ਅੱਜ 1 ਨਵੰਬਰ 2016 ਨੂੰ ਅੰਮ੍ਰਿਤਸਰ ਵਿਚ ਪੰਜਾਬ ਸਰਕਾਰ ਵੱਲੋਂ ਕਰਾਏ ਗਏ ਇੱਕ ਜਲਸੇ ਵਿਚ ਭਾਰਤੀ ਜਨਤਾ ਪਾਰਟੀ ਬੀ ਜੇ ਪੀ ਦੇ ਕੌਮੀ ਭਰਦਾਨ ਅਮਿੱਤ ਸ਼ਾਹ ਨੇ ਉਨਾਂ ਪਾਰਟੀਆਂ ਦੀ ਨਿਦਿਆ ਕੀਤੀ ਹੈ ਜਿਹੜੀਆਂ ਕਹਿੰਦੀਆਂ ਨੇ ਕੇ ਪੰਜਾਬ ਦੇ ਨੌਜਵਾਨ ਵੱਡੀ ਪੱਧਰ ਤੇ ਨਸ਼ੇ ਚ ਗ਼ਲਤਾਨ ਨੇ। ਅਮਿੱਤ ਸ਼ਾਹ ਕਹਿੰਦਾ ਕੇ ਅਜਿਹਾ ਕੈਹਣ ਵਾਲੇ ਪੰਜਾਬ ਦੇ ਨੌਜਵਾਨਾਂ ਦੀ ਹੇਠੀ ਕਰ ਰਹੇ ਨੇ ਤੇ ਅਜਿਹੀਆਂ ਪਾਰਟੀਆਂ ਨੂੰ ਵੋਟਾਂ ਨਾਂ ਪਾਈਆਂ ਜਾਣ। ਪਰ ਇੱਕ ਸਾਲ ਪਹਿਲਾਂ ਹੀ ਬੀ ਜੇ ਪੀ ਹੀ ਦੋਸ਼ ਖੁਦ ਪੰਜਾਬ ਸਰਕਾਰ ਤੇ ਲਾਉਂਦੀ ਸੀ। ਇਥੋਂ ਤੱਕ ਭਰਦਾਨ ਮੰਤਰੀ ਨੇ ਪਾਰਲੀਮੈਂਟ ਵਿਚ ਵੀ ਤਸਦੀਕ ਕੀਤੀ ਤੇ ਆਖਿਆ ਕੇ ਪੰਜਾਬ ਨਸ਼ੇ ਦੀ ਮਾਰ ਹੇਠ ਹੈ। ਅਮਿੱਤ ਸ਼ਾਹ ਨੇ ਖੁਦ ਪੰਜਾਬ ਚ ਨਸ਼ਿਆਂ ਦੇ ਇੱਕ ਰੈਲੀ ਰੱਖੀ ਸੀ ਭਾਵੇਂ ਦਿਲੀ ਚ ਹਾਰ ਕਰਨ ਕਰਕੇ ਇਹ ਰੱਦ ਕਰ ਦਿੱਤੀ ਸੀ। ਦਾਸ ਨੇ ਬੀ ਜੇ ਪੀ ਵੱਲੋਂ ਪੰਜਾਬ ਚ ਨਸ਼ੇ ਦਾ ਮੁੱਦਾ ਉਭਾਰਨ ਕਰਕੇ ਇੱਕ ਆਰਟੀਕਲ ਲਿਖਿਆ ਸੀ ਜੋ ਕੇ ਬਾਬੂਸ਼ਾਹੀ ਚ 17 ਅਪ੍ਰੈਲ 2015 ਨੂੰ ਛਪਿਆ ਸੀ। ਓਹੀ ਆਰਟੀਕਲ ਮੈਂ ਹੇਠਾਂ ਪੇਸਟ ਕਰ ਰਿਹਾ ਹਾਂ ਜੀਹਦੇ ਨਾਲ ਪਤਾ ਲੱਗ ਸਕਦਾ ਹੈ ਕੇ ਬੀ ਜੇ ਪੀ ਦਾ ਪੰਜਾਬ ਚ ਨਸ਼ਿਆਂ ਬਾਬਤ 2015 ਚ ਕਿ ਕਹਿਣਾ ਤੇ ਅੱਜ ਕੀ ਆਖਣਾ ਹੈ --------------------------------------------------------------------------------------------------------------------------------------ਨਸ਼ਿਆਂ ਵਾਲਾ ਮੁੱਦਾ, ਅਕਾਲੀ-ਭਾਜਪਾ ਨੂੰ ਤੋੜ ਵਿਛੋੜੇ ਤੱਕ ਲਿਜਾਵੇਗਾ?
ਕੀ ਆਉਂਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਬੀ.ਜੇ.ਪੀ. ਵਾਲੇ ਅਕਾਲੀ ਦਲ ਨਾਲੋਂ ਵੱਖ ਹੋ ਕੇ ਲੜਨ ਦੀ ਸੋਚ ਰਹੇ ਨੇ? ਇਹ ਸਵਾਲ ਪਹਿਲੀ ਵਾਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਤਰੁੰਤ ਬਾਅਦ ਖੜ੍ਹਾ ਹੋ ਗਿਆ ਸੀ ਅਤੇ ਹਰਿਆਣਾ ਵਿਚ ਬੀ.ਜੇ.ਪੀ. ਵੱਲੋਂ ਇਕੱਲਿਆਂ ਹੀ ਬਹੁਮਤ ਹਾਸਲ ਕਰ ਜਾਣ ਤੋਂ ਬਾਅਦ ਇੰਝ ਜਾਪ ਰਿਹਾ ਸੀ ਕਿ ਹੁਣ ਗੱਲ ਪੱਕੀ ਹੈ ਕਿ ਭਾਜਪਾ ਅਕਾਲੀ ਦਲ ਤੋਂ ਬਿਨ੍ਹਾਂ ਚੋਣ ਲੜ ਸਕਣ ਦੇ ਸਮਰੱਥ ਹੋ ਗਿਆ ਹੈ। ਪਰ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੇ ਮੁਕੰਮਲ ਸਫ਼ਾਏ ਤੋਂ ਬਾਅਦ ਇਹ ਚਰਚਾ ਸੁੱਕੇ ਕੱਖਾਂ ਦਾ ਅੱਗ ਵਾਂਗੂੰ ਇਕਦਮ ਸ਼ਾਂਤ ਹੋ ਗਈ। ਹੁਣ ਇਕ ਵਾਰ ਫੇਰ ਇਹ ਸਵਾਲ ਮੁੜ੍ਹ ਸਿਰ ਚੁੱਕਣ ਲੱਗਾ ਹੈ। 19 ਜੂਨ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਚ ਸਥਾਪਨਾ ਦਿਹਾੜ੍ਹੇ 'ਤੇ ਹੋਏ ਸੰਮੇਲਨ ਦੌਰਾਨ ਕੇਂਦਰੀ ਵਜ਼ਾਰਤ ਵਿਚ ਨੰਬਰ 2 ਦੀ ਪੁਜ਼ੀਸ਼ਨ ਰੱਖਦੇ ਵਜ਼ੀਰੇ-ਦਾਖ਼ਲਾ ਰਾਜਨਾਥ ਸਿੰਘ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਚ ਪੰਜਾਬ 'ਚ ਵਧ ਰਹੇ ਨਸ਼ੇ ਦੀ ਗੱਲ ਤੋਰਨਾ ਅਤੇ ਕੁਝ ਦਿਨਾਂ ਬਾਅਦ ਇਕ ਹੋਰ ਕੇਂਦਰੀ ਵਜ਼ੀਰ ਵੱਲੋਂ ਫ਼ੇਰ ਬਾਦਲ ਦੇ ਮੂੰਹ 'ਤੇ ਨਸ਼ਿਆਂ ਦੀ ਗੱਲ ਕਰਨਾ ਤੋੜ ਵਿਛੋੜੇ ਦੀ ਇਸ ਚਰਚਾ ਨੂੰ ਗੰਭੀਰ ਮੋੜ੍ਹ ਦਿੰਦਾ ਹੈ। ਬੀ.ਜੇ.ਪੀ. ਦੀ ਕੇਂਦਰੀ ਸਰਕਾਰ ਦੇ ਇਕ ਕੈਬਨਿਟ ਵਜ਼ੀਰ ਟੀ.