1947 ਵਿੱਚ ਸੱਤਾ ਦੇ ਤਬਾਦਲੇ ਤੋਂ ਪਹਿਲਾਂ ਅੰਗਰੇਜ਼ਾਂ ਨਾਲ ਗੱਲਬਾਤ ਦੀ ਮੇਜ਼ ਉੱਤੇ ਬੈਠਣ ਵਾਲੀਆਂ ਤਿੰਨ ਧਿਰਾਂ ਹਿੰਦੂ, ਮੁਸਲਮਾਨ ਅਤੇ ਸਿੱਖ ਸਨ। ਪਰ ਸਿੱਖਾਂ ਦੀ ਅਗਵਾਈ ਕਰ ਰਹੇ ਅਕਾਲੀ ਦਲ ਦੇ ਆਗੂਆਂ ਨੇ ਆਪਣੀ ਸਿਆਸੀ ਦੂਰ-ਅੰਦੇਸ਼ੀ ਦੀ ਘਾਟ ਦਾ ਸਬੂਤ ਦਿੰਦੇ ਹੋਏ ਸਿੱਖ ਕੌਮ ਦੀ ਹੋਣੀ ਭਾਰਤ ਨਾਲ ਗੰਢ ਦਿੱਤੀ। ਕਾਂਗਰਸੀ ਆਗੂਆਂ ਅਤੇ ਮਹਾਤਮਾ ਗਾਂਧੀ ਨੇ ਸਿੱਖਾਂ ਨਾਲ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ, ਸੀਸ ਗੰਜ ਵਿਖੇ ਝੂਠੇ ਵਾਅਦੇ ਕੀਤੇ ਅਤੇ ਸਿੱਖਾਂ ਨੂੰ ਇੱਥੋਂ ਤੱਕ ਆਖਿਆ ਕਿ ਜੇ ਕਾਂਗਰਸ ਸਿੱਖਾਂ ਨੂੰ ਇਸ ਦੇਸ਼ ’ਚ ਅਜ਼ਾਦ ਖਿੱਤਾ ਦੇਣ ਦੇ ਵਾਅਦੇ ਤੋਂ ਮੁੱਕਰੇ ਤਾਂ ਸਿੱਖਾਂ ਨੂੰ ਹੱਕ ਹੋਵੇਗਾ ਕਿ ਉਹ ਤਲਵਾਰ ਦੇ ਜ਼ੋਰ ਨਾਲ ਆਪਣਾ ਇਹ ਹੱਕ ਲੈ ਲੈਣ। ਪਰ ਸੱਤਾ ਹੱਥ ਆਉਣ ਤੋਂ ਬਾਅਦ ਭਾਰਤੀ ਹਕੂਮਤ ਨੇ ਸਿੱਖਾਂ ਨਾਲ ਕੀਤੇ ਕਰਾਰ ਤੋਂ ਮੁੱਕਰਦਿਆਂ ਸਾਫ ਕਹਿ ਦਿੱਤਾ ਕਿ ਅਬ ਤੋ ਹਾਲਾਤ ਬਦਲ ਚੁੱਕੇ ਹੈਂ। ਅਜਿਹੇ ਹਾਲਾਤਾਂ ਵਿੱਚ ਗਿਆਨੀ ਕਰਤਾਰ ਸਿੰਘ ਅਤੇ ਹੋਰ ਅਕਾਲੀ ਆਗੂਆਂ ਨੇ ਡਾ. ਅੰਬੇਦਕਰ ਦੇ ਦਰਵਾਜ਼ੇ ਉੱਤੇ ਦਸਤਕ ਦਿੱਤੀ। ਰਾਹ ਪੁੱਛਣ ਉੱਤੇ ਡਾ.ਅੰਬੇਦਕਰ ਨੇ ਕਿਹਾ ਕਿ ਜੇਕਰ ਸਿੱਖ ਸਟੇਟ ਦਾ ਮੁਤਾਲਬਾ ਕੀਤਾ ਤਾਂ ਤੁਹਾਡਾ ਰੌਲਾ ਕਿਸੇ ਨੇ ਨਹੀਂ ਸੁਣਨਾ। ਤੁਸੀਂ ਪੰਜਾਬੀ ਸੂਬਾ ਕਿਉਂ ਨਹੀਂ ਮੰਗਦੇ? ਕਾਂਗਰਸ ਪ੍ਰਾਂਤਾਂ ਦਾ ਭਾਸ਼ਾਈ ਆਧਾਰ ਉੱਤੇ ਪੁਨਰਗਠਨ ਕਰਨ ਲਈ ਵਚਨਬੱਧ ਹੈ। ਉਹ ਇਸ ਮੰਗ ਨੂੰ ਕੁਝ ਚਿਰ ਟਾਲ ਸਕਦੀ ਹੈ ਪਰ ਲੰਬਾ ਸਮਾਂ ਇਸ ਤੋਂ ਮੁਨਕਰ ਨਹੀਂ ਹੋ ਸਕਦੀ। ਤੁਸੀਂ ਪੰਜਾਬੀ ਸੂਬੇ ਦੇ ਭੇਸ ਵਿੱਚ ਸਿੱਖ ਸਟੇਟ ਲੈ ਸਕਦੇ ਹੋ। ਪੰਜਾਬੀ ਸੂਬੇ ਦੇ ਨਾਅਰੇ ਉੱਤੇ 1955 ਵਿੱਚ ਲਗਾਈ ਰੋਕ ਦੇ ਖਿਲਾਫ਼ ਅਕਾਲੀਆਂ ਵੱਲੋਂ ਲਗਾਏ ਮੋਰਚੇ ਦੌਰਾਨ 12 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਹੋਈਆਂ। ਆਰੀਆ ਸਮਾਜੀਆਂ ਅਤੇ ਜਨਸੰਘ ਨੇ ਤਾਂ ਪੰਜਾਬੀ ਸੂਬੇ ਦੀ ਮੰਗ ਦੇ ਵਿਰੋਧ ਵਿੱਚ ਮਹਾਂਪੰਜਾਬ ਦਾ ਅੰਦੋਲਨ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਪੰਜਾਬ ਨੂੰ ਦੋ ਭਾਸ਼ੀ ਸੂਬਾ ਦਿਖਾਉਣ ਲਈ 1951 ਅਤੇ 1961 ਦੀ ਮਰਦਮਸ਼ੁਮਾਰੀ ਵਿੱਚ ਹਿੰਦੂਆਂ ਨੂੰ ਆਪਣੀ ਮਾਤ-ਭਾਸ਼ਾ ਹਿੰਦੀ ਲਿਖਾਉਣ ਵੱਲ ਪ੍ਰੇਰਿਤ ਕੀਤਾ ਗਿਆ। ਪੰਜਾਬ ਪੁਨਰਗਠਨ ਕਾਨੂੰਨ 1966 ਮੁਤਾਬਿਕ ਪੰਜਾਬੀ ਬੋਲਦੇ ਇਲਾਕੇ, ਚੰਡੀਗੜ੍ਹ, ਦਰਿਆਈ ਪਾਣੀਆਂ ਦੀ ਵੰਡ ਅਤੇ ਹੈੱਡਵਰਕਸ ਉੱਤੇ ਕੇਂਦਰ ਦੇ ਕੰਟਰੋਲ ਦੇ ਖਿਲਾਫ਼ ਸੰਤ ਫਤਹਿ ਸਿੰਘ ਨੇ 17 ਦਸੰਬਰ 1966 ਨੂੰ ਮਰਨ ਵਰਤ ਰੱਖ ਲਿਆ ਅਤੇ ਦਸ ਦਿਨ ਬਾਅਦ ਆਤਮਦਾਹ ਕਰਨ ਦਾ ਐਲਾਨ ਕਰ ਦਿੱਤਾ। ਆਖਰੀ ਦਿਨ 27 ਦਸੰਬਰ ਨੂੰ ਸੰਤ ਫਤਹਿ ਸਿੰਘ ਨੇ ਮਰਨ ਵਰਤ ਖ਼ਤਮ ਕਰਦਿਆਂ ਐਲਾਨ ਕੀਤਾ ਕਿ ਅਕਾਲੀ ਦਲ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਰਮਿਆਨ ਸਾਲਸ ਵਜੋਂ ਆਏ ਲੋਕ ਸਭਾ ਸਪੀਕਰ ਸ੍ਰੀ ਹੁਕਮ ਸਿੰਘ ਨੇ ਯਕੀਨ ਦਿਵਾਇਆ ਕਿ ਪੰਜਾਬ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ। ਪਰ ਦੋ ਜਨਵਰੀ 1967 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅਜਿਹੇ ਕਿਸੇ ਵਾਅਦੇ ਤੋਂ ਇਨਕਾਰ ਕਰ ਦਿੱਤਾ। 1960, 61 ਤੇ 65 ਵਿੱਚ ਕੁੱਝ ਅਕਾਲੀ ਆਗੂਆਂ ਵਲੋਂ ਮਰਨ ਵਰਤ ਰੱਖ ਕੇ ਛੱਡ ਦੇਣ ਦੀ ਬਦਨਾਮੀ ਮਗਰੋਂ ਪੁਰਾਣੇ ਅਕਾਲੀ, ਬਾਅਦ ਵਿੱਚ ਕਾਂਗਰਸੀ ਅਤੇ 1969 ਵਿੱਚ ਸੁਤੰਤਰ ਪਾਰਟੀ ਦੇ ਆਗੂ, ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਤੇ ਹੋਰ ਮੰਗਾਂ ਦੇ ਨਾਲ-ਨਾਲ ਸਿੱਖ ਧਰਮ ਉੱਤੇ ਫ਼ਤਿਹ ਸਿੰਘ-ਮਾਸਟਰ ਤਾਰਾ ਸਿੰਘ-ਸੰਪੂਰਨ ਸਿੰਘ ਰਾਮਾ-ਚੰਨਣ ਸਿੰਘ-ਉਮਰਾਨੰਗਲ-ਸ਼ਰੀਂਹ ਵਗ਼ੈਰਾ ਦੇ ਵਰਤ ਛੱਡਣ ਨਾਲ ਲੱਗੇ 'ਕਲੰਕ' ਨੂੰ ਲਾਹੁਣ ਵਾਸਤੇ ਮਰਨ ਵਰਤ ਰੱਖਣ ਦਾ ਐਲਾਨ ਕਰ ਦਿਤਾ। ਦਰਸ਼ਨ ਸਿੰਘ ਫੇਰੂਮਾਨ ਦੇ ਮਰਨ ਵਰਤ ਦਾ ਐਲਾਨ ਕਰਨ ਉੱਤੇ ਉਸ ਨੂੰ ਪੰਜਾਬ ਦੀ ਅਕਾਲੀ ਸਰਕਾਰ ਨੇ 12 ਅਗੱਸਤ ਨੂੰ ਗ੍ਰਿਫ਼ਤਾਰ ਕਰ ਕੇ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਭੇਜ ਦਿੱਤਾ। ਦਰਸ਼ਨ ਸਿੰਘ ਫੇਰੂਮਾਨ ਨੇ ਐਲਾਨ ਮੁਤਾਬਕ 15 ਅਗੱਸਤ, 1969 ਨੂੰ ਜੇਲ੍ਹ ਵਿੱਚ ਹੀ ਅਪਣਾ ਮਰਨ ਵਰਤ ਸ਼ੁਰੂ ਕਰ ਦਿਤਾ। 