹਿਸ਼ਤਵਾਦੀ ਘਟਨਾਵਾਂ ਬਾਰੇ ਵੀ ਗੱਲ ਕਰਨਗੇ। ਇਸ ਦੇ ਨਾਲ-ਨਾਲ ਦੋਹਾਂ ਦੇਸ਼ਾਂ ਦੇ ਭ੍ਰਿਸ਼ਟ ਅਤੇ ਦਲਾਲ ਆਗੂਆਂ ਅਤੇ ਅਧਿਕਾਰੀਆਂ ਦੀ ਚਰਚਾ ਵੀ ਕਰਨੀ ਬਣਦੀ ਹੈ, ਜਿਨ•ਾਂ ਕਾਰਨ ਬਰਤਾਨਵੀ ਨਾਗਰਿਕ ਭਾਰਤ ਵਿਚ ਕਤਲ ਕਰਕੇ ਜਾਂ ਸੁਪਾਰੀ ਰਾਹੀਂ ਕਿਸੇ ਤੋਂ ਕਤਲ ਕਰਵਾ ਕੇ ਵਾਪਸ ਠੀਕ ਠਾਕ ਬਰਤਾਨੀਆ ਪਰਤ ਰਹੇ ਹਨ ਅਤੇ ਭਾਰਤੀ ਨਾਗਰਿਕ ਭਾਰਤੀ ਕੰਪਨੀਆਂ ਅਤੇ ਬੈਂਕਾਂ ਨੂੰ ਪੂਰੀ ਤਰ•ਾਂ ਚੱਟ ਕੇ ਜਾਂ ਰਗੜਾ ਲਾ ਕੇ ਬਰਤਾਨੀਆ ਵਿਚ ਆ ਵੱਸਦੇ ਹਨ। ਸਰਮਾਇਆ ਭਾਰਤ ਦਾ ਅਤੇ ਸਰਮਾਏਦਾਰ ਬਰਤਾਨੀਆ ਦੇ, ਇਹ ਭਾਰਤ-ਬਰਤਾਨਵੀ ਸੰਬੰਧਾਂ ਦਾ ਨਵਾਂ ਜ਼ੁਰਮਪੇਸ਼ਾ ਅਧਿਆਇ ਹੈ ਜਿਸ ਨੂੰ ਵਿਜੈ ਮਾਲੀਆ ਵਾਲੇ ਭਾਰਤੀ 9 ਹਜ਼ਾਰ ਕਰੋੜ ਰੁਪਏ ਨੇ ਹੋਰ ਲੰਮਾ ਅਤੇ ਚਰਚਿਤ ਬਣਾ ਦਿੱਤਾ ਹੈ।
-
ਨਰਪਾਲ ਸਿੰਘ ਸ਼ੇਰਗਿੱਲ, ਲੇਖਕ
shergill@journalist.com
+44 790 3190 838
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.