ਖ਼ਬਰ ਹੈ ਕਿ ਸਿਆਸੀ ਪਿੱਚ 'ਤੇ ਲਗਾਤਾਰ ਹਿੱਟ ਵਿਕਟ ਹੋ ਰਹੇ ਸਾਬਕਾ ਸੰਸਦ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾ ਨਹੀਂ ਲੈ ਰਹੀਆਂ।ਭਾਜਪਾ ਤੋਂ ਵਿਦਾਈ ਅਤੇ ਕਾਂਗਰਸ ਵਲੋਂ ਕਦੇ ਹਾਂ ਅਤੇ ਕਦੇ ਨਾਂਹ ਹੋਣ ਤੋਂ ਬਾਅਦ ਸਿੱਧੂ ਇੱਕ ਵਾਰ ਫਿਰ ਆਪ ਦੇ ਵੱਲ ਆਕਰਸ਼ਿਤ ਹੋ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਗਠਬੰਧਨ ਨੂੰ ਲੈਕੇ ਸਿੱਧੂ ਨੇ ਨਵੇਂ ਸਿਰੇ ਤੋਂ “ਆਪ” ਦੇ ਨਾਲ ਬਾਤਚੀਤ ਸ਼ੁਰੂ ਕੀਤੀ ਹੈ। ਸਿੱਧੂ ਦੀ ਪਹਿਲਾਂ ਆਪ ਨਾਲ ਗੱਲਬਾਤ ਟੁੱਟ ਗਈ ਸੀ ਅਤੇ ਉਨਾਂ ਨੇ ਆਪ ਨੂੰ ਈਸਟ ਇੰਡੀਆ ਕੰਪਨੀ ਅਤੇ ਕੇਜਰੀਵਾਲ ਨੂੰ “ਅਰਾਜਕ” ਤੱਕ ਕਹਿ ਦਿਤਾ ਸੀ।
ਜੋਗੀ ਆਏ ਮੁੜ ਤੇਰੇ ਦੁਆਰ , ਹੋਕੇ ਸਭ ਪਾਸਿਓ ਖੱਜ਼ਲ ਖੁਆਰ , ਕਿਉਂਕਿ ਮਾਡਰਨ ਜੋਗੀ ਨੂੰ ਭਾਈ ਜਾਂ ਤਾਂ “ਬਾਬੇ ਬਾਦਲ” ਦੀ ਕੁਰਸੀ ਚਾਹੀਦੀ ਆ ਜਾਂ “ਕਾਕਾ ਜੀ ਬਾਦਲ” ਵਾਲੀ ਉਪ ਮੁਖਮੰਤਰੀ ਵਾਲੀ ਕੁਰਸੀ ਜੀਹਦੇ 'ਤੇ ਬੈਠਕੇ , ਉਹ ਲਲਕਾਰੇ ਮਾਰ ਸਕੇ , ਹਾਸੇ ਠੱਠੇ ਕਰ ਸਕੇ, ਜਾਂ ਘੱਟੋ ਘੱਟ “ਗੁਰੂ ਹੋ ਜਾ ਸ਼ੁਰੂ”ਆਖ ਪੰਜਾਬ ਦੀਆਂ ਸੰਗਤਾਂ ਨੂੰ ਕੁਝ ਇਵੇਂ ਸੰਬੋਧਨ ਕਰ ਸਕੇ, “ਮੈਂ ਆਂ ਪੰੰਜਾਬ ਹਿਤੈਸ਼ੀ ਮੁਹਿੰਮਕਾਰ, ਮੈ ਆਂ ਪੰਜਾਬ ਦਾ ਪਿਆਰਾ , ਮੈਂ ਆਂ ਬੰਬੇ ਬੈਠਕੇ ਕਿਸਾਨਾਂ ਦੀਆਂ “ਬੰਬੀਆਂ” ਚਲਾਉਣ ਵਾਲਾ, ਭੁਖਿਆਂ ਨੁੰ ਪ੍ਰਸ਼ਾਦੇ , ਨੌਜਵਾਨਾਂ ਨੂੰ ਝਲਕਾਰੇ , ਤੇ ਬੀਬੀਆਂ ਲਈ ਸ਼ੇਅਰਾਂ ਦੇ ਗੱਫੇ ਵੰਡਣ ਵਾਲਾ, ਜੀਹਨੂੰ ਭਾਈ ਜੋ ਚਾਹੀਦਾ ਆਉ ਮੇਰੇ ਦੁਆਰੇ ਲੈ ਜਾਉ ਝੋਲੀਆਂ ਭਰ-ਭਰ ਜੋ ਚਾਹੀਦਾ“
ਪਰ ਪਿਆਰਾ ਜੋਗੀ ਸਿੱਧੂ ਪਿਛਲੇ ਦਿਨਾਂ ਦੀ ਅਲਟੀ ਪਲਟੀ'ਚ ਵੇਚ ਗਿਆ ਲੋਕਾਂ ਦੇ ਸੁਪਨੇ । ਤੇ ਪੱਲੇ ਪਾ ਗਿਆ ਤਕਲੀਫਾਂ , ਕਿਉਂਕਿ ਲੋਕੀਂ ਤਾਂ ਸਿੱਧੂ ਨੂੰ ਆਪਣਾ ਮਸੀਹਾ ਸਮਝ ਬੈਠੇ ਸਨ, ਪਰ ਆਪਣੀ ਕੁਰਸੀ ਦੀ ਖਾਤਰ ਸਿੱਧੂ ਰੁੱਤਾਂ ਦਾ ਵਣਜਾਰਾਂ ਬਣ ਕੀ ਕੁਝ ਵੇਚ ਗਿਆ, ਸ਼ਾਇਦ ਉਹ ਆਪ ਵੀ ਨਹੀਓਂ ਜਾਣਦਾ ਭਾਈ!
ਇਹ ਪੱਟੀਆਂ ਇਸ਼ਕ ਪੜਾਈਆਂ ਨੇ
ਖ਼ਬਰ ਹੈ ਕਿ ਦੋ ਸਿੱਖ ਧਾਰਮਿਕ ਆਗੂਆਂ ਅਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਰਮਿਆਨ ਮੀਟਿੰਗ ਦੇ ਵੱਡੀ ਪੱਧਰ ਤੇ ਚਰਚੇ ਹਨ। ਕੇਜਰੀਵਾਲ ਨੇ ਅਚਨਚੇਤ ਗੁਰਮਿਤ ਸੇਵਾ ਲਹਿਰ ਦੇ ਪ੍ਰਧਾਨ ਪੰਥਪ੍ਰੀਤ ਸਿੰਘ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਬਲਵੰਤ ਸਿੰਘ ਨੰਦਗੜ ਨਾਲ ਆ ਮੁਲਾਕਾਤ ਕੀਤੀ। ਕੇਜਰੀਵਾਲ ਇਸ ਮੀਟਿੰਗ ਨੂੰ ਮਹਾਂਪੁਰਖਾਂ ਦਾ ਅਸ਼ੀਰਵਾਦ ਲੈਣ ਦੀ ਗੱਲ ਕਰਦੇ ਰਹੇ , ਜਦ ਕਿ ਜਥੇਦਾਰ ਨੰਦਗੜ ਦੀਆਂ ਘਟਨਾਵਾਂ ਦੇ ਦੋਸ਼ੀਆਂ ਦੀ ਸ਼ਨਾਖਤ ਕਰਕੇ ਸਰਕਾਰ ਬਣਨ ਦੀ ਸੂਰਤ ਵਿੱਚ ਸਜਾਵਾਂ ਦੇਣ ਦਾ ਵਾਅਦਾ ਕਰਕੇ ਗਏ ਹਨ। ਇਸੇ ਦੌਰਾਨ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਨਾਲ ਅੰਦਰਖਾਤੇ ਗੰਢ ਤੁੱਪ ਦੇ ਨਤੀਜੇ ਵਜੋਂ ਹੀ ਭਾਈ ਨੰਦਗੜਤੋਂ ਲੈ ਕੇ ਗਿਆਨੀ ਕੇਵਲ ਸਿੰਘ ਤੱਕ ਦੇ ਕਈ ਧਾਰਮਿਕ ਆਗੂ 10 ਨਵੰਬਰ ਨੂੰ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਦੂਜੇ ਸਰਬੱਤ ਕਾਲਸਾ ਤੋਂ ਪਾਸੇ ਰਹਿਣ ਦਾ ਫੈਸਲਾ ਲੈ ਚੁੱਕੇ ਹਨ।
ਪੁੱਟ ਸੁੱਟਿਆ ਪੰਜਾਬ ਜੈਲਦਾਰੀਆਂ ਦੇ ਲਾਲਚਾਂ ਨੇ।ਹਰ ਕੋਈ ਮਾਈ-ਭਾਈ , ਨੇਤਾ-ਵਰਕਰ, ਪੰਜਾਬ ਦਾ ਚੌਧਰੀ ਬਨਣ ਲਈ ਟਿਕਟਾਂ ਹਥਿਆਉਣ ਦੇ ਚੱਕਰ 'ਚ ਹੈ। ਕੋਈ ਹੱਥ ਤਜੋਰੀ ਫੜੀ , ਦਿਲੀ ਦੇ ਗੇੜੇ ਲਾ ਰਿਹੈ , ਕੋਈ ਚੰਡੀਗੜਦੇ “ਆਕਿਆਂ” ਅੱਗੇ ਹਾੜੇ ਕੱਢ ਮੁਝੇ ਵੀ ਟਿਕਟੀ ਦੇ ਦੋ, ਦੇ ਦੋ ਅੱਲਾ ਕੇ ਨਾਮ” ਦਾ ਰਾਗ ਗਾਕੇ ਆਪਣੀ ਅਤੇ ਆਪਣੀ ਅਗਲੀ ਪੀੜੀ ਦੀ ਪੁਸ਼ਤਾਂ ਦੀ ਰੋਟੀ ਦਾ ਜੁਗਾੜ ਲਾਉਣ ਲਈ ਵਾਹੋ-ਦਾਹ ਗੱਡੀਆਂ ਕਾਰਾਂ ਘੁੰਮਾ ਰਿਹਾ , ਆਪਣੇ ਚਹੇਤਿਆਂ ਨੂੰ ਵੱਡਿਆਂ ਦੇ ਮੱਥੇ ਲਾ ਰਿਹੈ। ਕੁਰਸੀ ਦੀ ਖਾਤਰ ਸੱਭੋ ਕੁਝ ਵੱਡਿਆਂ ਦੇ ਪੈਰਾਂ 'ਚ ਹਾਜ਼ਰ , ਪੈਸਾ , ਇੱਜਤ ਅਣਖ ਮਾਣ-ਸਤਿਕਾਰ , ਸੱਭੋ ਕੁਝ! ਕੁਰਸੀ ਬੜੀ ਬਲਬਾਨ ਆ , ਇਹਨੂੰ ਹਥਿਆਂਉਣਾ ਵੀ ਭਾਈ ਵਣਜ ਵਿਓਪਾਰ ਬਣ ਗਿਆ , ਇੰਜ ਜਾਪਦੈ ਪੰਜਾਬ'ਚ ਅਕਲ ਦਾ ਜਨਾਜਾ ਕੱਢਿਆ ਜਾ ਰਿਹੈ ਤਦੇ ਤਾਂ ਕੁਰਸੀ , ਤਾਕਤ , ਲਾਲਸਾ ਬਾਰੇ ਵਾਰਸ ਸ਼ਾਹ ਆਖ ਗਿਆ , “ ਇਹ ਪੱਟੀਆਂ ਇਸ਼ਕ ਪੜਾਈਆਂ ਨੇ, ਵਾਰਸ ਸ਼ਾਹ ਫਕੀਰ ਦੀ ਅਕਲ ਕਿਥੇ ?
ਜਿੱਤਣ ਜਿੱਤਣ ਹਰ ਕੋਈ ਖੇਡੇ
ਖ਼ਬਰ ਹੈ ਕਿ ਸਮਾਜਵਾਦੀ ਪਾਰਟੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਅਮਰ ਸਿੰਘ ਨੇ ਪਾਰਟੀ'ਚ ਜਾਰੀ ਕਲੇਸ਼'ਤੇ ਆਪਣੀ ਚੁੱਪੀ ਤੋੜੀ ਅਤੇ ਕਿਹਾ ਕਿ ਉਹ ਯੂ.ਪੀ ਦਾ ਮੁੱਖਮੰਤਰੀ ਅਖਿਲੇਸ਼ ਸਿੰਘ ਯਾਦਵ ਦੇ ਨਾਲ ਸਨ ਅਤੇ ਹਰ ਸਮੇਂ ਉਨਾਂ ਨਾਲ ਬਣੇ ਰਹਿਣਗੇ। ਉਨਾਂ ਨੇ ਅਖਿਲੇਸ਼ ਨੂੰ ਚੁਗਲਖੋਰਾਂ ਦੀਆਂ ਗੱਲਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਧਿਆਨ ਰਹੇ ਕਿ ਲਖਨਊ'ਚ ਸਮਾਜਵਾਦੀ ਪਾਰਟੀ ਦੇ ਇੱਕ ਪ੍ਰੋਗਾਮ'ਚ ਅਖਿਲੇਸ਼ ਨੇ ਅਮਰ ਸਿੰਘ ਨੂੰ ਦਲਾਲ ਕਿਹਾ ਸੀ। ਯੂ.ਪੀ ਵਿੱਚ ਅਗਲੇ ਵਰੇ 2017'ਚ ਚੋਣਾਂ ਹੋਣ ਵਾਲੀਆਂ ਹਨ ਅਤੇ ਮੁਲਾਇਮ ਸਿੰਘ ਯਾਦਵ ਦੀ ਸਮਾਜਵਾਦੀ ਪਾਰਟੀ'ਚ ਪਰਿਵਾਰਕ ਕਲੇਸ਼ ਪਿਆ ਹੋਇਆ ਹੈ ।
ਨਰੇਂਦਰ ਮੋਦੀ ਨੇ ਦੇਸ਼'ਚ ਚੋਣਾਂ ਲੜੀਆਂ। ਮੋਦੀ ਨੇ ਚੋਣਾਂ ਜਿੱਤੀਆਂ। ਯੂ.ਪੀ ਵਿੱਚ 80 ਲੋਕ ਸਭਾ ਮੈਂਬਰਾਂ ਵਿੱਚੋਂ 70 ਉਤੇ ਕਬਜ਼ਾ ਕਰ ਲਿਆ। ਤਦੋਂ ਤੋਂ ਹੀ ਯੂ.ਪੀ'ਚ ਪਿੱਟ ਸਿਆਪਾ, ਕਲੇਸ਼ ਪਿਆ ਹੋਇਆ। ਭਰਾ ਮਾਰੂ ਜੰਗ ਛਿੜੀ ਹੋਈ ਆ। ਚਾਚੂ-ਭਤੀਜਾ, ਪਿਉ-ਪੁਤ ਹੱਥੀਂ ਡਾਗਾਂ ਫੜ ਇੱਕ ਦੂਜੇ ਦੀਆ ਪੁੜ-ਪੁੜੀਆਂ ਸੇਕਣ ਤੁਲੇ ਹੋਏ ਹਨ ਅਤੇ ਵਿਚਾਰਾ “ਅਮਰ“ ਸੁਲਾਹ ਕਰਾਉਂਦਾ ਕਰਾਉਂਦਾ ਆਪ ਨਿਸ਼ਾਨਾ ਬਣਿਆ ਹੋਇਆ ਆ।
ਇੱਕ ਪਾਸਿਉ ਮੁਲਾਇਮ ਨੂੰ “ਹੱਥ“ ਘੇਰ ਰਿਹਾ ਆ ਦੂਜੇ ਪਾਸਿਓ “ਹਾਥੀ“, ਤੀਜੇ ਪਾਸਿਓ “ਕਮਲ ਦਾ ਫੁੱਲ“ ਖੜਾ ਮੁਸਕਰਾ ਰਿਹਾ ਆ ਅਤੇ ਸੂਬੇ ਦੀ ਹਰ ਪਾਰਟੀ ਆਪੋ ਆਪਣੀ ਪਾਰਟੀ ਦੀ ਜਿੱਤ ਦੇ ਦਾਅਵੇ ਕਰ ਰਹੀ ਆ ਅਤੇ ਅਮਰ ਸਿਹੁੰ “ਯਾਦਵ“ ਨੂੰ ਅਮਰ ਕਰਨ ਤੇ ਤੁਲਿਆ ਹੋਇਆ। ਉਵੇਂ ਹੀ ਜਿਵੇਂ ਕਵੀ ਲਿਖਦਾ, “ ਜਿੱਤਣ ਜਿੱਤਣ ਹਰ ਕੋਈ ਖੇਡੇ, “ ਪਰ ਕੁਝ ਹੋਰ ਵੀ ਪਾਰਟੀਆਂ ਤੇ ਲੋਕ ਆ ਜਿਹੜੇ ਅਸੂਲਾਂ ਦੀ ਲੜਾਈ ਲੜਦੇ ਆ, ਭਾਵੇਂ ਉਨਾਂ ਹੱਥ ਕਰਸੀ ਪੱਲੇ ਨਹੀਂ ਪੈਂਦੀ, ਪਰ ਲੋਕਾਂ ਦਾ ਵਿਸ਼ਵਾਸ ਪੱਲੇ ਪੈਂਦਾ ਆ, ਤੇ ਉਨਾਂ ਦਾ ਮੁੱਲ ਪੈਂਦਾ ਆ, “ ਜਿੱਤਣ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫਕੀਰਾ, ਜਿੱਤਣ ਦਾ ਮੁੱਲ ਕਾਉਡੀ ਪੈਂਦਾ, ਹਾਰਨ ਦਾ ਮੁੱਲ ਹੀਰਾ“ ਅਸਲ'ਚ ਉਹੀ ਲੋਕ “ਅਮਰ“ ਬਣਦੇ ਆ ਅਮਰ ਸਿੰਘ ਨਹੀਂ, ਹੈ ਕਿ ਨਹੀਂ?
ਚਾਅ ਮੁਕਲਾਵੇ ਦਾ ਗੱਡੀ ਚੜਦੀ ਭਨਾ ਲਏ ਗੋਡੇ।
ਖ਼ਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਮੁਖਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨੇ ਸੀਨੀਅਰ ਅਕਾਲੀ ਆਗੂਆਂ ਨੂੰ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨ ਦਾ ਸੱਦਾ ਦਿੰਦਿਆਂ ਅਪੀਲ ਕੀਤੀ ਹੈ ਕਿ ਇਨਾਂ ਚੋਣਾਂ ਵਿੱਚ ਪਿਛਲੇ ਦਸ ਸਾਲਾਂ ਵਿੱਚ ਅਕਾਲੀ ਭਾਜਪਾ ਵਲੋਂ ਕੀਤੇ ਵਿਕਾਸ ਤੇ ਹੋਰ ਪ੍ਰਾਪਤੀਆਂ ਦਾ ਹਵਾਲਾ ਦੇ ਕੇ ਪੰਜਾਬ ਵਾਸੀਆਂ ਤੋਂ ਵੋਟਾਂ ਮੰਗੀਆਂ ਜਾਣ ਤੇ ਇਕ ਸਕਾਰਾਤਮਕ ਮੁਹਿੰਮ ਦੀ ਅਗਵਾਈ ਪਾਰਟੀ ਆਗੂ ਕਰਨ। ਉਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦਾ ਲੋਕਾਂ ਵਿੱਚ ਪਰਦਾਫਾਸ਼ ਕਰਨ ਦੀ ਗੱਲ ਵੀ ਕਹੀ। ਉਨਾਂ ਕਿਹਾ ਕਿ ਕਿਸਾਨ ਕਰਜ਼ਾ ਮੁਆਫੀ ਦੇ ਮੁੱਦੇ ਤੇ ਪੰਜਾਬ ਕਾਂਗਰਸ ਲੋਕਾਂ ਨੂੰ ਮੂਰਖ ਬਣਾ ਰਹੀ ਹੈ।
ਬਹੁਤ ਵੱਡਾ ਵਿਕਾਸ ਕੀਤਾ ਹੈ ਸਰਕਾਰ ਨੇ! ਵੱਡੀਆਂ ਯਾਦਗਾਰਾਂ ਬਣਾਈਆਂ ਹਨ, ਵੱਡੇ ਪੁੱਲ ਉਸਾਰੇ ਹਨ, ਸੜਕਾਂ ਉਤੇ ਲੁੱਕ ਵੀ ਕਿਧਰੇ ਕਿਧਰੇ ਮੱਥੀ ਜਾ ਰਹੀ ਹੈ, ਰਹਿੰਦੀ ਖੂੰਹਦੀ ਮਿਆਦ ਲਈ “ਮਰ ਚੁੱਕੇ ਬੋਰਡਾਂ, ਕਾਰਪੋਰੇਸ਼ਨਾਂ“ ਦੇ ਚੇਅਰਮੈਨ, ਮੈਂਬਰ ਲਗਾਏ ਜਾ ਰਹੇ ਹਨ, ਸਲਾਹਕਾਰਾਂ ਤੇ ਸਲਾਹਕਾਰਾਂ ਭਰਤੀ ਕੀਤੇ ਜਾ ਰਹੇ ਹਨ, ਪੁਲਿਸ ਸਿੱਖਿਆ ਅਤੇ ਹੋਰ ਮਹਿਕਮਿਆਂ'ਚ ਮੁਲਾਜ਼ਮ ਵੀ ਰੱਖੇ ਜਾ ਰਹੇ ਹਨ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾ ਰਹੇ ਹਨ, ਪਰ ਖ਼ਜ਼ਾਨੇ ਮਸਤ ਹਨ। ਬੁਢਿਆਂ ਠੇਰਿਆਂ ਦੀ ਪੈਨਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਗਾਇਬ ਹੈ, ਕਿਉਂਕਿ ਖ਼ਜ਼ਾਨੇ ਖਾਲੀ ਹਨ। ਸਰਕਾਰ ਨੂੰ ਬੈਂਕਾਂ ਵਾਲੇ ਕਰਜ਼ਾ ਨਹੀਂ ਦੇ ਰਹੇ, ਪਾਗਲਖਾਨੇ, ਯਤੀਮ ਖਾਨੇ, ਸਰਕਾਰੀ ਗੈਸਟ ਹਾਊਸ ਗਿਰਵੀ ਰੱਖਕੇ ਲਿਆ ਕਰਜ਼ਾ ਤਾਂ ਕਦੋਂ ਦਾ ਮੁੱਕ ਚੁੱਕਾ ਆ। ਸਰਕਾਰ ਪੱਲੇ ਧੇਲਾ ਨਹੀਂ, ਚੋਣਾਂ ਆ ਗਈਆਂ ਹਨ।
ਤਦੇ ਭਾਈ ਜੋ ਚੂਨ-ਭੂਨ ਬਚੀ ਆ ਉਹ ਗਾਇਬ ਕੀਤੀ ਜਾ ਰਹੀ ਆ, ਤਾਂ ਕਿ ਆਉਣ ਵਾਲੀ ਸਰਕਾਰ ਮੱਥੇ ਹੱਥ ਰੱਖਕੇ ਰੋਂਦੀ ਫਿਰੇ। ਉਂਜ ਭਾਈ ਹੁਣ ਵਾਲੀ ਸਰਕਾਰ ਤਾਂ ਤੀਜੇ ਗੇੜ ਦਾ ਬਟੇਰਾ ਹਥਿਆਉਣ ਦੇ ਚੱਕਰ'ਚ ਧੂੜ ਪੁੱਟੀ ਜਾਂਦੀ ਹੈ, ਪਰ ਭਾਈ ਹਾਲਤ ਸਰਕਾਰ ਦੀ ਉਸ ਵਿਆਹਦੜ ਕੁੜੀ ਵਰਗੀ ਆ, ਜੀਹਦੇ ਪੱਲੇ ਧੇਲਾ ਨਹੀਂ, ਪਰ ਉਹਨੂੰ ਵਿਆਹ ਦਾ ਸ਼ੌਕ ਲੋਹੜੇ ਦਾ ਆ, “ਚਾਅ ਮੁਕਲਾਵੇ ਦਾ ਗੱਡੀ ਚੜਦੀ ਭਨਾ ਲਏ ਗੋਡੇ“ ਵਰਗਾ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ।
ਦੇਸ਼ ਵਿੱਚ ਔਰਤਾਂ ਦੀ ਸ਼ਾਖਰਤਾ [ਪੜਾਈ] ਦੀ ਸਥਿਤੀ ਗੁਆਂਢੀ ਮੁਲਕਾਂ ਦੇ ਮੁਕਾਬਲੇ ਬਹੁਤ ਹੀ ਤਰਸਯੋਗ ਹੈ। ਪ੍ਰਇਮਰੀ ਸਿੱਖਿਆ ਵਿੱਚ ਪੰਜਵੀ ਕਲਾਸ ਤੱਕ ਸਾਖਰ ਔਰਤਾਂ ਦਾ ਅਨੁਪਾਤ ਭਾਰਤ'ਚ ਜਿੱਥੇ 48% ਔਰਤਾਂ ਹੈ, ਉਥੇ ਨੇਪਾਲ ਵਿੱਚ 92%, ਪਾਕਿਸਤਾਨ ਵਿੱਚ 74% ਅਤੇ ਬੰਗਲਾ ਦੇਸ਼ ਵਿੱਚ 54% ਹੈ।
ਇੱਕ ਵਿਚਾਰ
ਜਿਥੇ ਜਿਆਦਾ ਕਾਨੂੰਨ ਹਨ, ਨਿੱਜੀ ਆਜ਼ਾਦੀ ਦੀ ਗੂੰਜਾਇਸ਼ ਉਥੇ ਉਨੀ ਹੀ ਘੱਟ ਹੁੰਦੀ ਹੈ..ਬਿੱਲ ਓਰਿਲੀ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.