25 ਸਤੰਬਰ, 1969 ਨੂੰ ਜਦੋਂ ਫੇਰੂਮਾਨ ਦਾ ਮਰਨ ਵਰਤ 42ਵੇਂ ਦਿਨ ਵਿੱਚ ਦਾਖ਼ਲ ਹੋ ਚੁੱਕਾ ਸੀ ਤਾਂ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਸਰਬ-ਪਾਰਟੀ ਕਾਨਫ਼ਰੰਸ ਚੰਡੀਗੜ੍ਹ ਵਿੱਚ ਹੋਈ ਜਿਸ ਨੇ ਕੇਂਦਰ ਤੋਂ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ। 28 ਸਤੰਬਰ ਨੂੰ ਸੱਤ ਪਾਰਟੀਆਂ ਦੇ 60 ਐਮ.ਐਲ.ਏਜ਼. ਨੇ, ਪਾਰਲੀਮੈਂਟ ਦੇ ਬਾਹਰ, ਚੰਡੀਗੜ੍ਹ ਵਾਸਤੇ ਧਰਨਾ ਮਾਰਿਆ। ਸਾਰੀਆਂ ਪਾਰਟੀਆਂ ਵਲੋਂ ਗਿਆਨੀ ਭੁਪਿੰਦਰ ਸਿੰਘ ਨੂੰ ਫੇਰੂਮਾਨ ਨੂੰ ਮਿਲ ਕੇ ਵਰਤ ਛੱਡਣ ਦੀ ਅਪੀਲ ਕਰਨ ਵਾਸਤੇ ਭੇਜਿਆ ਗਿਆ। ਪਹਿਲੀ ਅਕਤੂਬਰ, 1969 ਨੂੰ ਜਦੋਂ ਵਰਤ ਦਾ 47ਵਾਂ ਦਿਨ ਸੀ, ਗਿਆਨੀ ਭੁਪਿੰਦਰ ਸਿੰਘ, ਫੇਰੂਮਾਨ ਨੂੰ ਮਿਲਿਆ ਅਤੇ ਵਰਤ ਛੱਡਣ ਦੀ ਅਪੀਲ ਕੀਤੀ। ਫੇਰੂਮਾਨ ਨੇ ਭੁਪਿੰਦਰ ਸਿੰਘ ਨੂੰ ਜਵਾਬ ਦਿਤਾ, ਤੁਸੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਹੋ। ਤੁਹਾਨੂੰ ਸਿੱਖ ਦੀ ਅਰਦਾਸ ਦਾ ਮਤਲਬ ਤੇ ਮਹਾਨਤਾ ਜਾਣਨੀ ਚਾਹੀਦੀ ਹੈ। ਮੈਂ ਤਾਂ ਚੰਡੀਗੜ੍ਹ ਮਿਲਣ ਉੱਤੇ ਹੀ ਮਰਨ ਵਰਤ ਛੱਡਾਂਗਾ। 12 ਅਕਤੂਬਰ ਨੂੰ ਹਰਿਆਣੇ ਦੇ ਉਦੈ ਸਿੰਹ ਮਾਨ ਨੇ ਅਪਣਾ ਵਰਤ ਛੱਡ ਦਿਤਾ ਪਰ ਫੇਰੂਮਾਨ ਨੇ ਸੱਭ ਅਪੀਲਾਂ ਠੁਕਰਾ ਦਿਤੀਆਂ। 11 ਅਕਤੂਬਰ ਨੂੰ ਫੇਰੂਮਾਨ ਤੋਂ ਪੁਲਿਸ ਦਾ ਪਹਿਰਾ ਵੀ ਹਟਾ ਲਿਆ ਗਆ ਤੇ ਸਾਰੇ ਮੁਕੱਦਮੇ ਵਾਪਸ ਲੈ ਲਏ ਗਏ। ਮਰਨ ਵਰਤ ਦੇ 74ਵੇਂ ਦਿਨ, 27 ਅਕਤੂਬਰ, 1969 ਦੇ ਦਿਨ, ਜਥੇਦਾਰ ਦਰਸ਼ਨ ਸਿੰਘ ਫੇਰੂਮਾਨ ਚੜ੍ਹਾਈ ਕਰ ਗਏ ਅਤੇ ਅਕਾਲੀ ਆਗੂਆਂ ਦੀ ਮਰਨ ਵਰਤ ਤੋਂ ਭੱਜਣ ਦੀ ਬੁਜ਼ਦਿਲੀ ਦਾ ਦਾਗ਼ ਮਿਟਾ ਗਏ।
ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਦੀ ਵਸੀਅਤ
ਮੈਂ ਦਰਸ਼ਨ ਸਿੰਘ ਫੇਰੂਮਾਨ ਗੁਰੂ ਪੰਥ ਅਤੇ ਦੇਸ਼ਵਾਸੀਆਂ, ਅਤੇ ਸਭ ਸੰਸਾਰ ਦੇ ਭਲੇ ਸੱਜਣ ਪੁਰਸ਼ਾਂ ਨੂੰ ਇਹ ਆਪਣਾ ਅੰਤਮ ਸੰਦੇਸ਼ ਦੇਣਾ ਤੇ ਪੁਚਾਉਣਾ ਚਾਹੁੰਦਾ ਹਾਂ।
ਇਹ ਮੇਰਾ ਸੰਦੇਸ਼ ਜਦੋਂ ਤੁਹਾਨੂੰ ਪੁੱਜੇਗਾ ਉਸ ਸਮੇਂ ਮੈਂ ਸੰਸਾਰ ਛੱਡ ਚੁੱਕਾ ਹੋਵਾਂਗਾ।
ਅੱਜ 1 ਅਗਸਤ 1969 ਨੂੰ ਮੈਂ 85 ਵਰਿਆਂ ਦੀ ਉਮਰ ਭੋਗ ਚੁੱਕਾ ਹਾਂ। ਬੀਤੀ ਅੱਧੀ ਸਦੀ ਵਿੱਚ ਮੈਂ ਪੰਥ ਦੀ ਚੜਦੀ ਕਲਾ ਅਤੇ ਦੇਸ਼ ਦੀ ਆਜ਼ਾਦੀ ਲਈ ਘੋਲ ਕਰਦਾ ਰਿਹਾ ਹਾਂ। ਮੇਰਾ ਇਹ ਜੀਵਨ ਲੋਕਾਂ ਦੇ ਸਾਹਮਣੇ ਹੈ।
ਦੇਸ਼ ਆਜ਼ਾਦ ਹੋ ਗਿਆ ਹੈ, ਪਰ ਪੰਥ ਅਜੇ ਵੀ ਪਰਾਧੀਨ ਹੈ। ਦੇਸ਼ ਵਿਚ ਧਰਮ ਦੀ ਥਾਵੇਂ ਭ੍ਰਿਸਟਾਚਾਰ ਤੇ ਗਿਰਾਵਟ ਵਧ ਗਈ ਹੈ। ਪੰਥ ਦੀ ਰਾਜਨੀਤੀ ਅਤੇ ਗੁਰਧਾਮਾਂ ਉੱਤੇ ਪਾਖੰਡੀ ਸੰਤ ਮਹੰਤ ਅਤੇ ਪੰਥ ਦੇ ਦੋਖੀ ਛਾ ਗਏ ਹਨ। ਸਿੱਖ ਧਰਮ ਦੇ ਸਿਧਾਂਤ, ਖਾਲਸੇ ਦੀਆਂ ਰਵਾਇਤਾਂ ਅਤੇ ਸਿੰਘਾਂ ਦਾ ਇਤਿਹਾਸਕ ਗੌਰਵ ਪੈਰਾਂ ਹੇਠ ਰੌਲ ਦਿੱਤਾ ਗਿਆ ਹੈ।
ਸ਼੍ਰੀ ਅਕਾਲ ਤਖ਼ਤ ਦੇ ਹਜੂਰ ਮਰਨ ਵਰਤ ਅਤੇ ਜਿਓੰਦੇ ਸੜ ਮਰਨ ਦੇ ਅਰਦਾਸੇ ਕਰਨ ਵਾਲੇ ਪਾਖੰਡ ਅਤੇ ਕਾਇਰਤਾ ਦਾ ਰਾਹ ਫੜ ਕੇ ਪੰਥ ਅਤੇ ਸਿੱਖ ਧਰਮ ਅਤੇ ਪੰਜਾਬ ਸਰਕਾਰ ਉਤੇ ਪੱਕਾ ਜੱਫਾ ਪਾਈ ਰੱਖਣ ਦੀ ਸਾਜਸ਼ ਵਿਚ ਕਾਮਯਾਬ ਹੋ ਰਹੇ ਹਨ।
