ਖ਼ਬਰ ਹੈ ਕਿ ਪੰਜਾਬ ਦੇ ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਾਂਗਰਸ ਨੇ ਧਾਰਮਿਕ, ਆਰਥਿਕ, ਅਤੇ ਸਮਾਜਿਕ ਤੌਰ ਤੇ ਸੂਬੇ ਦਾ ਨੁਕਸਾਨ ਕੀਤਾ ਹੈ ਅਤੇ ਆਪਣੇ 60 ਸਾਲ ਦੇ ਰਾਜ ਦੌਰਾਨ ਲੋਕਾਂ ਨੂੰ ਧਰਮ, ਜਾਤੀ ਅਤੇ ਖੇਤਰ ਦੇ ਨਾਮ ਉਤੇ ਵੰਡਕੇ ਆਪਣਾ ਉਲੂ ਸਿਧਾ ਕੀਤਾ ਹੈ। ਉਨਾਂ ਆਮ ਆਦਮੀ ਪਾਰਟੀ ਨੂੰ ਸਿਧਾਂਤਹੀਣ ਲੋਕਾਂ ਦਾ ਧੜਾ ਦੱਸਿਆ। ਉਨਾਂ ਲੋਕਾਂ ਨੂੰ ਕਿਹਾ ਕਿ ਉਹ ਜੇਕਰ ਅਕਾਲੀ ਭਾਜਪਾ ਨੂੰ ਇੱਕ ਵੇਰ ਫਿਰ ਚੋਣਾਂ 'ਚ ਜਿੱਤ ਦੁਆ ਦੇਣਗੇ ਤਾਂ ਉਨਾਂ ਦੀ ਉਮਰ ਵਧ ਜਾਏਗੀ। ਉਧਰ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ 'ਚਿੱਟੇ' ਤੋਂ ਡਰਦੇ ਹਨ। ਉਨਾਂ ਕਿਹਾ ਕਿ ਉਹ ਪੰਜਾਬ 'ਚ ਮੋਦੀ ਦੀ ਆਮਦ ਸਮੇਂ ਚਿੱਟਾ ਰਾਵਣ ਫੂਕਣਗੇ।
ਮਾਰ-ਧੜ ਹੋਈ ਪਈ ਆ ਪੰਜਾਬ 'ਚ ਭਾਈ ਇਹਨਾਂ ਦਿਨਾਂ 'ਚ। ਹਰ ਨੇਤਾ ਹੱਥ ਪਲੀਤਾ ਫੜ, ਬੱਸ ਅੱਗ ਲਾਈ ਤੁਰਿਆ ਜਾਂਦਾ! ਨਾ ਇਨਾਂ ਨੂੰ ਦਿਨੇ-ਚੈਨ ਨਾ ਰਾਤਾਂ ਨੂੰ ਆਰਾਮ! ਬਾਬਾ ਬਾਦਲ ਕਹਿੰਦਾ ਮੈਂ ਬਣੂੰ ਫਿਰ ਅਗਲਾ ਮੁਖਮੰਤਰੀ ਸਭ ਨੂੰ ਦਾਣੇ ਚਬਾਕੇ। ਕੈਪਟਨ ਕਹਿੰਦਾ ਕੁਰਸੀ ਤਾਂ ਮੇਰੇ ਹੱਥ ਹੀ ਆਊ ਘੁੰਮਾ ਫਿਰਾਕੇ। ਉਧਰ ਘੁੱਗੀ ਗੁਟਰਗੂੰ-ਗੁਟਰਗੂੰ ਕਰਦਾ ਆਂਹਦਾ ਰਾਜ ਤਾਂ ਭਾਈ “ਆਪ” ਹੀ ਕਰੂ ਪੰਜਾਬ 'ਤੇ! ਇਧਰ ਢਾਈ ਪਾ ਖਿਚੜੀ ਪਕਾ ਸੁੱਚਾ ਸਿਹੁੰ, ਸਿੱਧੂ ਸਿਹੁੰ, ਆਪਣੀ ਡਫਲੀ ਵਜਾਉਂਦੇ ਆਂਹਦੇ ਆ, ਬਟੇਰਾ ਤਾਂ ਭਾਈ ਸਾਡੇ ਹੀ ਹੱਥ ਆਊ! ਰੌਲੇ-ਗੌਲੇ, ਹਲਾ-ਲਾ 'ਚ ਭਾਈ ਪੰਜਾਬ ਸਿਹੁੰ ਦੀ ਆਵਾਜ਼ ਤਾਂ ਕਿਧਰੇ ਸੁਣਦੀ ਹੀ ਨਹੀਂ! ਉਹ ਕਿਧਰੇ ਮਾਰਿਆ ਜਾ ਰਿਹੈ ਜੇ ਕੋਈ ਨਸ਼ਾ ਮਾਫੀਏ ਵਿਰੁੱਧ ਬੋਲਦਾ, ਉਹ ਕਿਧਰੇ ਕੁਟਿਆ ਜਾ ਰਿਹਾ ਜੇਕਰ ਕਿਧਰੇ ਕੋਈ ਭੈਣ-ਭਾਈ ਨੌਕਰੀ ਮੰਗਦਾ ਆ। ਉਹ ਭਾਈ ਦਰੜਿਆ ਜਾ ਰਿਹਾ ਹਾਕਮਾਂ ਵਲੋਂ ਜੇ ਕਿਧਰੇ ਕੱਚਾ-ਪੱਕਾ ਹੋਣਾ ਲੋੜਦਾ! ਉਹ ਭਾਈ ਗੱਲ 'ਚ ਰੱਸਾ ਪਾਕੇ, ਕੋਈ ਕੀੜੇ ਮਾਰ ਦਵਾਈਆਂ ਖਾਕੇ, ਕਿਧਰੇ ਮੌਤ ਨੂੰ ਗਲਵਕੜੀਆਂ ਪਾ ਰਿਹਾ ਸਮੇਂ ਤੋਂ ਸਤਿਆ, ਜ਼ਿੰਦਗੀ ਤੋਂ ਅੱਕਿਆ, ਕਰਜ਼ਦਾਰਾਂ ਤੋਂ ਥੱਕਿਆ। ਢਾਈਆਂ ਦਰਿਆਵਾਂ ਵਾਲੇ ਪੰਜਾਬ ਦੇ ਪਾਣੀਆਂ ਨੂੰ ਤਾਂ ਭਾਈ ਅੱਗ ਲੱਗੀ ਹੋਈ ਆ।ਕੋਈ ਨਹੀਂ ਮੰਗਦਾ ਖੈਰ ਪਾਣੀਆਂ ਦੀ, ਜਾਂ ਪੰਜਾਂ ਪਾਣੀਆਂ ਦੀ, ਨਾਂ ਢਾਈਆਂ ਢਾਣੀਆਂ ਦੀ! ਖੈਰ ਤਾਂ ਭਾਈ ਕੁਰਸੀ ਦੀ ਮੰਗੀ ਜਾ ਰਹੀ ਆ। ਪਾਣੀ ਪੈਣ ਢੱਠੇ ਖੂਹ 'ਚ, ਜ਼ਹਿਰਾਂ ਉਗਲਣ ਜਾਂ ਧੂੰਆਂ, ਨਫਰਤਾਂ ਉਗਲਣ ਜਾਂ ਵੱਢ-ਟੁੱਕ। ਖੈਰ ਤਾਂ ਭਾਈ ਨੇਤਾ ਦੀ ਮੰਗੀ ਜਾ ਰਹੀ ਜੁਗੋ-ਜੁੱਗ ਜੀਊਣ ਦੀ, ਲੋਕਾਂ ਦਾ ਲਹੂ ਪੀਣ ਦੀ!
ਕਦ ਆਵੇਗਾ ਵਕਤ ਬਦੀ ਨੂੰ ਜਾਲਣ ਦਾ ?
