ਖਬਰ ਹੈ ਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ 'ਤੇ ਇੱਕ ਨਵੀਂ ਬਿਪਤਾ ਆਣ ਪਈ ਹੈ।ਉਨਾਂ ਦੀ ਹਜ਼ਾਰਾਂ ਏਕੜ ਕਾਸ਼ਤ ਕੀਤੀ ਝੋਨੇ,ਮਾਂਹ,ਮਸਰ,ਤਿਲ ਆਦਿ ਦੀ ਫਸਲ ਕਟਾਈ ਲਈ ਤਿਆਰ ਹੈ ਤੇ ਸਰਹੱਦ ਤੇ ਭਾਰਤ-ਪਾਕਿ ਫੋਜਾਂ ਦਰਮਿਆਨ ਬਣੇ ਜੰਗ ਵਰਗੇ ਹਾਲਤਾਂ ਕਾਰਨ ਉਕਤ ਕਿਸਾਨਾਂ ਦਾ ਤਾਰੋਂ ਪਾਰ ਦਾਖਲਾ ਬੰਦ ਕਰ ਦਿਤਾ ਗਿਆ ਹੈ। ਉਧਰ ਸਰਹੱਦੀ ਇਲਾਕੇ ਦੇ 10 ਕਿਲੋਮੀਟਰ ਖੇਤਰ ਲੋਕਾਂ ਨੂੰ ਪਿੰਡ ਖਾਲੀ ਕਰਨ ਦੇ ਹੁਕਮ ਦਿਤੇ ਗਏ ਹਨ। ਜਿਸਦਾ ਵਿਰੋਧ ਕਰਦਿਆਂ ਸਾਬਕਾ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦੀ ਲੋਕਾਂ ਨੂੰ ਕਿਹਾ ਕਿ ਉਹ ਆਪਣੇ ਘਰ ਬਾਰ ਤੇ ਮਾਲ ਪਸ਼ੂ ਛੱਡਕੇ ਕਿਤੇ ਨਾ ਜਾਣ।ਉਧਰ ਪੰਜਾਬ ਦੀ ਸਰਕਾਰ ਦੇ ਮੰਤਰੀ,ਅਧਿਕਾਰੀ ਇਨਾਂ ਸਰਹੱਦੀ ਇਲਾਕਿਆਂ 'ਚ ਗੇੜੇ ਕੱਢਕੇ ਲੋਕਾਂ ਨੂੰ ਹੌਸਲਾ ਰੱਖਣ ਲਈ ਕਹਿ ਰਹੇ ਹਨ।ਮੁਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਸਰਹੱਦੀ ਲੋਕ ਆਪਣੀ ਫਸਲਾਂ ਸਾਂਭਣ ਲਈ ਜਾਣ ਉਨਾਂ ਨੂੰ ਪੂਰੀ ਸੁਰੱਖਿਆ ਦਿਤੀ ਜਾਏਗੀ।
ਇੱਕ ਜੰਗ ਤਾਂ ਪਹਿਲਾਂ ਹੀ ਪੰਜਾਬ 'ਚ ਲੱਗੀ ਹੋਈ ਆ। ਨੇਤਾ ਲੋਕ ਆਪਣੇ ਘੁਰਨਿਆਂ,ਕੋਠੀਆਂ,ਮਹੱਲਾਂ ਵਿਚੋਂ ਨਿਕਲ ਲੋਕਾਂ ਦੇ ਦਰਵਾਜੇ ਭੰਨ ਰਹੇ ਆ, ਇੱਕ ਦੂਜੇ ਦੀਆਂ ਵੋਟਾਂ ਨੂੰ ਸੰਨ ਲਾ ਰਹੇ ਆ, ਜਲਸੇ,ਜਲੂਸ ਕੱਢ ਰਹੇ ਆ।ਅਤੇ ਆਹ ਦੂਜੀ ਜੰਗ ਖਾਹ-ਮਖਾਹ ਪਹਿਲੀ ਜੰਗ ਨੂੰ ਮੱਠਿਆਂ ਕਰਨ ਲਈ ਲੋਕਾਂ ਉਤੇ ਥੋਪੀ ਜਾ ਰਹੀ ਆ।ਕਦੇ ਘਰੋਂ-ਬੇਘਰ ਕਰਕੇ, ਕਦੇ ਸਰਹੱਦਾਂ ਤੇ ਪਟਾਕੇ ਵਜਾਕੇ।ਸੱਪਾਂ ਦੀਆਂ ਸਿਰੀਆਂ ਮਿੱਧ,ਜ਼ਹਿਰੀਆਂ ਦਵਾਈਆਂ,ਖਾਦਾਂ ਨੂੰ ਪਿੰਡੇ ਹੰਡਾ,ਆਹ ਰਤਾ ਮਾਸਾ ਅੱਖਾਂ ਨੂੰ ਫਸਲਾਂ ਦਾ ਰੰਗ ਵੇਖਣ ਨੂੰ ਮਿਲਿਆ ਸੀ ਵਿਚਾਰੇ ਫਸਲਾਂ ਦੇ ਰਾਖਿਆਂ ਨੂੰ,ਉਪਰੋਂ ਆਹ ਰਾਜਸੀ “ਮਹੈਣ” ਦਗੜ-ਦਗੜ ਕਰਦਾ ਪਿੰਡੀਂ ਆ ਢੁੱਕਾ ਆ ਜਿਨਾਂ ਦੇ ਦਰਸ਼ਨ ਉਡੀਕਦਿਆਂ ਪੰਜ ਵਰੇ ਬੀਤ ਗਏ। ਹੈਰਾਨ ਆ ਭਾਈ ਸਰਹੱਦਾਂ ਦੀ ਜਨਤਾ, ਜੀਹਨੇ ਕਦੇ ਇਨਾਂ ਆਪਣੇ ਸਕੂਲਾਂ 'ਚ ਕਦੇ ਮਾਸਟਰ ਦੇ ਦਰਸ਼ਨ ਨਹੀਂ ਕੀਤੇ, ਡਾਕਟਰ ਨਾ ਦੇਖੇ,ਦਵਾਈ ਤਾਂ ਦੇਖਣੀ ਕੀ ਸੀ, ਅੱਜ ਉਨਾਂ ਵਿਹੜੇ ਦਗੜ-ਦਗੜ ਕਰਦੇ ਸਰਕਾਰੀ ਅਧਿਕਾਰੀ ਘੁੰਮ ਰਹੇ ਆ, ਉਨਾਂ ਦੀ ਸਾਰ ਲੈ ਰਹੇ ਆ। ਉਨਾਂ ਦੇ ਪਸ਼ੂਆਂ ਨੂੰ ਪੱਠੇ ਪਾ ਰਹੇ ਆ। ਤੇ ਰਾਜਿਆਂ, ਮਹਾਰਾਜਿਆਂ ਆਪਣੇ ਘਰ ਸਰਹੱਦਾਂ 'ਤੇ ਖਰੀਦ ਲਏ ਆ। ਅਖੇ ਵੇਖਾਂਗੇ ਕਿ ਪਾਕਿਸਤਾਨ ਕੀ ਕਰਦਾ ਆ?
ਪਰ ਭਾਈ ਇਹ ਤਾਂ ਬਰਸਾਤਾਂ 'ਚ ਨਿਕਲਦੇ ਪੀਲੇ ਰੰਗ ਦੇ ਜੀਅ [ਡੱਡੂ]ਆ,ਜਿਹੜੇ ਚਾਰ ਦਿਨ ਟੈਂ- ਟੈਂਰੈਂ ਕਰਨਗੇ, ਮੁੜ ਘੁਰਨਿਆ 'ਚ ਜਾ ਬਿਰਾਜਣਗੇ। ਕਰਜ਼ੇ ਨਾਲ ਪਾਲੀਆਂ ਫਸਲਾਂ ਤਾਂ ਭਾਈ ਪੰਜਾਬ, ਯੂ.ਪੀ.ਦੀ ਚੋਣ ਜੰਗ ਦੀ ਭੇਂਟ ਚੜ ਰਹੀਆਂ ਆਂ, ਤੇ ਕਾਮਿਆਂ ਕਿਸਾਨਾਂ ਦੇ ਨਸੀਬ ਦੋਹਰੀ ਜੰਗ ਨੇ ਪੈਰਾਂ 'ਚ ਰੋਲ ਮਾਰੇ ਆ। ਤਦੇ ਕੰਨ ਤੇ ਹੱਥ ਰੱਖ, ਸੰਤ ਰਾਮ ਉਦਾਸੀ ਦੇ ਬੋਲ “ਗੱਲ ਲੱਗਕੇ ਸੀਰੀ ਦੇ ਜੱਟ ਰੋਵੇ ਬੋਹਲਾਂ ਵਿਚੋਂ ਨੀਰ ਵਗਿਆ, ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿਚੋਂ ਪੁੱਤ ਜੱਗਿਆ”ਯਾਦ ਕਰ ਧਾਹੀਂ ਰੋਂਦਾ ਬੰਦਾ, ਲੋਟੂ ਨੇਤਾਵਾਂ ਦੇ ਕੀਰਨੇ ਪਾਉ, ਮਜ਼ਬੂਰੀ ਦੀ ਬੁੱਕਲ ਮਾਰ, ਉਜੜੇ ਖੇਤਾਂ ਨੂੰ ਨਿਹਾਰੀ ਜਾਂਦਾ ਆ, ਬੱਸ ਨਿਹਾਰੀ ਤੁਰਿਆ ਜਾਂਦਾ ਆ।
ਅਗਲੀ ਵੇਰ, ਤੁਹਾਡਾ ਵੀ ਖਿਆਲ ਰੱਖਾਂਗੇ
ਖਬਰ ਹੈ ਕਿ ਇਸ ਸਾਲ 4 ਮਹੀਨਿਆਂ 'ਚ 64275 ਲੋਕਾਂ ਨੇ 65250 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ [ਕਾਲਾ ਧਨ] ਦੀ ਜਾਣਕਾਰੀ ਦਿਤੀ ਹੈ। ਇਹ ਜਾਣਕਾਰੀ ਦਿੰਦਿਆਂ ਦੇਸ਼ ਦੇ ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੂੰ 16000 ਕਰੋੜ ਰੁਪਏ ਮਿਲੇ ਹਨ। ਉਨਾਂ ਦੱਸਿਆ ਕਿ 58000ਕਰੋੜ ਰੁਪਏ ਦਾ ਕਾਲਾ ਧਨ ਐਚ.ਐਸ.ਬੀ.ਸੀ.ਅਤੇ ਬਾਹਰ ਦੇ ਦੇਸ਼ਾਂ 'ਚ ਜਮਾਂ ਹੈ।
ਕਮਾਲ ਹੀ ਕਰ ਦਿਤੀ ਮੋਦੀ ਜੀ ਨੇ! ਅੰਦਰੋਂ ਕਾਲਾ ਧੰਨ ਕੱਢ ਲਿਆ, ਬਾਹਰ ਵਾਲਾ ਹਾਲੀ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਆ। ਕੀ ਕਰੇ ਸਰਕਾਰ ਜਿੰਨਾ ਬਾਹਰੋਂ ਕਾਲਾ ਧੰਨ ਲਿਆਉਣਾ ਸੀ, ਉਹਦੇ ਨਾਲੋਂ ਵੱਧ ਧੰਨ ਤਾਂ ਭਾਈ ਬਾਹਰਲੇ ਦੌਰਿਆਂ 'ਤੇ ਸਰਕਾਰ ਨੇ ਖਰਚ ਲਿਆ। ਜਿਹੜਾ ਇਧਰਲਾ ਧੰਨ ਮਿਲਿਆ, ਉਹ ਵੇਖੋ ਨਾ ਐਡਾ ਵੱਡਾ ਸਰਜੀਕਲ ਉਪਰੇਸ਼ਨ ਕੀਤਾ ਆ, ਦੁਸ਼ਮਨ ਦੀ ਸਰਜ਼ਮੀਨ ਉਤੇ ਜਾ ਕੇ ਆਪਣੀ 56 ਇੰਚ ਵਾਲੀ ਛਾਤੀ 65 ਇੰਚੀ ਦਿਖਾਉਣ ਲਈ, ਉਹਦੇ ਉਤੇ ਹੀ ਸਾਰਾ ਖਰਚ ਕਰ ਲਿਆ। ਕਿੰਨੇ ਜਵਾਨ, ਅਫਸਰ ਗਏ, ਕਈ ਸਕੀਮਾਂ ਬਣੀਆਂ,ਕਿੰਨਾ ਅਸਲਾ ਫੂਕਿਆ, ਬਾਹਰਲੇ ਮੁਲਕਾਂ 'ਚ ਆਪਣੇ ਬੰਦੇ ਭੇਜੇ ਕਿ ਜੋ ਅਸਾਂ ਕੀਤਾ ਸਹੀ ਕੀਤਾ ਦਸਣ ਲਈ। ਗਰੀਬ ਦੀ ਥਾਲੀ ਮਹਿੰਗੀ ਹੋ ਗਈ ਤਾਂ ਕੀ ਹੋਇਆ? ਚਾਰ ਲੋਕ ਹੋਰ ਭੁੱਖ ਨਾਲ ਮਰੇ ਤਦ ਕੀ ਹੋਇਆ? ਸੈਂਕੜੇ ਹੋਰਨਾਂ ਨੇ ਖੁਦਕੁਸ਼ੀ ਕੀਤੀ ਤਦ ਕੀ ਹੋਇਆ? ਲੱਖਾਂ ਰੋਟੀ ਰੋਜ਼ੀ ਲਈ ਨਿੱਤ ਦੇਖੋ ਵਿਦੇਸ਼ ਭੱਜ ਰਹੇ ਆ ਤਦ ਕੀ ਹੋਇਆ? ਇਹਦੇ ਨਾਲ ਕਿਹੜਾ ਆਨ,ਸ਼ਾਨ ਘਟਦੀ ਆ। ਸਰਜੀਕਲ ਉਪਰੇਸ਼ਨ ਜ਼ਰੂਰੀ ਸੀ! ਉਹਦੇ ਉਤੇ ਖਰਚਾ ਜ਼ਰੂਰੀ ਸੀ! ਕੁਲੀ,ਗੁਲੀ,ਜੁਲੀ ਲਈ ਭਾਈ ਅਗਲੀ ਵੇਰ, ਗਰੀਬ ਗੁਰਬਿਓ ਤੁਹਾਡਾ ਵੀ ਖਿਆਲ ਰੱਖਾਂਗੇ! ਵੋਟਾਂ ਤੇ ਬਚਦੇ ਨੋਟਾਂ ਨਾਲ ਸਾਡੀ ਸੇਵਾ ਕਰਦੇ ਰਹਿਓ ਭਾਈ!
ਚਲੋ ਚਾਰ ਦਿਨ ਹੀ ਸਹੀ
ਖਬਰ ਹੈ ਕਿ ਫੰਡਾਂ ਅਤੇ ਅਮਲੇ ਦੀ ਵੱਡੀ ਘਾਟ ਨਾਲ ਜੂਝ ਰਹੇ ਭਾਸ਼ਾ ਵਿਭਾਗ ਪੰਜਾਬ ਨੂੰ ਬਚਾਉਣ ਦੀ ਥਾਂ ਪੰਜਾਬ ਸਰਕਾਰ ਚਹੇਤਿਆਂ ਦੀ ਚਾਹ ਪੂਰੀ ਕਰਨ ਲਈ ਪੰਜਾਬੀ ਬੋਲੀ ਵਿਕਾਸ ਬੋਰਡ ਬਨਾਉਣ ਦੀ ਤਜ਼ਵੀਜ਼ ਤੇ ਵਿਚਾਰ ਕਰ ਰਹੀ ਹੈ। ਜਾਣਕਾਰੀ ਮੁਤਾਬਕ ਸਿੱਖ ਬੁੱਧੀ ਜੀਵੀ ਕੌਂਸਲ ਦੇ ਪ੍ਰਧਾਨ ਬਲਦੇਵ ਸ਼ਿੰਘ ਬੱਲੂਆਣਾ ਦੀ ਅਗਵਾਈ ਹੇਠ ਪੰਜਾਬੀ ਬੋਲੀ ਵਿਕਾਸ ਬੋਰਡ ਬਨਾਉਣ ਦੀ ਤਜ਼ਵੀਜ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਪੰਜਾਬ ਅੱਗੇ ਰੱਖੀ ਹੈ।ਇਸ ਤਜ਼ਵੀਜ਼ ਅਨੁਸਾਰ ਬੋਰਡ ਦੇ ਚੇਅਰਮੇਨ ਨੂੰ 50,000 ਰੁਪਏ ਮਹੀਨਾ ਤਨਖਾਹ ਤੇ ਭੱਤੇ ਦਿਤੇ ਜਾਣਗੇ ਤੇ ਚੇਅਰਮੈਨ ਨੂੰ ਕੈਬਨਿਟ ਮੰਤਰੀ ਦਾ ਰੈਂਕ ਦਿਤਾ ਜਾਵੇਗਾ।
ਪੰਜਾਬ 'ਚ ਹੁਣ ਭਾਈ ਮਜ਼ਾਕੀਏ ਬਣ ਰਹੇ ਨੇਤਾ, ਫੁਲ ਨੇਤਾ। ਗਵੱਈਏ ਬਣ ਰਹੇ ਆ ਲੋਕਾਂ ਦੇ ਨੇਤਾ, ਫੁਲ ਨੇਤਾ। ਪੱਤਰਕਾਰ ਬਣ ਰਹੇ ਆ ਸੇਵਕ, ਲੋਕ ਸੇਵਕ, ਫੁਲ ਸੇਵਕ। ਨਾ ਅੱਧੇ ਨਾ ਅਧੂਰੇ। ਲੇਖਕਾਂ, ਚਿੰਤਕਾਂ ਦਾ ਪੈ ਗਿਆ ਹੈ ਪੰਜਾਬ 'ਚ ਕਾਲ! ਬੰਨ ਕੇ ਬਸਤੇ, ਜਾ ਤਾਂ ਉਹ ਤੁਰ ਗਏ ਆ ਵਿਦੇਸ਼ ਜਾਂ ਆਪਣੀਆਂ ਕਲਮਾਂ ਦੀਆਂ ਨੋਕਾਂ ਭੰਨਕੇ, ਸਿਆਹੀਆਂ ਸੁਕਾਕੇ, ਲੰਮੀਆਂ ਤਾਣ ਸੌਂ ਗਏ ਆ, ਜਾ ਕਰ ਰਹੇ ਆ ਅਰਾਮ! ਤਦੇ ਤਾਂ ਪੰਜਾਬ ਕਲਾ ਪ੍ਰੀਸ਼ਦ ਦੀ ਚੌਧਰੀ ਵੀ ਬਣਾ ਦਿਤੀ ਆ ਇੱਕ ਗਾਇਕਾ, ਇੱਕ ਐਕਟ੍ਰਿਸ, ਜਿਹੜੀ ਹੁਣ ਕਰੇਗੀ ਸਾਹਿਤ ਦੀ ਸੇਵਾ, ਲੇਖਕਾਂ ਦੀ ਸੇਵਾ, ਸਰਕਾਰ ਦੀ ਸੇਵਾ, ਸਰਕਾਰੀ ਧੁਤੂ ਫੜਕੇ।ਇੰਜ ਹੀ ਭਾਈ ਭਾਸ਼ਾ ਵਿਭਾਗ ਦਾ ਤਾਂ ਪਹਿਲਾਂ ਹੀ ਜ਼ਨਾਜਾ ਨਿਕਲ ਚੁਕਿਆ। ਸਰਕਾਰ ਨੇ ਸੋਚਿਆ ਹੋਊ, ਕਿ ਇਹੋ ਜਿਹੇ ਵਿਭਾਗ ਦੀ ਲੋੜ ਹੀ ਨਹੀਂ ਰਹਿ ਗਈ ਕਿਉਂਕਿ ਪੰਜਾਬ 'ਚ ਪੰਜਾਬੀ ਦੀ ਤਾਂ ਹੁਣ ਲੋੜ ਹੀ ਕੋਈ ਨਹੀਂ; ਨਾ ਬੱਚਿਆਂ ਨੂੰ, ਨਾ ਮਾਪਿਆਂ ਨੂੰ, ਨਾ ਸਕੂਲਾਂ ਨੂੰ, ਨਾ ਕਾਲਜਾਂ ਨੂੰ, ਨਾ ਯੂਨੀਵਰਸਿਟੀਆਂ ਨੂੰ। ਸਭਨੀਂ ਥਾਈਂ ਭਾਈ ਜਾਂ ਤਾਂ ਲਾਟ ਸਾਹਿਬ ਅੰਗਰੇਜੀ ਫੁਰਨ ਫੁਰਨ ਬੋਲਦੇ ਆ, ਜਾਂ ਕੈਸੇ ਹੋ, ਕਿਆ ਕਰ ਰਹੇ ਹੋ, ਕਿਆ ਕਾਮ ਹੈ, ਜੌਹਨੀ ਹਮਾਰਾ ਨਾਮ ਹੈ। ਤਦੇ ਭਾਈ ਸਰਕਾਰ ਨੇ ਭਾਸ਼ਾ ਵਿਭਾਗ ਜਿਹੇ ਪਤੰਗ ਦੀ ਡੋਰ ਕੱਟਣ ਤੇ ਪੰਜਾਬੀ ਬੋਲੀ ਵਿਕਾਸ ਬੋਰਡ ਦੀ ਤਰੰਗੀ ਗੁੱਡੀ ਚੜਾਕੇ ਉਹਦੀ ਡੋਰ “ਨੇਤਾ” ਜੀ ਹੱਥ ਫੜਾਉਣ ਦਾ ਨਿਰਣਾ ਕਰ ਲਿਆ ਜਾਪਦੈ, ਭਾਵੇਂ ਚਾਰ ਦਿਨ ਲਈ ਹੀ ਸਹੀ। ਉਂਜ ਪੰਜਾਬੀ ਜਾਵੇ ਢੱਠੇ ਖੂਹ 'ਚ, ਮਾਖਿਓ ਮਿੱਠੀ ਮਾਂ ਬੋਲੀ ਮਿੱਧੀ ਜਾਵੇ ਪੈਰਾਂ 'ਚ, ਸਰਕਾਰ ਨੂੰ ਕੀ ? ਉਹਦਾ ਇੱਕ ਨੇਤਾ “ਪੰਜਾਬੀ ਬੋਲੀ” ਦਾ ਮਹਾਨ ਸੇਵਕ ਬਣਨਾ ਚਾਹੀਦਾ, ਜਿਵੇਂ ਸੈਂਕੜੇ ਹੋਰ ਬੋਰਡ, ਕਾਰਪੋਰੇਸ਼ਨਾਂ “ਲੋਕ ਸੇਵਕਾਂ” ਹੱਥ ਉਨਾਂ ਦੀ ਸੇਵਾ ਲਈ “ਥੈਲੀਆਂ” ਹੱਥ ਫੜਾਕੇ, ਸੇਵਾ ਲਈ ਸਜਾਏ ਹੋਏ ਆ। ਹੈ ਕਿ ਨਾ ?
ਸਰਕਾਰ ਆਪ ਹੀ ਕਲਾਕਾਰ ਆ
ਖ਼ਬਰ ਹੈ ਕਿ ਸਾਲ 2012 ਵਾਂਗ ਇਸ ਵਾਰ ਪੰਜਾਬ ਚੋਣਾਂ ਤੋਂ ਪਹਿਲਾਂ ਚੈਨਲਾਂ 'ਤੇ ਪੰਜਾਬ ਦੇ ਕਲਾਕਾਰ ਬਾਦਲ ਸਰਕਾਰ ਦੇ ਸੋਹਲੇ ਗਾਉਂਦੇ ਨਜ਼ਰ ਨਹੀਂ ਆਉਣਗੇ। ਲੋਕਾਂ ਦੇ ਵਿਰੋਧ ਨੂੰ ਭਾਂਪਦਿਆ ਮਸ਼ਹੂਰ ਕਲਾਕਾਰਾਂ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਪਹਿਲਾਂ ਹੀ ਜਵਾਬ ਦੇਣ ਦੇ ਬਹਾਨੇ ਘੜ ਲਏ ਹਨ। ਪਿਛਲੀ ਵੇਰ ਪੰਜਾਬ ਦੇ ਸਿਤਾਰਿਆਂ ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਹਰਭਜਨ ਮਾਨ, ਸਤਿੰਦਰ ਸੱਤੀ ਨੇ ਬਾਦਲ ਸਰਕਾਰ ਦੇ ਸੋਹਲੇ ਇਸ਼ਤਿਹਾਰਾਂ ਦੇ ਰੂਪ 'ਚ ਗਾਏ ਸਨ। ਸਰਕਾਰ ਤੋਂ ਕਮਾਈ ਕਰ ਲਈ, ਪਰ ਲੋਕਾਂ ਨੇ ਉਨਾਂ ਦਾ ਡਟ ਕੇ ਵਿਰੋਧ ਕੀਤਾ। ਪ੍ਰਵਾਸੀ ਪੰਜਾਬੀਆਂ ਨੇ ਤਾਂ ਇਨਾਂ ਕਲਾਕਾਰਾਂ ਦਾ ਬਾਈਕਾਟ ਕਰਨ ਲਈ ਵੀ ਮੁਹਿੰਮ ਵੀ ਵਿੱਢ ਦਿਤੀ ਸੀ !