ਇਸ ਦੰਭ ਤੇ ਅਧਰਮ ਨੂੰ ਹੀ ਸਿੱਖਾਂ ਦਾ ਧਰਮ ਦਰਸਾਉਣ ਲਈ ਸ਼੍ਰੀ ਅਕਾਲ ਤਖ਼ਤ ਦੇ ਸਰੀਕ, ਕੁੰਡ ਖੜੇ ਕਰ ਦਿਤੇ ਹਨ, ਜਿਨਾਂ ਨੂੰ ਧੱਕੇ ਅਰੇ ਸਰਕਾਰੀ ਸ਼ਹਿ ਨਾਲ ਕਾਇਮ ਰਖਿਆ ਜਾ ਰਿਹਾ ਹੈ।
ਪੰਥ ਦੀ ਅਧੋਗਤੀ ਅਤੇ ਅਪਮਾਨ ਜੋ ਅੱਜ ਹੋ ਰਿਹਾ ਹੈ, ਅੱਗੇ ਕਦੇ ਨਹੀਂ ਹੋਇਆ । ਧਰਮ ਦੀ ਦੁਰਦਸ਼ਾ ਜੋ ਅੱਜ ਕੀਤੀ ਜਾ ਰਹੀ ਹੈ, ਪਹਿਲਾਂ ਕਦੇ ਨਹੀਂ ਹੋਈ।
ਸਿੱਖ ਰਾਜਨੀਤੀ ਵਿਚੋਂ ਸਾਧਾਂ, ਮਹੰਤਾਂ ਅਤੇ ਕੌਮ ਦੇ ਗਦਾਰਾਂ ਨੇ ਸਿੱਖੀ ਨੂੰ ਖਾਰਜ ਕਰਨ ਅਤੇ ਸਿੱਖਾਂ ਨੂੰ ਦੂਜਿਆਂ ਦੇ ਗੋਲੇ ਬਣਾਉਣ ਦੀ ਸਾਜਸ਼ ਪੱਕੇ ਤੌਰ ਤੇ ਰਚ ਲਈ ਹੈ । ਇਹ ਕੂੜ ਦੀ ਮੱਸਿਆ, ਅਤੇ ਦੰਬ ਦਾ ਜਾਲ ਬਿਨਾਂ ਸਿਰ ਦਿੱਤੀਆਂ ਹੁਣ ਦੂਰ ਨਹੀਂ ਹੋਣਾ । ਇਹ ਅਰਦਾਸੇ ਭੰਗ ਕਰਨ ਦਾ ਪਾਪ ਪੰਥ ਦੇ ਉਠ ਖੜੇ ਹੋਣ ਦੇ ਰਾਹ ਵਿਚ ਵੱਡੀ ਰੁਕਾਵਟ ਹੈ ਅਤੇ ਇਹ ਪਾਪ ਬਿਨਾਂ ਸੀਸ ਦਿੱਤੀਆਂ ਧੋਤਾ ਨਹੀਂ ਜਾਣਾ।
ਸ਼੍ਰੀ ਅਕਾਲ ਤਖ਼ਤ ਦੇ ਸ਼ਰੀਕ, ਸੰਤ ਫ਼ਤਹਿ ਸਿੰਘ ਅਤੇ ਉਸਦੇ ਦੰਭੀ ਸਾਥੀਆਂ ਦੇ ਨਾਮ ਹੇਠਾਂ ਬਣਾਏ ਗਏ ਅਗਨੀ-ਕੁੰਡ ਪੁਕਾਰ ਪੁਕਾਰ ਕੇ ਸਿੰਘਾਂ ਕੋਲੋਂ ਆਹੂਤੀਆਂ ਮੰਗ ਰਹੇ ਹਨ। ਗੁਰੂ ਅਤੇ ਅਕਾਲ ਪੁਰਖ ਤੋਂ ਭਗੌੜਾ ਹੋਕੇ ਪੰਥ ਬਚ ਨਹੀਂ ਸਕਦਾ।