ਸੀ. ਗਹਿਲੋਤ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਨਸ਼ਿਆਂ ਦੀ ਵਰਤੋਂ ਵਿਚ ਪੰਜਾਬ ਸਾਰੇ ਮੁਲਕ ਵਿਚੋਂ ਇਕ ਨੰਬਰ 'ਤੇ ਹੈ। ਇਹ ਗੱਲ 26 ਜੂਨ 2015 ਦੀ ਹੈ ਜਦੋਂ ਨਸ਼ਾ ਵਿਰੋਧੀ ਦਿਹਾੜ੍ਹੇ 'ਤੇ ਹੁਸ਼ਿਆਰਪੁਰ ਵਿਚ ਸ: ਬਾਦਲ ਅਤੇ ਸ੍ਰੀ ਗਹਿਲੋਤ ਸਾਂਝੀ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ। ਕੇਂਦਰੀ ਵਜ਼ੀਰ ਦੇ ਬਿਆਨ ਤੋਂ ਖਿਝ ਕੇ ਸ: ਬਾਦਲ ਨੇ ਸ੍ਰੀ ਗਹਿਲੋਤ ਤੋਂ ਮਾਈਕ ਫੜ੍ਹ ਕੇ ਪੰਜਾਬ ਸਰਕਾਰ ਦੀ ਸਫ਼ਾਈ ਪੇਸ਼ ਕਰਦਿਆਂ ਪੰਜਾਬ ਦੀ ਨਸ਼ਾਖੋਰੀ ਲਈ ਗੁਆਂਢੀ ਸੂਬਿਆਂ ਅਤੇ ਪਾਕਿਸਤਾਨ ਤੋਂ ਆ ਰਹੇ ਨਸ਼ਿਆਂ ਨੂੰ ਜ਼ੁਮੇਵਾਰ ਕਰਾਰ ਦੇ ਕੇ ਅਸਿੱਧੇ ਰੂਪ 'ਚ ਇਸ ਦਾ ਤੋੜਾ ਬੀ.ਜੇ.ਪੀ. 'ਤੇ ਹੀ ਝਾੜਿਆ। ਕੇਂਦਰ ਵਿਚ ਕਾਂਗਰਸ ਸਰਕਾਰ ਦੇ ਹੁੰਦਿਆਂ ਬੀ.ਜੇ.ਪੀ. ਨੇ ਕਦੇ ਵੀ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਬਾਰੇ ਭੋਰਾ ਵੀ ਜ਼ਿਕਰ ਨਹੀਂ ਛੇੜਿਆ। ਪੰਜਾਬ 'ਚ ਲੋਕ ਸਭਾ ਚੋਣਾ ਮੌਕੇ ਬੀ.ਜੇ.ਪੀ. ਦੇ ਵੱਡੇ ਥੰਮ੍ਹ ਅਰੁਨ ਜੇਤਲੀ ਦੀ ਹੋਈ ਕਰਾਰੀ ਹਾਰ ਦੀ ਜਦੋਂ ਪੜਚੋਲ ਕੀਤੀ ਤਾਂ ਬੀ.ਜੇ.ਪੀ. ਨੂੰ ਪਤਾ ਲੱਗਿਆ ਕਿ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਭਾਰੇ ਗਏ ਨਸ਼ਿਆਂ ਦੇ ਮੁੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ ਹੀ ਜੇਤਲੀ ਦੀ ਹਾਰ ਦਾ ਕਾਰਨ ਬਣਿਆ। ਇਹ ਸੋਚ ਕੇ ਕਿ 2017 ਵਾਲੀ ਵਿਧਾਨ ਸਭਾ ਚੋਣ 'ਚ ਕਾਂਗਰਸ ਨਸ਼ਿਆਂ ਨੂੰ ਮੁੱਦਾ ਬਣਾਵੇਗੀ, ਬੀ.