ਰਵੀਕਿਰਨ ਉਰਫ ਰਵੀ ਦੀ ਉਮਰ ਬਾਈ ਤੇਈ ਸਾਲ ਦੀ ਹੋ ਗਈ ਤਾਂ ਘਰ ਵਾਲੇ ਉਸ ਦੀ ਮੰਗਣੀ ਕਰ ਕੇ ਵਿਆਹ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਖਾਂਦੇ ਪੀਂਦੇ ਪਰਿਵਾਰ ਦਾ 'ਕੱਲਾ ਮੁੰਡਾ ਹੋਣ ਕਾਰਨ ਸਾਰੇ ਟੱਬਰ ਦੇ ਮੂੰਹ 'ਤੇ ਇੱਕ ਹੀ ਗੱਲ ਸੀ ਕਿ ਵਿਆਹ ਪੂਰਾ ਘੈਂਟ ਕਰਨਾ, ਸਾਰੇ ਪਿੰਡ ਵਿੱਚ ਬਹਿਜਾ ਬਹਿਜਾ ਕਰਵਾ ਦੇਣੀ ਆਂ ਤੇ ਸ਼ਰੀਕਾਂ ਦੀ ਹਿੱਕ 'ਤੇ ਦੀਵਾ ਬਾਲਣਾ ਈ ਬਾਲਣਾ। ਕਰਦੇ ਵੀ ਕਿਉਂ ਨਾ? ਸਾਰਾ ਟੱਬਰ ਸਰਕਾਰੀ ਨੌਕਰੀ 'ਤੇ ਲੱਗਾ ਹੋਇਆ ਸੀ। ਮਾਂ ਟੀਚਰ ਤੇ ਪਿਉ ਜਗਤਾਰ ਪੂਰਾ ਖਰਲ ਕੀਤਾ ਹੋਇਆ ਸਰਕਾਰੀ ਅਫਸਰ। ਹਲਵਾਈ, ਸੁਨਿਆਰੇ, ਕੱਪੜੇ, ਗਹਿਣੇ ਆਦਿ ਦਾ ਕੰਮ ਮੁਕਾਉਣ ਤੋਂ ਬਾਅਦ ਕਿਸੇ ਨੇ ਸਲਾਹ ਦਿੱਤੀ ਕਿ ਜਲਦੀ ਜਲਦੀ ਆਰਕੈਸਟਰਾ ਵਾਲੇ ਵੀ ਕਰ ਲਉ। ਲੇਟ ਹੋਗੇ ਤਾਂ ਕਈ ਵਾਰ ਚੰਗਾ ਗਰੁੱਪ ਨਹੀਂ ਮਿਲਦਾ ਹੁੰਦਾ। ਜਗਤਾਰ ਅਗਲੇ ਦਿਨ ਹੀ ਰਵੀ ਦੇ ਮਾਮੇ ਗੁਰਜੰਟ ਨੂੰ ਨਾਲ ਲੈ ਕੇ ਇੱਕ ਮਸ਼ਹੂਰ ਗਰੁੱਪ ਦੇ ਦਫਤਰ ਜਾ ਵੜਿਆ। ਗਰੁੱਪ ਵਾਲਿਆਂ ਦਾ ਰੋਜ਼ ਦਾ ਕੰੰਮ ਸੀ ਅਜਿਹੇ ਮੂਰਖਾਂ ਨੂੰ ਮੁੱਛਣਾ। ਉਹਨਾਂ ਟੋਹ ਲਿਆ ਕਿ ਪਾਰਟੀ ਪੂਰੀ ਗਰਮ ਹੈ। ਉਹ ਐਵੇਂ ਜਾਣ ਕੇ ਉਸ ਤਰੀਖ ਨੂੰ ਵਿਹਲੇ ਨਾ ਹੋਣ ਦਾ ਬਹਾਨਾ ਜਿਹਾ ਮਾਰ ਕੇ ਟਾਲ ਮਟੋਲ ਕਰਨ ਲੱਗੇ। ਪਰ ਕੁਝ ਦੇਰ ਤਰਲੇ ਮਿੰਨਤਾਂ ਕਢਵਾ ਕੇ ਮੰਨ ਗਏ। ਉਹਨਾਂ ਨੇ ਪੁਰਾਣੇ ਪ੍ਰੋਗਰਾਮਾਂ ਦੀਆਂ ਵੀਡੀਉ ਚਲਾ ਕੇ ਜਗਤਾਰ ਹੁਣਾ ਨੂੰ ਰੱਜ ਕੇ ਅੱਧ ਨੰਗੀਆਂ ਕੁੜੀਆਂ ਦੇ ਡਾਂਸ ਦੇ ਦਰਸ਼ਨ ਕਰਵਾਏ। ਜਗਤਾਰ ਤੇ ਗੁਰਜੰਟ ਨੇ ਸਵਾਦ ਲੈ ਲੈ ਕੇ ਵੀਡੀਉ ਵੇਖੀਆਂ। ਜਗਤਾਰ ਬੋਲਿਆ, “ਭਾਜੀ ਪੈਸੇ ਕਿੰਨੇ ਲੱਗਣਗੇ?” ਗਰੁੱਪ ਦਾ ਮਾਲਕ ਛਟੱਲੀ ਰਾਮ ਥੋੜ•ਾ ਜਿਹਾ ਰੋਅਬ ਨਾਲ ਕਹਿਣ ਲੱਗਾ, “ਦਸ ਹਜ਼ਾਰ ਹਰ ਕੁੜੀ ਦਾ। ਸੱਤ ਕੁੜੀਆਂ ਨੇ ਤੇ ਕੁੱਲ ਹੋਇਆ ਸੱਤਰ ਹਜ਼ਾਰ। ਜੇ ਪੈਸੇ ਘੱਟ ਦਿਉਗੇ ਤਾਂ ਕੁੜੀਆਂ ਘੱਟ ਆਉਣਗੀਆਂ। ਵੇਖ ਲਿਉ, ਫਿਰ ਸਵਾਦ ਜਿਹਾ ਨਹੀਂ ਬੱਝਣਾ।” ਮਸਤ ਹੋਇਆ ਗੁਰਜੰਟ ਬੋਲਿਆ, “ਯਾਰ ਆ ਜਿਹੜੀ ਸਭ ਤੋਂ ਲੰਬੀ ਅਤੇ ਛੱਮਕ ਛੱਲੋ ਜਹੀ ਆ, ਇਹ ਜਰੂਰ ਲੈ ਕੇ ਆਇਉ।” ਛਟੱਲੀ ਨੇ ਫੱਟ ਮੌਕਾ ਸਾਂਭ ਲਿਆ, “ਡੌਲੀ? ਇਹ ਭਾਜੀ ਇਸ ਤਰਾਂ ਨਹੀਂ ਆਉਂਦੀ। ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਉਣਾ ਪੈਂਦਾ ਆ। ਇਹਦਾ 'ਕੱਲੀ ਦਾ ਖਰਚਾ 30000 ਅਲੱਗ ਆ।” ਵੈਸੇ ਤਾਂ ਡੌਲੀ ਗਰੱਪ ਦਾ ਹਿੱਸਾ ਹੀ ਸੀ। ਗੁਰਜੰਟ ਉਸ ਦੇ ਠੁਮਕਿਆਂ 'ਤੇ ਮਰਿਆ ਪਿਆ ਸੀ। ਨਾਲੇ ਪੈਸੇ ਤਾਂ ਜਗਤਾਰ ਦੇ ਲੱਗਣੇ ਸਨ, “ ਕੋਈ ਨਹੀਂ। ਇਹਨੂੰ ਤਾਂ ਜਰੂਰ ਲੈ ਕੇ ਆਇਉ। ਪੈਸੇ ਦੀ ਕੋਈ ਪ੍ਰਵਾਹ ਨਹੀਂ। ਪੁੱਤ ਕਿਹੜਾ ਨਿੱਤ ਵਿਆਹੁਣੇ ਆ।” ਉਹ ਬੁਕਿੰਗ ਦੀ 50000 ਸਾਈ ਦੇ ਕੇ ਇੰਜ ਚਾਈਂ ਚਾਈਂ ਬਾਹਰ ਨਿਕਲੇ ਕਿ ਜਿਵੇਂ ਪਾਕਿਸਤਾਨ ਦੇ ਖਿਲਾਫ ਕੋਈ ਗੁਪਤ ਐਕਸ਼ਨ ਸਿਰੇ ਚਾੜਿ•ਆ ਹੋਵੇ।