ਹੁਣ ਇਹ ਜ਼ਰੂਰੀ ਹੋ ਗਿਆ ਹੈ ਕੀ ਕੋਈ ਗੁਰੂ ਦਾ ਸਿੰਘ ਆਪਣਾ ਸੀਸ ਦੇ ਕੇ ਪੰਥ ਦੇ ਅਖੌਤੀ ਲੀਡਰਾਂ ਅਤੇ ਸਿੱਖੀ ਦੇ ਗਦਾਰਾਂ ਦੇ ਕੀਤੇ ਹੋਏ ਪਾਪਾਂ ਦਾ ਪਰਾਇਸ਼ਚਿਤ ਕਰੇ ਤਾਂ ਜੂ ਪੰਥ, ਆਜਾਦ ਹਿੰਦੁਸਤਾਨ ਵਿਚ ਆਜਾਦ ਪੰਥ, ਅਥਵਾ ਸਿੱਖ ਹੋਮਲੈੰਡ ਦੀ ਸਥਾਪਤੀ ਵੱਲ ਅਗਲਾ ਕਦਮ ਚੁੱਕ ਸਕੇ।
ਇਸ ਨਿਸ਼ਾਨੇ ਦੀ ਪੂਰਤੀ ਲਈ ਮੈਂ ਆਪਣਾ ਬਲੀਦਾਨ ਦੇਣ ਲੱਗਾਂ ਹਾਂ । ਸੰਗਤਾਂ ਨੂੰ ਬੇਨਤੀ ਹੈ ਕੀ ਮੇਰੇ ਪਿੱਛੋਂ ਉਹ ਆਪਣਾ ਫਰਜ਼ ਪਛਾਨਣ । ਮੇਰੇ ਮਰਨ ਤੋਂ ਪਿੱਛੋਂ ਮੇਰੇ ਸਰੀਰ ਨੂੰ ਸੰਤ ਫਤਹਿ ਸਿੰਘ ਦੇ ਨਾਮ ਹੇਠਾਂ ਬਣਾਏ ਹੋਏ ਅਗਨੀ ਕੁੰਡ ਵਿੱਚ ਰੱਖ ਕੇ ਫੂਕ ਦਿੱਤਾ ਜਾਵੇ ਅਤੇ ਮੇਰੀਆਂ ਅਸਥੀਆਂ ਕੀਰਤਪੁਰ ਸਾਹਿਬ ਪੁਚਾ ਦਿੱਤੀਆਂ ਜਾਣ । ਪੰਥ ਦੇ ਮਸੰਦਾਂ ਤੇ ਧਰਮ ਦੇ ਦੋਖੀਆਂ ਨਾਲ ਯਥਾ ਯੋਗ ਸਲੂਕ ਕੀਤਾ ਜਾਵੇ ਅਤੇ ਸ਼੍ਰੀ ਅਕਾਲ ਤਖ਼ਤ ਉਤੇ ਹੋਏ ਦੰਭ ਅਤੇ ਪਾਖੰਡ ਦੀਆਂ ਨਿਸ਼ਾਨੀਆਂ, ਅਗਨੀ ਕੁੰਡ ਢਾਹ ਦਿੱਤੇ ਜਾਣ, ਕਿਉਂਜੋ ਇਹ ਗੁਰਮਤ ਵਿਰੁੱਧ ਹਨ ਅਤੇ ਪੰਥ ਦੇ ਉੱਜਲੇ ਮੂੰਹ ਉੱਤੇ ਕਲੰਕ ਹਨ।
ਸੰਗਤਾਂ ਅਰਦਾਸ ਕਰਨ ਕਿ ਸਾਹਿਬ ਦਸਮ ਪਾਤਸ਼ਾਹ ਮੇਰੀ ਤੁੱਛ ਕੁਰਬਾਨੀ ਕਬੂਲ ਕਰਨ ਅਤੇ ਆਪਣੇ ਪੰਥ ਦੀ ਬਾਹੁੜੀ ਕਰਨ।
ਸੰਪੂਰਨ ਪੰਜਾਬ ਜਿੰਦਾਬਾਦ। ਸਿੱਖ ਹੋਮਲੈੰਡ ਅਮਰ ਰਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ।।
-
ਦਰਸ਼ਨ ਸਿੰਘ ਫੇਰੂਮਾਨ,
karnail1990@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.