ਜੇ.ਪੀ. ਨੇ ਇਸ ਮੁੱਦੇ ਨੂੰ ਕਾਂਗਰਸ ਨਾਲੋਂ ਪਹਿਲਾਂ ਹੱਥ 'ਚ ਫੜ੍ਹਨ ਦੀ ਤਰਕੀਬ ਸੋਚੀ ਇਸੇ ਤਰਕੀਬ ਦੇ ਤਹਿਤ ਪੰਜਾਬ ਬੀ.ਜੇ.ਪੀ. ਵਾਲੇ ਪ੍ਰਕਾਸ਼ ਸਿੰਘ ਬਾਦਲ ਦੀ ਹਾਜ਼ਰੀ 'ਚ ਸਟੇਜਾਂ 'ਤੇ ਲੱਗਭਗ ਸਿੱਧੇ ਰੂਪ 'ਚ ਇਸ ਦਾ ਭਾਂਡਾ ਅਕਾਲੀ ਦਲ ਸਿਰ ਭੰਨਣ ਲੱਗੇ। ਇਥੋਂ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਵੀ ਪੰਜਾਬ ਭਾਜਪਾ ਦੀ ਇਸ ਮੁਹਿੰਮ ਨੂੰ ਹੁੰਗਾਰਾ ਦਿੰਦਿਆਂ ਪੰਜਾਬ 'ਚ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਕਹਿ ਕੇ ਅਕਾਲੀ ਦਲ ਨੂੰ ਵਖ਼ਤ ਪਾ ਦਿੱਤਾ। ਇਸ ਦੇ ਜਵਾਬ 'ਚ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ 17 ਦਸੰਬਰ 2014 ਵਾਲੇ ਦਿਨ ਇਕ ਚਿੱਠੀ ਲਿਖ ਕੇ ਕਿਹਾ ਕਿ ਪੰਜਾਬ ਵਿਚ ਆਉਣ ਵਾਲਾ ਨਸ਼ਾ ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਪੈਦਾ ਹੁੰਦਾ ਹੈ ਉਥੇ ਇਹਦੀ ਪੈਦਾਵਾਰ ਬੰਦ ਕਰਾਈ ਜਾਵੇ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਸਮਗਲ ਹੋ ਕੇ ਆਉਂਦਾ ਨਸ਼ਾ ਬਾਰਡਰ 'ਤੇ ਇਸਨੂੰ ਰੋਕਿਆ ਜਾਵੇ। ਬਾਦਲ ਦੀ ਚਿੱਠੀ ਦਾ ਅਸਿੱਧਾ ਹਮਲਾ ਬੀ.ਜੇ.ਪੀ. 'ਤੇ ਸੀ। ਕਿਉਂਕਿ ਪਾਕਿਸਤਾਨੀ ਬਾਰਡਰ 'ਤੇ ਚੌਕਸੀ ਕਰਨੀ ਵੀ ਕੇਂਦਰੀ ਸਰਕਾਰ 'ਤੇ ਹੈ ਅਤੇ ਦੋਵਾਂ ਸੂਬਿਆਂ ਵਿਚ ਵੀ ਬੀ.ਜੇ.ਪੀ. ਦੀਆਂ ਸਰਕਾਰਾਂ ਹਨ। ਬੀ.ਜੇ.ਪੀ. 'ਤੇ ਲਾਏ ਗਏ ਇਸ ਅਸਿੱਧੇ ਇਲਜ਼ਾਮ ਨੂੰ ਹੋਰ ਸਿੱਧਾ ਕਰਨ ਲਈ ਅਕਾਲੀ ਦਲ ਨੇ 5 ਜਨਵਰੀ 2015 ਨੂੰ ਪਾਕਿਸਤਾਨੀ ਬਾਰਡਰ 'ਤੇ ਧਰਨੇ ਦਿੱਤੇ ਕਿਉਂਕਿ ਇਨ੍ਹਾਂ ਧਰਨਿਆਂ ਦਾ ਮਤਲਬ ਪਾਕਿਸਤਾਨੀ ਸਰਕਾਰ ਨੂੰ ਤਾਂ ਕੋਈ ਸੰਦੇਸ਼ ਦੇਣਾ ਨਹੀਂ ਸੀ ਬਲਕਿ ਇਸਦਾ ਸਿੱਧਾ ਸੰਦੇਸ਼ ਭਾਰਤ ਸਰਕਾਰ ਵਾਸਤੇ ਹੀ ਸੀ। ਅਕਾਲੀ ਦਲ ਵਲੋਂ ਬੀ.ਜੇ.ਪੀ. ਦੇ ਖ਼ਿਲਾਫ਼ ਚੁੱਕੇ ਗਏ ਇਸ ਕਦਮ ਦੇ ਜਵਾਬ ਵਿਚ ਬੀ.ਜੇ.ਪੀ. ਨੇ ਆਪਣੇ ਕੌਮੀ ਪ੍ਰਧਾਨ ਅਮਿੱਤ ਸ਼ਾਹ ਦੀ ਅਗਵਾਈ ਵਿਚ ਇਕ ਨਸ਼ਾ ਵਿਰੋਧੀ ਰੈਲੀ ਪੰਜਾਬ 'ਚ ਰੱਖ ਦਿੱਤੀ। 20 ਜਨਵਰੀ 2015 ਨੂੰ ਹੋਣ ਵਾਲੀ ਰੈਲੀ ਇਹ ਸੰਦੇਸ਼ ਦੇਣ ਲਈ ਸੀ ਕਿ ਪੰਜਾਬ 'ਚ ਭਾਵੇਂ ਅਕਾਲੀ ਭਾਜਪਾ ਦੀ ਸਾਂਝੀ ਸਰਕਾਰ ਹੈ ਪਰ ਪੰਜਾਬ ਸਰਕਾਰ 'ਤੇ ਲੱਗ ਰਹੇ ਨਸ਼ਿਆਂ ਬਾਰੇ ਦੋਸ਼ 'ਚ ਉਹ ਹਿੱਸਾ ਵੰਡਾਉਂਣ ਨੂੰ ਤਿਆਰ ਨਹੀਂ। ਪਰ ਦਿੱਲੀ ਚੋਣਾਂ ਦਾ ਬਹਾਨਾ ਬਣਾ ਕੇ ਛੇਤੀ ਹੀ ਰੱਦ ਕਰ ਦਿੱਤੀ ਗਈ। ਦਿੱਲੀ 'ਚ ਹੋਈ ਬੀ.ਜੇ.ਪੀ. ਦੀ ਹਾਰ ਨੇ ਬੀ.ਜੇ.ਪੀ. ਵੱਲੋਂ ਇਕੱਲਿਆਂ ਵਿਧਾਨ ਸਭਾ 'ਚ ਚੋਣਾਂ ਲੜ੍ਹਨ ਦੀ ਚਰਚਾ ਨੂੰ ਇਕ ਵਾਰ ਮੁਅੱਤਲ ਕਰ ਦਿੱਤਾ। ਹੁਣ ਬੀ.ਜੇ.ਪੀ. ਵੱਲੋਂ ਇਹ ਮੁੱਦਾ ਮੁੜ੍ਹ ਛੇੜੇ ਜਾਣ ਤੋਂ ਉੱਕਤ ਗੱਲ ਮੁੜ੍ਹ Îਚਰਚਾ ਵਿਚ ਆ ਗਈ ਹੈ। ਕਿਉਂਕਿ ਜੇ ਬੀ.ਜੇ.ਪੀ. ਲੀਡਰਸ਼ਿੱਪ ਪੰਜਾਬ 'ਚ ਨਸ਼ੇ ਦੀ ਮਹਾਂਮਾਰੀ ਨੂੰ ਖ਼ੁਦ ਤਸਦੀਕ ਕਰਦੇ ਹਨ ਤਾਂ ਆਉਂਦੀਆਂ ਚੋਣਾਂ 'ਚ ਅਕਾਲੀ ਦਲ ਰਲ ਕੇ ਲੜਨ ਵੇਲੇ ਬੀ.ਜੇ.ਪੀ. ਨੂੰ ਵੀ ਨੁਕਸਾਨ ਸਹਿਣਾ ਪਵੇਗਾ। ਇਸ ਦੋਸ਼ ਤੋਂ ਸੁਰਖ਼ਰੂ ਹੋਣ ਦਾ ਇਕੋ ਇਕ ਢੰਗ ਅਕਾਲੀ ਦਲ ਨਾਲੋਂ ਵੱਖਰੇ ਹੋ ਕੇ ਚੋਣਾਂ ਲੜਨਾਂ ਹੀ ਰਿਹ ਜਾਂਦਾ ਹੈ। ਸੋ ਬੀ.ਜੇ.ਪੀ. ਵੱਲੋਂ ਮੁੜ੍ਹ ਚਰਚਾ ਛੇੜੇ ਜਾਣ ਤੋਂ ਅਕਾਲੀ ਭਾਜਪਾ ਸੰਬੰਧਾਂ ਬਾਰੇ ਖ਼ਤਰੇ ਦੀ ਘੰਟੀ ਹੀ ਸੁਣਾਈ ਦਿੰਦੀ ਹੈ।
ਹੁਣ ਦੂਜਾ ਸਵਾਲ ਇਹ ਹੈ ਕਿ ਜਿਵੇਂ ਜਨਵਰੀ 2015 'ਚ ਪਾਰਟੀ ਪ੍ਰਧਾਨ ਅਮਿੱਤ ਸ਼ਾਹ ਦੀ ਰੈਲੀ ਕੈਂਸਲ ਕਰਾ ਕੇ ਨਸ਼ਿਆਂ ਵਾਲਾ ਮੁੱਦਾ ਬੀ.ਜੇ.ਪੀ. ਨੇ ਛੰਡੇ ਬਸਤੇ ਵਿਚ ਪਾ ਦਿੱਤਾ ਸੀ ਕਿ ਭਾਜਪਾ, ਅਕਾਲੀ ਦਲ ਨਾਲ ਕਿਸੇ ਸਮਝੌਤੇ ਤਹਿਤ ਇਸ ਮੁੱਦੇ ਨੂੰ ਮੁੜ੍ਹ ਠੱਪ ਕਰ ਸਕਦੀ ਹੈ। ਜਨਵਰੀ ਵੇਲੇ ਦਿੱਲੀ ਵਿਧਾਨ ਸਭਾ ਚੋਣਾਂ ਕਾਰਨ ਬੀ.ਜੇ.ਪੀ. ਨੂੰ ਅਕਾਲੀ ਦਲ ਨਾਲ ਇਸ ਮੁੱਦੇ 'ਤੇ ਟਕਰਾਅ ਜਾਰੀ ਰੱਖਣਾ ਬੀ.ਜੇ.ਪੀ. ਲਈ ਨੁਕਸਾਨਦੇਹ ਸੀ। ਦਿੱਲੀ ਚੋਣਾਂ 'ਚ ਬੀ.ਜੇ.ਪੀ. ਦੀ ਹਾਰ ਤੋਂ ਬਾਅਦ ਇਹ ਸੋਚਿਆ ਜਾਣ ਲੱਗਾ ਕਿ ਅਕਾਲੀ ਦਲ ਨਾਲੋਂ ਵੱਖ ਹੋਕੇ ਬੀ.ਜੇ.ਪੀ. ਇਕੱਲਿਆਂ ਪੰਜਾਬ ਦੀਆਂ ਚੋਣਾਂ ਜਿੱਤਣ ਦੀ ਪੁਜੀਸ਼ਨ ਵਿਚ ਨਹੀਂ ਹੋਵੇਗੀ। ਜਿਸ ਕਰਕੇ ਤੋੜ ਵਿਛੋੜਾ ਸੰਭਵ ਨਹੀਂ। ਪਰ ਬੀ.ਜੇ.ਪੀ. ਦੇ ਕੇਂਦਰੀ ਲੀਡਰਸ਼ਿੱਪ ਦੇ ਏਜੰਡੇ ਹੋਰ ਨੇ। ਉਹ ਸਾਰੇ ਭਾਰਤ ਨੂੰ ਕੇਸਰੀ ਰੰਗ ਵਿਚ ਰੰਗਿਆ ਦੇਖਣਾ ਚਾਹੁੰਦੇ ਨੇ। ਜੇ ਕਿਸੇ ਸੂਬੇ ਵਿਚ ਉਹ ਸਿੱਧੇ ਸੱਤਾ ਵਿਚ ਨਹੀਂ ਵੀ ਆ ਸਕਦੇ, ਉੱਥੇ ਪਹਿਲੇ, ਦੂਜੇ ਨੰਬਰ ਦੀ ਲੜਾਈ ਵਿਚ ਆਉਣਾ ਉਨ੍ਹਾਂ ਦੀ ਪ੍ਰਮੁੱਖਤਾ ਹੈ। ਮਿਸਾਲ ਦੇ ਤੌਰ 'ਤੇ ਹਰਿਆਣਾ ਨੂੰ ਲੈ ਲਈਏ, ਉੱਥੇ ਪਹਿਲਾਂ ਮੁਕਾਬਲਾ ਚੌਟਾਲਾ ਪਾਰਟੀ ਅਤੇ ਕਾਂਗਰਸ ਦਾ ਹੁੰਦਾ ਸੀ। ਬੀ.ਜੇ.ਪੀ. ਦੇ ਇਕੱਲਿਆਂ ਚੋਣ ਲੜਨ ਨਾਲ ਕਾਂਗਰਸ ਤੀਜੇ ਨੰਬਰ 'ਤੇ ਚਲੀ ਗਈ। ਜੇ ਬੀ.