“ਖੁਸ਼ਬੂ” ਖਿਲੇਰਦਾ, 'ਸਿਜਦਾ' ਕਰਦਾ, 'ਜਜ਼ਬਾਤ' ਨਾਲ ਸਾਂਝ ਪਾਉਂਦਾ, ਪਿਤਾ ਨੂੰ 'ਸ਼ਰਧਾਜਲੀ' ਭੇਂਟ ਕਰਦਾ, 'ਲੋਕ ਗੀਤ' ਦੇ ਸਨਮੁੱਖ ਹੋਕੇ, 'ਆਹਟ' ਦਿੰਦਾ, 'ਮੇਰੀ ਪਸੰਦ' ਦਾ ਹੋਕਾ ਲੈਕੇ ਡਾ:ਬਰਜਿੰਦਰ ਸਿੰਘ ਹਮਦਰਦ ਨਹੀਂ, ਬਰਜਿੰਦਰ ਹਮਦਰਦ, ਆਪਣੇ ਬਚਪਨ 'ਚ ਚਿਤਵੇ ਉਸ ਸੁਫਨੇ ਨੂੰ ਸਕਾਰ ਕਰਦਿਆਂ, “ਮੇਰੀ ਤਾਂ ਬਚਪਨ ਤੋਂ ਹੀ ਸੰਗੀਤ ਨਾਲ ਸਾਂਝ ਸੀ। ਜੁਆਨੀ ਵੇਲੇ ਤੋਂ ਹੀ ਗਾਉਣਾ ਮੇਰਾ ਸ਼ੌਕ ਸੀ, ਪਰ ਜ਼ਿੰਦਗੀ ਦੇ ਰੁਝੇਵਿਆਂ ਤੇ ਜ਼ੁੰਮੇਵਾਰੀਆਂ ਨੇ ਮੈਨੂੰ ਗਾਉਣ ਵੱਲ ਅੱਗੇ ਵਧਣ ਹੀ ਨਾ ਦਿਤਾ। ਤਦ ਵੀ ਇਹ ਰੁਝੇਵੇਂ, ਜ਼ੁੰਮੇਵਾਰੀਆਂ, ਨਿੱਤ ਦੇ ਥਕਾਣ ਵਾਲੇ ਕੰਮ ਮੇਰਾ ਗੁਣਗੁਣਾਉਣਾ ਕਦੇ ਵੀ ਬੰਦ ਨਾ ਕਰ ਸਕੇ, ਨਾ ਫਿੱਕਾ ਪਾ ਸਕੇ, ਸਗੋਂ ਇਹ ਗਾਉਣਾ ਤਾਂ ਮੇਰੇ-ਸੰਗ ਹੀ ਤੁਰਦਾ ਰਿਹਾ” । ਪੰਜਾਬੀ ਪਿਆਰਿਆਂ ਦੀਆਂ ਬਰੂਹਾਂ ਤੇ ਆਪਣੀ ਅੱਠਵੀਂ ਸੁਰੀਲੀ ਐਲਬਮ 'ਆਸਥਾ' ਲੈਕੇ ਹਾਜ਼ਰ ਹੋ ਚੁੱਕਾ ਹੈ। ਪਦਮ ਭੂਸ਼ਨ, ਸ਼੍ਰੋਮਣੀ ਪੱਤਰਕਾਰ ਇੱਕ ਵੱਡੀ ਪੰਜਾਬੀ ਹਿੰਦੀ ਅਖਬਾਰ ਦਾ ਸੰਪਾਦਕ, ਸਾਬਕਾ ਪਾਰਲੀਮੈਂਟ ਮੈਂਬਰ, ਡੀ.ਲਿੱਟ; ਡਾ: ਬਰਜਿੰਦਰ ਸਿੰਘ ਹਮਦਰਦ ਜਦੋਂ ਗਾਉਂਦਾ ਹੈ, ਦਿਲ ਨੂੰ ਠੰਡਕ ਪਾਉਂਦਾ ਹੈ, ਗਾਉਂਦਾ ਮੁਸਕਰਾਉਂਦਾ ਹੈ ਤਾਂ ਸਰੋਤਿਆਂ ਨੂੰ ਸਕੂਨ ਦੇਂਦਾ ਹੈ, ਉਦੋਂ ਉਹ ਕੋਈ ਉੱਚੇ ਆਹੁਦੇ ਪ੍ਰਾਪਤ, ਵੱਡਾ ਅਫਸਰ, ਵੱਡਾ ਆਦਮੀ, ਭਾਰੀ ਭਰਕਮ ਸਖਸ਼ੀਅਤ ਨਹੀਂ, ਸਗੋਂ ਇੱਕ ਨਿਰਛਲ ਗਾਇਕ ਜਾਪਦਾ ਹੈ, ਜਿਸਦੇ ਸੁਰੀਲੇ ਬੋਲ, ਲੋਕਾਂ ਦੇ ਮਨਾਂ ਦੀ ਧੜਕਣ ਤੇਜ ਕਰਦੇ ਹਨ। ਪੰਜਾਬੀ ਗਾਇਕ “ਬਰਜਿੰਦਰ” ਇਸ ਉਮਰੇ ਜੁਆਨੀ ਵੇਲੇ ਦੀਆਂ ਸਧਰਾਂ ਪੂਰੀਆਂ ਕਰਦਾ ਚੜਦੇ ,ਲਹਿੰਦੇ ਪੰਜਾਬ ਦੇ ਉਨਾਂ ਵੱਡੇ ਗਾਇਕਾਂ 'ਚ ਆਪਣੀ ਥਾਂ ਬਣਾ ਬੈਠਾ ਹੈ, ਜਿਹੜੇ ਸੰਜੀਦਾ ਗਾਉਂਦੇ ਹਨ, ਲੋਕਾਂ ਦੇ ਦਿਲ ਦੀ ਧੜਕਣ ਬਣਦੇ ਹਨ, ਐਂਵੇ ਧੂੰਮ-ਧੜਕਿਆਂ ਨਾਲ ਮਹਿਫਲਾਂ ਨਹੀਂ ਲੁੱਟਦੇ, ਸਗੋਂ ਵਿਲੱਖਣ, ਸੋਜਮਈ ਅਵਾਜ਼ ਨਾਲ ਲੋਕਾਂ ਦੇ ਧੁਰ ਅੰਦਰ ਪੁੱਜਣ ਦੀ ਕਾਬਲੀਅਤ ਰੱਖਦੇ ਹਨ।
ਐਲਬਮ “ਸਿਜਦ”ਾ 'ਚ ਬਰਜਿੰਦਰ ਨੇ “ਮਿਲ ਗਿਆ ਇੱਕ ਤੂੰ”[ਸਾਧੂ ਸਿੰਘ ਹਮਦਰਦ], “ਆ ਕੇ ਮੁਕਟੀ ਇਸ਼ਕ ਦੀ”, “ਅੱਜ ਕੋਈ ਆਇਆ [ਪ੍ਰੋ: ਮੋਹਨ ਸਿੰਘ], “ਝੂਠ ਇਥੇ ਜਿੱਤਦਾ [ਤੁਫੈਲ ਹੁਸ਼ਿਆਰਪੁਰੀ] ਅਤੇ 'ਮਾਏਂ ਨੀ ਮਾਏਂ ' [ਸ਼ਿਵਕੁਮਾਰ ਬਟਾਲਵੀ] ਗੀਤ ਗਾਕੇ ਉਨ ਪੰਜਾਬੀ ਪਿਆਰੇ ਲੇਖਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਸਿਜਦਾ ਕੀਤਾ, ਜਿਹਨਾਂ ਨੇ ਪੰਜਾਬੀ ਅਤੇ ਪੰਜਾਬੀਅਤ ਲਈ ਆਪਣਾ ਜੀਵਨ ਅਰਪਿਤ ਕੀਤਾ। ਗੀਤਾਂ ਦੀ ਪਹਿਲੀ ਐਲਬਮ 'ਜਜ਼ਬਾਤ' ਲੈਕੇ ਬਰਜਿੰਦਰ ਹਮਦਰਦ ਜਦੋਂ ਪੰਜਾਬੀਆਂ ਦੇ ਵਿਹੜੇ ਦਸੰਬਰ 2003 ਨੂੰ ਚਮਕਿਆ ਸੀ, ਤਾਂ ਸ਼ਾਇਦ ਕਿਸੇ ਨੇ ਵੀ ਇਹ ਨਾ ਚਿਤਵਿਆ ਹੋਵੇ ਕਿ ਇਹ ਬਹੁ-ਪੱਖੀ ਸਖਸ਼ੀਅਤ, ਸੰਜੀਦਾ ਗਾਇਕਾਂ ਦੀ ਕਤਾਰ ਵਿੱਚ ਥੋੜੇ ਜਿਹੇ ਵਰਿਆਂ 'ਚ ਆਪਣੀ ਥਾਂ ਬਣਾ ਲਵੇਗੀ। ਆਪਣੀ ਐਲਬਮ “ਖੁਸ਼ਬੂ” ਵਿੱਚ ਫਿਰਾਕ ਗੋਰਖਪੁਰੀ, ਫੈਜ਼ ਅਹਿਮਦ ਫੈਜ਼, ਮੋਇਨ ਅਹਿਸਨ ਜਜ਼ਬੀ, ਸਾਹਿਰ ਲੁਧਿਆਣਵੀ ਅਬਦੁਲ ਹਮੀਦ ਅਦਮ, ਅਮੀਰ ਕਾਜ਼ਲਬਾਸ਼ ਦੀਆਂ ਪ੍ਰੌੜ ਗਾਇਕ ਵਜੋਂ ਉਰਦੂ ਗ਼ਜ਼ਲਾਂ ਗਾਕੇ ਹਮਦਰਦ ਨੇ ਨਾਮਣਾ ਖੱਟਿਆ। “ਮਰਨੇ ਕੀ ਦੁਆਏਂ ਕਿਉਂ ਮਾਗੂੰ, ਜੀਨੇ ਕੀ ਤਮੰਨਾ ਕੌਣ ਕਰੇ [ਮੋਇਨ ਅਹਿਸਨ ਜਜ਼ਬੀ], “ਕਬ ਤੱਕ ਦਿਲ ਕੀ ਖੈਰ ਮਨਾਏ” [ਫੈਜ਼] ਜਿਹੀਆਂ ਗ਼ਜ਼ਲਾਂ ਗਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ, ਜਿਨਾਂ ਨੂੰ ਗਾਕੇ ਬਰਜਿੰਦਰ ਹੁਰਾਂ ਆਪਣੀ ਗਾਇਕੀ ਦੇ ਪਹਿਲੇ ਦੌਰ 'ਚ ਹੀ ਆਪਣਾ ਲੋਹਾ ਮਨਵਾਇਆ।
20 ਅਗਸਤ 1944 'ਚ ਜਨਮੇ ਬਰਜਿੰਦਰ ਹਮਦਰਦ ਨੇ ਪੰਜਾਬੀ ਗੀਤ ਗਾਏ, ਗ਼ਜ਼ਲਾਂ ਗਾਈਆਂ, ਹਿੰਦੀ ਅਤੇ ਉਰਦੂ ਦੇ ਗੀਤ ਗ਼ਜ਼ਲਾਂ ਗਾਏ, ਅਤੇ ਆਪਣੀ ਗਾਇਕੀ ਨੂੰ ਉਸ ਮੁਕਾਮ ਤੱਕ ਪਹੁੰਚਾਇਆ ਹੈ, ਜਿਥੇ ਪਹੁੰਚਣਾ ਵਧੇਰੀ ਮਿਹਨਤ, ਵੱਡੇ ਰਿਆਜ਼, ਦੇ ਨਾਲ-ਨਾਲ ਖੁਲੇ-ਡੁਲੇ ਵਕਤ ਦੀ ਵੀ ਮੰਗ ਕਰਦਾ ਹੈ। 73ਵੇਂ ਸਾਲ 'ਚ ਪੈਰ ਧਰ ਚੁੱਕੇ “ਭਾਜੀ ਹਮਦਰਦ” ਨੂੰ ਇਸ ਨਿਵੇਕਲੇ, ਪਰ ਖੂਬਸੂਰਤ ਰਾਹ ਉਤੇ ਤੁਰਨ ਲਈ ਕਿੰਨੀਆਂ ਰਾਤਾਂ ਝਾਂਗਣੀਆਂ ਪਈਆਂ ਹੋਣਗੀਆਂ, ਇਸਦਾ ਕਿਆਸ ਤਾਂ ਉਹ ਵਿਅਕਤੀ ਹੀ ਲਾ ਸਕਦੇ ਹਨ, ਜਿਹੜੇ ਆਪ ਵੀ ਕਈ ਮਹਰਲਿਆਂ 'ਚ ਵੱਡੀਆਂ ਪ੍ਰਾਪਤੀਆਂ ਕਰਕੇ, ਪ੍ਰਸਿੱਧੀ ਪ੍ਰਾਪਤ ਕਰਨ ਦੇ ਯੋਗ ਹੋਏ ਹੋਣਗੇ।