ਖ਼ਬਰ ਹੈ ਕਿ ਜੈ ਗੁਰਦੇਵ ਅਧਿਆਤਮਕ ਸਤਿਸੰਗ ਲਈ ਜੁੜੀ ਲੱਖਾਂ ਦੀ ਭੀੜ ਨੂੰ ਸੰਭਾਲਣ ਲਈ ਪ੍ਰਸ਼ਾਸ਼ਨਿਕ ਉਕਾਈ ਕਾਰਨ ਵਾਰਾਨਸੀ ਵਿਖੇ ਇੱਕ ਵੱਡਾ ਹਾਦਸਾ ਹੋ ਗਿਆ। ਸ਼ਰਧਾਲੂਆਂ 'ਚ ਮਚੀ ਭਗਦੜ 'ਚ 25 ਲੋਕਾਂ ਦੀ ਜਾਨ ਚਲੀ ਗਈ। ਸਮਾਗਮ ਵਿਚ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਸ਼ਰਧਾਲੂ ਪੁੱਜੇ ਸਨ। ਪ੍ਰਸ਼ਾਸ਼ਨ ਵਲੋਂ ਸਿਰਫ 4000 ਲੋਕਾਂ ਨੂੰ ਇਕੱਠੇ ਹੋਣ ਦੀ ਆਗਿਆ ਦਿਤੀ ਗਈ ਸੀ, ਪਰ ਇਹ ਗਿਣਤੀ ਰਾਤੋ-ਰਾਤ ਲੱਖਾਂ ਨੂੰ ਟੱਪ ਗਈ !
ਧਰਮੀ-ਕਰਮੀ ਦੇਸ਼ ਆ ਭਾਰਤ ਮਹਾਨ। ਦੇਸ਼ ਆਜ਼ਾਦ ਹੋਣ ਵੇਲੇ ਦੇਸ਼ 'ਚ ਤੇਤੀ ਕਰੋੜ ਦੇਵੀ ਦੇਵਤੇ [ਲੋਕ] ਸਨ, ਹੁਣ ਵਧਕੇ ਉਹ ਇੱਕ ਸੌ ਤੇਤੀ ਕਰੋੜ ਪੁੱਜਦੇ ਹੋਣ ਵਾਲੇ ਹਨ। ਇਨਾਂ ਵਿਚੋਂ 20 ਕਰੋੜ ਤਾਂ ਭਾਈ ਇਹੋ ਜਿਹੇ ਆ ਜਿਨਾਂ ਨੂੰ ਦੋ ਡੰਗ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ। ਰੋਟੀ ਦਾ ਜੁਗਾੜ, 'ਮਰਦਾ ਕੀ ਨਹੀਂ ਕਰਦਾ ਵਾਂਗਰ, ਕਿਧਰਿਓ ਹੋਰ ਨਾ ਹੋਵੇ ਤਾਂ ਭਾਈ ਸਾਧ, ਸੰਤਾਂ ਦੇ ਡੇਰਿਆਂ ਤੋਂ ਹੋ ਜਾਂਦਾ, ਜਾਂ ਹੋ ਜਾਂਦਾ ਮੇਰਾ ਮੋਟਾ ਅਪਰਾਧ ਕਰਕੇ ਜੇਲ ਤੋਂ! ਸੰਤਾਂ, ਸਾਧਾਂ, ਮਹੰਤਾਂ, ਡੇਰਿਆਂ ਵਾਲਿਆਂ ਨੂੰ ਜੈ-ਹੋ, ਜੈ-ਹੋ, ਕਰਨ ਵਾਲੇ ਚੇਲਿਆਂ ਦੀ “ਅਤਿਅੰਤ” ਲੋੜ ਰਹਿੰਦੀ ਆ, ਤਦੇ ਭਾਈ ਡੇਰਿਆਂ ਦੀ ਫੌਜ 'ਚ ਹਰ ਤਰਾਂ ਦਾ ਰੰਗ ਮਿਲ ਜਾਂਦਾ, ਗੁੰਡਾ, ਨਸ਼ਈ, ਅਪਰਾਧੀ।