ਪਿਛਲੇ ਦਿਨਾਂ ਵਿੱਚ ਭਾਰਤੀ ਫੌਜ ਵੱਲੋਂ ਪਾਕਿਸਤਾਨ ਦੀ ਹੱਦ ਅੰਦਰ ਜਾ ਕੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਤੋਂ ਬਾਅਦ, ਰਾਸ਼ਟਰੀ ਮੀਡੀਆ ਵੱਲੋਂ ਸੰਭਾਵਤ ਜੰਗ ਦੀਆਂ ਅਫਵਾਹਾਂ ਵੱਡੇ ਪੱਧਰ ਉੱਤੇ ਫੈਲਾਈਆਂ ਗਈਆਂ। ਇਸ ਲਈ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਘਰ ਛੱਡ ਕੇ ਜਾਣ ਵਾਲੇ ਲੋਕਾਂ ਦੀਆਂ ਟਰਾਲੀਆਂ ਦੀਆਂ ਤਸਵੀਰਾਂ ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿੱਚ ਛਾਈਆਂ ਰਹੀਆਂ। ਪੰਜਾਬ ਦੇ ਛੇ ਜ਼ਿਲ੍ਹੇ ( ਫਾਜ਼ਿਲਕਾ, ਫਿਰੋਜ਼ਪੁਰ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਪਠਾਨਕੋਟ ) ਭਾਰਤ-ਪਾਕ ਬਾਰਡਰ ਉੱਤੇ ਪੈਂਦੇ ਹਨ ਅਤੇ ਇੱਥੇ ਕੋਈ 553 ਕਿਲੋਮੀਟਰ ਲੰਬੀ ਸਰਹੱਦ ਹੈ। ਸਰਹੱਦ ਤੋਂ 10 ਕਿਲੋਮੀਟਰ ਦੀ ਭਾਰਤੀ ਪੱਟੀ ਵਿੱਚ ਤਕਰੀਬਨ 1000 ਪਿੰਡ ਪੈਂਦੇ ਹਨ ਜਿੰਨ੍ਹਾਂ ਨੂੰ ਖਾਲੀ ਕਰਨ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਸਨ। ਪਰ ਹੈਰਾਨੀ ਦੀ ਗੱਲ ਇਹ ਵੀ ਰਹੀ ਕਿ ਸਰਹੱਦ ਉੱਤੇ ਫੌਜੀ ਗਤੀਵਿਧੀਆਂ ਆਮ ਵਾਂਗ ਹੀ ਰਹੀਆਂ। ਨਾ ਤਾਂ ਕਿਸੇ ਖਾਸ ਜਗ੍ਹਾ ਉੱਤੇ ਫੌਜ ਨੂੰ ਤਾਇਨਾਤ ਕੀਤਾ ਗਿਆ ਅਤੇ ਨਾ ਹੀ ਫੌਜ ਨੇ ਪਿੰਡਾਂ ਨੂੰ ਖਾਲੀ ਕਰਵਾਉਣ ਵਿੱਚ ਕੋਈ ਰੁਚੀ ਵਿਖਾਈ। ਇਹ ਸਾਰਾ ਕੰਮ ਸਿਰਫ ਪੰਜਾਬ ਸਰਕਾਰ ਦੇ ਸਿਵਲ ਪ੍ਰਸ਼ਾਸਨ ਨੇ ਹੀ ਕੀਤਾ। ਪਰ ਝੋਨੇ ਦਾ ਸੀਜ਼ਨ ਸਿਰ ਉੱਤੇ ਹੋਣ ਕਾਰਨ ਇਸ ਨੂੰ ਕੋਈ ਬਹੁਤਾ ਚੰਗਾ ਹੁਲਾਰਾ ਨਾ ਮਿਲ ਸਕਿਆ। ਇਹ ਵੀ ਹੈਰਾਨੀ ਦੀ ਗੱਲ ਹੀ ਹੈ ਕਿ ਰਾਜਸਥਾਨ ਅਤੇ ਗੁਜਰਾਤ ਸਰਕਾਰਾਂ ਨੇ ਆਪਣੇ ਪ੍ਰਦੇਸ਼ਾਂ ਦੇ ਸਰਹੱਦੀ ਲੋਕਾਂ ਨੂੰ ਅਜਿਹੇ ਕੋਈ ਹੁਕਮ ਜਾਰੀ ਨਾ ਕੀਤੇ। ਪੰਜਾਬ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇਹ ਵੀ ਕਿਹਾ ਹੈ ਕਿ ਸ। ਪ੍ਰਕਾਸ਼ ਸਿੰਘ ਬਾਦਲ ਕੇਂਦਰ ਸਰਕਾਰ ਦੇ ਇਸ਼ਾਰੇ ਉੱਤੇ ਚੱਲ ਰਹੇ ਹਨ ਅਤੇ ਭਾਜਪਾ ਤਾਂ ਉੱਤਰ ਪ੍ਰਦੇਸ਼ ਵਿੱਚ ਚੋਣਾਂ ਜਿੱਤਣ ਦੀ ਨੀਤੀ ਤਹਿਤ ਬਾਰਡਰ ਉੱਤੇ ਸਨਸਨੀ ਫੈਲਾ ਕੇ ਵੋਟਾਂ ਬਟੋਰਨੀਆਂ ਚਾਹੁੰਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਾਕਿਸਤਾਨ ਆਪਣੇ ਪਿਛਲੇ ਰਿਕਾਰਡ ਮੁਤਾਬਕ ਕੋਈ ਬਹੁਤਾ ਵਿਸ਼ਵਾਸ ਦੇ ਕਾਬਲ ਨਹੀਂ ਹੈ। ਉੱਥੇ ਸੱਤਾ ਦੇ ਕਈ ਕੇਂਦਰ ਹਨ ਜਿਵੇਂ ਕਿ ਸਰਕਾਰ, ਫੌਜ, ਖੁਫੀਆ ਏਜੰਸੀਆਂ, ਅੱਤਵਾਦੀ ਜਥੇਬੰਦੀਆਂ ਅਤੇ ਕੱਟੜ ਧਾਰਮਿਕ ਮੁਲਾਣੇ ਆਦਿ। ਇਹ ਸਾਰੇ ਹੀ ਆਪੋ ਆਪਣੇ ਢੰਗ ਨਾਲ ਉਸ ਦੇਸ਼ ਦੀ ਵਾਗਡੋਰ ਆਪਣੇ ਹੱਥ ਵਿੱਚ ਲੈਣਾ ਚਾਹੁੰਦੇ ਹਨ। ਇਸ ਲਈ ਆਪੋ-ਆਪਣੇ ਨਿਸ਼ਾਨਿਆਂ ਦੀ ਪੂਰਤੀ ਲਈ ਉਹ ਜੰਗ ਵਾਲੇ ਵਿਕਲਪ ਬਾਰੇ ਵੀ ਸੋਚਦੇ ਰਹਿੰਦੇ ਹਨ। ਪਰ ਫਿਰ ਵੀ ਮੌਜੂਦਾ ਹਾਲਾਤ ਵਿੱਚ ਸਿੱਧੀ ਜੰਗ ਦੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਅਜੇ ਤੱਕ ਤਾਂ ਪਾਕਿਸਤਾਨ ਨੇ ਇਹ ਮੰਨਿਆ ਹੀ ਨਹੀਂ ਕਿ ਭਾਰਤ ਨੇ ਉਸਦੀਆਂ ਹੱਦਾਂ ਅੰਦਰ ਜਾ ਕੇ ਸਰਜੀਕਲ ਹਮਲੇ ਵਰਗਾ ਕੁਝ ਕੀਤਾ ਹੈ। ਫਿਰ ਜਦੋਂ ਤੱਕ ਉਹ ਭਾਰਤੀ ਹਮਲੇ ਨੂੰ ਸਵੀਕਾਰ ਹੀ ਨਹੀਂ ਕਰਦਾ ਉਦੋਂ ਤੱਕ ਉਸ ਵੱਲੋਂ ਜਵਾਬੀ ਹਮਲੇ ਦੀ ਤਾਂ ਕੋਈ ਤੁਕ ਹੀ ਨਹੀਂ ਬਣਦੀ। ਜਿਹੜਾ ਬੰਦਾ ਬਾਹਰੋਂ ਕੁੱਟ ਖਾ ਕੇ ਘਰ ਜਾ ਕੇ ਦੱਸੇ ਹੀ ਨਾ ਕਿ ਉਸਨੂੰ ਕੁੱਟ ਪਈ ਹੈ, ਉਸ ਬੰਦੇ ਦੀ ਹਾਲਤ ਨੂੰ ਸਮਝਿਆ ਜਾ ਸਕਦਾ ਹੈ ਕਿ ਉਹ ਸਿੱਧੀ ਟੱਕਰ ਤੋਂ ਬਚਣਾ ਚਾਹੁੰਦਾ ਹੈ। ਪਾਕਿਸਤਾਨ ਵੀ ਅਜੇ ਤੱਕ ਤਾਂ ਭਾਰਤ ਦੇ ਉਸ ਦਾਅਵੇ ਨੂੰ ਖਾਰਜ ਕਰਨ ਲਈ ਆਲਮੀ ਪੱਧਰ ਉੱਤੇ ਪ੍ਰਚਾਰ ਕਰ ਰਿਹਾ ਹੈ ਕਿ 28 ਅਤੇ 29 ਸਤੰਬਰ ਵਿਚਕਾਰਲੀ ਰਾਤ ਨੂੰ ਅਜਿਹਾ ਕੁਝ ਵਾਪਰਿਆ ਹੀ ਨਹੀਂ।
ਪਾਕਿਸਤਾਨ ਵੱਲੋਂ ਭਾਰਤ ਦੇ ‘ਸਰਜੀਕਲ ਸਟਰਾਈਕ’ ਦੇ ਦਾਅਵੇ ਨੂੰ ਝੁਠਲਾਉਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਿੱਚ ਪਾਕਿਸਤਾਨ ਆਪਣੀ ਹੇਠੀ ਸਮਝਦਾ ਹੈ ਕਿ ਭਾਰਤ ਨੇ ਉਸ ਦੀ ਸਰਹੱਦ ਦੇ ਅੰਦਰ ਪਹੁੰਚ ਕੇ ਉਸ ਨੂੰ ਸ਼ਰੇਆਮ ਲਲਕਾਰਿਆ ਹੈ। ਦੂਸਰਾ ਵੱਡਾ ਕਾਰਨ ਇਹ ਹੈ ਕਿ ਪਾਕਿਸਤਾਨ ਨੂੰ ਪਤਾ ਹੈ ਕਿ ਦੋਵਾਂ ਦੇਸ਼ਾਂ ਕੋਲ ਪਰਮਾਣੂ ਹਥਿਆਰ ਹੋਣ ਦੇ ਬਾਵਜੂਦ ਵੀ ਅੱਜ ਦੇ ਸਮੇਂ ਪਰਮਾਣੂ ਜੰਗ ਲੜਨੀ ਬਹੁਤ ਅਗਾਂਹ ਦੀ ਗੱਲ ਹੈ। ਇਸ ਲਈ ਉਸਨੂੰ ਮੁੱਖ ਤੌਰ ਤੇ ਭਾਰਤ ਨਾਲ ਰਵਾਇਤੀ ਜੰਗ ਹੀ ਲੜਨੀ ਪਵੇਗੀ ਜਿਸ ਵਿੱਚ ਉਹ ਭਾਰਤ ਦੇ ਮੁਕਾਬਲੇ ਆਪਣੇ ਆਪ ਨੂੰ ਕਮਜ਼ੋਰ ਸਮਝਦਾ ਹੈ। ਪਰਮਾਣੂ ਹਥਿਆਰ ਤਾਂ ਉਸਨੇ ਸਿਰਫ ਭਾਰਤ ਨੂੰ ਡਰਾਵਾ ਦੇਣ ਲਈ ਹੀ ਰੱਖੇ ਹੋਏ ਹਨ ਤਾਂ ਕਿ ਭਾਰਤ ਸਿੱਧੀ ਜੰਗ ਤੋਂ ਟਲਦਾ ਰਹੇ ਅਤੇ ਉਹ ਆਪਣੀ ਲੁਕਵੀਂ ਜੰਗ ਨੂੰ ਜਾਰੀ ਰੱਖ ਸਕੇ। ਪਿਛਲੇ ਤਿੰਨ ਦਹਾਕਿਆਂ ਵਿੱਚ ਉਸਨੇ ਭਾਰਤ ਨੂੰ ਸਿਰਫ ਲੁਕਵੀਂ ਜੰਗ ਨਾਲ ਹੀ ਤੰਗ ਕੀਤਾ ਹੈ ਅਤੇ ਸਿੱਧੀ ਜੰਗ ਲੜਨੀ ਉਸਨੂੰ ਵਾਰਾ ਨਹੀਂ ਖਾਂਦੀ। ਇਸ ਲਈ ਹੁਣ ਵੀ ਉਹ ਸਿੱਧੀ ਜੰਗ ਤੋਂ ਬਚਣ ਵਾਸਤੇ ਹੀ ਇਹ ਤਸਲੀਮ ਕਰਨ ਤੋਂ ਬਚ ਰਿਹਾ ਹੈ ਕਿ ਭਾਰਤ ਨੇ ਉਸਨੂੰ ਅੰਦਰ ਜਾ ਕੇ ਭਾਂਜ ਦਿੱਤੀ ਹੈ। ਉਸਨੂੰ ਪਤਾ ਹੈ ਕਿ ਜੇਕਰ ਉਸਨੇ ਇਹ ਮੰਨ ਲਿਆ ਕਿ ਭਾਰਤ ਨੇ ਉਸਦੇ ਘਰ ਵਿੱਚ ਆ ਕੇ ਉਸਦੇ ਬੰਦੇ ਮਾਰ ਦਿੱਤੇ ਹਨ ਤਾਂ ਫਿਰ ਸਿੱਧੀ ਜੰਗ ਲੜਨ ਦਾ ਅੰਦਰੂਨੀ ਦਬਾਅ ਵਧ ਜਾਣਾ ਹੈ। ਉਸਦੀ ਨੀਤੀ ਇਹੀ ਹੈ ਕਿ ਪਹਿਲਾਂ ਦੀ ਤਰਾਂ ਹੀ ਭਾਰਤ ਨੂੰ ਲੁਕਵੀਂ ਜੰਗ ਨਾਲ ਹੀ ਕਮਜ਼ੋਰ ਕਰਨ ਦਾ ਕੰਮ ਜਾਰੀ ਰੱਖਿਆ ਜਾਵੇ।
ਪਰ ਕੁਝ ਖਾਸ ਤਰਾਂ ਦੇ ਖਦਸ਼ੇ ਵੀ ਮੌਜੂਦ ਹਨ ਜਿੰਨ੍ਹਾਂ ਬਾਰੇ ਰੱਖਿਆ ਮਾਹਰਾਂ ਦੇ ਆਪੋ-ਆਪਣੇ ਵਿਚਾਰ ਹਨ। ਉਹਨਾਂ ਵਿਚੋਂ ਇੱਕ ਇਹ ਹੈ ਕਿ ਪਾਕਿਸਤਾਨ ਦੇ ਫੌਜ ਮੁਖੀ ਰਹੀਲ ਸ਼ਰੀਫ਼ ਅਗਲੇ ਮਹੀਨੇ ਰਿਟਾਇਰ ਹੋ ਰਹੇ ਹਨ। ਇਸ ਹਾਲਤ ਵਿੱਚ ਖਤਰਾ ਜਰੂਰ ਵਧ ਜਾਂਦਾ ਹੈ ਕਿਉਂਕਿ ਪਾਕਿਸਤਾਨੀ ਮਾਹੌਲ ਮੁਤਾਬਕ ਜੇਕਰ ਰਹੀਲ ਸ਼ਰੀਫ਼ ਭਾਰਤੀ ਹਮਲੇ ਦਾ ਬਿਨਾ ਕੋਈ ਜਵਾਬ ਦਿੱਤੇ ਹੀ ਘਰ ਬੈਠ ਗਿਆ ਤਾਂ ਉਸਨੂੰ ਕਿਸੇ ਨੇ ਜਿਉਣ ਨਹੀਂ ਦੇਣਾ। ਭਾਵੇਂ ਕਿ ਉਸਨੇ ਫਾਟਾ ਦੇ ਇਲਾਕੇ ਵਿੱਚ ਪਾਕਿਸਤਾਨ ਵਿਰੋਧੀ ਅੱਤਵਾਦੀਆਂ ਖਿਲਾਫ਼ ਵੱਡੀ ਪੱਧਰ ਉੱਤੇ ਕੰਮ ਕੀਤਾ ਹੈ ਪਰ ਭਾਰਤ ਤੋਂ ਮਾਰ ਖਾ ਕੇ ਅੰਦਰ ਵੜ ਕੇ ਬੈਠ ਜਾਣਾ ਇੱਕ ਪਾਕਿਸਤਾਨੀ ਫੌਜੀ ਨੂੰ ਵਾਰਾ ਨਹੀਂ ਖਾ ਸਕਦਾ ਕਿਉਂਕਿ ਦੋਵੇਂ ਦੇਸ਼ ਇੱਕ ਦੂਜੇ ਦੇ ਰਵਾਇਤੀ ਦੁਸ਼ਮਣਾਂ ਵਜੋਂ ਮਸ਼ਹੂਰ ਹਨ। ਇਸ ਲਈ ਰਹੀਲ ਸ਼ਰੀਫ਼ ਦੇ ਰਿਟਾਇਰ ਹੋਣ ਤੱਕ ਕਿਸੇ ਵੀ ਸੰਭਾਵੀ ਹਮਲੇ ਦਾ ਖਤਰਾ ਸਿਰ ਉੱਤੇ ਖੜਾ ਹੈ। ਇੰਜ ਹੀ ਹਾਫ਼ਿਜ਼ ਸਈਦ ਦੀਆਂ ਧਮਕੀਆਂ ਦੇ ਮੱਦੇਨਜ਼ਰ ਵੀ ਸਾਨੂੰ ਆਪਣੇ ਫੌਜੀ ਟਿਕਾਣਿਆਂ ਅਤੇ ਖਾਸ ਕਰਕੇ ਵੱਡੇ ਸ਼ਹਿਰਾਂ ਦੀ ਵੱਧ ਨਿਗਰਾਨੀ ਦੀ ਲੋੜ ਹੈ। ਇਸ ਲਈ ਭਾਰਤੀ ਟੀਵੀ ਚੈਨਲਾਂ ਦੇ ‘ਸਟੂਡਿਉ ਯੋਧਿਆਂ’ ਵੱਲੋਂ ਜੋ ਹੁਣ ਤੱਕ ਜੰਗ ਜਿੱਤ ਲੈਣ ਦਾ ਭੁਲੇਖਾ ਸਿਰਜਿਆ ਜਾ ਰਿਹਾ ਹੈ ਉਸ ਤੋਂ ਬਚਣ ਦੀ ਸਖਤ ਲੋੜ ਹੈ। ਸਿੱਧੀ ਜੰਗ ਤਾਂ ਨਾ ਸਹੀ ਪਰ ਲੁਕਵੀਂ ਜੰਗ ਤਾਂ ਹੁਣ ਪਹਿਲਾਂ ਨਾਲੋਂ ਵੀ ਤੇਜ਼ ਹੋ ਸਕਦੀ ਹੈ ਅਤੇ ਸਾਨੂੰ ਉਸ ਲਈ ਤਿਆਰ ਰਹਿਣਾ ਚਾਹੀਦਾ ਹੈ। ਸਾਡੇ ਥੋੜੇ ਜਿਹੇ ਵੀ ਅਵੇਸਲੇ ਹੋਣ ਦੀ ਦੇਰ ਹੈ ਕਿ ਉਧਰੋਂ ਕੋਈ ਵੱਡਾ ਅੱਤਵਾਦੀ ਹਮਲਾ ਕਰਵਾਇਆ ਜਾ ਸਕਦਾ ਹੈ।
ਭਾਰਤ ਸਰਕਾਰ ਦਾ ਵੀ ਸਿੱਧੀ ਜੰਗ ਲੜਨ ਦਾ ਕੋਈ ਇਰਾਦਾ ਨਹੀਂ ਹੈ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਇਸ ਨਾਲ ਉਸਦੇ ਵਿਕਾਸ ਪ੍ਰੋਗਰਾਮਾਂ ਨੂੰ ਬੁਰੀ ਤਰਾਂ ਸੱਟ ਲੱਗ ਸਕਦੀ ਹੈ। ਇਸ ਲਈ ਸਰਕਾਰ ਦੀ ਮਨਸ਼ਾ, ਆਗਾਮੀ ਚੋਣਾਂ ਦੇ ਮੱਦੇਨਜ਼ਰ ਜੰਗ ਦਾ ਮਾਹੌਲ ਬਣਾ ਕੇ ਰੱਖਣ ਦੀ ਤਾਂ ਹੋ ਸਕਦੀ ਹੈ ਪਰ ਜੰਗ ਲੜਨ ਦੀ ਬਿਲਕੁਲ ਨਹੀਂ ਹੋ ਸਕਦੀ। ਉਪਰੋਕਤ ਸਰਜੀਕਲ ਆਪਰੇਸ਼ਨ ਤੋਂ ਬਾਅਦ ਸਿਆਸੀ ਮਕਸਦ ਝਲਕਦਾ ਵੀ ਸਾਫ਼ ਨਜ਼ਰ ਆਉਂਦਾ ਹੈ। ਕਿਉਂਕਿ ਆਪਰੇਸ਼ਨ ਤੋਂ ਬਾਅਦ ਜਿਹੜਾ ਸੰਜਮ ਫੌਜ ਨੇ ਵਿਖਾਇਆ ਹੈ ਉਸ ਸੰਜਮ ਤੋਂ ਭਾਜਪਾ ਨੇਤਾ ਅਤੇ ਮੀਡੀਆ ਬਹੁਤ ਹੀ ਦੂਰ ਦਿਖਾਈ ਦਿੱਤੇ। ਬਿਜਲਈ ਮੀਡੀਆ ਨੂੰ ਤਾਂ ਪੂਰੀ ਤਰਾਂ ਉਕਸਾਵੇ ਵਾਲੇ ਪ੍ਰਸਾਰਨ ਕਰਨ ਦੀ ਖੁੱਲ ਦੇ ਕੇ ਰੱਖੀ ਗਈ। ਕੁਝ ਖਬਰੀ ਚੈਨਲਾਂ ਨੇ ਇਸ ਖੁੱਲ ਦਾ ਸਿੱਧਾ ਹੀ ਨਜਾਇਜ਼ ਫਾਇਦਾ ਉਠਾਇਆ ਅਤੇ ਪਾਕਿਸਤਾਨ ਨੂੰ ਚਿੜਾਉਣ ਦੀ ਕੋਈ ਕਸਰ ਨਹੀਂ ਛੱਡੀ। ਇਸ ਤੋਂ ਲੱਗਦਾ ਹੈ ਕਿ ਸਰਕਾਰ ਇਸ ਰਾਸ਼ਟਰਵਾਦੀ ਅਤੇ ਦੇਸ਼ਭਗਤੀ ਵਾਲੇ ਮਾਹੌਲ ਦਾ ਸਿਆਸੀ ਫਾਇਦਾ ਚੁੱਕਣ ਤੋਂ ਵੀ ਖੁੰਝਣਾ ਨਹੀਂ ਚਾਹੁੰਦੀ। ਵਿਰੋਧੀ ਪਾਰਟੀਆਂ ਵੀ ਇਸ ਖੌਫ਼ ਵਿੱਚ ਹਨ ਕਿ ਕਿਤੇ ਅਜਿਹੇ ਹਾਲਾਤ ਦਾ ਮੌਕਾ ਇਕੱਲੀ ਭਾਜਪਾ ਹੀ ਨਾ ਉਠਾ ਜਾਵੇ। ਭਾਵੇਂ ਕਿ ਇਹ ਸਭ ਕੁਝ ਪੂਰੀ ਤਰਾਂ ਅੱਗ ਨਾਲ ਖੇਡਣ ਵਾਂਗ ਹੈ ਪਰ ਸਿਆਸਤ ਤਾਂ ਹੈ ਹੀ ਅੱਗ ਦੀ ਖੇਡ।
ਦੋਹਾਂ ਦੇਸ਼ਾਂ ਵਿੱਚ ਪਰਮਾਣੂ ਜੰਗ ਹੋਣ ਦਾ ਖਤਰਾ ਤਾਂ ਹੋਰ ਵੀ ਘੱਟ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਸਿਆਸੀ ਰਣਨੀਤੀ ਉੱਤੇ ਆਰਥਿਕ ਰਣਨੀਤੀ ਬਹੁਤ ਭਾਰੂ ਹੋ ਚੁੱਕੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਦੱਖਣੀ ਏਸ਼ੀਆ ਵਿੱਚ ਭਾਰਤ, ਪਾਕਿਸਤਾਨ ਅਤੇ ਬੰਗਲਾ ਦੇਸ਼ ਵਰਗੇ ਮੁਲਕ ਅਮਰੀਕਾ, ਯੂਰਪ, ਚੀਨ ਅਤੇ ਤੇਲ ਉਤਪਾਦਕ ਅਰਬ ਦੇਸ਼ਾਂ ਲਈ ਬਹੁਤ ਵੱਡੀ ਮੰਡੀ ਦੀ ਤਰਾਂ ਹਨ ਅਤੇ ਕੋਈ ਵੀ ਮੰਡੀ ਸਿਰਫ ਜਿਉਂਦੇ ਲੋਕਾਂ ਦੇ ਸਿਰ ਉੱਤੇ ਹੀ ਚੱਲ ਸਕਦੀ ਹੈ। ਪ੍ਰੰਤੂ ਪਰਮਾਣੂ ਜੰਗ ਛਿੜਨ ਦੀ ਹਾਲਤ ਵਿੱਚ ਇਸ ਪੂਰੇ ਖਿੱਤੇ ਦੀ ਲਗਭਗ ਦੋ ਅਰਬ ਦੀ ਆਬਾਦੀ ਬੁਰੀ ਤਰਾਂ ਪ੍ਰਭਾਵਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਬਹੁਕੌਮੀ ਕੰਪਨੀਆਂ ਦਾ ਇਹਨਾਂ ਦੇਸ਼ਾਂ ਵਿੱਚ ਭਾਰੀ ਨਿਵੇਸ਼ ਹੈ। ਪਰਮਾਣੂ ਜੰਗ ਛਿੜਨ ਨਾਲ ਉਹਨਾਂ ਦੀ ਖਰਬਾਂ ਡਾਲਰਾਂ ਦੀ ਪੂੰਜੀ ਡੁੱਬਣ ਦਾ ਸਪਸ਼ਟ ਖਤਰਾ ਹੈ। ਨਾਲੇ ਪਰਮਾਣੂ ਜੰਗ ਦੀ ਪਹਿਲ ਭਾਰਤ ਵੱਲੋਂ ਤਾਂ ਹੋਣ ਦੇ ਕੋਈ ਚਾਂਸ ਹੀ ਨਹੀਂ ਹਨ। ਪਾਕਿਸਤਾਨ ਦੀਆਂ ਡੋਰਾਂ ਪੂਰੀ ਤਰਾਂ ਅਮਰੀਕਾ, ਚੀਨ, ਯੂਰਪ ਅਤੇ ਅਰਬ ਦੇਸ਼ਾਂ ਦੇ ਹੱਥ ਵਿੱਚ ਹਨ। ਇਸ ਲਈ ਉਸਨੂੰ ਇਸ ਤਰਾਂ ਦੀ ਇਜਾਜ਼ਤ ਮਿਲ ਹੀ ਨਹੀਂ ਸਕਦੀ। ਇਸ ਲਈ ਅਜੋਕੇ ਸਮੇਂ ਦੋਹਾਂ ਦੇਸ਼ਾਂ ਵਿੱਚ ਜੰਗ ਦਾ ਮਾਹੌਲ ਤਾਂ ਬਹੁਤ ਸਾਰੀਆਂ ਧਿਰਾਂ ਨੂੰ ਵਾਰਾ ਖਾ ਸਕਦਾ ਹੈ ਪਰ ਅਸਲੀ ਜੰਗ ਕਿਸੇ ਵੀ ਧਿਰ ਨੂੰ, ਬਿਲਕੁਲ ਵੀ ਵਾਰਾ ਨਹੀਂ ਖਾਂਦੀ।
ਪਿੰਡ: ਚੱਕ ਬੁੱਧੋ ਕੇ
ਤਹਿਸੀਲ: ਜਲਾਲਾਬਾਦ
ਜ਼ਿਲ੍ਹਾ : ਫਾਜ਼ਿਲਕਾ
-
ਜੀ. ਐੱਸ. ਗੁਰਦਿੱਤ, ਲੇਖਕ
gurditgs@gmail.com
+919417193193
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.