ਵਿਆਹ ਦੇ ਦਿਨ ਨੇੜੇ ਆ ਗਏ। ਰਵੀ ਦੀ ਦਾਦੀ ਥੋੜ•ੀ ਧਾਰਮਿਕ ਖਿਆਲਾਂ ਦੀ ਸੀ। ਉਹ ਵਾਰ ਵਾਰ ਕਹਿਣ ਲੱਗੀ, “ਘਰੇ ਆਖੰਡ ਪਾਠ ਤਾਂ ਕਰਵਾ ਲਉ। ਦਸ ਦਿਨ ਤਾਂ ਰਹਿਗੇ ਵਿਆਹ 'ਚ ਸਾਰੇ।” ਜਗਤਾਰ ਉਸ ਨੂੰ ਖਿਝ• ਕੇ ਪਿਆ, “ਕਰ ਲੈਨੇ ਆਂ 'ਖੰਡ ਪਾਠ। ਕਿੱਤੇ ਭੱਜਾ ਜਾਂਦਾ? ਬਥੇਰੇ ਬਾਬੇ ਤੁਰੇ ਫਿਰਦੇ ਆ। ਜਿਹਨੂੰ ਮਰਜ਼ੀ ਫੜ• ਲਾਂਗੇ।” ਅਖੀਰ ਜਦੋਂ ਦਿਨ ਐਨ ਸਿਰ 'ਤੇ ਆਗੇ ਤਾਂ ਜਗਤਾਰ ਪਹੁੰਚ ਗਿਆ ਗੁਰਦਵਾਰੇ ਦੇ ਬਹੁਤ ਹੀ ਭਜਨੀਕ ਤੇ ਭਲੇਮਾਣਸ ਗ੍ਰੰਥੀ ਸਿੰਘ ਕੋਲ। ਜਗਤਾਰ ਬਹੁਤ ਹੀ ਬਦਤਮੀਜ਼ੀ ਤੇ ਹੰਕਾਰ ਨਾਲ ਗ੍ਰੰਥੀ ਸਿੰਘ ਨੂੰ ਬੋਲਿਆ, “ ਬਾਬਾ ਪਾਠ ਦਾ ਕੀ ਚੱਲਦਾ ਅੱਜ ਕਲ•?” ਭਾਈ ਜੀ ਵਿਚਾਰੇ ਉਸ ਦੇ ਅੱਗੇ ਸ਼ਰਾਫਤ ਕਾਰਨ ਇੰਜ ਹੱਥ ਬੰਨ•ੀ ਖੜੇ ਸੀ ਜਿਵੇਂ ਕਿਸੇ ਭੱਠੇ ਦੇ ਬੰਧੂਆ ਮਜ਼ਦੂਰ ਹੋਣ, “ਸਰਦਾਰ ਜੀ ਇਕਵੰਜਾ ਸੌ ਭੇਟਾ ਚੱਲਦੀ ਹੈ, ਬਾਕੀ ਤੁਹਾਡੀ ਜੋ ਸ਼ਰਧਾ ਦੇ ਦਿਉ। ਜਗਤਾਰ ਨੂੰ ਜਿਵੇਂ ਠੂੰਹੇਂ ਨੇ ਡੰਗ ਮਾਰਿਆ, “ਹੈਂ ਐਨੇ ਪੈਸੇ? ਤੇ ਕੀਰਤਨ ਦੇ ਕਿੰਨੇ?” ਭਾਈ ਜੀ ਕਹਿੰਦੇ, “ਜੇ ਦੋ ਕੀਰਤਨੀਏਂ ਆਉਣਗੇ ਤਾਂ ਹਜ਼ਾਰ ਰੁ. ਤੇ ਜੇ ਤਿੰਨ ਬੁਲਾਉਣੇ ਆ ਤਾਂ ਪੰਦਰਾਂ ਸੌ।” ਜਗਤਾਰ ਟੇਢੀ ਜਿਹੀ ਮੁਸਕਾਨ ਨਾਲ ਢੀਠਾਂ ਵਾਂਗ ਬੋਲਿਆ, “ ਲੈ ਤਿੰਨ ਕੀ ਕਰਨੇ ਆ? ਘੰਟਾ ਢੋਲਕੀ ਈ ਖੜਕਾਉਣੀ ਆ। ਤੁਸੀਂ ਦੋ ਈ ਆ ਜਿਉ। ਨਾਲੇ ਗੱਲ ਸੁਣ, ਸਾਡੇ ਕੋਲ ਟਾਈਮ ਹੈਨੀ। ਤੂੰ ਠੇਕਾ ਈ ਕਰਲੈ। ਦੇਗ ਦੂਗ ਵਾਲਾ ਬੰਦਾ ਵੀ ਆਪਣਾ ਈ ਲੈ ਆਈਂ।” ਵਿਚਾਰੇ ਭਾਈ ਸਾਹਿਬ ਨੇ ਕੀ ਕਹਿਣਾ ਸੀ ਅਜਿਹੇ ਬੁੱਗ ਇਨਸਾਨ ਨੂੰ, “ਚੱਲੋ ਠੀਕ ਆ ਭਾਈ। ਤੁਸੀਂ ਉੱਕਾ ਪੁੱਕਾ 10000 ਦੇ ਦਿਉ।” ਜਗਤਾਰ ਚਿੱਬਾ ਜਿਹਾ ਮੂੰਹ ਬਣਾ ਕੇ ਬੋਲਿਆ, “ ਹੱਦ ਹੋਗੀ! 10000 ਕਾਹਦਾ? ਲੁੱਟ ਮਚਾਈ ਆ। 