ਜੇ.ਪੀ. ਦੂਜੇ ਨੰਬਰ 'ਤੇ ਵੀ ਰਹਿੰਦੀ ਤਾਂ ਵੀ ਬੀ.ਜੇ.ਪੀ. ਪਹਿਲਾਂ ਨਾਲੋਂ ਮੁਨਾਫ਼ੇ ਵਿਚ ਰਹਿੰਦੀ ਕਿਉਂਕਿ ਤਿੰਨਾਂ ਵਿਚ ਕਾਂਗਰਸ ਜਾਂ ਚੌਟਾਲਿਆਂ ਦੇ ਆਊਟ ਹੋਣ ਦਾ ਬੀ.ਜੇ.ਪੀ. ਨੂੰ ਸਿੱਧਾ ਫ਼ਾਇਦਾ ਇਹ ਹੋਣਾ ਸੀ ਕਿ ਅਗਾਂਹ ਤੋਂ ਕਿਸੇ ਹੋਰ ਦਾ ਮੁਕਾਬਲਾ ਬੀ.ਜੇ.ਪੀ. ਨਾਲ ਹੋਣਾ ਸੀ। ਇਹੀ ਹਾਲ ਪੰਜਾਬ ਵਿਚ ਹੈ ਜੇ ਬੀ.ਜੇ.ਪੀ. ਅਕਾਲੀ ਦਲ ਦੇ ਨਾਲ ਰਹਿ ਕੇ ਚੋਣਾਂ ਲੜਦੀ ਹੈ ਤਾਂ ਉਹ ਤੀਜੇ ਨੰਬਰ ਦੀ ਹੀ ਧਿਰ ਰਹੇਗੀ। ਜੇ ਉਹ ਅਕਾਲੀ ਦਲ ਤੋਂ ਵੱਖ ਹੁੰਦੀ ਹੈ ਤਾਂ ਅਕਾਲੀਆਂ ਦਾ ਮੈਦਾਨ ਵਿਚ ਆਊਟ ਹੋਣਾ ਤੈਅ ਹੋਵੇਗਾ ਤੇ ਬੀ.ਜੇ.ਪੀ. ਪਹਿਲੇ ਜਾਂ ਦੂਜੇ ਨੰਬਰ ਦੀ ਧਿਰ ਬਣੇਗੀ। ਪਹਿਲੇ ਨੰਬਰ 'ਤੇ ਕਾਂਗਰਸ ਰਹੇ ਜਾਂ ਆਮ ਆਦਮੀ ਪਾਰਟੀ। ਬੀ.ਜੇ.ਪੀ. ਨੂੰ ਇਸ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਕਿ ਮੁਲਕ ਦੇ 29 ਸੂਬਿਆਂ 'ਚੋਂ ਉਸਦੀ ਇਕ ਹੋਰ ਸੂਬੇ 'ਚ ਉਹਦੀ ਸਰਕਾਰ ਨਾ ਬਣੇ। ਉਹਦੀ ਪਹਿਲੀ ਤਰਜ਼ੀਹ ਅਕਾਲੀ ਦਲ ਪੰਜਾਬ 'ਚ ਨੰਬਰ ਤਿੰਨ 'ਤੇ ਖੜ੍ਹਾ ਕਰਨ ਦੀ ਹੋਵੇਗੀ ਤਾਂ ਅਗਾਂਹ ਨੂੰ ਉਹ ਹੀ ਪਹਿਲੇ ਦੂਜੇ ਨੰਬਰ ਦੀ ਲੜਾਈ ਵਿਚ ਹੋਵੇ। ਸੋ ਬੀ.ਜੇ.ਪੀ. ਵਾਸਤੇ ਇਹ ਗੱਲ ਬਿਲਕੁਲ ਔਖੀ ਅਤੇ ਨੁਕਸਾਨ ਦੇਹ ਹੈ ਕਿ ਇਹ ਨਸ਼ਿਆਂ ਦਾ ਮੁੱਦਾ ਭਖ਼ਾਈ ਵੀ ਰੱਖੇ ਅਤੇ ਚੋਣ ਵੀ ਅਕਾਲੀ ਦਲ ਨਾਲ ਰਲ ਕੇ ਲੜੇ।
-
ਗੁਰਪ੍ਰੀਤ ਸਿੰਘ ਮੰਡਿਆਣੀ, ਲੇਖਕ
gurpreetmandiani@gmail.com
88726-64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.