'ਲੋਕ ਗੀਤ' ਲੈਕੇ ਅਪ੍ਰੈਲ 2016 'ਚ ਜਦੋਂ ਉਹ ਪੰਜਾਬੀਆਂ ਦੇ ਵਿਹੜੇ ਢੁੱਕਿਆ ਸੀ, ਇੱਕ ਭਰਵੇਂ ਸਮਾਗਮ 'ਚ ਬਰਜਿੰਦਰ ਹੁਰਾਂ ਦੀ ਗਾਇਕੀ ਦੀਆਂ ਸੁਰਾਂ ਨੂੰ ਸੂਬੇ ਦੇ ਵੱਡੇ ਸਿਆਸਤਦਾਨਾਂ, ਜਿਨਾਂ ਕੋਲ ਕਦੇ ਆਪਣੇ ਲਈ ਰਤਾ ਭਰ ਵੀ ਵਿਹਲ ਨਹੀਂ ਹੁੰਦਾ, ਸੁਣਿਆ ਸੀ, ਮਾਣਿਆ ਸੀ, ਸਰਾਹਿਆ ਸੀ। ਹਮਦਰਦ ਵਲੋਂ ਗਾਏ ਇਨਾਂ ਲੋਕ ਗੀਤਾਂ ਦੀ ਕੋਰਿਓਗ੍ਰਾਫੀ ਇੱਕ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕਰਕੇ ਜਿਵੇਂ ਪੰਜਾਬੀ ਸਭਿਆਚਾਰ, ਫੋਕ ਲੋਰ ਦੀ ਪਹਿਚਾਣ ਕਰਵਾਈ, ਉਹ ਵੀ ਆਪਣੇ ਆਪ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ, ਕਿਉਂਕਿ ਇਸ ਰਾਹੀਂ ਬਰਜਿੰਦਰ ਇੱਕ ਲੋਕ-ਗਾਇਕ ਵਜੋਂ ਆਪਣੀ ਪਛਾਣ ਬਣਾਉਂਦਾ ਨਜ਼ਰ ਆਇਆ। 'ਵੀਰ ਮੇਰੇ ਨੇ ਬਾਗ ਲਵਾਇਆ”, 'ਪੀਆ ਨਾ ਜਾ' , 'ਲੜੀ ਵੇ ਪ੍ਰੀਤ ਵਾਲੀ' ਤੇਰੇ ਬਾਜਰੇ ਦੀ ਰਾਖੀ, 'ਚੰਨਾ ਵੀ ਦੂਰ ਵਸੇਂਦਿਆ' , 'ਉਡਦਾ ਵੇ ਜਾਵੀਂ ਕਾਵਾਂ', 'ਯਾਰ ਸੁਨੇਹੜਾ ਘੱਲ ਵੇ', 'ਬੂਹੇ ਤੇਰੇ 'ਤੇ ਬੈਠਾ ਜੋਗੀ' ਲੋਕ ਗੀਤਾਂ ਦੀ ਚੋਣ ਤੇ ਗਾਇਕੀ ਨੇ ਹਮਦਰਦ ਹੁਰਾਂ ਦੀ ਅਵਾਜ਼ ਲਹਿੰਦੇ ਪੰਜਾਬ ਦੇ ਉਨਾਂ ਗਾਇਕਾਂ ਤੇ ਗਾਇਕੀ ਨੂੰ ਮਾਨਣ ਵਾਲੇ ਲੋਕਾਂ 'ਚ ਪਹੁੰਚਦੀ ਕੀਤੀ, ਕਿਹੜੇ ਸੂਫ਼ੀ ਗਾਇਕੀ ਦੇ ਨਾਲ-ਨਾਲ ਗੀਤ ਗਾਉਣ 'ਤੇ ਸੁਨਣ ਦੇ ਸ਼ੈਦਾਈ ਸਮਝੇ ਜਾਂਦੇ ਹਨ। ਸਾਲ 2015 'ਚ 'ਮੇਰੀ ਪਸੰਦ' ਨਾਮ ਦੀ ਐਲਬਮ 'ਚ ਹਿੰਦੀ ਗਾਣੇ, ਜਾਮ ਤੇਰੇ ਨਾਮ, ਆਪਨੀ ਸੋਈ ਹੂਈ, ਮੇਰੀ ਯਾਦ ਮੇ, ਤਸਵੀਰ ਬਨਾਤਾ ਹੂੰ, ਆਈ ਏ ਆ ਜਾਈਏ, ਜਿਹੇ ਗੀਤ ਗਾ ਕੇ ਬਰਜਿੰਦਰ ਨੇ ਇੱਕ ਸੰਜੀਦਾ ਗਾਇਕ ਵਜੋਂ ਆਪਣੀ ਥਾਂ ਹਿੰਦੀ ਗਾਇਕਾਂ ਵਿੱਚ ਵੀ ਨਿਸਚਿਤ ਕੀਤੀ ਸੀ।
“ਸ਼ਰਧਾਂਜਲੀ” ਐਲਬਮ ਵਿੱਚ ਬਰਜਿੰਦਰ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਅਲੰਬਰਦਾਰ, ਪ੍ਰਸਿੱਧ ਗਜ਼ਲਗੋ ਆਪਣੇ ਪਿਤਾ ਸਾਧੂ ਸਿੰਘ ਹਮਦਰਦ ਦੀਆਂ ਗ਼ਜ਼ਲਾਂ ਗਾ ਕੇ ਉਸ ਮਹਾਨ ਸਖਸ਼ੀਅਤ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ।
ਹਮਦਰਦ ਪ੍ਰੋਡਕਸ਼ਨ ਦੀ 2003 ਵਿੱਚ ਬਣਾਈ ਬਰਜਿੰਦਰ ਹੁਰਾਂ ਦੀ 'ਜਜ਼ਬਾਤ' ਐਲਬਮ ਚਾਂਦਨੀ ਥੀ, ਮੈਂ ਨਾ ਥਾ' ਅਬਦੁਲ ਹਮੀਦ, ਦੋਨੋਂ ਜਹਾਨ ਤੇਰੀ [ਫੈਜ਼], ਮਰਨਾ ਤੇਰੀ ਗਲੀ ਮੇ [ਫਿਲਮ ਸ਼ਬਾਬ 1954 ਦਾ ਗੀਤ], ਦੁਨੀਆਂ ਕਰੇ ਸਵਾਲ,ਫਿਲਮ ਬਹੂ ਬੇਗਮ 1967]ਹਮਸੇ ਆਇਆ ਨਾ ਗਿਆ [ਫਿਲਮ ਦੇਖ ਕਬੀਰਾ ਰੋਇਆ] ਤਲਿਤ ਮਹਿਮੂਦ, ਮਾਨਸਰੋਵਰ [ਅਮ੍ਰਿਤਾ ਪ੍ਰੀਤਮ], ਡੋਲੀ [ਤੁਫੈਲ ਹੁਸ਼ਿਆਰਪੁਰੀ], ਜਿਹੇ ਲੇਖਕਾਂ, ਗਾਇਕਾਂ ਦੇ ਗੀਤ ਬਰਜਿੰਦਰ ਨੇ ਆਪਣੀ ਅਵਾਜ਼ ਵਿੱਚ ਪੇਸ਼ ਕੀਤੇ ਹਨ। ਅਸਲ ਵਿੱਚ ਬਰਜਿੰਦਰ ਦੀ ਇਹ ਐਲਬਮ ਸੰਗੀਤ ਜਗਤ ਵਿੱਚ ਅਨੋਖਾ ਮੀਲ ਪੱਥਰ ਹੈ। ਆਹਟ ਉਨਾਂ ਦੀ 2005'ਚ ਉਰਦੂ ਸ਼ਾਇਰਾਂ ਦੀਆਂ ਗਜ਼ਲਾਂ ਦੀ ਐਲਬਮ ਹੈ।
