ਇਹ ਅਸਲੀ ਕਹਾਣੀ ਫਿਰੋਜ਼ਪੁਰ ਲਾਗਲੇ ਇੱਕ ਪਿੰਡ ਵਿੱਚ ਵਾਪਰੀ ਸੀ। ਪਿੰਡ ਦਾ ਸਿਰਕੱਢ ਜ਼ਿੰਮੀਦਾਰ ਹਰਦਮ ਸਿੰਘ (ਨਾਮ ਬਦਲਿਆ ਹੋਇਆ) 60-65 ਸਾਲ ਦਾ ਹੱਟਾ ਕੱਟਾ ਵਿਆਹਿਆ ਵਰਿਆ ਵਿਅਕਤੀ ਸੀ। ਉਸ ਦਾ 30-32 ਸਾਲਾ ਲੜਕਾ ਟੋਨੀ ਵੀ ਦੋ ਬੱਚਿਆਂ ਦਾ ਬਾਪ ਬਣ ਚੁੱਕਾ ਸੀ। ਇੱਕ ਲੜਕੀ ਸੀ ਜੋ ਵਿਦੇਸ਼ ਵਿਆਹੀ ਹੋਈ ਸੀ। ਹਰਦਮ ਦੀ ਪਿੰਡ ਵਿੱਚ ਹੀ ਭਾਗੋ ਨਾਮ ਦੀ ਔਰਤ ਨਾਲ ਮਿੱਤਰਤਾ ਸੀ। ਜ਼ਮੀਨ ਦੀ ਬਹੁਤੀ ਕਮਾਈ ਉਸੇ ਦੇ ਲੇਖੇ ਲਾ ਦੇਂਦਾ ਸੀ। ਇਸ ਕਾਰਨ ਘਰ ਵਿੱਚ ਕਲੇਸ਼ ਰਹਿੰਦਾ ਸੀ। ਹਰਦਮ ਦੀ ਪਤਨੀ ਬਿਸ਼ਨੀ ਲੜ ਝਗੜ ਕੇ ਕਈ ਵਾਰ ਪੇਕੇ ਗਈ, ਪਰੇ• ਪੰਚਾਇਤਾਂ ਹੋਈਆਂ, ਪਰ ਹਰਦਮ ਨੇ ਆਪਣੇ ਚਾਲੇ ਨਾ ਬਦਲੇ। ਅਖੀਰ ਜਦੋਂ ਬੱਚੇ ਵੱਡੇ ਹੋ ਕੇ ਵਿਆਹੇ ਗਏ ਤਾਂ ਬਿਸ਼ਨੀ ਨੇ ਵੀ ਹੋਣੀ ਨੂੰ ਸਵੀਕਾਰ ਕਰ ਲਿਆ। ਹਰਦਮ ਦਾ ਭਾਗੋ ਦੇ ਘਰ ਖੁਲ•ਾ ਆਉਣ ਜਾਣ ਸੀ। ਭਾਗੋ ਦਾ ਪਤੀ ਚੰਦ ਨਖਿੱਧ ਆਦਮੀ ਸੀ। ਜਦੋਂ ਵੀ ਹਰਦਮ ਆਉਂਦਾ, ਉਹ ਸਮੋਸੇ-ਪਕੌੜੇ ਲਿਆਉਣ ਦੇ ਬਹਾਨੇ ਘਰੋਂ ਟਲ ਜਾਂਦਾ।
ਅਕਤੂਬਰ ਦਾ ਖੁਸ਼ਗਵਾਰ ਮਹੀਨਾ ਸੀ। ਪੱਤਝੜ• ਕਾਰਨ ਦਰਖਤਾਂ ਦੇ ਸੁਨਹਿਰੀ ਪੱਤੇ ਝੜ• ਰਹੇ ਸਨ। ਰਾਤਾਂ ਨੂੰ ਹਲਕੀ ਹਲਕੀ ਠੰਡ ਹੋ ਗਈ ਸੀ। ਹਰਦਮ ਮੰਡੀ 'ਚ ਬਾਸਮਤੀ ਵੇਚ ਕੇ ਪਿੰਡ ਨੂੰ ਆ ਰਿਹਾ ਸੀ। ਆੜ•ਤੀ ਕੋਲੋਂ ਮਿਲੇ ਪੈਸਿਆਂ ਨਾਲ ਜੇਬਾਂ ਗਰਮ ਸਨ। ਉਸ ਨੇ ਠੇਕੇ ਤੋਂ ਬੋਤਲ ਲੈ ਕੇ ਮਿੰਟੋ ਮਿੰਟੀ ਪਊਆ ਖਿੱਚ ਲਿਆ। ਘਰ ਜਾਣ ਦੀ ਬਜਾਏ ਉਸ ਨੇ ਟਰੈਕਟਰ ਟਰਾਲੀ ਭਾਗੋ ਦੇ ਘਰ ਜਾ ਲਗਾਈ। ਸ਼ਰਾਬ ਦਾ ਸਰੂਰ ਬੱਝਾ ਹੋਣ ਕਾਰਨ ਉਸ ਨੇ ਇੱਕ ਦੀ ਬਜਾਏ ਦੋ “ਸ਼ਕਤੀ ਵਰਧਕ” ਗੋਲੀਆਂ ਖਾ ਲਈਆਂ ਤੇ ਉੱਤੋਂ ਦੋ ਤਿੰਨ ਮੋਟੇ ਮੋਟੇ ਪੈੱਗ ਹੋਰ ਠੋਕ ਲਏ। ਗੋਲੀਆਂ ਅਤੇ ਸ਼ਰਾਬ ਨੇ ਮਿਲ ਕੇ ਬਲੱਡ ਪ੍ਰੈਸ਼ਰ ਐਨਾ ਵਧਾ ਦਿੱਤਾ ਕਿ ਉਸ ਨੂੰ ਦਿਲ ਦਾ ਸਖਤ ਦੌਰਾ ਪੈ ਗਿਆ। ਭਾਗੋ ਡਰ ਗਈ ਕਿ ਕਿਤੇ ਹਰਦਮ ਦੇ ਘਰ ਦੇ ਉਸ ਨੂੰ ਹੀ ਨਾ ਫਸਾ ਦੇਣ। ਪਰ ਹੋਰ ਕੋਈ ਚਾਰਾ ਨਾ ਚੱਲਦਾ ਵੇਖ ਆਖਰ ਡਰਦੀ ਡਰਦੀ ਨੇ ਟੋਨੀ ਨੂੰ ਫੋਨ ਕਰ ਹੀ ਦਿੱਤਾ ਕਿ ਹਰਦਮ ਨੂੰ ਦਿਲ ਦਾ ਦੌਰਾ ਪੈ ਗਿਆ ਹੈ, ਜੇ ਬਚਦਾ ਹੈ ਤਾਂ ਬਚਾ ਲਉ। ਅੱਗੋਂ ਟੋਨੀ ਵੀ ਸਬੱਬੀਂ ਬਾਹਰ ਸੀ। ਉਸ ਦੇ ਪਹੁੰਚਦੇ ਪਹੁੰਚਦੇ ਹਰਦਮ ਦਾ ਘੋਰੜੂ ਬੋਲ ਗਿਆ। ਉਹ ਚੁੱਪ ਕਰ ਕੇ ਹਰਦਮ ਦੀ ਲਾਸ਼ ਗੱਡੀ 'ਚ ਸੁੱਟ ਕੇ ਘਰ ਲੈ ਗਿਆ। ਵਿੱਚੋਂ ਤਾਂ ਸਾਰਾ ਟੱਬਰ ਖੁਸ਼ ਸੀ ਕਿ ਚਲੋ ਖਾਨਦਾਨ ਦਾ ਕਲੰਕ ਖਤਮ ਹੋਇਆ, ਪਰ ਉੱਪਰੋਂ ਉੱਪਰੀ ਜੱਗ ਵਿਖਾਵੇ ਲਈ ਝੂਠਾ ਮੂਠਾ ਰੋਣ ਪਿੱਟਣ ਲੱਗ ਪਏ। ਸਾਰੇ ਪਿੰਡ ਵਿੱਚ ਲਾ ਲਾ ਹੋ ਗਈ ਕਿ ਹਰਦਮ ਭਾਗੋ ਦੇ ਘਰ ਮਰਿਆ ਹੈ। ਲੋਕ ਸਵਾਦ ਲੈਣ ਲੱਗ ਪਏ। ਕੋਈ ਕਹੇ ਫਲਾਣੀ ਹਾਲਤ ਵਿੱਚ ਮਰਿਆ ਹੈ ਤੇ ਕੋਈ ਕਹੇ ਢਮਕਾਣੀ ਹਾਲਤ ਵਿੱਚ।