ਇਹੋ ਜਿਹਾ ਲਾਣਾ ਇਨਾਂ ਦੀ ਸ਼ਰਨ 'ਚ ਆ ਬਹਿੰਦਾ। ਤੇ ਇਨਾਂ ਨੂੰ ਸ਼ਰਨ ਦੇਕੇ ਇਹ ਬਾਬੇ, ਮਸਤ ਮਲੰਗ, ਸਾਧੂ ਲੋੜ ਵੇਲੇ ਇਨਾਂ ਬੁਰਛਿਆ ਦੀ ਵਰਤੋਂ ਵਿਗੜੀ ਤਿਗੜੀ ਸੰਗਤ ਨੂੰ ਰੁਕਸਿਰ ਕਰਨ ਲਈ ਕਰ ਲੈਂਦੇ ਆ, ਕਾਹਦਾ ਭੈੜ ਆ ਇਹ? ਵੇਖੋ ਨਾ ਸਰਕਾਰ ਦਾ ਕੰਮ ਕਰਦੇ ਆ ਇਹ ਬਾਬੇ! ਸਰਕਾਰ ਨੂੰ ਚਾਹੀਦੀ ਆ ਅਨਪੜ ਜਨਤਾ, ਸਿੱਧੀ-ਸਾਦੀ ਵੋਟ, ਇਹ ਬਾਬੇ ਸਰਕਾਰਾਂ ਦੀ ਇੱਛਾ ਪੂਰੀ ਕਰਦੇ ਆ ਤੇ ਸਰਕਾਰਾਂ ਬਾਬਿਆਂ ਦੀ ਇੱਛਾ ਪੂਰੀ ਕਰਦੀਆਂ! ਬਾਕੀ ਭਾਈ ਚੰਗੀ ਮਾੜੀ ਘਟਨਾ ਤਾਂ ਹੁੰਦੀ ਹੀ ਰਹਿੰਦੀ ਆ। ਇਹ ਤਾਂ ਉਪਰਲੇ ਦੇ ਬੱਸ ਆ, ਬਾਬੇ ਵਿਚਾਰੇ ਕੀ ਕਰਨ? ਉਂਜ ਭਾਈ ਬਾਬਿਆਂ ਦੀ ਬਦੀ ਬਾਹਲੀ ਹੀ ਵੱਧ ਗਈ ਆ, ਕਈ ਬਾਬੇ ਬਦਫੈਲੀ 'ਚ ਜੇਲ ਕੱਟ ਰਹੇ ਆ, ਕਈ ਬਾਬੇ ਧੰਨ ਕੁਬੇਰ ਬਣੇ ਬੈਠੇ ਆ, ਆਪਣੀਆਂ ਚੰਮ ਦੀਆਂ ਚਲਾ ਰਹੇ ਆ। ਅਣਜਾਣੇ ਲੋਕੀਂ ਰੁਲਦੇ ਜਾ ਰਹੇ ਆ, ਜਾਨਾ ਗੁਆ ਰਹੇ ਆ। ਤਦੇ ਇਕ ਕਵੀ ਕਹਿਣ ਤੇ ਮਜ਼ਬੂਰ ਆ, “ਕਦ ਆਵੇਗਾ ਵਕਤ ਬਦੀ ਨੂੰ ਜਾਲਣ ਦਾ”।
ਇਧਰਲੇ ਚਾਹੇ ਉਧਰਲੇ
ਖ਼ਬਰ ਹੈ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਦੀ ਮਾਲਕੀ ਵਾਲੇ ਨਿੱਜੀ ਸਕੂਲਾਂ ਦੇ ਇੱਕ ਸਮੂਹ ਨੇ ਪੰਜਾਬੀ ਜ਼ੁਬਾਨ ਦੇ ਲੱਖਾਂ ਲੋਕਾਂ ਦਾ ਦਿਲ ਤੋੜਦੇ ਹੋਏ ਪੰਜਾਬੀ ਭਾਸ਼ਾ ਨੂੰ “ਫਜ਼ੂਲ ਭਾਸ਼ਾ” ਕਹਿੰਦਿਆਂ ਕੈਂਪਸ ਦੇ ਅੰਦਰ ਤੇ ਬਾਹਰ ਇਸਦੇ ਬੋਲਣ ਤੇ ਪਾਬੰਦੀ ਲਗਾ ਦਿਤੀ ਹੈ । ਸਕੂਲ ਸਮੂਹ ਵਲੋਂ ਜਾਰੀ ਨੋਟੀਫੀਕੇਸ਼ਨ ਅਨੁਸਾਰ ਪੰਜਾਬੀ ਨੂੰ ਫਜ਼ੂਲ ਭਾਸ਼ਾ ਕਹਿਣ ਪਿਛਲੇ ਕਾਰਨ ਵੀ ਦੱਸੇ ਗਏ ਹਨ ਜਿਵੇਂ ਕਿ ਇਹ ਟਿੱਚਰਾਂ, ਗਾਲਾਂ ਅਤੇ ਨਫਰਤ ਵਾਲੀਆਂ ਗੱਲਾਂ ਨਾਲ ਭਰਪੂਰ ਹੈ। ਉਧਰ ਮਾਪਿਆਂ ਤੇ ਸਾਹਿਤਕ ਸੰਗਠਨਾਂ ਨੇ ਸਕੂਲ ਪ੍ਰਸ਼ਾਸ਼ਨ ਤੋਂ ਇਹ ਨੋਟੀਫੀਕੇਸ਼ਨ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਕੁੜਤਾ, ਪਜਾਮਾ ਛੱਡ ਪੰਜਾਬੀਆਂ ਜੀਨਾਂ, ਸ਼ਰਟਾਂ, ਟਾਈਆਂ, ਕੋਟ ਚੜਾ ਲਏ। ਸੂਟ ਸਲਵਾਰ, ਘੱਗੜੇ , ਔਰਤਾਂ ਨੇ ਆਪਣੇ ਸਰੀਰੋਂ ਗੁਆ ਲਏ । ਤਾਈਆਂ , ਚਾਚੀਆਂ, ਮਾਸੀਆਂ, ਮਾਮੀਆਂ, ਆਂਟੀਆਂ ਬਣਾ ਲਈਆਂ ਅਤੇ ਮਾਮੇ , ਚਾਚੇ ਅਸਾਂ ਅੰਕਲ ਸਦਾ ਲਏ । ਰਹਿੰਦੀ ਖੂੰਹਦੀ ਮਾਂ, ਅੰਮਾਂ ਅਸੀਂ ਮੰਮੀ ਬਣਾ ਲਈ ਅਤੇ ਆਪਣੀ ਮਾਂ ਬੋਲੀ ਮਿੱਠੀ ਪੰਜਾਬੀ ਅਸਾਂ ਜ਼ੁਬਾਨੋ ਦੂਰ ਕਰਕੇ ਮਨਾਂ 'ਚ ਮਤਰੇਈ ਵਸਾ ਲਈ।
ਵੇਖੋ ਨਾ ਭਾਈ , ਨਾ ਇਧਰਲੇ ਪੰਜਾਬੀ ਰਹੇ, ਨਾ ਉਧਰਲੇ ਪੰਜਾਬੀ। ਇਧਰਲੇ ਬਣ ਗਏ ਹਿੰਦੋਸਤਾਨੀ , ਉਧਰਲੇ ਬਣ ਗਏ ਪਾਕਿਸਤਾਨੀ ਤਾਂਹੀ ਤਾਂ ਫਿਰ ਸਰਹੱਦਾਂ ਤੇ ਨਿੱਤ ਇੱਟ ਖੜਿੱਕਾ ਹੁੰਦਾ ਆ। ਪਰ ਲੜਾਈ ਤਾਂ ਫਿਰ ਵੀ ਪੰਜਾਬੀ , ਪੰਜਾਬੀ 'ਚ ਗਾਲ ਕੱਢਕੇ ਕਰਦਾ ਤੇ ਡਾਂਗ ਸੋਟੇ ਚਲਾਵੇ ਜਾਂ ਤਲਵਾਰ ਬੰਦੂਕ, ਤੋਪ, ਪਹਿਲਾਂ ਗਾਲਾਂ ਦੀਆਂ ਤੋਪਾਂ ਚਲਾਉਂਦਾ, ਉਦੋਂ ਤਾਂ ਭਾਈ ਮਾਂ ਹੀ ਯਾਦ ਆਉਂਦੀ ਆ ਚਾਹੇ ਉਹ ਇਧਰਲੇ ਆ ਤੇ ਚਾਹੇ ਉਧਰਲੇ। ਲੱਖ ਮਤਰੇਏੇ ਬਨਣ, ਮਾਂ ਹੁੰਦੀ ਏ ਮਾਂ ਦੁਨੀਆਂ ਵਾਲਿਓ , ਪੰਜਾਬੀ ਨੂੰ ਲੱਖ ਘਰੋਂ ਕੋਈ ਕੱਢਣ ਦਾ ਯਤਨ ਕਰੇ , ਇਹ ਤਾਂ ਦਿਲ'ਚ ਵਸੀ ਹੋਈ ਆ, ਧੁਰ ਦਿਲ'ਚ ਇਧਰਲਿਆਂ ਦੇ ਵੀ ਤੇ ਉਧਰਲਿਆਂ ਦੇ ਵੀ।