8000 ਲੈਣਾ ਤਾਂ ਗੱਲ ਕਰ ਨਹੀਂ ਪ੍ਰਧਾਨ ਨਾਲ ਗੱਲ ਕਰ ਲੈਨੇ ਆਂ।” ਭਾਈ ਜੀ ਵਿਚਾਰੇ ਦੁਖੀ ਮਨ ਨਾਲ ਕਹਿਣ ਲੱਗੇ, “ ਠੀਕ ਆ ਭਾਈ। ਜਿਵੇਂ ਤੁਹਾਡੀ ਇੱਛਾ।” ਆਰਕੈਸਟਰੇ ਵਾਲਿਆਂ ਨੂੰ ਲੱਖ ਰੁ ਦੇਣ ਵਾਲੇ ਜਗਤਾਰ ਨੂੰ 8000 ਵੀ ਜਿਆਦਾ ਲੱਗ ਰਿਹਾ ਸੀ, “ਚੰਗਾ ਫਿਰ ਟਾਈਮ ਨਾਲ ਆਜੀਂ। ਤੂੰ ਆਪੇ ਸਾਂਭਣਾ ਸਭ ਕੁਝ। ਅਸੀਂ ਤਾਂ ਖਾਣ ਪੀਣ ਵਾਲੇ ਬੰਦੇ ਆਂ।” 8000 ਰੁ ਭਾਈ ਜੀ ਵੱਲ ਸੁੱਟ ਕੇ ਉਹ ਬਾਹਰ ਨਿਕਲ ਗਿਆ ਜਿਵੇਂ ਗਲ ਪਿਆ ਕੋਈ ਸਿਆਪਾ ਮੁਕਾਇਆ ਹੁੰਦਾ ਹੈ।
ਘਰ ਆ ਕੇ ਆਪਣੀ ਬਹਾਦਰੀ ਦੱਸਣ ਲੱਗਾ, “ਅੱਜ ਪਾਠੀ ਦੀ ਰੇਲ ਬਣਾ 'ਤੀ। ਨਾਲੇ ਰੇਟ ਘੱਟ ਕੀਤਾ ਨਾਲੇ ਸਾਰਾ ਪੰਗਾ ਉਹਦੇ ਗਲ ਪਾ 'ਤਾ। ਆਪਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ 'ਖੰਡ ਪਾਠ ਦੀ।” ਇਹ ਸੁਣ ਕੇ ਸਾਰੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ ਤੇ ਜਗਤਾਰ ਨੂੰ ਸ਼ਾਬਾਸ਼ ਦਿੱਤੀ। ਹੁਣ ਦੱਸੋ ਕਿ ਅਜਿਹੇ ਬੇਲੱਛਣੇ ਵਿਆਹ ਕਾਮਯਾਬ ਕਿਵੇਂ ਹੋ ਸਕਦੇ ਹਨ? ਤਲਾਕ ਹੀ ਹੋਣੇ ਹਨ ਬਾਅਦ ਵਿੱਚ। ਆਰਕੈਸਟਰੇ ਨੂੰ ਜ਼ਿੰਮੇਵਾਰੀ ਤੇ ਆਖੰਡ ਪਾਠ ਨੂੰ ਪੰਗਾ ਸਮਝਣ ਵਾਲੇ ਦਾ ਕੀ ਕੰਮ ਸਿਰੇ ਲੱਗਣਾ ਹੈ। ਕੀ ਭਾਈ ਜੀ ਨੇ ਦੁਖੀ ਮਨ ਨਾਲ ਪਾਠ ਕੀਤਾ ਹੋਣਾ ਤੇ ਕੀ ਆਨੰਦ ਕਾਰਜ ਪੜ•ਾਏ ਹੋਣੇ ਹਨ?
-
ਬਲਰਾਜ ਸਿੰਘ ਸਿੱਧੂ, ਐਸ.ਪੀ.
bssidhupps@gmail.com
9815124449
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.