ਕਬੱਡੀ ਨੈਸ਼ਨਲ ਸਟਾਈਲ ਦਾ ਇਸ ਵੇਲੇ ਦੁਨੀਆ ਵਿੱਚ ਕੋਈ ਸਾਨੀ ਨਹੀਂ। ਇਸ ਕਬੱਡੀ ਨੇ ਫਰਸ਼ ਤੋਂ ਉੱਠ ਅਰਸ਼ ਤੇ ਆਪਣਾ ਮੁਕਾਮ ਦਰਸਾਇਆ ਹੈ। ਕਬੱਡੀ ਨੈਸ਼ਨਲ ਸਟਾਈਲ ਦਾ ਵਿਸ਼ਵ ਕੱਪ ਪੂਰੀ ਦੁਨੀਆ ਦੇ ਮੁਲਕਾਂ ਵਿੱਚ ਉਥੋਂ ਦੀਆਂ ਵੱਸਦੀਆਂ ਕੌਮਾਂ ਵਿੱਚ ਆਪਣੀ ਨੁਮਾਇੰਦਗੀ ਅਤੇ ਆਪਣੀ ਪਹਿਚਾਣ ਨੂੰ ਦਰਸਾ ਰਿਹਾ ਹੈ। ਦੁਨੀਆ ਭਰ ਦਾ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਆਪੋ ਆਪਣੇ ਮੁਲਕਾਂ ਵਿੱਚ ਕਵਰੇਜ ਦੇ ਰਿਹਾ ਹੈ। ਵਿਸ਼ਵ ਕੱਪ ਕਬੱਡੀ ਦੇ ਵੱਡੇ ਉਲਟਫੇਰ ਹੋ ਰਹੇ ਹਨ। ਕਿਤੇ ਕੋਰੀਆ ਵਰਗਾ ਮੁਲਕ ਭਾਰਤ ਨੂੰ ਧੋਬੀ ਪਟਕਾ ਮਾਰ ਰਿਹਾ ਹੈ ਕਿਤੇ ਪੋਲੈਂਡ ਮੁਲਕ ਇਰਾਨੀਆਂ ਨੂੰ ਆਪਣੇ ਹੁਨਰ ਨਾਲ ਮੂਧੇ ਮੂੰਹ ਸੁੱਟ ਰਿਹਾ ਹੈ। ਕਬੱਡੀ ਨੈਸ਼ਨਲ ਸਟਾਈਲ ਦੇ ਪ੍ਰਬੰਧਕੀ ਢਾਚੇ ਵਿੱਚ ਵਿਸ਼ਵ ਭਰ ਦੇ ਬੰਦੇ ਆਪਣੀ ਸ਼ਮੂਲੀਅਤ ਦਰਸਾ ਰਹੇ ਹਨ ਇਹ ਕਬੱਡੀ ਏਸ਼ੀਅਨ ਖੇਡਾਂ ਅਤੇ ਹੋਰ ਮਹਾਂਦੀਪਾਂ ਦੀਆਂ ਖੇਡਾਂ ਦਾ ਮੁੱਖ ਹਿੱਸਾ ਪਹਿਲਾਂ ਹੀ ਬਣ ਚੁੱਕੀ ਹੈ ਉਹ ਦਿਨ ਦੂਰ ਨਹੀਂ ਜਦੋਂ ਕੁੱਝ ਕੁ ਵਰ੍ਹਿਆਂ ਤੱਕ ਕਬੱਡੀ ਨੈਸ਼ਨਲ ਸਟਾਈਲ ਉਲੰਪਿਕ ਖੇਡਾਂ ਦੀ ਅਹਿਮ ਖੇਡ ਹੋਵੇਗੀ ਕਿਉਂਕਿ ਉਲੰਪਿਕ ਖੇਡਾਂ ਵਿੱਚ ਸ਼ਾਮਿਲ ਹੋਣ ਵਾਲੀਆ ਨਵੀਆਂ ਖੇਡਾਂ ਦੀ ਵੇਟਿੰਗ ਲਿਸਟ ਵਿੱਚ ਕਬੱਡੀ ਨੈਸ਼ਨਲ ਸਟਾਈਲ ਦਾ ਨਾਮ ਕਾਫੀ ਉੱਚਾ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਵਿਸ਼ਵ ਕੱਪ ਖੇਡ ਰਹੀ ਭਾਰਤੀ ਕਬੱਡੀ ਟੀਮ ਵਿੱਚ ਇੱਕ ਵੀ ਪੰਜਾਬ ਦਾ ਖਿਡਾਰੀ ਨਹੀਂ ਹੈ।
ਦੂਜੇ ਪਾਸੇ ਪੰਜਾਬੀਆਂ ਦੀ ਬਹੁਤ ਹੀ ਚਹੇਤੀ ਅਤੇ ਹਰਮਨ ਪਿਆਰੀ ਸਰਕਲ ਸਟਾਈਲ ਕਬੱਡੀ ਦੀ ਵਿਸ਼ਵ ਪੱਧਰੀ ਕਬੱਡੀ ਲੀਗ ਅਤੇ ਵਿਸ਼ਵ ਕਬੱਡੀ ਕੱਪ ਦਾ ਰਾਮ ਰੌਲਾ ਤਾਂ ਹਰ ਸਾਲ ਪਈ ਜਾਂਦਾ ਹੈ ਪਰ ਇਹ ਕਬੱਡੀ ਅੰਤਰਰਾਸ਼ਟਰੀ ਪਹਿਚਾਣ ਬਣਾਉਣ ਦੀ ਬਜਾਏ ਪੰਜਾਬੀਆਂ ਦੇ ਝਮੇਲੇ ਵਿੱਚ ਹੀ ਉਲਝੀ ਪਈ ਹੈ। ਪੰਜਾਬੀਆਂ ਦੀ ਸਭ ਤੋਂ ਦਰਸ਼ਨੀ ਖੇਡ ਹੋਣ ਦੇ ਬਾਵਜੂਦ ਇਹ ਖੇਡ ਏਸ਼ੀਅਨ ਖੇਡਾਂ ਵਿੱਚ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਮੁਕਾਮ ਤੇ ਦੋ ਕਦਮ ਅਗੇ ਨਹੀਂ ਵੱਧ ਸਕੀ। ਸੱਚੀ ਗੱਲ ਤਾਂ ਇਹ ਹੈ ਕਿ ਸਾਡੀ ਕਬੱਡੀ ਬਾਦਲ ਪਰਿਵਾਰ ਦੀ ਬੁੱਕਲ ਵਿੱਚ ਦਮ ਤੋੜਣ ਲੱਗ ਪਈ ਹੈ ਕਿਉਂਕਿ ਕਬੱਡੀ ਤੇ ਹੁੰਦੇ ਵੱਡੇ ਇਕੱਠਾਂ ਨੂੰ ਦੇਖਦਿਆਂ ਬਾਦਲਾਂ ਨੇ ਸਰਕਲ ਸਟਾਈਲ ਕਬੱਡੀ ਨੂੰ ਆਪਣੇ ਕੁਲਾਵੇ ਵਿੱਚ ਲੈ ਲਿਆ। ਬਾਦਲਾਂ ਨੂੰ ਕਬੱਡੀ ਦਾ ਹੇਜ ਇਸ ਕਰਕੇ ਜਾਗਿਆ ਕਿਉਂਕਿ ਕਬੱਡੀ ਜਰੀਏ ਉਹਨਾਂ ਦੀਆ ਜਿਥੇ ਵੱਡੀਆ ਰੈਲੀਆਂ ਹੋ ਜਾਦੀਆਂ ਹਨ ਉਥੇ ਕੁੱਝ ਵੋਟਾਂ ਵੀ ਪੱਕੀਆਂ ਹੋ ਜਾਂਦੀਆਂ ਹਨ ਕਿਉਂਕਿ ਬਾਦਲ ਪੰਜਾਬ ਦੇ ਲੋਕਾਂ ਨੂੰ ਤਾਂ ਪਹਿਲਾਂ ਹੀ ਅਨਪੜ੍ਹਾਂ ਅਤੇ ਮੂਰਖਾਂ ਦੀ ਕਤਾਰ ਵਿੱਚ ਗਿਣਦੇ ਹਨ। ਪਿਛਲੇ ਕੁਝ ਸਾਲਾਂ ਤੋਂ ਕੱਬਡੀ ਦੇ ਨਾਮ ਤੇ ਅਤੇ ਕਬੱਡੀ ਦੀ ਤਰੱਕੀ ਦੇ ਨਾਮ ਤੇ ਬੁੱਧੂ ਬਣਾਉਦੇ ਆ ਰਹੇ ਹਨ। ਪਿਛਲੇ ਸਾਲਾਂ ਵਿੱਚ ਜਦੋਂ ਤੋਂ ਬਾਦਲਾਂ ਦਾ ਪਰਛਾਵਾਂ ਕੱਬਡੀ ਤੇ ਪਿਆ ਹੈ ਕਬੱਡੀ ਨੇ ਰੱਤੀ ਭਰ ਵੀ ਤਰੱਕੀ ਨਹੀਂ ਕੀਤੀ ਉਲਟਾ ਕਬੱਡੀ ਦੇ ਵਿੱਚ ਨਸ਼ਿਆਂ ਦਾ ਦੌਰ, ਡਰੱਗ ਮਾਫੀਆ, ਕਬੂਤਰਬਾਜ਼ੀ, ਜੁਗਾੜਬਾਜ਼ੀ ਆਦਿ ਹੋਰ ਮਾੜੀਆਂ ਰਿਵਾਇਤਾਂ ਅਤੇ ਲਾਹਨਤਾਂ ਵਧੀ ਗਈਆ ਹਨ ਪਰ ਹੁਣ ਪੰਜਾਬ ਦੇ ਲੋਕ ਬਾਦਲਾਂ ਦੀਆ ਪੁੱਠੀਆ ਸਿੱਧੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਬਾਦਲੋ! ਪੰਜਾਬੀ ਸਿੱਧੇ ਜ਼ਰੂਰ ਹਨ ਸਿੱਧਰੇ ਨਹੀਂ ਜਿੰਨ੍ਹੀਆਂ ਮਰਜ਼ੀ ਡਰਾਮੇਬਾਜ਼ੀਆਂ ਕੱਬਡੀ ਦੇ ਨਾਮ ਤੇ ਕਰ ਲਓ। ਤੁਹਾਡਾ ਹੁਣ ਕੁੱਝ ਨਹੀਂ ਬਣਨਾ, ਐਂਤਕੀ ਤੁਹਾਡਾ ਬੋਰੀਆ ਬਿਸਤਰਾ ਗੋਲ ਵੀ ਕਬੱਡੀ ਵਾਲਿਆਂ ਨੇ ਹੀ ਕਰਨਾ ਹੈ ਇਸ ਦੀ ਤਾਜ਼ਾ ਉਦਾਹਰਣ ਵਿਸ਼ਵ ਕੱਬਡੀ ਲੀਗ ਤੋਂ ਪੰਜਾਬੀਆ ਦਾ ਮੂੰਹ ਮੁੜਣਾ ਅਤੇ ਤੁਹਾਡੇ ਹੋਣ ਵਾਲੇ ਵਿਸ਼ਵ ਕੱਬਡੀ ਕੱਪ ਦਾ ਬਾਈਕਾਟ ਹੋਣਾ ਹੀ ਤੁਹਾਡੇ ਮੁੰਹ ਤੇ ਚਪੇੜ ਹੈ।