ਸਤਰੰਗੀ ਪੀਂਘ ਦੇ ਸੱਤ ਰੰਗਾਂ ਦਾ ਪ੍ਰਤੀਬਿੰਬ ਹਨ; ਡਾ: ਬਰਜਿੰਦਰ ਸਿੰਘ ਹਮਦਰਦ ਦੀਆਂ ਇਹ ਸੱਤ ਸੰਗੀਤ ਐਲਬਮਾਂ! ਅੱਠਵੀਂ ਸੰਗੀਤ ਐਲਬਮ 'ਆਸਥਾ' ਦਾ ਲਿਸ਼ਕਾਰਾ ਉਨਾਂ ਦੀ ਗਾਇਕੀ ਨੂੰ ਹੋਰ ਚਾਰ ਚੰਨ ਲਾ ਰਿਹਾ ਹੈ।ਜਿਸ ਵਿੱਚ ਉਨਾਂ 8 ਦੇਸ਼ ਭਗਤੀ ਅਤੇ ਰੂਹਾਨੀਅਤ ਨਾਲ ਸਬੰਧਤ ਗੀਤ ਗਾਏ ਹਨ।ਹਮ ਕੋ ਮਨ ਕੀ ਸ਼ਕਤੀ ਦੇਨਾ , ਗਰਜ ਬਰਸ ਪਿਆਸੀ ਧਰਤੀ ਕੋ, ਐ ਮਾਲਿਕ ਤੇਰੇ ਬੰਦੇ ਹਮ, ਖ਼ੁਦ ਜੀਏ ਸਭ ਕੋ ਜੀਨਾ ਸਿਖਾਏ, ਮੈਂ ਤੁਮ ਕੋ ਵਿਸ਼ਵਾਸ਼ ਦੂੰ, ਸਰਫਰੋਸ਼ੀ ਕੀ ਤਮੰਨਾ , ਮੇਰਾ ਰੰਗ ਦੇ ਬਸੰਤੀ ਚੋਲਾ , ਇਨਸਾਨ ਕਾ ਇਨਸਾਨ ਸੇ ਹੋ ਭਾਈਚਾਰਾ, ਗੀਤ ਜੋ ਪਹਿਲਾਂ ਹੀ ਵੱਖੋ ਵੱਖਰੇ ਗਾਇਕਾਂ ਵਲੋਂ ਸਮੇਂ ਸਮੇਂ ਗਾਏ ਗਏ ਹੋਏ ਹਨ ਬਰਜਿੰਦਰ ਹਮਦਰਦ ਨੇ ਪਹਿਲਾਂ ਬਣੀਆਂ ਤਰਜ਼ਾਂ ਤੋਂ ਫਰਕ ਨਾਲ ਗਾ ਕੇ, ਨਵਾਂ ਬਿੰਬ ਉਜਾਗਰ ਕਰਨ ਦਾ ਯਤਨ ਕੀਤਾ ਹੈ । ਵੇਦਨਾ ਸੰਵੇਦਨਾ ਭਰਪੂਰ ਇਸ ਐਲਬਮ ਵਿਚਲੇ ਹਿੰਦੀ ਗੀਤ ਬਿਹਤਰ ਰਿਆਜ ਨਾਲ ਗ੍ਰਾਮ ਦੇ ਵਿੱਚ ਗਾਕੇ ਗਾਇਕ ਬਰਜਿੰਦਰ ਹਮਦਰਦ ਨੇ ਇੱਕ ਆਤਮ ਵਿਸ਼ਵਾਸ਼ੀ ਗਾਇਕ ਵਜੋਂ ਆਪਣੀ ਦਿੱਖ ਹੋਰ ਵੀ ਪਕੇਰੀ ਕੀਤੀ ਹੈ। ਹਮਦਰਦ ਦੇ ਸੰਗੀਤ ਦਾ ਦਰਿਆ ਵਹਿੰਦਾ ਰਹੇ ਤੇ ਉਹ ਸਰੋਤਿਆਂ ਦੀ ਝੋਲੀ ਆਪਣੀ ਸੁਰੀਲੀ , ਟੁਣਕਵੀਂ ਆਵਾਜ਼ ਨਾਲ ਭਰਦਾ ਰਹੇ, ਇਹੋ ਪੰਜਾਬੀ ਪਿਆਰਿਆਂ ਦੀ ਕਾਮਨਾ ਹੈ। 16 ਵਰੇ ਦਾ ਬਰਜਿੰਦਰ ਹਮਦਰਦ ਦਾ ਗਾਇਕੀ ਦਾ ਸਫਲ ਸਫ਼ਰ ਪੰਜਾਬੀ ਪਿਆਰਿਆਂ ਲਈ ਸੰਤੁਸ਼ਟੀ ਦਾ ਪੈਗਾਮ ਹੈ।
-
ਗੁਰਮੀਤ ਸਿੰਘ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.