ਕੀ ਲੋੜ ਪੜਾਈਆਂ ਦੀ ?
ਖ਼ਬਰ ਹੈ ਕਿ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਮੰਨੇ ਜਾਂਦੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਦਾ ਸਮਾਗਮ ਹੀ ਵਿਦਿਆਰਥੀਆਂ ਦੀ ਪੜਾਈ'ਚ ਰੁਕਾਵਟ ਬਣ ਗਿਆ। ਮਿਤੀ 18 ਅਕਤੂਬਰ ਨੂੰ ਪ੍ਰਧਾਨ ਮੰਤਰੀ ਦੇ ਦੌਰੇ ਵਾਲੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਮਾਗਮ ਨੂੰ ਧਿਆਨ'ਚ ਰੱਖਦਿਆਂ ਯੂਨੀਵਰਸਿਟੀ ਦੋ ਦਿਨ ਲਈ ਬੰਦ ਕਰ ਦਿਤੀ ਗਈ ਹੈ। ਇਸ ਸਮਾਗਮ'ਚ ਛੋਟੇ ਸਨੱਅਤਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਛੁੱਟੀਆਂ ਹੋ ਗਈਆਂ ਚੰਗਾ ਹੋਇਆ, ਪੜਾਈ ਨਾਲੋਂ ਵੱਧ ਵੈਸੇ ਵੀ ਪੰਜਾਬ'ਚ ਪੰਜਾਬੀਆਂ ਲਈ ਕਰਨ ਵਾਲੇ ਹੋਰ ਬਥੇਰੇ ਕੰਮ ਨੇ, ਜਿਵੇਂ ਸੈਲਫੀ ਲੈਣਾ, ਇੰਟਰਨੈਟ ਚਲਾਉਣਾ, ਦੋ-ਦੋ ਚਾਰ ਮੋਬਾਇਲ ਹੱਥ'ਚ ਫੜ ਮੋਟਰ ਸਾਈਕਲਾਂ ਕਾਰਾਂ ਉਤੇ ਘੁੰਮਣਾ ਅਤੇ ਮਟਰ-ਗਸ਼ਤੀ ਕਰਨਾ। ਕਦੇ “ਬਾਦਲ ਦਰਸ਼ਨ” ਹੁੰਦੇ ਆ, ਸਕੂਲ ਬੰਦ। ਮੋਦੀ ਦਰਸ਼ਨ ਹੋਣਗੇ ਤਾਂ ਯੂਨੀਵਰਸਿਟੀ ਬੰਦ। ਉਂਜ ਵੀ ਭਾਈ ਸਕੂਲਾਂ ਕਾਲਜਾਂ, ਵਾਲਿਆਂ ਨੂੰ ਸਰਕਾਰ ਨੇ ਬਥੇਰੇ ਕੰਮ ਦਿਤੇ ਹੋਏ ਆ, ਮਰਦਮਸ਼ੁਮਾਰੀ ਕਰਨਾ, ਫਰਿੱਜਾਂ ਮੋਟਰਸਾਈਕਲ, ਬਰਤਨ ਗਿਨਣਾ, ਚੂਹੇ ਟਿੱਡੇ ਮਾਰਨਾ, ਡਾਕ ਲੈ ਕੇ ਇਕ ਦਫਤਰਂੋ ਦੂਜੇ ਦਫਤਰ ਲੈ ਜਾਣਾ, ਬੱਚਿਆਂ ਨੂੰ ਦੁਪਿਹਰਾਂ ਦਾ ਮਹਿਕਾਂ-ਭਰਪੂਰ ਖਾਣਾ ਖੁਆਉਣਾ। ਇੰਨੇ ਕੰਮ ਕਰਕੇ ਬੰਦਾ ਉਂਜ ਹੀ ਥੱਕ ਜਾਂਦਾ ਆ। ਯੂਨੀਵਰਸਿਟੀ ਵਾਲੇ ਵੀ ਖੋਜਾਂ ਕਰਕੇ ਥੱਕੇ ਹੋਏ ਆ। ਪਹਿਲਾਂ ਝੋਨੇ ਅਤੇ ਕਣਕ ਦੀਆਂ ਨਵੀਆਂ ਕਿਸਮਾਂ ਖੋਜੀਆਂ, ਪੰਜਾਬ ਦਾ ਪਾਣੀ ਮੁਕਾ ਤਾ। ਫਿਰ ਨਵੀਆਂ ਕੀੜੇ ਮਾਰ ਦਵਾਈਆਂ ਖੋਜੀਆਂ ਤੇ ਕਿਸਾਨਾਂ ਦੇ ਸਿਰਾਂ ਉਤੇ ਧਰਾਈਆਂ, ਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪਾਏ। ਮੋਦੀ ਨੇ ਸੋਚਿਆ ਹੋਊ, ਵਿਚਾਰੇ ਪੀ.ਏ.ਯੂ ਵਾਲੇ ਪਾੜੇ ਬਹੁਤੀਆਂ ਹੀ ਪੜਾਈਆਂ ਕਰੀ ਕਰਾਈ ਜਾਂਦੇ ਆ, ਦੋ ਦਿਨ ਆਰਾਮ ਕਰਨ, ਮੇਲਾ ਗੇਲਾ ਕਰਨ ਤੇ ਫਿਰਨ ਤੁਰਨ। ਕੀ ਲੋੜ ਆ ਉਂਜ ਵੀ ਪੜਾਈਆਂ ਦੀ ਪੜਕੇ ਕਿਹੜਾ ਨੌਕਰੀ ਮਿਲਣੀ ਆ। ਨੌਕਰੀ ਲੈਣ ਲਈ ਤਾਂ ਪਾਣੀ ਦੀ ਟੈਂਕੀ ਤੇ ਚੜਨਾ ਪੈਣਾ ਜਾਂ ਪੁਲਿਸ ਦੀਆ ਡਾਗਾਂ ਖਾਣੀਆ ਪੈਣੀਆਂ ਆਂ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਮਹਾਨ ਭਾਰਤ ਦੇ 2011 ਦੀ ਮਰਦਮਸ਼ੁਮਾਰੀ ਮੁਤਾਬਕ 10 ਕਰੋੜ ਤੋਂ ਜਿਆਦਾ ਲੋਕਾਂ ਦਾ ਵਿਆਹ 18 ਸਾਲ ਤੋਂ ਪਹਿਲਾਂ ਹੋ ਜਾਂਦਾ ਹੈ।
ਇੱਕ ਵਿਚਾਰ
ਸਿਆਸਤਦਾਨਾਂ ਦਾ ਉਦੇਸ਼ ਸੱਚ ਨਹੀਂ ਹੁੰਦਾ ਬਲਕਿ ਚੋਣਾਂ ਅਤੇ ਸੱਤਾ ਹਥਿਆਉਣਾ ਹੁੰਦਾ ਹੈ …….ਕਾਲ ਥਾਮਸ
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.