ਕਬੱਡੀ ਵਾਲਿਓ, ਕਬੱਡੀ ਖੇਡ ਨੂੰ ਜੇਕਰ ਕਿਸੇ ਕੰਢੇ ਬੰਨ੍ਹੇ ਲਾਉਣਾ ਹੈ ਤਾਂ ਪਹਿਲਾਂ ਬਾਦਲਾਂ ਤੋਂ ਖਹਿੜਾ ਛਡਾਊ, ਕਬੱਡੀ ਪ੍ਰਤੀ ਆਪ ਸਮਰਪਿਤ ਹੋਵੋ ਖੇਡ ਦਾ ਕੋਈ ਵਿਧੀ ਵਿਧਾਨ ਬਣਾਉ, ਕਬੱਡੀ ਵਿਸ਼ਵ ਪੱਧਰੀ ਸੰਸਥਾ ਬਣੇ ਜਿਸ ਵਿੱਚ ਕੱਬਡੀ ਪ੍ਰਤੀ ਗਿਆਨ ਰੱਖਣ ਵਾਲਿਆਂ ਦੀ ਸ਼ਮੂਲੀਅਤ ਹੋਵੇ ਸਾਡੀ ਪੰਜਾਬੀਆਂ ਦੀ ਕਬੱਡੀ ਨੂੰ ਕਿਸੇ ਸੁੱਖੇ ਅਮਲੀ, ਮਲੂਕੇ-ਸਲੂਕੇ ਵਰਗੇ ਦੀ ਲੋੜ ਨਹੀਂ, ਕਬੱਡੀ ਨੂੰ ਖੇਡ ਪ੍ਰਤੀ ਮੋਹ ਰੱਖਣ ਵਾਲੇ ਸਮਰਪਿਤ ਭਾਵਨਾ ਅਤੇ ਗਿਆਨਵਾਨ ਲੋਕਾਂ ਦੀ ਲੋੜ ਹੈ। ਕਬੱਡੀ ਕੋਲ ਅਜਿਹੇ ਗਿਆਨਵਾਨ ਲੋਕਾਂ ਦੀ ਕਮੀ ਵੀ ਨਹੀਂ ਹੈ ਪਰ ਪੰਜਾਬੀਆਂ ਦੀ ਕਬੱਡੀ ਜੁਗਾੜੀਆਂ ਦੇ ਵੱਸ ਪੈ ਗਈ ਹੈ। ਜਿਹੜੀਆਂ ਕੌਮਾਂ ਦੇ ਲੀਡਰ ਸੂਝਵਾਨ ਹੁੰਦੇ ਹਨ ਅਤੇ ਜਿਹੜੀਆਂ ਖੇਡ ਫੈਡਰੇਸ਼ਨਾਂ ਦੇ ਆਗੂ ਗਿਆਨਵਾਨ ਹੁੰਦੇ ਹਨ। ਉਹ ਆਪਣੀ ਖੇਡ ਨੂੰ ਆਪਣੇ ਦਮ ਖਮ ਨਾਲ ਕਿਤੇ ਦੀ ਕਿਤੇ ਲੈ ਜਾਂਦੇ ਹਨ ਇਤਿਹਾਸ ਇਹਨਾ ਗੱਲਾਂ ਦਾ ਗਵਾਹ ਵੀ ਹੈ ਪਰ ਕਦੇ ਇਤਿਹਾਸ ਨੂੰ ਪੜਚੋਲ ਕੇ ਦੇਖੋ ਫਿਰ ਪਤਾ ਚੱਲੇਗਾ ਕਿ ਦੁਨੀਆਂ ਕਿਵੇਂ ਧਰਤੀ ਤੋਂ ਅਸਮਾਨ ਤੇ ਪਹੁੰਚੀ ਹੈ ਇਹ ਤਾਂ ਗੱਲ ਹੀ ਸਿਰਫ ਕੱਬਡੀ ਖੇਡ ਦੀ ਤਰੱਕੀ ਦੀ ਹੈ ਪਰ ਜਿਥੇ ਜਿਸ ਕੌਮ ਵਿੱਚ ਜਾਂ ਜਿਸ ਖੇਡ ਵਿੱਚ ਰਾਜਸੀ ਆਗੂਆਂ ਦਾ ਨਿੱਜ ਸਵਾਰਥ ਜੁੜਿਆ ਹੋਵੇ, ਹਉਮੈਂ ਪੈਰ ਪਸਾਰ ਰਹੀ ਹੋਵੇ, ਹੰਕਾਰ ਸਿਰ ਚੜ੍ਹ ਕੇ ਬੋਲਦਾ ਹੋਵੇ ਸਿਰਫ ਤੇ ਸਿਰਫ ਆਗੂਆਂ ਦੀ ਲਾਲਸਾ ਦਿਸਦੀ ਹੋਵੇ ਉਹ ਕੋਮ ਵੀ ਅਤੇ ਉਹ ਖੇਡ ਵੀ ਅੱਜ ਵੀ ਡੁੱਬੀ ਤੇ ਕੱਲ੍ਹ ਵੀ ਡੁੱਬੀ। ਸਿੱਖ ਕੌਮ ਦਾ ਨਿਘਾਰ ਤਾਂ ਕੌਮ ਹੀ ਦੇਖੇਗੀ ਕਿਉਂ ਕਿ ਮਸਲਾ ਵੱਡਾ ਤੇ ਗੰਭੀਰ ਹੈ ਪਰ ਕਬੱਡੀ ਖੇਡ ਨੂੰ ਬਾਦਲਾਂ ਤੋਂ ਬਚਾਉਣਾ ਤਾਂ ਆਪਣਾ ਹੀ ਫਰਜ਼ ਹੈ ਕਿਉਂਕਿ ਕਬੱਡੀ ਨੇ ਅਜੇ ਸਹੀ ਅਰਥਾਂ ਵਿੱਚ ਅੰਤਰਰਾਸ਼ਟਰੀ ਖੇਡ ਬਣਨ ਵੱਲ ਤੁਰਨਾ ਹੈ। ਪਰ ਤੁਸੀ ਤਾਂ ਖੇਡ ਦੀ ਤਰੱਕੀ ਦੀ ਸ਼ੁਰੂਆਤ ਵਿੱਚ ਹੀ ,ਬਾਦਲਾਂ ਦੀਆਂ ਲੇਲੜੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਵਕਤ ਕਦੇ ਵੀ ਕਿਸੇ ਨੂੰ ਵਾਰ-ਵਾਰ ਮੌਕਾ ਨਹੀਂ ਦਿੰਦਾ ਜੇਕਰ ਵਾਕਿਆ ਹੀ ਪੰਜਾਬੀਆ ਦੀ ਜਾਈ ਕੱਬਡੀ ਖੇਡ ਦਾ ਭਲਾ ਲੋਚਦੇ ਹੋ ਤਾਂ ਇਹਨਾਂ ਜੁਗਾੜੀ ਬਾਦਲਾਂ ਤੋਂ ਕਬੱਡੀ ਨੂੰ ਬਚਾ ਲਉ। ਇਸ ਵਿੱਚ ਹੀ ਕਬੱਡੀ ਦਾ ਭਲਾ ਹੈ ਅਤੇ ਇਸ ਵਿੱਚ ਹੀ ਤੁਹਾਡੀ ਹੋਂਦ ਅਤੇ ਪਹਿਚਾਣ ਬਣੀ ਰਹੇਗੀ ਪ੍ਰਮਾਤਮਾ ਤੁਹਾਨੂੰ ਸੁਮੱਤ ਦੇਵੇ ਕਬੱਡੀ ਦਾ ਰੱਬ ਰਾਖਾ।
-
ਜਗਰੂਪ ਸਿੰਘ ਜਾਖੜ, ਲੇਖਕ
jagroopjarkhar@gmail.com
98143-00722
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.