ਪੰਜਾਬ ਵਿੱਚ ਕੋਈ ਬਜ਼ੁਰਗ ਮਰ ਜਾਵੇ ਤਾਂ ਅਫਸੋਸ ਕਰਨ ਵਾਲੇ ਉਸ ਦੀ ਮੌਤ ਦੇ ਕਾਰਨਾਂ ਬਾਰੇ ਚੰਗਾ ਭਲਾ ਪਤਾ ਹੋਣ ਦੇ ਬਾਵਜੂਦ ਇੱਕ ਹੀ ਡਾਇਲਾਗ ਬੋਲਣਗੇ, “ਭਾਜੀ, ਫਿਰ ਕੀ ਗੱਲ ਹੋਗੀ ਜੀ ਬਾਪੂ ਜੀ ਨੂੰ? ਅਜੇ ਪਰਸੋਂ ਈ ਮਿਲੇ ਸਨ ਮੈਨੂੰ ਖੇਤਾਂ ਤੋਂ ਆਉਂਦੇ। ਚੰਗੇ ਭਲੇ ਸਨ ਘੋੜੇ ਵਰਗੇ।” ਅੱਗੋਂ ਘਰ ਵਾਲਿਆਂ ਨੇ ਵੀ ਪੱਕੀ 60 ਮਿੰਟ ਦੀ ਕੈਸੇਟ ਭਰੀ ਹੁੰਦੀ ਆ, “ਕੀ ਦੱਸੀਏ ਰਾਮ ਸਿਆਂ। ਬਾਪੂ ਜੀ ਤਰਕਾਲੀਂ ਹੱਸਦੇ ਖੇਡਦੇ ਬਾਹਰੋਂ ਆਏ, ਨਹਾਤੇ ਆ, ਪਾਠ ਕੀਤਾ। ਬਾਪੂ ਜੀ ਨੂੰ ਮਸਰਾਂ ਦੀ ਦਾਲ ਬਹੁਤ ਪਸੰਦ ਸੀ। ਕਲ• ਸਪੈਸ਼ਲ ਕਹਿ ਕੇ ਮਸਰਾਂ ਦੀ ਧੋਤਵੀਂ ਦਾਲ ਬਣਵਾਈ ਹਰੀਆਂ ਮਿਰਚਾਂ ਤੇ ਪੁਦੀਨਾ ਪਾ ਕੇ। ਚਾਰ ਫੁਲਕੇ ਖਾਧੇ ਆ। ਵੱਡਾ ਗਲਾਸ ਕੜੇ ਵਾਲਾ ਦੁੱਧ ਦਾ ਪੀ ਕੇ ਸੁੱਤੇ ਆ ਮਲਾਈ ਵਾਲਾ। ਸਵੇਰੇ ਮੈਂ ਚਾਹ ਲੈ ਕੇ ਗਿਆ ਤਾਂ ਬਾਪੂ ਜੀ ਹੈ ਈ ਨ•ੀਂ। ਬੱਸ ਸੁੱਤੇ ਈ ਸੌਂ ਗੇ।” ਫਿਰ ਅਗਲਾ ਆ ਜਾਂਦਾ, “ਭਾਜੀ ਕੀ ਹੋ ਗਿਆ ਬਾਪੂ ਜੀ ਨੂੰ? ਕੀ ਭਾਣਾ ਵਾਪਰ ਗਿਆ?” ਫਿਰ ਉਹੋ ਮਸਰਾਂ ਦੀ ਦਾਲ ਵਾਲੀ ਰੀਲ•। ਸਾਰਾ ਦਿਨ ਚੱਲ ਸੋ ਚੱਲ। ਇਸੇ ਤਰਾਂ ਹਰਦਮ ਦਾ ਅਫਸੋਸ ਕਰਨ ਵਾਲੇ ਵੀ ਆਉਣੇ ਸ਼ੁਰੂ ਹੋ ਗਏ। ਉਹ ਅਫਸੋਸ ਘੱਟ ਕਰਨ ਤੇ ਸਵਾਦ ਜਿਆਦਾ ਲੈਣ। ਅੱਗੋਂ ਵਿਚਾਰਾ ਟੋਨੀ ਕੀ ਕਹੇ ਕਿ ਕਿਵੇਂ ਮਰਿਆ ਬੁੱਢਾ। ਦਿਲ 'ਚ ਮਣ ਮਣ ਪੱਕੇ ਦੀਆਂ ਗਾਲ•ਾਂ ਕੱਢੇ ਕਿ ਚੌਰਿਆ ਜੇ ਮਰਨਾ ਈ ਸੀ ਤਾਂ ਕਿਸੇ ਬੱਸ ਟਰੱਕ ਥੱਲੇ ਆ ਜਾਂਦਾ, ਉਸੇ ਚਵਲ ਦੇ ਘਰ ਮਰਨਾ ਸੀ? ਸਾਰੀ ਉਮਰ ਸੁੱਖ ਨਹੀਂ ਲੈਣ ਦਿੱਤਾ, ਮਰਨ ਲੱਗਾ ਵੀ ਸਿਰ 'ਚ ਸਵਾਹ ਪਾ ਗਿਆ।
ਹਰਦਮ ਬੱਕਰਾ ਖਾਣ ਦਾ ਬਹੁਤ ਸ਼ੌਕੀਨ ਸੀ। ਬੱਕਰੇ ਦਾ ਮਾਸ ਵੈਸੇ ਵੀ ਗਰਮ ਤਾਸੀਰ ਦਾ ਮੰਨਿਆਂ ਜਾਂਦਾ ਹੈ। ਪਿੰਡ ਦੇ ਅੱਡੇ 'ਚ ਦੁਕਾਨ ਕਰਨ ਵਾਲਾ ਤੇਜਾ ਝਟਕਈ ਬੱਕਰੇ ਦੇ ਖਾਸ ਹਿੱਸੇ ਜਿਵੇਂ ਕਲੇਜੀ, ਗੁਰਦੇ, ਕਪੂਰੇ ਅਤੇ ਮਗਜ਼ ਆਦਿ ਹਰਦਮ ਲਈ ਖਾਸ ਤੌਰ 'ਤੇ ਰੱਖ ਲੈਂਦਾ ਸੀ। ਹਰਦਮ ਵਰਗੇ ਪੱਕੇ ਗਾਹਕ ਦੇ ਮਰਨ ਨਾਲ ਤੇਜੇ ਨੂੰ ਬਹੁਤ ਝਟਕਾ ਲੱਗਾ। ਉਹਨੇ ਵੀ ਰੋਜ਼ ਵਿਹਲਾ ਹੋ ਕੇ ਸੱਥਰ 'ਤੇ ਬੈਠ ਜਾਇਆ ਕਰਨਾ ਤੇ ਇੱਕੋ ਗੱਲ ਕਰੀ ਜਾਣੀ, “ਬੜਾ ਦਲੇਰ ਬੰਦਾ ਸੀ ਭਾਈ ਸ. ਹਰਦਮ ਸਿਉਂ। ਉਹਦੇ ਵਰਗਾ ਬੱਕਰੇ ਦਾ ਪਾਰਖੂ ਨਹੀਂ ਜੰਮਿਆਂ ਅੱਜ ਤੱਕ। ਅੱਧਾ ਕਿੱਲੋ ਮੀਟ ਰੋਜ਼ਾਨਾ ਮੇਰੇ ਖੋਖੇ ਤੋਂ ਉਹ ਬਿਨਾ ਨਾਗਾ ਲੈ ਕੇ ਜਾਂਦਾ ਸੀ।” ਟੋਨੀ ਨੂੰ ਸੁਣ ਸੁਣ ਕੇ ਗੁੱਸਾ ਚੜ•ੀ ਜਾਣਾ। ਜਦੋਂ ਤੇਜਾ ਇਹ ਗੱਲ ਕਹਿਣੋ ਨਾ ਈ ਹੱਟਿਆ ਤਾਂ ਤੀਸਰੇ ਦਿਨ ਟੋਨੀ ਉਸ ਨੂੰ ਬਾਹੋਂ ਪਕੜ ਕੇ ਬੰਦਿਆਂ ਤੋਂ ਦੂਰ ਲੈ ਗਿਆ ਤੇ 500 ਰੁ ਉਸ ਦੀ ਜੇਬ ਵਿੱਚ ਠੂਸ ਦਿੱਤਾ। 500 ਦਾ ਕਰਾਰਾ ਬੱਕਰੇ ਦੇ ਕੰਨ ਵਰਗਾ ਨੋਟ ਵੇਖ ਕੇ ਤੇਜੇ ਨੇ ਹੌਲੀ ਜਿਹੀ ਪੁੱੱਛਿਆ, “ਸਰਦਾਰ ਜੀ ਇਹ ਕਾਹਦੇ ਪੈਸੇ ਦੇਈ ਜਾਂਦੇ ਉ।” ਸੜਿਆ ਬਲਿਆ ਟੋਨੀ ਲੋਕਾਂ ਤੋਂ ਡਰਦਾ ਹੌਲੀ ਜਿਹੀ ਉਸ ਦੇ ਕੰਨ ਵਿੱਚ ਬੋਲਿਆ, “ਗੱਲ ਸੁਣ ਉਏ ਵੱਡਿਆ ਹਰਦਮ ਸਿਉਂ ਦਿਆ ਸਾਲਿਆ। ਪਹਿਲਾਂ ਤਾਂ ਉਹ ਮਰ ਕੇ ਸਾਡੇ ਸਿਰ 'ਚ ਖੇਹ ਪਾ ਗਿਆ ਤੇ ਰਹੀ ਸਹੀ ਕਸਰ ਹੁਣ ਤੂੰ ਕੱਢਣ ਆ ਗਿਆਂ।” ਤੇਜਾ ਝਟਕਈ ਡਰ ਗਿਆ, “ਮੈਂ ਤੇ ਸਰਦਾਰ ਜੀ ਕੋਈ ਗੱਲ ਨਹੀਂ ਕੀਤੀ ਐਹੋ ਜਿਹੀ।” ਟੋਨੀ ਉਹਦੇ ਕੰਨ ਵਿੱਚ ਫੁਸਫਸਾਇਆ, “ਭੂਤਨੀ ਦਿਆ, ਤੂੰ ਕਲ• ਦਾ ਕੀ ਅੱਧਾ ਕਿੱਲੋ-ਅੱਧਾ ਕਿੱਲੋ ਭੌਂਕ ਕੇ ਸਾਡਾ ਜਲੂਸ ਕੱਢੀ ਜਾਨਾ? ਮੀਟ ਤਾਂ ਵਧਾ ਦੇ, ਅੱਧਾ ਕਿੱਲੋ ਤਾਂ ਨੰਗ ਤੋਂ ਨੰਗ ਬੰਦਾ ਵੀ ਨਹੀਂ ਖਰੀਦਦਾ। ਖਬਰਦਾਰ ਜੇ ਹੁਣ ਦੋ ਕਿੱਲੋ ਤੋਂ ਘੱਟ ਕਿਹਾ ਤਾਂ। ਲੱਤਾਂ ਭੰਨ ਦੂੰ ਤੇਰੀਆਂ।” ਭੱਜਣ ਲੱਗੇ ਤੇਜੇ ਨੇ ਮੁੜ ਪਿੱਛੇ ਭੌਂ ਕੇ ਨਾ ਵੇਖਿਆ।
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.