ਸਾਰੇ ਨੇਤਾ ਜੀ ਹੀ ਇਨਾਂ ਦਿਨਾਂ 'ਚ ਕਲਾਕਾਰ ਬਣੇ ਹੋਏ ਹਨ। ਸਰਕਾਰ ਦੀਆਂ ਪ੍ਰਾਪਤੀਆਂ ਗਿਣਦੇ ਹਨ, ਭੁਲ ਜਾਂਦੇ ਹਨ। ਫਿਰ ਗਿਣਦੇ ਹਨ, ਭੁਲ ਜਾਂਦੇ ਹਨ। ਭੁਲੱਕੜ ਬਣ ਗਏ ਨੇ ਨੇਤਾ ਪੰਜਾਬ ਦੇ! ਪੰਜ, ਦਸ ਸਾਲ ਕੀਤਾ ਹੀ ਕੁਛ ਨਹੀਂ ਸਰਕਾਰ ਦੇ ਨੇਤਾਵਾਂ ਨੇ, ਸਿਵਾਏ ਕੁਰਸੀਆਂ ਤੋੜਨ ਦੇ, ਤਨਖਾਹਾਂ ਲੈਣ ਦੇ, ਸੈਰਾਂ ਕਰਨ ਦੇ, ਭਾਈ ਉਹ ਤਾਂ ਇਨਾਂ ਸਾਲਾਂ 'ਚ ਲੋਕਾਂ ਨੂੰ ਲਾਰੇ ਵੀ ਨਹੀਂ ਲਾ ਸਕੇ, ਜਿਨਾਂ ਨੂੰ ਪ੍ਰਾਪਤੀਆਂ ਦਾ ਨਾਮ ਦਿਤਾ ਜਾ ਸਕੇ।ਇਸੇ ਲਈ ਭਾਈ ਕੀ ਕਰਨੇ ਨੇ ਪੰਜਾਬ ਦੀ ਸਰਕਾਰ ਨੇ ਕਲਾਕਾਰ, ਸਰਕਾਰ ਆਪ ਹੀ ਕਲਾਕਾਰ ਬਣੀ ਹੋਈ ਆ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਦੇਸ਼ ਦੀ ਵੰਡ ਸਮੇਂ 1947 ਵਿੱਚ ਪਾਕਿਸਤਾਨ ਅਤੇ ਹਿੰਦੋਸਤਾਨ ਬਨਣ ਸਮੇਂ 14.5 ਮਿਲੀਅਨ ਲੋਕਾਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਸਨ। ਸਾਲ 1951 ਦੀ ਮਰਦਮਸ਼ੁਮਾਰੀ ਅਨੁਸਾਰ 7.226 ਮਿਲੀਅਨ ਮੁਸਲਮਾਨ ਹਿੰਦੋਸਤਾਨ ਛੱਡਕੇ ਪਾਕਿਸਤਾਨ ਗਏ ਅਤੇ 7.249 ਮਿਲੀਅਨ ਹਿੰਦੂ ਸਿੱਖ ਪਾਕਿਸਤਾਨ ਦੀ ਧਰਤੀ ਨੂੰ ਛੱਡਕੇ ਹਿੰਦੋਸਤਾਨ ਆਏ।
ਇੱਕ ਵਿਚਾਰ
ਪਿੰਡਾਂ ਦਾ ਪੁਨਰਨਿਰਮਾਣ ਤਾਂ ਹੀ ਸੰਭਵ ਹੈ, ਜੇਕਰ ਇਨਾਂ ਦਾ ਹੋਰ ਸੋਸ਼ਨ ਨਾ ਕੀਤਾ ਜਾਵੇ - ਮਹਾਤਮਾ ਗਾਂਧੀ
-
ਗੁਰਮੀਤ ਪਲਾਹੀ, ਲੇਖਕ
gurmitpalahi@yahoo.com
9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.